ਕਈ ਸਾਲ ਹੋਗੇ ਅਸੀਂ ਟੀਨਾ ਬੇਕਰੀ ਤੋਂ ਨਾਨੀ ਵਾਲੇ ਬਿਸਕੁਟ ਬਣਵਾਉਣ ਗਏ। ਆਟਾ ਦੁੱਧ ਗਗਨ ਘਿਓ ਖੰਡ ਸਭ ਓਥੋਂ ਹੀ ਖਰੀਦਿਆ। ਬਸ ਕੋਲ ਬੈਠ ਕੇ ਬਣਵਾਏ ਅਤੇ ਨਾਲ ਕਰਿਆਨੇ ਵਾਲੀ ਦੁਕਾਨ ਤੋਂ ਗੱਤੇ ਦੇ ਕਾਰਟੂਨ ਵਿਚ ਪੈਕ ਕਰਵਾਉਣ ਦੀ ਸਲਾਹ ਕੀਤੀ। ਉਸ ਸਮੇ ਓਥੇ ਇੱਕ ਪੰਜਵੀ ਛੇਵੀਂ ਦਾ ਜੁਆਕ ਆ ਗਿਆ। ਜੋ ਕਿਸੇ ਚੰਗੇ ਘਰ ਦਾ ਲਗਦਾ ਸੀ। ਉਸਨੇ ਆਪਣਾ ਨਾਮ ਪ੍ਰਿੰਸ ਦੱਸਿਆ । ਮੈਂ ਟਾਈਮ ਪਾਸ ਕਰਨ ਲਈ ਬੱਚੇ ਵਿਚ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ। ਉਸਨੇ ਆਪਣੇ ਪਾਪਾ ਅਤੇ ਦਾਦਾ ਜੀ ਦਾ ਨਾਮ ਵੀ ਦੱਸਿਆ ਤੇ ਆਪਣੇ ਘਰ ਦੀ ਲੋਕੇਸ਼ਨ ਵੀ। ਮੇਰੀ ਸ਼ਰੀਕ ਏ ਹਯਾਤ ਮੈਨੂੰ ਉਸ ਜੁਆਕ ਨਾਲ ਫਾਲਤੂ ਦੀ ਮਗਜਮਾਰੀ ਕਰਨ ਤੋਂ ਰੋਕਣ ਦੀ ਮੰਸ਼ਾ ਨਾਲ ਘੁਰਨ ਲੱਗੀ। ਮੈਨੂੰ ਲੱਗਿਆ ਭੱਠ ਤੇ ਬੈਠੀਆਂ ਹੋਰ ਔਰਤਾਂ ਨਾਲ ਗੱਲਾਂ ਮਾਰਨ ਨਾਲੋਂ ਇਸ ਜੁਆਕ ਨੂੰ ਪਿਆਰ ਕਰਨਾ ਤੇ ਬਾਤ ਚੀਤ ਕਰਨੀ ਵਧੀਆ ਸੀ। ਫਿਰ ਉਸ ਮੁੰਡੇ ਨੇ ਮੇਰਾ ਮੋਬਾਇਲ ਨੰਬਰ ਤੇ ਫੇਸ ਬੁੱਕ ਆਈ ਡੀ ਵੀ ਮੈਥੋਂ ਪੁੱਛ ਲਈ। ਨਾਜ਼ੁਕ ਜਿਹਾ ਮੁੰਡਾ ਵਧੀਆ ਗੱਲਾਂ ਮਾਰਦਾ ਸੀ। ਜਦੋਂ ਬਿਸਕੁਟ ਬਣ ਗਏ ਤਾਂ ਮੈਂ ਚਾਰ ਕ਼ੁ ਬਿਸਕੁਟ ਉਸਨੂੰ ਖਾਣ ਨੂੰ ਦੇ ਦਿੱਤੇ ਜੋ ਉਸਨੇ ਬਹੁਤੀ ਹੀਲ ਹੁੱਜਤ ਬਿਨਾਂ ਹੀ ਲੈ ਕੇ ਖਾ ਲਏ। ਫਿਰ ਇੱਕ ਦੋ ਵਾਰ ਉਸਦਾ ਫੋਨ ਮੇਰੇ ਕੋਲ ਆਇਆ।