ਮਲ ਵਿਸਰਜਨ | mal visarjan

ਮੇਰੀ ਅੱਜ ਦੀ ਪੋਸਟ ਦਾ ਵਿਸ਼ਾ ਕੁੱਝ ਹਟਵਾਂ ਹੈ। ਬਾਹਲੇ ਸੂਗਲ ਪਾਠਕਾਂ ਨੂੰ ਬੇਨਤੀ ਹੈ ਕਿ ਉਹ ਨੱਕ ਤੇ ਰੁਮਾਲ ਜਰੂਰ ਰੱਖ ਲੈਣ। ਕਿਉਂਕਿ ਉਹਨਾਂ ਨੂੰ ਮੇਰੀ ਇਸ ਪੋਸਟ ਤੋਂ ਹੀ ਮੁਸ਼ਕ ਆਵੇਗੀ।
ਮਲ ਤਿਆਗ ਕਰਨਾ ਯ ਟੱਟੀ ਜਾਣਾ ਮਨੁੱਖ ਦੀਆਂ ਰੋਜਾਨਾਂ ਦੀਆਂ ਕਿਰਿਆਵਾਂ ਵਿਚੋਂ ਇੱਕ ਹੈ। ਹਰ ਜਿਉਂਦਾ ਪ੍ਰਾਣੀ ਮਲ ਤਿਆਗ ਕਰਦਾ ਹੈ। ਕੁਝ ਜਾਨਵਰ ਸ਼ਾਇਦ ਘੋੜਾ ਭੱਜਿਆ ਜਾਂਦਾ ਇਸ ਕਿਰਿਆ ਤੋਂ ਫਾਰਗ ਹੋ ਜਾਂਦਾ ਹੈ। ਕੁੱਤੇ ਇਸ ਕੰਮ ਵੇਲੇ ਆਪਣੀਆਂ ਪਿਛਲੀਆਂ ਟੰਗਾਂ ਦਾ ਸਟੈਂਡ ਲਾਹ ਦਿੰਦੇ ਹਨ। ਉਹ ਵਿਸ਼ੇਸ਼ ਪੋਜ਼ ਬਣਾਕੇ ਇਹ ਕੰਮ ਕਰਦੇ ਹਨ। ਬਿੱਲੀਆਂ ਅਕਸਰ ਇਹ ਕੰਮ ਕਰਕੇ ਉੱਤੇ ਮਿੱਟੀ ਪਾ ਦਿੰਦੀਆਂ ਹਨ। ਖੋਰੇ ਆਦਮੀ ਵਾੰਗੂ ਉਹਨਾਂ ਨੂੰ ਵੀ ਮੁਸ਼ਕ ਆਉਂਦੀ ਹੈ। ਪੰਜਾਬੀ ਵਿੱਚ ਹਰ ਪ੍ਰਾਨੀ ਦੇ ਮਲ ਨੂੰ ਵੱਖਰਾ ਨਾਮ ਦਿੱਤਾ ਗਿਆ ਹੈ। ਪਹਿਲੋਂ ਪਹਿਲ ਆਦਮੀ ਉਕੜੂ ਜਿਹਾ ਹੋਕੇ ਬੈਠਦਾ ਸੀ। ਅੱਜਕਲ੍ਹ ਆਦਮੀ ਵੀ ਕੁਰਸੀਨੁਮਾ ਸੀਟ ਦਾ ਇਸਤੇਮਾਲ ਕਰਦਾ ਹੋਇਆ ਆਪਣੀ ਇਹ ਕਿਰਿਆ ਪੂਰੀ ਕਰਦਾ ਹੈ। ਆਪਣੀ ਇਸ ਲੋੜ ਨਾਲ ਨਿਪਟਣ ਲਈ ਮਨੁੱਖ ਨੇ ਸਮੇ ਸਮੇਂ ਤੇ ਬਹੁਤ ਤਰੱਕੀ ਕੀਤੀ ਹੈ। ਅੱਜ ਦਾ ਸੱਭਿਅਤ ਮਨੁੱਖ ਆਪਣੇ ਬੈੱਡਰੂਮ ਨਾਲੋਂ ਵੀ ਜਿਆਦਾ ਖਰਚ ਟੋਇਲਟ ਬਣਾਉਣ ਤੇ ਕਰਦਾ ਹੈ। ਅਮੀਰਾਂ ਦੀ ਟੋਇਲਟ ਉਹਨਾਂ ਦੀ ਕਿਚਨ ਨਾਲੋਂ ਵੀ ਸੋਹਣੀ ਹੁੰਦੀ ਹੈ। ਮਨੁੱਖ ਆਪਣੇ ਮਲ ਤੋਂ ਬਹੁਤ ਜਿਆਦਾ ਨਫਰਤ ਕਰਦਾ ਹੈ। ਉਹ ਸਭ ਤੋਂ ਵਧੀਆ ਫਲ ਫਰੂਟ, ਸੁੱਕੇ ਮੇਵੇ, ਦੁੱਧ ਵਰਗਾ ਤੇਰਵਾਂ ਰਤਨ ਤੇ ਮੱਖਣ ਘਿਓ ਦਾ ਸੇਵਨ ਕਰਦਾ ਹੈ ਪਰ ਓਹ ਆਪਣੀ ਵੇਸਟੇਜ ਨੂੰ ਵੇਖਣਾ ਵੀ ਨਹੀਂ ਚਾਹੁੰਦਾ। ਇਸ ਲਈ ਉਹ ਸਾਬੁਣ ਹੈਂਡਵਾਸ਼ ਕਲੀਨਰ ਬਹੁਤ ਵਸਤੂਆਂ ਦਾ ਪ੍ਰਯੋਗ ਕਰਦਾ ਹੈ। ਫੱਲਸ਼ ਦੀ ਸੀਟ ਨੂੰ ਧੋਣ ਲਈ ਕਾਫੀ ਨਵੀਆਂ ਚੀਜ਼ਾਂ ਵਰਤਦਾ ਹੈ। ਖੁਸ਼ਬੋ ਲਈ ਵੀ ਟੋਇਲਟ ਵਿੱਚ ਵਿਸ਼ੇਸ਼ ਇੰਤਜ਼ਾਮ ਕਰਦਾ ਹੈ। ਪਰ ਓਹ ਇਹ ਭੁੱਲ ਜਾਂਦਾ ਹੈ ਕਿ ਇਹ ਮਲ ਉਸਦੇ ਅੰਦਰ ਹੀ ਸੀ। ਉਸੇ ਮਲ ਦੇ ਭਰੇ ਪੇਟ ਨਾਲ ਉਹ ਪੂਜਾ ਪਾਠ ਵੀ ਕਰਦਾ ਹੈ। ਲੰਚ ਡਿਨਰ ਵੀ ਕਰਦਾ ਹੈ। ਸੋਹਣੇ ਕਪੜੇ ਤੇ ਸੋਨੇ ਦੇ ਗਹਿਣੇ ਪਾਕੇ ਉਪਰ ਇਤਰ ਫਲੇਲ ਲਾਉਂਦਾ ਹੈ ਤੇ ਭੁੱਲ ਜਾਂਦਾ ਹੈ ਕਿ ਉਹ ਉਸੇ ਗੰਦ ਦਾ ਭਰਿਆ ਹੋਇਆ ਹੈ। ਗਲੀਆਂ ਵਿਚਲੇ ਸੀਵਰ ਵਾੰਗੂ ਉਸ ਦੇ ਢਿੱਡ ਵਿੱਚ ਵੀ ਉਸੇ ਤਰ੍ਹਾਂ ਦੀਆਂ ਗੰਦ ਨਾਲ ਭਰੀਆਂ ਨਾਲੀਆਂ ਹਨ।
ਮਨੁੱਖ ਆਪਣੇ ਮਲ ਤੋਂ ਇੰਨੀ ਨਫਰਤ ਕਰਦਾ ਹੈ ਕਿ ਉਹ ਉਸਦਾ ਨਾਮ ਲੈਣਾ ਵੀ ਪਸੰਦ ਨਹੀਂ ਕਰਦਾ। ਟੱਟੀ ਜਾਣਾ ਸ਼ਬਦ ਬੋਲਕੇ ਉਸਦਾ ਮੂੰਹ ਮੁਸ਼ਕ ਨਾਲ ਭਰ ਜਾਂਦਾ ਹੈ। ਫਿਰ ਉਸਨੇ ਇਸ ਲਈ ਜੰਗਲ ਪਾਣੀ ਜਾਣਾ ਸ਼ਬਦ ਈਜਾਦ ਕੀਤਾ। ਕਿਉਂਕਿ ਉਸ ਸਮੇਂ ਉਹ ਬਾਹਰ ਖੁਲ੍ਹੇ ਵਿੱਚ ਜਾਂਦਾ ਸੀ। ਉਹ ਭਾਸ਼ਾ ਬਦਲਕੇ ਮਨ ਨੂੰ ਝੂਠੀ ਤਸੱਲੀ ਦਿੰਦਾ ਹੈ। ਕਦੇ ਰਫ਼ਾ ਹਾਜ਼ਤ ਤੇ ਕਦੇ ਇਸ ਨੂੰ ਨੇਚਰਲ ਕਾਲ ਆਖਦਾ ਹੈ। ਮਲ ਵਿਸਰਜਨ ਵੀ ਆਖਦਾ ਹੈ। ਅਸੀਂ ਅਕਸਰ ਹੀ ਟਰਾਲੀ ਲਾਹੁਣਾ ਸ਼ਬਦ ਵਰਤਦੇ ਸੀ। ਫਲੱਸ਼ ਸੰਡਾਸ਼ ਟੋਇਲਟ ਤੋਂ ਇਹ ਬਾਥਰੂਮ ਤੇ ਆ ਗਿਆ। ਬਾਥਰੂਮ ਨੂੰ ਉਹ ਵਾਸ਼ਰੂਮ ਕਹਿਣ ਲੱਗ ਪਿਆ। ਮੁਸ਼ਕ ਜੋ ਆਉਂਦੀ ਸੀ। ਕੁਝ ਕਮਲੇ ਪਿਸ਼ਾਬ ਨੂੰ ਬਾਥਰੂਮ ਆਖੀ ਜਾਂਦੇ ਹਨ। ਬਿਮਾਰਾਂ ਤੇ ਬੱਚਿਆਂ ਨੂੰ ਇੱਕ ਵਿਸ਼ੇਸ਼ ਭਾਂਡੇ ਵਿੱਚ ਇਹ ਕੰਮ ਕਰਵਾਇਆ ਜਾਂਦਾ ਹੈ। ਜਿਸਨੂੰ ਪੋਟ ਆਖਦੇ ਹਨ। ਫਿਰ ਇਹ ਬਾਹਲੇ ਪੜ੍ਹੇ ਲਿਖੇ ਟੱਟੀ ਨੂੰ ਪੋਟੀ ਆਖਣ ਲੱਗ ਪਏ। ਬੰਦਾ ਪੁੱਛੇ ਕੀ ਟੱਟੀ ਨੂੰ ਪੋਟੀ ਆਖਣ ਨਾਲ ਉਸ ਦੀ ਮੁਸ਼ਕ ਘੱਟ ਜਾਵੇਗੀ। ਟੋਇਲਟ ਨੂੰ ਵਾਸ਼ਰੂਮ ਕਹਿਣ ਨਾਲ ਕੀ ਮੁਸ਼ਕ ਨਹੀਂ ਆਵੇਗੀ।
ਜਦੋਂ ਕਿ ਸਿਹਤ ਵਿਗਿਆਨੀਆਂ ਅਨੁਸਾਰ ਖੁੱਲ੍ਹਕੇ ਪੇਟ ਸ਼ਾਫ ਨਾ ਹੋਣਾ ਹੀ ਸਾਰੀਆਂ ਬਿਮਾਰੀਆਂ ਦਾ ਮੁੱਖ ਕਾਰਨ ਹੈ। ਜਿਸਦਾ ਪੇਟ ਸ਼ਾਫ ਨਹੀਂ ਹੁੰਦਾ ਉਸਨੂੰ ਸਭ ਤੋਂ ਵੱਡੀ ਬਿਮਾਰੀ ਹੈ। ਕਬਜ਼ੀ ਬਿਮਾਰੀਆਂ ਦੇ ਰਸਤੇ ਦੀ ਕੁੰਜੀ ਹੈ। ਉਹਨਾਂ ਨੂੰ ਪੁੱਛੋਂ ਜਿਹੜੇ ਸਵੇਰੇ ਸਵੇਰੇ ਉਸਦੇ ਆਉਣ ਦਾ ਇੰਤਜ਼ਾਰ ਕਰਦੇ ਹਨ। ਅਵਾਜ਼ਾਂ ਮਾਰਦੇ ਹਨ। ਤੇ ਫਿਰ ਅੰਤ ਨੂੰ ਬਾਰਾਂ ਲੀਟਰ ਪਾਣੀ ਡੋਲ੍ਹਕੇ ਨਿਰਾਸ਼ੇ ਜਿਹੇ ਵਾਪਿਸ ਆ ਜਾਂਦੇ ਹਨ। ਪਰ ਤੁਸੀਂ ਉਸਦਾ ਨਾਮ ਸੁਣਕੇ ਹੀ ਨੱਕ ਤੇ ਰੁਮਾਲ ਰੱਖ ਲੈਂਦੇ ਹੋ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *