ਕੌਫ਼ੀ ਵਿਦ ਮਨਜੀਤ ਸਿੰਘ ਜੀਤ | coffee with manjit singh

#ਕੌਫ਼ੀ_ਵਿਦ_ਮਨਜੀਤ_ਸਿੰਘ_ਜੀਤ
ਕਹਾਣੀਕਾਰ ਮਨਜੀਤ ਸਿੰਘ ਜੀਤ ਨਾਲ ਮਿਲ ਬੈਠਣ ਦੀ ਕਾਫੀ ਇੱਛਾ ਸੀ। ਚੁੱਪ ਕੀਤੇ ਜਿਹੇ ਮਨਜੀਤ ਜੀ ਵਿੱਚ ਬਹੁਤ ਕੁਝ ਧੁਖਦਾ ਜਿਹਾ ਨਜ਼ਰ ਆਉਂਦਾ ਸੀ। ਜਿਸਦਾ ਧੂੰਆਂ ਉਸ ਦੀਆਂ ਲਿਖਤਾਂ ਵਿਚੋਂ ਨਿਕਲਦਾ ਸੀ। ਭਾਵੇਂ ਸਧਾਰਨ ਜਿਹੀ ਦਿੱਖ ਵਾਲਾ #ਮਨਜੀਤ ਕੋਈਂ ਨਾਮੀ ਲੇਖਕ ਨਹੀਂ। ਪਰ ਜਦੋਂ ਮੈਂ ਇਸ ਦੀਆਂ ਯਾਦਾਂ ਦੀਆਂ ਉਦਾਸ ਗਲੀਆਂ ਵਿਚੋਂ ਬਚਪਨ ਵਿੱਚ ਇਸਦਾ ਜੈਤੋ ਦੇ ਸਟੇਸ਼ਨ ਤੇ ਲੋਕਾਂ ਦਾ ਸਮਾਨ ਢੋਣ ਦੇ ਬਦਲੇ ਚੁਆਨੀ ਕਮਾਉਣ ਦਾ ਤੇ ਫਿਰ ਉਸੇ ਚੁਆਨੀ ਨਾਲ ਪਰਿਵਾਰ ਦਾ ਪੇਟ ਭਰਨ ਦਾ ਜਿਕਰ ਪੜ੍ਹਿਆ ਤਾਂ ਮੈਂ ਇਸ ਦੀ ਕਲਮ ਦੇ ਸੱਚ ਦਾ ਦੀਵਾਨਾ ਹੋ ਗਿਆ। ਦਿਨ ਬਦਿਨ ਇਸ ਨਾਲ ਮਿਲ ਬੈਠਣ ਦੀ ਮੇਰੀ ਇੱਛਾ ਤੀਬਰ ਹੁੰਦੀ ਗਈ ਤੇ ਮਿਲਣ ਦਾ ਸਬੱਬ ਲੇਟ ਤੋਂ ਲੇਟ ਹੁੰਦਾ ਗਿਆ। ਆਖਿਰ ਅੱਜ ਮੇਰਾ Manjeet Singh Jeet ਜੀ ਨਾਲ ਕੌਫ਼ੀ ਪੀਣ ਦਾ ਭੇੜ ਭਿੜ ਹੀ ਗਿਆ। ਸ਼ਾਮੀ ਪੰਜ ਵਜੇ ਵਾਲੀ ਕੌਫ਼ੀ ਦੀ ਪਤੀਲੀ ਅਸੀਂ ਸਵੇਰੇ ਗਿਆਰਾਂ ਵਜੇ ਹੀ ਚੁੱਲ੍ਹੇ ਤੇ ਧਰ ਲਈ।
ਜੀਤ ਜੀ ਦਾ ਬਚਪਨ ਬਹੁਤ ਤੰਗੀ ਤੁਰਸ਼ੀ ਵਿੱਚ ਗੁਜਰਿਆ। ਪਿਓ ਨੂੰ ਕਮਾਈ ਕਰਨ ਦਾ ਢੰਗ ਨਹੀਂ ਸੀ ਯ ਉਸ ਤੇ ਸਾਧੂਪੁਣਾ ਭਾਰੂ ਸੀ। ਕਾਰਨ ਕੋਈਂ ਵੀ ਹੋਵੇ ਪਰ ਇਸਦਾ ਖਮਿਆਜ਼ਾ ਪੂਰੇ ਪਰਿਵਾਰ ਨੂੰ ਬਹੁਤ ਸਾਲ ਭੁਗਤਣਾ ਪਿਆ। ਇਸ ਤੰਗੀ ਤੁਰਸ਼ੀ ਦਾ ਇਹ ਫਾਇਦਾ ਹੋਇਆ ਕਿ ਜੀਤ ਨੂੰ ਜਿੰਦਗੀ ਨਾਲ ਖੂਬ ਸੰਘਰਸ਼ ਕਰਨ ਦਾ ਮੌਕਾ ਮਿਲਿਆ ਤੇ ਇਹ ਇਸ ਸੰਘਰਸ਼ ਵਿਚੋਂ ਕਾਫੀ ਹੱਦ ਤੱਕ ਸਫਲ ਹੋਕੇ ਬਾਹਰ ਨਿਕਲਿਆ।
ਘਰ ਦੇ ਮੰਦੇ ਹਾਲਾਤਾਂ ਦਾ ਮੁਕਾਬਲਾ ਕਰਦਾ ਹੋਇਆ ਜੀਤ ਛੋਟੀ ਉਮਰੇ ਹੀ ਆਪਣੀ ਮਾਂ ਨਾਲ ਆਪਣੇ ਨਾਨਕੇ ਪਿੰਡ ਚਲਾ ਗਿਆ ਜਿੱਥੇ ਇਹ ਆਪਣੀ ਨਾਨੀ ਨਾਲ ਭੱਠੀ ਲਈ ਬਾਲਣ ਚੁਗਣ ਜਾਂਦਾ। ਮਾਂ ਨਾਲ ਵੀ ਭੱਠੀ ਤੇ ਕੰਮ ਕਰਦਾ। ਫਿਰ ਓਥੇ ਹੀ ਇਹਨਾਂ ਦੇ ਪਿਤਾ ਜੀ ਨੇ ਹੱਟੀ ਪਾ ਲਈ ਤੇ ਘਰ ਦਾ ਰੇਹੜਾ ਕੁਝ ਰੁੜ੍ਹਨ ਲੱਗਿਆ। ਜੀਤ ਕੁਝ ਸਮਾਂ ਪਿੰਡ ਦੇ ਡੇਰੇ ਵਿੱਚ ਵੀ ਰਿਹਾ। ਜਿਥੋਂ ਇਹ ਪਾਠ ਤੇ ਆਖੰਡ ਪਾਠ ਕਰਨਾ ਸਿੱਖਿਆ। ਇਸ ਨੂੰ ਉਸ ਡੇਰੇ ਦੇ ਹਾਲਾਤ ਬਾਹਲੇ ਚੰਗੇ ਲੱਗੇ। ਫਿਰ ਜੀਤ ਆਪਣੇ ਫੁਫੜ ਜੀ ਕੋਲ੍ਹ ਦਿੱਲੀ ਦੇ ਕਿਸੇ ਗੁਰਦੁਆਰਾ ਸਾਹਿਬ ਵਿਖੇ ਪਾਠੀ ਦੇ ਤੌਰ ਤੇ ਸੇਵਾ ਕਰਨ ਲਈ ਚਲਾ ਗਿਆ ਇਥੇ ਵੀ ਇਸ ਦਾ ਤਜ਼ੁਰਬਾ ਖਰਾਬ ਹੀ ਰਿਹਾ ਤੇ ਇਸ ਦਾ ਦਿਲ ਖੱਟਾ ਹੋ ਗਿਆ। ਇੱਥੇ ਇਸਨੇ ਬਹੁਤ ਸਾਰੇ ਦੋਗਲੇ ਕਿਰਦਾਰਾਂ ਨੂੰ ਨਜ਼ਦੀਕ ਤੋਂ ਵੇਖਿਆ ਜਿੰਨਾ ਨੇ ਧਰਮ ਦਾ ਲਬਾਦਾ ਪਾਇਆ ਹੋਇਆ ਸੀ ਪਰ ਉਸਤੇ ਉਹ ਖਰੇ ਨਹੀਂ ਸੀ ਉਤਰਦੇ। ਉਸੇ ਦੌਰਾਨ ਜੀਤ ਨੂੰ ਅਚਾਰੀਆ ਰਜਨੀਸ਼ ਨੂੰ ਪੜ੍ਹਨ ਦੀ ਚਿਣਗ ਲੱਗੀ ਜੋ ਇਸ ਦੀ ਸੋਚ ਨੂੰ ਨਾਸਤਿਕਤਾ ਵੱਲ ਲ਼ੈ ਗਈ। ਜਿਸਦੇ ਫਲਸਵਰੂਪ ਇਹ ਹੋਣੀ ਸੰਯੋਗ ਕਰਮ ਕਿਸਮਤ ਜਿਹੇ ਸ਼ਬਦਾਂ ਤੋਂ ਦੂਰ ਹੋ ਗਿਆ। ਇਥੇ ਇਸਨੂੰ ਆਪਣੀ ਤਰੱਕੀ ਦੀ ਕੋਈਂ ਉਮੀਦ ਨਾ ਹੋਣ ਕਰਕੇ ਜੀਤ ਦਿੱਲੀ ਤੋਂ ਵਾਪਿਸ ਜੈਤੋ ਆ ਗਿਆ ਤੇ ਬੱਸ ਸਟੈਂਡ ਦੇ ਨੇੜੇ ਚਾਹ ਦਾ ਖੋਖਾ ਚਲਾਉਣ ਲੱਗਿਆ। ਇਥੇ ਜੀਤ ਦੀਪਕ ਜੈਤੋਈ ਅਤੇ ਨਾਵਲਕਾਰ ਗੁਰਦਿਆਲ ਸਿੰਘ ਦੇ ਵਧੇਰੇ ਸੰਪਰਕ ਵਿੱਚ ਆਇਆ। ਇਹਨਾਂ ਨੂੰ ਇਹ ਬਚਪਣ ਤੋਂ ਜਾਣਦਾ ਸੀ ਕਿਉਂਕਿ ਇਹ ਦੋਨੇ ਸਖਸ਼ੀਅਤਾਂ ਇਹਨਾਂ ਦੇ ਪਾਪਾ ਦੇ ਨਜ਼ਦੀਕੀ ਦੋਸਤਾਂ ਵਿਚੋਂ ਸਨ। ਜੀਤ ਜੀ ਦੀ ਇੱਕ ਗ਼ਜ਼ਲ ਤੋਂ ਖੁਸ਼ ਹੋਕੇ ਦੀਪਕ ਜੈਤੋਈ ਜੀ ਨੇ ਇਹਨਾਂ ਨੂੰ ਮਨਜੀਤ ਸਿੰਘ ਤੋਂ ਮਨਜੀਤ ਸਿੰਘ ਜੀਤ ਦਾ ਤਖੱਲਸ ਦਿੱਤਾ। ਸ੍ਰੀ ਮੁਖਤਿਆਰ ਸਿੰਘ ਨਾਮੀ ਜੀਤ ਦੇ ਪਿਤਾ ਜੀ ਦੇ ਦੋਸਤ ਨੇ ਜੀਤ ਨੂੰ ਅੱਗੇ ਪੜ੍ਹਨ ਲਈ ਪ੍ਰੇਰਿਤ ਕੀਤਾ। ਉਸਨੇ ਹੀ ਅੱਗੇ ਲੱਗਕੇ ਜੀਤ ਦਾ ਸਰੀਰਕ ਅਪੰਗਤਾ ਦਾ ਸਰਟੀਫਿਕੇਟ ਬਣਵਾਇਆ ਅਤੇ ਇਸ ਦਾ ਨਾਮ ਰੋਜ਼ਗਾਰ ਦਫਤਰ ਵਿੱਚ ਦਰਜ਼ ਕਰਵਾਇਆ। ਉਸੇ ਕਰਕੇ ਜੀਤ ਪੰਜਾਬ ਨੈਸ਼ਨਲ ਬੈੰਕ ਵਿੱਚ ਬਤੌਰ ਸੇਵਾਦਾਰ ਭਰਤੀ ਹੋਇਆ ਤੇ ਆਪਣੀ ਪੜ੍ਹਾਈ ਜਾਰੀ ਰੱਖਦੇ ਹੋਏ ਤੇ ਬੈੰਕ ਦੀਆਂ ਪ੍ਰਮੋਸ਼ਨਾਂ ਕਰਦੇ ਸਹਾਇਕ ਮੈਨੇਜਰ ਵਜੋਂ ਸੇਵਾਮੁਕਤ ਹੋਇਆ।