ਜਿਸ ਦਾ ਮੈਂ ਬਹੁਤ ਖੁਸ਼ੀ ਨਾਲ ਜਬਾਬ ਦਿੱਤਾ। ਉਸਨੇ ਮੈਨੂੰ ਫ੍ਰੈਂਡਸ਼ਿਪ ਰਿਕੁਐਸਟ ਵੀ ਭੇਜੀ ਜੋ ਮੈਂ ਸਵੀਕਾਰ ਕਰ ਲਈ। ਉਹ ਮੇਰਾ ਮਿੱਤਰ ਬਣ ਗਿਆ ਭਾਵੇ ਸਾਡੀ ਉਮਰ ਵਿਚ 40-45 ਸਾਲ ਦਾ ਫਰਕ ਸੀ। ਇਸੇ ਤਰਾਂ ਸਾਡੀ ਦੋਸਤੀ ਉਮਰ ਨੂੰ ਨਜ਼ਰ ਅੰਦਾਜ਼ ਕਰਦੀ ਹੋਈ ਵਧਦੀ ਗਈ। ਇੱਕ ਦਿਨ ਫੋਨ ਕਰਕੇ ਉਹ ਮੇਰੇ ਘਰ ਮੈਨੂੰ ਮਿਲਣ ਆਇਆ ਤੇ ਘਰ ਦੇ ਨੇੜੇ ਆ ਕੇ ਇਸਨੇ ਫਿਰ ਮੈਨੂੰ ਫੋਨ ਕੀਤਾ। ਮੈਂ ਘਰੋਂ ਜਾ ਕੇ ਉਸ ਨੂੰ ਨਜ਼ਦੀਕੀ ਬਾਲਮੀਕੀ ਚੌਂਕ ਤੋਂ ਲੈ ਕੇ ਆਇਆ।ਤੇ ਘਰੇ ਆਕੇ ਮੈਂ ਉਸ ਬਾਲ ਦੋਸਤ ਦੀ ਖੂਬ ਆਓਂ ਭਗਤ ਕੀਤੀ। ਉਹ ਕਈ ਵਾਰੀ ਆਪਣੇ ਦਾਦਾ ਜੀ ਨੂੰ ਪੁੱਛ ਕੇ ਮੈਨੂੰ ਮਿਲਣ ਆਉਂਦਾ। ਪਹਿਲਾ ਤਾਂ ਮੇਰੀ ਹਮਸਫਰ ਮੇਰੇ ਇਸ ਬੱਚਿਆਂ ਵਾਲੀ ਹਰਕਤ ਤੇ ਥੋੜਾ ਘੁਰਦੀ ਸੀ ਪਰ ਫਿਰ ਉਹ ਵੀ ਉਸ ਬਾਲ ਦੀ ਖੂਬ ਸੇਵਾ ਕਰਦੀ।ਉਸ ਸਮੇ ਸਾਡੇ ਖੁਦ ਦੇ ਬੇਟੇ ਬਾਹਰ ਜੋਬ ਕਰਦੇ ਸਨ ਤੇ ਅਸੀਂ ਆਪਣੀ ਇੱਕਲਤਾ ਨੂੰ ਦੂਰ ਕਰਨ ਲਈ ਅਜਿਹੇ ਪਾਪੜ ਬੇਲਦੇ। ਫਿਰ ਉਹ ਹੋਲੀ ਹੋਲੀ ਆਉਣੋ ਹੱਟ ਗਿਆ। ਸ਼ਾਇਦ ਆਪਣੀ ਪੜ੍ਹਾਈ ਵਿਚ ਉਲਝ ਗਿਆ। ਅਸੀਂ ਵੀ ਉਸਨੂੰ ਭੁੱਲ ਹੀ ਗਏ। ਕੱਲ ਟੀਨਾ ਬੇਕਰੀ ਤੋਂ ਬਿਸਕੁਟ ਬਣਾਉਣ ਦੀ ਗੱਲ ਚੱਲੀ ਤਾਂ ਉਸ Prince Suthar ਨਾਮ ਦੇ ਜੁਆਕ ਦੀ ਯਾਦ ਤਾਜ਼ਾ ਹੋ ਗਈ। ਹੁਣ ਸ਼ਾਇਦ ਉਹ ਕਾਲਜ ਵਿੱਚ ਪੜ੍ਹਦਾ ਹੋਵੇਗਾ। ਤੇ ਕਿਸੇ ਅੰਕਲ ਨੂੰ ਨਹੀਂ ਕਿਸੇ ਹਮ ਉਮਰ ਨੂੰ ਪਿਆਰ ਕਰਦਾ ਹੋਵੇਗਾ।
#ਰਮੇਸ਼ਸੇਠੀਬਾਦਲ