ਕੌਫ਼ੀ ਵਿਦ ਪ੍ਰਿੰ ਜਸਬੀਰ ਢਿੱਲੋਂ | coffee with principal jasbir dhillon

ਕਹਿੰਦੇ ਸ਼ਾਹਜਹਾਨ ਨੇ ਆਪਣੀ ਬੇਗਮ ਦੀ ਯਾਦ ਵਿੱਚ ਸੰਗਮਰਮਰ ਨੂੰ ਤਰਾਸ਼ਕੇ ਬਹੁਤ ਵਧੀਆ ਮਕਬਰਾ ਬਣਾਇਆ ਜਿਸ ਨੂੰ ਤਾਜ ਮਹਿਲ ਦਾ ਨਾਮ ਦਿੱਤਾ ਗਿਆ। ਪਰ ਸ੍ਰੀ ਜਸਬੀਰ ਢਿੱਲੋਂ ਆਪਣੇ ਜੀਵਨ ਸਾਥੀ ਦੇ ਵਿਛੋੜੇ ਦੇ ਦਰਦ ਨੂੰ ਸ਼ਬਦਾਂ ਰਾਹੀ ਤਰਾਸ਼ਕੇ ਹੰਝੂਆਂ ਦੇ ਗਾਰੇ ਨਾਲ ਜੋ ਸਿਰਜਣਾ ਕੀਤੀ (ਕਵਿਤਾ ਸੰਗ੍ਰਹਿ) ਉਸਨੂੰ ਇਹਨਾਂ ਨੇ #ਦਰਦ_ਏ_ਬਲਜੀਤ ਦਾ ਨਾਮ ਦਿੱਤਾ। ਪ੍ਰਿੰਸੀਪਲ Jasbir Dhillon ਅੱਜ ਮੇਰੀ ਕੌਫ਼ੀ ਦੇ ਮਹਿਮਾਨ ਸਨ। ਇਸ ਮਿਲਣੀ ਦਾ ਵਿਸ਼ਾ ਸ੍ਰੀ ਢਿੱਲੋਂ ਦੀ ਸਖਸ਼ੀਅਤ ਨੂੰ ਜਾਨਣਾ ਨਹੀਂ ਸਗੋਂ ਉਸਦੇ ਅੰਦਰਲੇ ਜਖਮਾਂ ਦੀ ਮਲ੍ਹਮ ਪੱਟੀ ਕਰਨਾ ਸੀ। ਸਿਆਣੇ ਕਹਿੰਦੇ ਹਨ ਕਿ ਦਰਦ ਵੰਡਾਇਆ ਅੱਧਾ ਰਹਿ ਜਾਂਦਾ ਹੈ। ਦਰਦ ਨੂੰ ਕਾਗਜ਼ ਤੇ ਉਕੇਰਨ ਨਾਲ ਵੀ ਇਹ ਹੋਰ ਵੀ ਘੱਟ ਜਾਂਦਾ ਹੈ। ਇਹ ਦਰਦ ਘਟਾਇਆ ਤਾਂ ਸਕਦਾ ਹੈ ਪਰ ਭੁਲਾਇਆ ਨਹੀਂ ਜਾ ਸਕਦਾ। ਇਹ ਤਾਉਮਰ ਸਰੀਰ ਨਾਲ ਚਿਪਕਿਆ ਰਹਿਣ ਵਾਲਾ ਦਰਦ ਹੁੰਦਾ ਹੈ। 25 ਸਾਲਾਂ ਦੇ ਜੀਵਨ ਸੰਗਨੀ ਦੇ ਸਾਥ ਨੂੰ ਕਿਵੇਂ ਭੁੱਲਿਆ ਜਾ ਸਕਦਾ ਹੈ? ਵਿਛੋੜੇ ਦੀ ਇਸ ਪੀੜਾ ਨੂੰ ਪਲ ਪਲ ਆਪਣੇ ਪਿੰਡੇ ਤੇ ਜਰਨਾ ਹੁੰਦਾ ਹੈ। ਅਜਿਹੇ ਦਰਦ ਹੱਡੀਆਂ ਵਿੱਚ ਰੱਚ ਜਾਂਦੇ ਹਨ। ਹਰ ਵਕਤ ਟੀਸ ਦਿੰਦੇ ਹਨ।
ਆਪਣੇ ਪਾਪਾ ਜਿੰਨਾਨੂੰ ਪ੍ਰਿ ਜਸਬੀਰ ਬਚਪਣ ਤੋਂ ਚਾਚਾ ਆਖਦੇ ਸਨ, ਜੋ ਗਿਆਨੀ ਮਾਸਟਰ ਵਜੋਂ ਮਸ਼ਹੂਰ ਸਨ ਅਤੇ ਆਪਣੇ ਤਾਇਆ ਜੀ ਤੋਂ ਇਹਨਾਂ ਨੂੰ ਲਿਖਣ ਦੀ ਚਿਣਗ ਲੱਗੀ। ਪੰਜਾਬੀ ਟ੍ਰਿਬਿਊਨ ਦੇ ਕੈਪਸ਼ਨ ਮੁਕਾਬਲਿਆਂ ਵਿੱਚ ਹਰ ਵਾਰ ਝੰਡੀ ਲੈਣ ਵਾਲੇ ਜਸਬੀਰ ਜੀ ਨੇ ਕਵਿਤਾ ਨੂੰ ਆਪਣੇ ਦਰਦ ਦੇ ਨਿਵਾਰਨ ਦਾ ਰਸਤਾ ਚੁਣਿਆ। ਹੋਲੀ ਹੋਲੀ ਇਹਨਾਂ ਨੇ ਕਵਿਤਾ ਰਾਹੀ ਹੀ ਆਪਣੇ ਦੁੱਖ ਦਾ ਇਜ਼ਹਾਰ ਕਰਨਾ ਸ਼ੁਰੂ ਕੀਤਾ। ਉਂਜ ਤਾਂ ਫਿਜਿਕਸ ਤੇ ਕਵਿਤਾ ਦਾ ਕੋਈਂ ਮੇਲ ਨਹੀਂ। ਐਮ ਐਸ ਸੀ, ਐਮ ਐਡ ਸ੍ਰੀ ਜਸਬੀਰ ਢਿੱਲੋਂ ਜੀ ਅੱਜਕਲ੍ਹ ਸ੍ਰੀ ਦੇਸ ਰਾਜ ਸਰਕਾਰੀ ਸਸ ਸਕੂਲ ਬਠਿੰਡਾ ਵਿੱਚ ਬਤੌਰ ਪ੍ਰਿੰਸੀਪਲ ਆਪਣੀਆਂ ਸੇਵਾਵਾਂ ਦੇ ਰਹੇ ਹਨ। ਆਪਣੀ ਜਿੰਦਗੀ ਵਿੱਚ ਆਪਣੇ ਧਰਮਪਤਨੀ ਮਹਿਰੂਮ #ਬਲਜੀਤ_ਕੌਰ ਦੇ ਯੋਗਦਾਨ ਨੂੰ ਇਹ ਕਦੇ ਵੀ ਭੁੱਲ ਨਹੀਂ ਸਕਦੇ। ਹਰ ਬੱਚੇ ਦੀ ਪਰਵਰਿਸ਼ ਵਿੱਚ ਮਾਂ ਬਾਪ ਦਾ ਮਹੱਤਵਪੂਰਨ ਰੋਲ ਹੁੰਦਾ ਹੈ। ਕਿਉਂਕਿ ਜਸਬੀਰ ਜੀ ਨੂੰ ਬਚਪਣ ਵਿੱਚ ਹੀ ਪੋਲੀਓ ਹੋ ਗਿਆ ਸੀ। ਪਹਿਲਾਂ ਤਾਂ ਇਸ ਬਿਮਾਰੀ ਨੂੰ ਪਰਿਵਾਰ ਨੇ ਰੱਬ ਦੀ ਕਰਨੀ ਮੰਨਕੇ ਸਬਰ ਕਰ ਲਿਆ ਸੀ। ਫਿਰ ਕਿਸੇ ਨੇ ਜ਼ਿਲ੍ਹਾ ਸੰਗਰੂਰ ਦੇ ਕਿਸੇ ਵੈਦ/ਸਿਆਣੇ ਦੀ ਦੱਸ ਪਾਈ। ਉਥੇ ਸਰੋਂ ਦੇ ਤੇਲ ਨਾਲ ਵਿਸ਼ੇਸ਼ ਤਰੀਕੇ ਨਾਲ ਮਾਲਿਸ ਕਰੀ ਜਾਂਦੀ ਸੀ ਤੇ ਇਹ ਇਲਾਜ ਲੰਬਾ ਚੱਲਣਾ ਸੀ। ਪਰ ਉਸ ਪਿੰਡ ਵਿੱਚ ਰਹਿਣ ਦਾ ਕੋਈਂ ਪ੍ਰਬੰਧ ਨਹੀਂ ਸੀ। ਪੀੜਤ ਲੋਕ ਉਥੇ ਝੁੱਗੀਆਂ ਬਣਾਕੇ ਰਹਿੰਦੇ ਸਨ। ਸ੍ਰੀ ਢਿੱਲੋਂ ਆਪਣੀ ਮਾਂ ਅਤੇ ਮਾਸੀ ਨੂੰ ਸਿੱਜਦਾ ਕਰਦੇ ਹਨ ਜੋ ਚਾਰ ਮਹੀਨੇ ਉਥੇ ਝੋਪੜੀ ਵਿੱਚ ਰਹੇ ਅਤੇ ਇਹਨਾਂ ਦਾ ਇਲਾਜ ਕਰਾਉਂਦੇ ਰਹੇ। ਆਪਣੇ ਮਾਂ ਬਾਪ ਦੀ ਇਸ ਕੋਸ਼ਿਸ਼ ਨੂੰ ਉਹ ਭੁੱਲ ਨਹੀਂ ਸਕਦਾ। ਉਹਨਾਂ ਦੀ ਮਿਹਨਤ ਅਤੇ ਕੋਸ਼ਿਸ਼ ਸਦਕਾ ਹੀ ਅੱਜ ਸ੍ਰੀ ਜਸਬੀਰ ਸਿੰਘ ਢਿੱਲੋਂ ਅੱਜ ਤੁਰਨ ਫਿਰਨ ਦੇ ਕਾਬਿਲ ਹਨ । ਵਰਨਾ ਇਹ ਜਿੰਦਗੀ ਤਾਂ ਬੇਕਾਰ ਹੀ ਸੀ।
ਇਸ ਗੱਲਬਾਤ ਦੋਰਾਨ ਸ੍ਰੀ ਢਿੱਲੋਂ ਨੇ ਬਲਜੀਤ ਨਾਲ ਬਿਤਾਏ ਆਪਣੇ ਹਸੀਨ ਪਲਾਂ ਨੂੰ ਮੇਰੇ ਨਾਲ ਸਾਂਝਾ ਕੀਤਾ। ਉਸ ਦੀਆਂ ਮਿੱਠੀਆਂ ਯਾਦਾਂ ਦਾ ਜਿਕਰ ਕੀਤਾ। ਇਹ ਅਹਿਸਾਸ ਹੁੰਦਾ ਸੀ ਕਿ ਬਲਜੀਤ ਸਾਡੇ ਕੋਲ ਵੀ ਫਿਰਦੀ ਹੈ। ਸੱਚੀ ਕਿੰਨੀ ਸਿਆਣੀ, ਸਮਝਦਾਰ ਤੇ ਸੁਗੜ ਔਰਤ ਸੀ ਉਹ। ਰੱਬ ਨੇ ਚਾਹੇ ਉਸਨੂੰ ਜਿੰਦਗੀ ਛੋਟੀ ਦਿੱਤੀ ਪਰ ਉਹ ਇਸ ਥੌੜੇ ਸਮੇਂ ਵਿੱਚ ਹਰ ਦਿਲ ਵਿੱਚ ਆਪਣੀ ਜਗ੍ਹਾ ਬਣਾ ਗਈ। ਉਂਜ ਵੀ ਉਹ ਸ੍ਰੀ ਢਿੱਲੋਂ ਤੋਂ ਕਾਫ਼ੀ ਛੋਟੀ ਸੀ ਪਰ ਸਿਆਣਪ ਦੇ ਮਾਮਲੇ ਵਿੱਚ ਕਈ ਗੁਣਾਂ ਵੱਧ ਸੀ। ਮੁਸੀਬਤ ਦੇ ਸਮੇਂ ਉਸਨੇ ਤਿੰਨ ਘਰਾਂ (ਆਪਣੇ ਪੇਕਿਆਂ ਦਾ ਘਰ ਕੋਟਸ਼ਮੀਰ, ਢਿੱਲੋਂ ਦਾ ਜੱਦੀ ਘਰ ਤਲਵੰਡੀ ਸਾਬੋ ਅਤੇ ਵਰਤਮਾਨ ਘਰ ਬਠਿੰਡਾ) ਦੀ ਸੰਭਾਲ ਕੀਤੀ। ਆਪਣੀਆਂ ਧੀ ਨੂੰਹ ਪਤਨੀ ਤੇ ਮਾਂ ਦੀਆਂ ਜ਼ਿੰਮੇਵਾਰੀਆਂ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਬਲਜੀਤ ਦਾ ਜਿਕਰ ਆਉਂਦਿਆਂ ਹੀ ਸ੍ਰੀ ਢਿੱਲੋਂ ਦੀਆਂ ਬਾਰ ਬਾਰ ਅੱਖਾਂ ਗਿੱਲੀਆਂ ਹੋ ਜਾਂਦੀਆਂ ਤੇ ਫਿਰ ਮੈਥੋਂ ਵੀ ਅੱਗੇ ਗੱਲ ਨਾ ਹੋਈ। ਕਿਉਂਕਿ ਕਿਸੇ ਦਾ ਦਰਦ ਸੁਣਨ ਲਈ ਵੀ ਪੱਥਰ ਦਾ ਕਲੇਜਾ ਚਾਹੀਦਾ ਹੈ ਪਰ ਮੈਂ ਤਾਂ ਖੁਦ ਇੱਕ ਬਹੁਤ ਹੀ ਭਾਵੁਕ ਇਨਸਾਨ ਹਾਂ। ਅੰਤ ਮੈਂ “ਕਰੇਲਿਆਂ ਵਾਲੀ ਅੰਟੀ” ਨਾਮਕ ਆਪਣਾ ਕਹਾਣੀ ਸੰਗ੍ਰਹਿ ਸ੍ਰੀ ਢਿੱਲੋਂ ਨੂੰ ਭੇਂਟ ਕਰਕੇ ਆਪਣੀ ਵਾਰਤਾ ਨੂੰ ਵਿਰਾਮ ਦੇ ਦਿੱਤਾ।
#ਰਮੇਸ਼ਸੇਠੀਬਾਦਲ
114 ਸ਼ੀਸ਼ਮਹਿਲ

Leave a Reply

Your email address will not be published. Required fields are marked *