ਭਾਵੇਂ ਮਨਜੀਤ ਨੂੰ ਗ਼ਜ਼ਲ ਕਵਿਤਾ ਲਿਖਣ ਦਾ ਸ਼ੋਂਕ ਹੈ ਤੇ ਬਹੁਤ ਸਾਰੀਆਂ ਗ਼ਜ਼ਲਾਂ ਵੀ ਲਿਖੀਆਂ ਹਨ ਪਰ ਜੀਤ ਕਹਾਣੀ ਦੇ ਖੇਤਰ ਵਿੱਚ ਆਪਣੀ ਪਕੜ ਬਨਾਉਣੀ ਚਾਹੁੰਦਾ ਹੈ। ਜੀਤ ਦੀਆਂ ਕਹਾਣੀਆਂ ਬਹੁਤ ਸਾਰੇ ਅਖਬਾਰਾਂ ਤੇ ਰਸਾਲਿਆਂ ਵਿੱਚ ਛਪਦੀਆਂ ਹਨ। ਸ਼ੁਰੂ ਵਿੱਚ ਦਿੱਲੀ ਦੇ ਇਕ ਰਿਸਾਲੇ ਵਿੱਚ ਛਪੀ ਇੱਕ ਕਹਾਣੀ ਤੋਂ ਮਿਲੀ ਨੱਬੇ ਰੁਪਏ ਦੀ ਰਕਮ ਨੇ ਵੀ ਬਹੁਤ ਹੌਸਲਾ ਦਿੱਤਾ। ਜੀਤ ਵੱਡੇ ਲੇਖਕਾਂ ਦੀ ਬੇਰੁਖੀ ਤੋਂ ਵੀ ਪ੍ਰੇਸ਼ਾਨ ਲੱਗਦਾ ਹੈ। ਸ਼ਾਇਦ ਇਹ ਅਖੌਤੀ ਵੱਡੇ ਕਿਸੇ ਨੂੰ ਆਪਣੇ ਤੋਂ ਅੱਗੇ ਨਿਕਲਣ ਦੇ ਖੌਫ ਤੋਂ ਘਬਰਾਉਂਦੇ ਹਨ। ਜੀਤ ਦੀ ਹਰ ਕਹਾਣੀ ਯ ਬਿਰਤਾਂਤ ਨੂੰ ਪੜ੍ਹਦਿਆਂ ਉਹ ਸੀਨ ਅੱਖਾਂ ਮੂਹਰੇ ਕਿਸੇ ਚਲਚਿਤਰ ਵਾੰਗੂ ਚਲਦਾ ਨਜ਼ਰ ਆਉਂਦਾ ਹੈ। ਚੰਗੇ ਲੇਖਕ ਦੀ ਇਹੀ ਖੂਬੀ ਹੁੰਦੀ ਹੈ। ਉਹ ਪਾਠਕ ਨੂੰ ਆਪਣੇ ਨਾਲ ਨਾਲ ਤੋਰਦਾ ਹੈ। ਭਾਵੇਂ ਜੀਤ ਸਾਹਿਤ ਸਭਾਵਾਂ ਦੀਆਂ ਸਰਗਰਮੀਆਂ ਵਿੱਚ ਖੁੱਲ੍ਹ ਕੇ ਵਿਚਰਦਾ ਹੈ ਪਰ ਇਹ ਆਗੂਆਂ ਦੀ ਆਪਸੀ ਰੰਜਿਸ ਤੇ ਈਗੋ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦਾ ਹੈ।
