ਕੀ ਸਬਜ਼ੀ ਬਣਾਈਏ | ki sabji bnaiye

“ਬਾਈ ਸ਼ਬਜੀ ਕੀ ਬਣਾਈਏ?” ਮੇਰੀ ਮਾਂ ਨੇ ਘੁੰਡ ਵਿਚ ਦੀ ਹੀ ਮੇਰੇ ਦਾਦਾ ਜੀ ਨੂੰ ਪੁਛਿਆ। ਅਸੀਂ ਛੋਟੇ ਛੋਟੇ ਹੁੰਦੇ ਸੀ ਤੇ ਮੇਰੇ ਦਾਦੀ ਜੀ ਨਹੀ ਸਨ। ਮੇਰੀ ਮਾਂ ਤੇ ਮੇਰੀ ਚਾਚੀ ਮੇਰੇ ਦਾਦਾ ਜੀ ਨੂੰ ਬਾਈ ਆਖਦੀਆਂ ਸਨ। ਕਿਉਂਕਿ ਮੇਰੇ ਦਾਦਾ ਜੀ ਦੀਆਂ ਚਾਰੇ ਭੈਣਾਂ ਸੋਧਾ, ਭਗਵਾਨ ਕੁਰ, ਰਾਜ ਕੁਰ ਤੇ ਸਾਵੋ ਸ਼ੁਰੂ ਤੋਂ ਹੀ ਆਪਣੇ ਭਰਾ ਨੂੰ ਬਾਈ ਜੀ ਆਖਦੀਆਂ ਸਨ। ਫਿਰ ਮੇਰੀਆਂ ਦੋਨੇ ਭੂਆ ਸਰੁਸਤੀ ਤੇ ਮਾਇਆ ਦੇ ਨਾਲ ਰੀਸ ਨਾਲ ਮੇਰੇ ਪਾਪਾ ਜੀ ਤੇ ਚਾਚਾ ਜੀ ਓਹਨਾ ਨੂੰ ਬਾਈ ਹੀ ਆਖਦੇ ਤੇ ਮੇਰੀ ਮਾਂ ਤੇ ਚਾਚੀ ਵੀ ਉਸਨੂੰ ਬਾਈ ਆਖਦੀਆਂ।
ਸਬਜ਼ੀ ਦਾ ਸੁਣਕੇ ਦਾਦਾ ਜੀ ਨੂੰ ਗੁੱਸਾ ਆ ਗਿਆ। ਕਿਉਂਕਿ ਓਹਨਾ ਦੀ ਛੋਟੀ ਜਿਹੀ ਹੱਟੀ ਸੀ ਤੇ ਓਹ ਹੱਟੀ ਤੇ ਸ਼ਬਜੀ ਨਹੀ ਸੀ ਵੇਚਦੇ। ਸਿਰਫ ਆਲੂ ਤੇ ਗੰਢੇ ਹੀ ਰਖਦੇ ਸਨ।
ਸੋ ਹੱਟੀ ਵਾਲੇ ਗੱਲੇ ਵਿਚੋਂ ਪੈਸੇ ਕੱਢਕੇ ਮੁੱਲ ਦੀ ਸਬਜ਼ੀ ਲੈਣਾ ਦਾਦਾ ਜੀ ਨੂੰ ਔਖਾ ਲਗਦਾ ਸੀ।
“ਸੋਹਰੀਓ ਮੁੱਲ ਦੀ ਸ਼ਬਜੀ ਨਿਤ ਨਿਤ ਕਿਵੇਂ ਪੁਗੂ? ਕਦੇ ਘਰੋਂ ਵੀ ਕੁਸ਼ ਬਣਾ ਲਿਆ ਕਰੋ। ਕਹਿਕੇ ਦਾਦਾ ਜੀ ਨੇ ਚਾਰ ਕੁ ਆਲੂ ਹੱਟੀ ਤੋਂ ਦੇ ਦਿੱਤੇ ਤੇ ਪਾਈਆ ਕੁ ਗਾਜਰਾਂ ਮੁੱਲ ਲੈ ਦਿਤੀਆਂ ਸਾਇਕਲ ਵਾਲੇ ਭਾਨੇ ਤੋਂ। ਪਰ ਮੇਰੀ ਮਾਂ ਨੂੰ ਦਾਦਾ ਜੀ ਦੀ ਮਜਬੂਰੀ ਸਮਝ ਆ ਗਈ। ਤੰਗੀ ਵਿਚ ਨਜਾਇਜ ਪੈਸੇ ਖਰਚਣੇ ਵੀ ਚੁੱਭਦੇ ਹਨ।
ਅਗਲੇ ਦਿਨ ਮੇਰੀ ਮਾਂ ਨੇ ਲੱਪ ਕੁ ਛੋਲੇ ਚੁੱਕੇ ਤੇ ਓਹਨਾ ਨੂੰ ਦਲਕੇ ਦਾਲ ਬਣਾਈ, ਦਾਲ ਨੂੰ ਪੀਹਕੇ ਬੇਸਣ ਬਣਾਇਆ ਤੇ ਫਿਰ ਇੱਕ ਗੰਡਾ ਪਾ ਕੇ ਕੜੀ ਬਣਾ ਲਈ। ਦਾਦਾ ਜੀ ਕੜੀ ਖਾਕੇ ਖੁਸ਼ ਹੋ ਗਏ ਤੇ ਪੈਸੇ ਵੀ ਨਹੀ ਲੱਗੇ ਕਿਉਂਕਿ ਛੋਲੇ ਘਰੇ ਵਾਧੂ ਪਾਏ ਹੁੰਦੇ ਸਨ।
ਫਿਰ ਦਾਦਾ ਜੀ ਜਦੋਂ ਦਿਲ ਕਰਦਾ ਤਾਂ ਕਹਿੰਦੇ “ਕਰਤਾਰ ਕੁਰੇ ਅੱਜ ਫੇਰ ਵੇਸਣ ਹੀ ਘੋਲ ਲੈ।”
ਤੇ ਦਾਦਾ ਜੀ ਮੇਰੀ ਮਾਂ ਦੀਆਂ ਸਿਫਤਾਂ ਕਰਦੇ ਕਿ ਇਹ ਮਿੰਟਾ ਵਿਚ ਕੜੀ ਬਣਾ ਲੈਂਦੀ ਹੈ।
ਸੱਚੀ ਬਹੁਤ ਗਰੀਬੀ ਵੇਖੀ ਸੀ ਮੇਰੇ ਦਾਦਾ ਜੀ ਨੇ।
#ਰਮੇਸਸੇਠੀਬਾਦਲ

Leave a Reply

Your email address will not be published. Required fields are marked *