ਕੁੱਤਿਆਂ ਵਾਲਿਆਂ ਦਾ ਗਰੁੱਪ | kutteya walean da group

ਬਹੁਤ ਪਹਿਲਾਂ ਇੱਕ ਨਾਵਲ ਪੜ੍ਹਿਆ ਸੀ ਕੁੱਤਿਆਂ ਵਾਲੇ ਸਰਦਾਰ। ਪਰ ਅੱਜ ਉਸਦਾ ਜਿਕਰ ਨਹੀਂ ਕਰਨਾ। ਅੱਜ ਨੋਇਡਾ ਦੇ ਸਮ੍ਰਿਤੀਵਣ ਦੇ ਨਾਮ ਤੇ ਬਣੇ ਪਾਰਕ ਵਿਚ ਘੁੰਮਣ ਆਉਂਦੇ ਕੁੱਤਿਆਂ ਦੀ ਗੱਲ ਹੀ ਕਰਨੀ ਹੈ। ਬਹੁਤ ਵੱਡੇ ਇਸ ਪਾਰਕ ਦੇ ਇੱਕ ਸੋ ਅੱਠ ਨੰਬਰ ਬੈਂਚ ਦੇ ਨੇੜੇ ਆਪਣੇ ਕੁੱਤਿਆਂ ਨਾਲ ਸ਼ੈਰ ਕਰਨ ਵਾਲੇ ਇਕੱਠੇ ਹੁੰਦੇ ਹਨ। ਮੈਂ ਤੇ ਮੇਰੀ ਸ਼ਰੀਕ ਏ ਹੈਯਾਤ ਵੀ ਆਪਣੇ ਵਿਸ਼ਕੀ ਨੂੰ ਲੈ ਕੇ ਓਥੇ ਸਾਢੇ ਕ਼ੁ ਸੱਤ ਵਜੇ ਪਹੁੰਚ ਜਾਂਦੇ ਹਾਂ। ਸਿਰਫ ਅਸੀਂ ਹੀ ਮੀਆਂ ਬੀਵੀ ਹੁੰਦੇ ਹਾਂ ਬਾਕੀ ਸਭ ਇਕੱਲੇ ਇਕੱਲੇ ਹੀ ਹੁੰਦੇ ਹਨ ਆਪਣੇ ਆਪਣੇ ਪੈਟ ਦੇ ਨਾਲ। ਓਥੇ ਸਾਡਾ ਕੋਈ ਨਾਮ ਨਹੀਂ ਜਾਣਦਾ। ਸਾਨੂੰ ਲੋਕ ਵਿਸ਼ਕੀ ਕਰਕੇ ਹੀ ਜਾਣਦੇ ਹਨ। ਇਥੇ ਕੋਈ ਕਿਸੇ ਦਾ ਨਾਮ ਜਾਤ ਇਲਾਕਾ ਨਹੀਂ ਪੁੱਛਦਾ। ਸਭ ਦੀ ਪਹਿਚਾਣ ਉਸਦੇ ਡੋਗੀ ਕਰਕੇ ਹੀ ਹੁੰਦੀ ਹੈ। ਸਭ ਬਹਾਨੇ ਨਾਲ ਮਾਲਿਕ ਤੋਂ ਉਸਦੇ ਡੋਗੀ ਦਾ ਨਾਮ ਪੁੱਛਦੇ ਹਨ। ਬਸ ਆਹ ਹੀ ਇੱਕ ਦੂਜੇ ਦੀ ਪਹਿਚਾਣ ਹੈ। ਬਹੁਤੇ ਨਾਮ ਅੰਗਰੇਜ਼ੀ ਵਾਲੇ ਹੁੰਦੇ ਹਨ। ਹੁਣ ਮੋਤੀ ਮਿੰਟੂ ਸ਼ੇਰੂ ਬਿੱਲੂ ਜਿਹੇ ਨਾਮ ਰੱਖਣ ਦਾ ਰਿਵਾਜ ਨਹੀਂ। ਸਾਡੇ ਤਰਾਂ ਵਿਸ਼ਕੀ ਵੀ ਵਾਹਵਾ ਮੋਟਾ ਹੈ। ਇਹ ਬਹੁਤਾ ਭੱਜਦਾ ਨੱਠਦਾ ਨਹੀਂ। ਜਾਂਦਾ ਹੀ ਥੱਕ ਜਾਂਦਾ ਹੈ ਤੇ ਬੈਂਚ ਨੇੜੇ ਬੈਠ ਜਾਂਦਾ ਹੈ ਤੇ ਅਸੀਂ ਵੀ ਬੈਂਚ ਤੇ ਬੈਠ ਜਾਂਦੇ ਹਾਂ। ਬਹੁਤ ਸਾਰੇ ਲੋਕ ਵਿਸ਼ਕੀ ਦਾ ਵਜ਼ਨ ਘਟਾਉਣ ਦੀਆਂ ਸਲਾਹਾਂ ਦਿੰਦੇ ਹਨ। ਤੇ ਸ਼ਾਇਦ ਸਾਡੇ ਵੱਲ ਇਸ਼ਾਰਾ ਕਰਦੇ ਹਨ।