ਜੀਤ ਨਾਲ ਬੈਠਿਆਂ ਸਮੇਂ ਦਾ ਪਤਾ ਨਹੀਂ ਚਲਦਾ। ਘੜੀ ਦੀਆਂ ਸੂਈਆਂ ਜਿਵੇਂ ਰੁੱਕ ਹੀ ਗਈਆਂ ਹੋਣ। ਸਮਾਂ ਠਹਿਰ ਗਿਆ ਹੋਵੇ। ਜੀਤ ਆਪਣੀ ਕਲਮ ਤੋਂ ਆਪਣੀ ਤੰਗੀ ਤੁਰਸ਼ੀ ਦੇ ਦਿਨਾਂ ਨੂੰ ਕਦੇ ਵੀ ਨਹੀਂ ਲਕਾਉਂਦਾ। ਜਿੰਦਗੀ ਦੇ ਸੱਚ ਨੂੰ ਬਿਆਨਣਾ ਸੁਖਾਲਾ ਨਹੀਂ ਹੁੰਦਾ ਤੇ ਖਾਸਕਰ ਉਹ ਸੱਚ ਜਿਸ ਨਾਲ ਤੁਹਾਡੀ ਸਫੈਦ ਕਮੀਜ਼ ਵੀ ਦਾਗੀ ਨਜ਼ਰ ਆਵੇ। ਆਪਣੀ ਜਿੰਦਗੀ ਦਾ ਕੌੜਾ ਸੱਚ ਬੋਲਣ ਵੇਲੇ ਵੀ ਜੀਤ ਦੇ ਚੇਹਰੇ ਤੇ ਕੋਈਂ ਸ਼ਿਕਣ ਨਹੀਂ ਸੀ। ਆਪਣੀ ਜਿੰਦਗੀ ਦੇ ਉਜਵਲੇ ਪੱਖ ਨੂੰ ਦਿਖਾਕੇ ਵਾਹਵਾਹੀ ਲੁੱਟਣ ਵਾਲੇ ਲੇਖਕ ਬਹੁਤ ਮਿਲ ਜਾਂਦੇ ਹਨ। ਮੈਂ ਮੈਂ ਕਰਨ ਵਾਲੇ ਤੇ ਆਪਣੀ ਸਵੈ ਦੀ ਪ੍ਰਸ਼ੰਸ਼ਾ ਕਰਨ ਵਾਲਿਆਂ ਦੀ ਕਮੀ ਨਹੀਂ ਹੈ। ਪਰ ਆਪਣਾ ਝੱਗਾ ਚੁੱਕਕੇ ਆਪਣਾ ਢਿੱਡ ਵਖਾਉਣ ਵਾਲੇ ਵਿਰਲੇ ਹੀ ਹੁੰਦੇ ਹਨ। ਜੀਤ ਓਹਨਾ ਵਿਚੋਂ ਇੱਕ ਹੈ। ਮੈਂ ਆਪਣੀ ਸਵੈ ਜੀਵਨੀ ਦੇ ਅੰਸ #ਬਾਬੇ_ਹਰਗੁਲਾਲ_ਦੀ_ਹੱਟੀ ਦੇ ਦੋਨੋ ਅੰਸ ਜੀਤ ਨੂੰ ਸਮਖਿਆ ਲਈ ਭੇਟ ਕੀਤੇ। ਦੂਜੀ ਵਾਰੀ ਅਸੀਂ ਫਿਰ ਕੌਫ਼ੀ ਪੀਤੀ। ਸ਼ਾਇਦ ਇਹ ਮਨਜੀਤ ਜੀਤ ਨਾਲ ਹੋਈ ਲੰਮੀ ਗਲਬਾਤ ਕਰਕੇ ਸੀ ਯ ਉਸਦੀ ਬੇਬਾਕ ਵਾਰਤਾ ਦੀ ਖੁਮਾਰੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *