ਗਿੱਦੜ ਸਿੰਗੀ ਵਾਲਾ ਬਾਬਾ | gidarh singhi wala baba

ਅਸੀ ਪਿੰਡ ਘੁਮਿਆਰੇ ਰਹਿੰਦੇ ਸੀ। ਪਾਪਾ ਜੀ ਨੋਕਰੀ ਦੇ ਸਿਲਸਿਲੇ ਵਿੱਚ ਬਾਹਰ ਹੀ ਰਹਿੰਦੇ ਸਨ। ਅਤੇ ਦਸੀਂ ਪੰਦਰੀ ਹੀ ਘਰ ਗੇੜਾ ਮਾਰਦੇ ਸਨ।ਜਦੋ ਪਿੰਡ ਆਉਂਦੇ ਤਾਂ ਉਹ ਤਕਰੀਬਨ ਘਰੇ ਹੀ ਰਹਿੰਦੇ। ਇੱਕ ਵਾਰੀ ਜਦੋ ਉਹ ਘਰ ਆਏ ਹੋਏ ਸਨ ਤਾਂ ਉਹ ਕਮਰੇ ਵਿੱਚ ਸੁੱਤੇ ਹੋਏ ਸੀ।ਮਾਈ ਭਿੱਖਿਆ ਪਾਓੁ ਕਹਿਕੇ ਇੱਕ ਭਗਵੇਂ ਵਸਤਰਧਾਰੀ ਸਾਧੂ ਨੇ ਆਵਾਜ ਮਾਰੀ। ਮੇਰੀ ਮਾਤਾ ਨੇ ਦੂਰੋ ਹੀ ਉਸ ਨੂੰ ਚਲੇ ਜਾਣ ਦਾ ਇਸ਼ਾਰਾ ਕੀਤਾ।ਪਰ ਉਹ ਨਾ ਮੰਨਿਆ। ਮੇਰੇ ਪਾਪਾ ਜੀ ਇਹਨਾ ਭੇਖੀ ਸਾਧੂਆਂ ਅਤੇ ਤੰਦਰੁਸਤ ਮੰਗਤਿਆਂ ਨੂੰ ਭੀਖ ਦੇਣ ਦੇ ਸਖਤ ਖਿਲਾਫ ਸਨ। ਉਸ ਸਾਧੂ ਨੇ ਭੁੱਖੇ ਹੋਣ ਦੀ ਦੁਹਾਈ ਦਿੱਤੀ ਅਤੇ ਖਾਣ ਵਾਸਤੇ ਰੋਟੀ ਦੀ ਮੰਗ ਕੀਤੀ। ਕਿਸੇ ਭੁੱਖੇ ਨੂੰ ਰੋਟੀ ਤੋਂ ਜਬਾਬ ਦੇਣਾ ਵੀ ਠੀਕ ਨਹੀ ਸੀ ਪਰ ਮਾਤਾ ਜੀ ਨੂੰ ਪਾਪਾ ਜੀ ਦੇ ਗੁਸੈਲੇ ਤੋ ਵੀ ਡਰ ਲੱਗਦਾ ਸੀ।ਸੋ ਮੌਕਾ ਵਿਚਾਰਦੇ ਹੋਏ ਉਹਨਾਂ ਨੇ ਦੋ ਰੋਟੀਆਂ ਉਪਰ ਹੀ ਸਾਗ ਰੱਖਕੇ ਉਸ ਸਾਧੂ ਨੂੰ ਦੇ ਦਿੱਤਾ ਅਤੇ ਨਾਲ ਹੀ ਚਲੇ ਜਾਣ ਲਈ ਵੀ ਕਹਿ ਦਿੱਤਾ। ਪਰ ਉਹ ਸਾਧੂ ਟੱਸ ਤੌ ਮੱਸ ਨਾ ਹੋਇਆ। ਬਾਊ ਜੀ ਬਹੁਤ ਗੁੱਸੇ ਵਾਲੇ ਹਨ ਜੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਤੈਨੂੰ ਵੀ ਝਿੜਕਣਗੇ ਅਤੇ ਮੈਨੂੰ ਵੀ ਗਾਲ੍ਹ ਮੰਦਾ ਬੋਲਣਗੇ। ਮਾਤਾ ਜੀ ਨੇ ਉਸਨੂੰ ਥੋੜਾ ਡਰਾਕੇ ਭਜਾਉਣ ਦੀ ਕੋਸ਼ਿਸ਼ ਕੀਤੀ। ਪਰ ਉਹ ਸਾਧੂ ਨਾ ਮੰਨਿਆ। ਉਲਟਾ ਪਾਪਾ ਜੀ ਨੂੰ ਵੀ ਬਾਹਰ ਬਲਾਉਣ ਲਈ ਕਹਿਣ ਲੱਗਿਆ। ਡਰ ਵਾਲੀ ਗੱਲ ਉਸਦੇ ਚੇਹਰੇ ਤੇ ਨਜ਼ਰ ਨਹੀ ਸੀ ਆ ਰਹੀ । ਦਰਵਾਜੇ ਤੇ ਹੁੰਦਾ ਬੋਲ ਬੁਲਾਰਾ ਸੁਣਕੇ ਪਾਪਾ ਜੀ ਆਪੇ ਹੀ ਬਾਹਰ ਆ ਗਏ ਤੇ ਉਹ ਠੰਡੇ ਮਤੇ ਉਸ ਸਾਧੂ ਦੀਆਂ ਗੱਲਾਂ ਸੁਨਣ ਲੱਗੇ। ਹੱਥ ਵਿੱਚ ਫੜੀਆਂ ਰੋਟੀਆਂ ਤੇ ਸਾਗ ਲਈ ਖੜ੍ਹਾ ਉਹ ਸਾਧੂ ਪਾਪਾ ਜੀ ਕੋਲੋ ਕਿਸੇ ਵਸਤਰ ਦੀ ਮੰਗ ਕਰਨ ਲੱਗਿਆ। ਉਸਦਾ ਇਸ਼ਾਰਾ ਕੰਬਲ ਖੇਸ਼ ਵਗੈਰਾ ਵੱਲ ਸੀ। ਪਾਪਾ ਜੀ ਉਸ ਦੀਆਂ ਗੱਲਾਂ ਨਿਮਰਤਾ ਨਾਲ ਸੁਣ ਰਹੇ ਸਨ। ਉਹਨਾਂ ਦੀ ਬੋਲ ਬਾਣੀ ਵਿੱਚ ਜਰਾ ਵੀ ਤੱਲਖੀ ਨਹੀ ਸੀ।
ਫਿਰ ਉਸਨੇ ਪਾਪਾ ਜੀ ਨੂੰ ਅੰਦਰੋ ਭੰਡਾਰ ਵਿੱਚੋ ਪੰਜ ਚਾਰ ਦਾਣੇ ਅਨਾਜ ਦੇ ਲਿਆਉਣ ਲਈ ਆਖਿਆ। ਪਾਪਾ ਜੀ ਅੰਦਰੋ ਛੋਲਿਆਂ ਦੀ ਬੋਰੀ ਵਿੱਚੋ ਪੰਜ ਸੱਤ ਦਾਣੇ ਛੋਲਿਆ ਦੇ ਲੈ ਲਾਂਏ। ਉਸਨੇ ਕੁਝ ਮੰਤਰ ਜਿਹਾ ਪੜ੍ਹਿਆ ਅਤੇ ਦਾਣਿਆ ਨੂੰ ਵਾਪਿਸ ਬੋਰੀ ਵਿੱਚ ਪਾਉਣ ਲਈ ਆਖਿਆ। ਜਦੋ ਪਾਪਾ ਜੀ ਉਹ ਦਾਣੇ ਬੋਰੀ ਵਿੱਚ ਪਾਉਣ ਲੱਗੇ ਤਾਂ ਹੁਣ ਉਹ ਪੰਜ ਸੱਤ ਦਾਣੇ ਬਲਕਿ ਅੱਧੀ ਮੁਠੀ ਤੌ ਵੀ ਵੱਧ ਦਾਣੇ ਸਨ। ਜਿਸਨੂੰ ਵੇਖਕੇ ਪਾਪਾ ਜੀ ਹੈਰਾਨ ਰਹਿ ਗਏ। ਅਸੀ ਸਾਰੇ ਇਸ ਗੱਲੋ ਹੈਰਾਨ ਸੀ ਕਿ ਇਹਨਾ ਸਾਧਾਂ ਨੂੰ ਗਾਲੀ ਗਲੋਚ ਕਰਨ ਵਾਲੇ ਪਾਪਾ ਜੀ ਕਿਵੇਂ ਉਸ ਸਾਧ ਦੇ ਆਖੇ ਲੱਗ ਰਹੇ ਹਨ।ਫਿਰ ਉਸ ਸਾਧੂ ਨੇ ਪਾਪਾ ਜੀ ਨੂੰ ਖਜਾਨੇ ਵਿੱਚੋ ਕੁਝ ਮਾਇਆ ਲਿਆਉਣ ਲਈ ਕਿਹਾ। ਪਰ ਪਾਪਾ ਜੀ ਦੇ ਪੈਸੇ ਤਾਂ ਉਹਨਾਂ ਦੀ ਕਮੀਜ ਦੀ ਜੇਬ ਵਿੱਚ ਹੀ ਹੁੰਦੇ ਸਨ। ਸੋ ਪਾਪਾ ਜੀ ਨੇ ਜੇਬ ਵਿਚੋ ਤਿੰਨ ਚਾਰ ਛੋਟੇ ਨੋਟ ਕੱਢਕੇ ਉਸ ਸਾਧੂ ਨੂੰ ਪਕੜਾ ਦਿੱਤੇ ਜ਼ੋ ਉਸਨੇ ਕੁਝ ਮੰਤਰ ਪੜ੍ਹਣ ਤੋ ਬਾਦ ਪਾਪਾ ਜੀ ਨੂੰ ਜੇਬ ਵਿੱਚ ਹੀ ਰੱਖ ਲੈਣ ਲਾਈ ਵਾਪਿਸ ਕਰ ਦਿੱਤੇ।ਉਹ ਸਾਧੂ ਗੱਲਾਂ ਦਾ ਮਾਹਿਰ ਸੀ।ਉਸਨੇ ਸਾਨੂੰ ਕਿਸੇ ਨੂੰ ਵੀ ਬੋਲਣ ਨਾ ਦਿੱਤਾ।ਫਿਰ ਉਸਨੇ ਸਰੌ ਦਾ ਤੇਲ ਪੀਣ ਦੀ ਇੱਛਾ ਜਤਾਈ ਅਤੇ ਗੜਵਾ ਭਰ ਕੇ ਸਰੌ ਦਾ ਤੇਲ ਲਿਆਉਣ ਲਈ ਆਖਿਆ। ਜ਼ੋ ਮੇਰੇ ਮਾਤਾ ਜੀ ਅੰਦਰੋ ਲੈ ਆਏ ਤੇ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੀ ਤੇਲ ਨਾਲ ਭਰਿਆ ਗੜਵਾ ਗਟਾ ਗੱਟ ਪੀ ਗਿਆ।ਉਸ ਨੂੰ ਸਰੋਂ ਦਾ ਤੇਲ ਪੀਂਦਾ ਵੇਖਕੇ ਅਸੀ ਹੈਰਾਨ ਰਹਿ ਗਏ। ਅੱਜ ਵੀ ਉਸ ਅੱਖੀ ਦੇਖੀ ਗੱਲ ਤੇ ਵਿਸ਼ਵਾਸ ਨਹੀ ਆਉੱਂਦਾ। ਹੁਣ ਉਹ ਪਾਪਾ ਜੀ ਤੇ ਪੂਰਾ ਮੇਹਰਬਾਨ ਸੀ ਅਤੇ ਅਸ਼ੀਸ਼ਾਂ ਦੀ ਝੜੀ ਲਾ ਰਿਹਾ ਸੀ। ਫਿਰ ਉਸਨੇ ਆਪਣੀ ਬਗਲੀ ਵਿਚੋ ਵਾਲਾਂ ਜਿਹਾ ਵਰਗੀ ਕੋਈ ਚੀਜ ਕੱਢੀ ਜ਼ੋ ਸੰਧੂਰ ਨਾਲ ਭਰੀ ਡਿੱਬੀ ਵਿੱਚ ਰੱਖੀ ਹੋਈ ਸੀ। ਲਓ ਸੇਠ ਜੀ ਬਾਬੇ ਤੁਹਾਡੇ ਤੇ ਪੂਰੇ ਦਿਆਲ ਹਨ। ਆਹ ਗਿੱਦੜਸਿੰਗੀ ਰੱਖ ਲੋ। ਤੁਹਾਡੀਆਂ ਪੌ ਬਾਰਾਂ ਪੱਚੀ ਹੋ ਜਾਣਗੀਆਂ। ਪੈਸੇ ਟਕੇ ਦੀ ਕਦੇ ਤੋੜ ਨਹੀ ਆਵੇਗੀ। ਰੁਤਬਾ ਮਾਣ ਵਧੇਗਾ। ਤਰੱਕੀਆਂ ਮਿਲਣਗੀਆਂ। ਜਿਸ ਕੰਮ ਨੂੰ ਹੱਥ ਪਾਓਗੇ। ਪੂਰਾ ਹੋਵੇਗਾ। ਕੋਈ ਕੰਮ ਨਹੀ ਅਟਕੇਗਾ। ਇਹ ਸੰਧੂਰ ਹੀ ਖਾਂਦੀ ਹੈ ਅਤੇ ਤੁਸੀ ਇਸ ਨੂੰ ਸੰਧੂਰ ਵਾਲੀ ਡਿੱਬੀ ਚ ਹੀ ਰੱਖਣਾ ਹੈ। ਅਸੀ ਉਹ ਗਿੱਦੜਸਿੰਗੀ ਰੱਖ ਲਈ। ਫਿਰ ਉਸਨੇ ਲੰਗਰ ਲਈ ਆਨਾਜ ਦੀ ਮੰਗ ਕੀਤੀ। ਉਹਨਾਂ ਵੇਲਿਆਂ ਵਿੱਚ ਕਣਕ ਦੀ ਭਾਰੀ ਕਿੱਲਤ ਸੀ ਅਤੇ ਛੋਲੇ ਸਸਤੇ ਸਨ। ਪਾਪਾ ਜੀ ਨੇ ਬਾਲਟੀ ਭਰਕੇ ਛੋਲੇ ਉਸਨੁੰ ਦੇ ਦਿੱਤੇ। ਮੰਤਰ ਪੜ੍ਹਦਾ ਹੋਇਆ ਉਹ ਬਾਬਾ ਸਾਡੇ ਘਰੌ ਨਿਕਲ ਗਿਆ ਅਤੇ ਉਸਦੇ ਜਾਂਦੇ ਹੀ ਅਸੀ ਸਾਰੇ ਹੋਸ਼ ਵਿੱਚ ਆ ਗਏ । ਪਾਪਾ ਜੀ ਆਪਣੇ ਵਲੌ ਦਿੱਤੇ ਦਾਨ ਅਤੇ ਅਨਾਜ ਨੂੰ ਗਲਤ ਕਹਿਣ ਲੱਗੇ। ਫਿਰ ਸਾਨੂੰ ਉਸ ਬਾਬੇ ਦੇ ਪਿੱਛੇ ਭਜਾਇਆ ਗਿਆ ਤਾਂਕਿ ਅਸੀ ਦੇਖ ਸਕੀਏ ਕਿ ਉਹ ਕਿਸ ਹੱਟੀ ਤੇ ਆਨਾਜ ਵੇਚਦਾ ਹੈ। ਅਸੀ ਸਾਰੀਆਂ ਗਲੀਆਂ ਗਾਹ ਮਾਰੀਆਂ ਉਹ ਸਾਨੂੰ ਪਿੰਡ ਵਿੱਚ ਕਿਸੇ ਹੱਟੀ ਜਾ ਗਲੀ ਵਿੱਚ ਨਾ ਮਿਲਿਆ। ਉਹ ਤਾਂ ਯਾਨਿ ਪਲਾਂ ਵਿੱਚ ਹੀ ਆਲੋਪ ਹੋ ਗਿਆ। ਅਸੀ ਆਥਣ ਤੱਕ ਉਸ ਬਾਰੇ ਪੁੱਛ ਪੜਤਾਲ ਕਰਦੇ ਰਹੇ। ਉਹ ਹੋਰ ਕਿਸੇ ਦੇ ਘਰੇ ਵੀ ਨਹੀ ਸੀ ਗਿਆ ਅਤੇ ਨਾ ਹੀ ਕਿਸੇ ਨੇ ਉਸ ਨੂੰ ਪਹਿਲਾਂ ਜਾ ਬਾਦ ਵਿੱਚ ਵੇਖਿਆ ਸੀ। ਇਹ ਬਹੁਤ ਵੱਡਾ ਅਚੰਭਾ ਸੀ। ਸ਼ਾਇਦ ਉਸਨੇ ਆਪਣੀ ਸੰਮੋਹਣ ਸ਼ਕਤੀ ਨਾਲ ਸਾਨੂੰ ਸਾਰਿਆਂ ਨੂੰ ਆਪਣੇ ਵੱਸ ਵਿੱਚ ਕਰ ਲਿਆ ਸੀ।ਇਹ ਹੀ ਹਿਪਨੋਟਿਜਮ ਹੁੰਦਾ ਹੈ। ਕਈ ਵਾਰੀ ਇਸ ਹੁਨਰ ਦੇ ਮਾਹਿਰ ਲੋਕ ਦੂਸਰਿਆਂ ਨੂੰ ਕੁਝ ਸਮੇ ਲਈ ਆਪਣੇ ਵੱਸ ਵਿੱਚ ਕਰ ਲੈਂਦੇ ਹਨ। ਹੋ ਸਕਦਾ ਹੈ ਉਹ ਸਾਧ ਵੀ ਇਸੇ ਵਿਦਿਆ ਦਾ ਜਾਣਕਾਰ ਹੋਵੇ ਜਾ ਕੁਝ ਰਿੱਧੀਆਂ ਸਿੱਧੀਆਂ ਦਾ ਮਾਲਿਕ ਹੋਵੇ । ਪਰ ਉਹ ਘਟਨਾ ਅਜੇ ਵੀ ਜਦੋ ਯਾਦ ਆਉਂਦੀ ਹੈ ਤਾਂ ਹੈਰਾਨੀ ਹੁੰਦੀ ਹੈ। ਮਨ ਅਜੇ ਇਸ ਗੱਲ ਦਾ ਫੈਸਲਾਂ ਨਹੀ ਕਰ ਸਕਿਆ ਕਿ ਉਹ ਕਰਨੀ ਵਾਲਾ ਸਾਧ ਸੀ ਜਾ ਭੇਖੀ। ਪਰ ਕੁਝ ਤਾਂ ਵਿਸ਼ੇਸ ਜਰੂਰ ਸੀ ਉਸ ਵਿੱਚ।

Leave a Reply

Your email address will not be published. Required fields are marked *