ਓਥੇ ਹੀ ਚਿੱਟੇ ਰੰਗ ਦਾ ਬੈਨ ਆਉਂਦਾ ਹੈ ਆਪਣੇ ਮਾਲਿਕ ਨਾਲ। ਗੋਰਾ ਨਿਛੋਹ ਲੰਬੇ ਕੱਦ ਵਾਲਾ ਉਸਦਾ ਮਾਲਿਕ ਸ਼ਾਇਦ ਕੋਈ ਵੱਡਾ ਅਫਸਰ ਹੈ ਉਸਦੀ ਪੋਸਟਿੰਗ ਆਗਰੇ ਹੈ। ਅਫ਼ਸਰੀ ਤੇ ਸਲੀਕਾ ਉਸਦੀ ਦੀ ਚਾਲ ਗਲਬਾਤ ਵਿਚੋਂ ਝਲਕਦਾ ਹੈ। ਉਸਦੀ ਗੈਰਹਾਜ਼ਰੀ ਵਿੱਚ ਉਸਦਾ ਬੇਟਾ ਬੈਨ ਨੂੰ ਘੁੰਮਾਉਣ ਲਿਆਉਂਦਾ ਹੈ। ਬੇਟਾ ਬਾਪ ਦਾ ਮਿੰਨੀ ਰੂਪ ਹੈ।

ਕੋਕੋ ਹਮੇਸ਼ਾ ਆਪਣੀ ਮਾਲਕਿਨ ਨਾਲ ਆਉਂਦੀ ਹੈ। ਨਿੱਕੇ ਜਿਹੇ ਕੱਦ ਵਾਲੀ ਕੋਕੋ ਦੀ ਮਾਲਕਿਨ ਵੀ ਨਿੱਕੇ ਜਿਹੇ ਕੱਦ ਦੀ ਹੈ। ਦੋੜਨ ਤੇ ਛਾਲਾਂ ਮਾਰਨ ਵਿਚ ਦੋਨੋ ਹੀ ਤੇਜ ਹਨ। ਮਾਲਕਿਨ ਬਹੁਤ ਚੰਗੀ ਤੇ ਸੋਹਣੀ ਹੈ। ਕੋਕੋ ਉਸਦੀ ਵੱਡੀ ਭੈਣ ਨੇ ਉਸ ਨੂੰ ਗਿਫ਼ਟ ਕੀਤੀ ਸੀ। ਮਾਲਕਿਨ ਦੀਆਂ ਦੋ ਬੇਟੀਆਂ ਹਨ। ਖੁਦ ਰੈਡੀਮੇਡ ਗਾਰਮੈਂਟਸ ਦਾ ਕੰਮ ਕਰਦੀ ਹੈ। ਘਰਵਾਲਾ ਸੋਫਟ ਇੰਜੀਨੀਅਰ ਹੈ। ਕੋਕੋ ਆਪਣੀ ਮਾਲਕਿਨ ਨਾਲ ਆਈ 20 ਤੇ ਯ ਜੁਪੀਟਰ ਤੇ ਆਉਂਦੀ ਹੈ। ਕੋਕੋ ਵਿਸ਼ਕੀ ਨਾਲ ਖੂਬ ਖੇਡਦੀ ਹੈ ਤੇ ਇਸ ਨਾਲ ਸਾਨੂੰ ਵੀ ਕੋਕੋ ਦੀ ਮਾਲਕਿਨ ਦਾ ਸਾਥ ਮਿਲ ਜਾਂਦਾ ਹੈ।
ਬਰੂਨੋ ਆਪਣੀ ਸੱਤਰ ਸਾਲਾਂ ਮੋਟੇ ਮਾਲਿਕ ਨਾਲ ਆਉਂਦਾ ਹੈ। ਟੀ ਸ਼ਰਟ ਨਾਲ ਸਫੈਦ ਪਜਾਮਾ ਪਾਈ ਉਸਦਾ ਮਾਲਿਕ ਮੁਸ਼ਕਿਲ ਨਾਲ ਤੁਰਦਾ ਹੈ। ਉਸਦੇ ਹੱਥ ਵਿਚ ਬਰੂਨੋ ਦੀ ਸੰਗਲੀ ਹੁੰਦੀ ਹੈ ਜਿਸ ਨੂੰ ਸੰਭਾਲਣਾ ਉਸਦੇ ਵੱਸ ਦਾ ਰੋਗ ਨਹੀਂ। ਲਗਦਾ ਹੈ ਕਾਲੇ ਰੰਗ ਦਾ ਬਰੂਨੋ ਆਪਣੇ ਮਾਲਿਕ ਨੂੰ ਸ਼ੈਰ ਕਰਵਾਉਣ ਦੇ ਬਹਾਨੇ ਆਉਂਦਾ ਹੈ। ਉਹ ਬਜ਼ੁਰਗ ਹਰ ਰੋਜ਼ ਮੈਨੂੰ ਨਮਸਤੇ ਬਲਾਉਣ ਵਿਚ ਪਹਿਲ ਕਰ ਜਾਂਦਾ ਹੈ ਪਰ ਮੈਂ ਹਮੇਸ਼ਾ ਹੀ ਭੁੱਲ ਜਾਂਦਾ ਹਾਂ। ਫਿਰ ਉਸਦੀ ਨਮਸਤੇ ਦਾ ਜਬਾਬ ਦੇਣ ਵੇਲੇ ਮੈਨੂੰ ਸ਼ਰਮ ਆਉਂਦੀ ਹੈ।

ਗੋਲਡਨ ਤੇ ਕਾਲੇ ਰੰਗ ਦਾ ਰੂੜੀ ਵੀ ਆਪਣੇ ਨੌਜਵਾਨ ਮਾਲਿਕ ਨਾਲ ਆਉਂਦਾ ਹੈ। ਮੁੰਡਾ ਮੈਨੂੰ ਰੋਜ਼ ਨਮਸਤੇ ਐਂਕਲ ਆਖਦਾ ਹੈ। ਡੋਗੀ ਦੀ ਵਧੀਆ ਪਰਵਰਿਸ਼ ਬਾਰੇ ਗੱਲਾਂ ਕਰਦਾ ਹੈ। ਰੂੜੀ ਵੀ ਵਿਸ਼ਕੀ ਦਾ ਵਧੀਆ ਦੋਸਤ ਹੈ।
ਚੈਂਪੀ ਵੀ ਆਪਣੇ ਨੋ ਜਵਾਨ ਮਾਲਿਕ ਨਾਲ ਆਉਂਦੀ ਹੈ। ਕ੍ਰੀਮ ਰੰਗ ਦੀ ਚੈਂਪੀ ਵਿਸ਼ਕੀ ਵਰਗੀ ਹੀ ਹੈ। ਉਹ ਸਾਨੂੰ ਬਹੁਤ ਲਾਡ ਕਰਦੀ ਹੈ। ਸਾਡੀ ਝੋਲੀ ਵਿੱਚ ਆਉਣ ਦੀ ਕੋਸ਼ਿਸ਼ ਕਰਦੀ ਹੈ। ਪਰ ਵਿਸ਼ਕੀ ਨਲਾਇਕ ਹੈ ਚੈਂਪੀ ਨੂੰ ਬਹੁਤਾ ਮੂੰਹ ਨਹੀਂ ਲਾਉਂਦਾ।
ਭਾਵੇ ਟਫੀ ਦੀ ਮਾਲਕਿਨ ਪੱਕੇ ਰੰਗ ਦੀ ਹੈ ਪਰ ਟਫੀ ਵਾਂਗੂ ਚੁਸਤ ਹੈ। ਅਜੀਬ ਜਿਹੀ ਡ੍ਰੇਸ ਉਸਦੇ ਖੂਬ ਜੱਚਦੀ ਹੈ। ਉਹ ਮਹਿੰਗੀ ਕਾਰ ਤੇ ਡਰਾਈਵਰ ਨਾਲ ਆਉਂਦੀ ਹੈ। ਖੂਬ ਗਾਲੜੀ ਹੈ ਤੇ ਹਸਮੁੱਖ ਵੀ। ਪਰ ਵਿਸ਼ਕੀ ਟਫੀ ਨਾਲ ਨਹੀਂ ਖੇਡਦਾ। ਇਸ ਲਈ ਸਾਡੀਆਂ ਗੱਲਾਂ ਵਿਚ ਵਿਸ਼ਕੀ ਤੇ ਟਫੀ ਦੀ ਬੇਰੁਖੀ ਅੜਿੱਕਾ ਬਣ ਜਾਂਦੀ ਹੈ। ਓਹਨਾ ਦੇ ਪਹਿਲੇ ਡੋਗੀ ਨੂੰ ਗੁਰਦੇ ਦੀ ਪ੍ਰਾਬਲਮ ਹੋ ਗਈ ਸੀ। ਮੁੰਬਈ ਤੋਂ ਇਲਾਜ ਕਰਾਉਣ ਦੇ ਬਾਵਜੂਦ ਉਹ ਬੱਚ ਨਹੀਂ ਸਕਿਆ। ਕੁਦਰਤ ਨੂੰ ਇਹੀ ਮੰਜੂਰ ਸੀ। ਇਹ ਸੁਣਕੇ ਮੈਨੂੰ ਟਫੀ ਦੀ ਮਾਲਕਿਨ ਤੇ ਤਰਸ ਆਉਂਦਾ ਹੈ।

ਕਹਿੰਦੇ ਬਹੁਤੇ ਆਦਮੀ ਕੁੱਤੇ ਹੁੰਦੇ ਹਨ। ਪਰ ਕੁੱਤਿਆਂ ਜਿੰਨੇਂ ਵਫ਼ਾਦਾਰ ਨਹੀਂ ਹੁੰਦੇ। ਪਗ ਨਸਲ ਦਾ ਐਂਟੀਨਾ ਭੂਰੇ ਰੰਗ ਦਾ ਹੈ। ਆਪਣੇ ਹਸਮੁੱਖ ਜਿਹੇ ਮਾਲਿਕ ਨਾਲ ਆਉਂਦਾ ਹੈ। ਉਸਦੇ ਵੀ ਵਿਸ਼ਕੀ ਵਾਂਗੂ ਕੋਈ ਸੰਗਲੀ ਨਹੀਂ ਪਾਈ ਹੁੰਦੀ। ਉਹ ਮਾਲਿਕ ਦੇ ਕਦਮ ਨਾਲ ਕਦਮ ਮਿਲਾਕੇ ਤੁਰਦਾ ਹੈ। ਮਜਾਲ ਹੈ ਕੋਈ ਕਦਮ ਗਲਤ ਹੋ ਜਾਵੇ ਤੇ ਉਹ ਅੱਗੇ ਪਿੱਛੇ ਹੋ ਜਾਵੇ। ਮਾਲਿਕ ਦੇ ਨਾਲ ਹੀ ਚਲਦਾ ਖੜਦਾ ਦੌੜਦਾ ਹੈ।
ਵਿਸ਼ਕੀ ਥੋੜਾ ਤੁਰਕੇ ਯ ਖੇਡ ਕੇ ਥੱਕ ਜਾਂਦਾ ਹੈ। ਕੋਕੋ ਅਤੇ ਰੂੜੀ ਉਸਨੂੰ ਹਮੇਸ਼ਾ ਨਾਲ ਰਲਾਉਣ ਦੀ ਕੋਸ਼ਿਸ਼ ਕਰਦੇ ਹਨ। ਪਰ ਇਹ ਬੈਠ ਜਾਂਦਾ ਹੈ। ਹਾਥੀ ਵਾਂਗ ਮਸਤ ਚਾਲ ਚਲਦਾ ਹੈ। ਵਿਸ਼ਕੀ ਵਾਪੀਸੀ ਤੇ ਕਾਰਨਰ ਵਾਲੀ ਫਰੂਟ ਸ਼ੋਪ ਤੇ ਰੁਕਣਾ ਨਹੀਂ ਭੁਲਦਾ। ਕਿਉਂਕਿ ਓਥੇ ਨਾਰੀਅਲ ਵਾਲੀ ਮਲਾਈ ਮਿਲਦੀ ਹੈ ਇਸਨੂੰ। ਫਰੂਟ ਸ਼ੋਪ ਵਾਲਾ ਚੌਹਾਨ ਇਸ ਲਈ ਮਲਾਈ ਕੱਢਕੇ ਤਿਆਰ ਰੱਖਦਾ ਹੈ। ਪਾਰਕ ਵਿਚਲੇ ਅਵਾਰਾ ਕੁੱਤੇ ਵੀ ਵਧੀਆ ਹਨ। ਲੋਕ ਇਹ੍ਹਨਾਂ ਲਈ ਵੀ ਅਕਸਰ ਬਿਸਕੁਟ ਲਿਆਉਂਦੇ ਹਨ। ਕਾਲੇ ਰੰਗ ਦੇ ਕੁੱਤਿਆਂ ਦੀ ਵਧੇਰੇ ਕਦਰ ਹੁੰਦੀ ਹੈ। ਪਤਾ ਨਹੀਂ ਕਿਉਂ।
ਪਰ ਕਾਲੇ ਰੰਗ ਦੇ ਆਦਮੀ ਨੂੰ ਕੋਈ ਪਸੰਦ ਨਹੀਂ ਕਰਦਾ। ਇਹ ਵੀ ਵਿਡੰਬਣਾ ਹੈ।

ਰਮੇਸ਼ ਸੇਠੀ ਬਾਦਲ
ਸਾਬਕਾ ਸੁਪਰਡੈਂਟ
9876627233

Leave a Reply

Your email address will not be published. Required fields are marked *