ਜਦੋ ਮੈ ਪਹਿਲੀ ਵਾਰੀ ਸਕੂਲ ਗਿਆ | jado main pehli vaar school gya

ਅੱਜ ਕਲ੍ਹ ਪੜ੍ਹਾਈ ਦਾ ਯੁੱਗ ਹੈ ਤੇ ਪੜ੍ਹਾਈ ਜਿੰਦਗੀ ਦਾ ਇੱਕ ਨਾ ਖਤਮ ਹੋਣ ਵਾਲਾ ਪੜਾਅ ਹੈ। ਆਦਮੀ ਚਾਹੇ ਤਾਂ ਸਾਰੀ ਉਮਰ ਹੀ ਪੜ੍ਹਾਈ ਜਾਰੀ ਰੱਖ ਸਕਦਾ ਹੈ। ਪੜ੍ਹਾਈ ਦੀ ਕੋਈ ਉਮਰ ਸੀਮਾਂ ਤਹਿ ਨਹੀ ਹੈ। ਬੱਸ ਪੜ੍ਹਣ ਦਾ ਜਜ੍ਹਬਾ ਹੋਣਾ ਚਾਹੀਦਾ ਹੈ। ਅਮੀਰੀ ਗਰੀਬੀ ਵੀ ਕੋਈ ਅੜਿੱਕਾ ਨਹੀ। ਲੋਕ ਦਿਨੇ ਮਜਦੂਰੀ ਕਰਕੇ ਰਾਤੀ ਪੜ੍ਹਦੇ ਹਨ। ਵਿਆਹ ਤੇ ਬਾਲ ਪਰਿਵਾਰ ਵੀ ਪੜ੍ਹਾਈ ਵਿੱਚ ਕੋਈ ਰੁਕਾਵਟ ਨਹੀ ਪਾ ਸਕਦੇ। ਬਹੁਤੀਆਂ ਕੁੜੀਆਂ ਮੁੰਡੇ ਵਿਆਹ ਤੋ ਬਾਅਦ ਹੀ ਡਿਗਰੀਆਂ ਲੈਦੇ ਹਨ। ਨੋਕਰੀ ਤੇ ਲੱਗਦੇ ਹਨ। ਹਜਾਰਾਂ ਉਦਾਰਨਾ ਹਨ ਜਦੋ ਦਸ ਪੜ੍ਹੀਆਂ ਲੜਕੀਆਂ ਵਿਆਹ ਤੋ ਬਾਅਦ ਪੀ ਐਚ ਡੀ ਤੱਕ ਕਰ ਗਈਆਂ। ਸਿਰਫ ਜਰੂਰਤ ਲਗਣ ਤੇ ਮਿਹਨਤ ਦੀ ਹੀ ਹੁੰਦੀ ਹੈ।
ਪਰ ਜਦੋ ਬੱਚਾ ਛੋਟਾ ਹੁੰਦਾ ਹੈ ਤੇ ਉਸ ਨੂੰ ਪਹਿਲੀ ਵਾਰੀ ਸਕੂਲ ਭੇਜਿਆ ਜ਼ਾਦਾ ਹੈ ਤਾਂ ਉਹ ਜਰੂਰ ਰੋਂਦਾ ਹੈੇ ਚਾਹੇ ਅੱਜ ਕੱਲ ਪ੍ਰੀ ਸਕੂਲਿੰਗ ਦਾ ਚਲਣ ਹੈ। ਸਕੂਲ ਤੋ ਪਹਿਲਾ ਬੱਚੇ ਨੂੰ ਕਰੈਚ ਵਗੈਰਾ ਚ ਭੇਜਿਆ ਜਾਂਦਾ ਹੈ। ਆਮ ਤੋਰ ਤੇ ਦੋ ਢਾਈ ਸਾਲ ਦੇ ਬੱਚੇ ਨੂੰ ਹੀ ਪੜ੍ਹਣ ਲਈ ਰਵਾਨਾ ਕਰ ਦਿੱਤਾ ਜ਼ਾਂਦਾ ਹੈ। ਸਾਡੇ ਵੇਲਿਆਂ ਚ ਇਹ ਉਮਰ ਛੇ ਸੱਤ ਸਾਲ ਹੁੰਦੀ ਸੀ। ਜਦੋਂ ਮਾਂ ਪਿਉ ਬੱਚੇ ਨੂੰ ਮਾਸਟਰਾਂ ਹਵਾਲੇ ਕਰ ਆਉਂਦੇ ਤੇ ਉਮਰ ਵਾਲਾ ਖਾਨਾ ਪੂਰਾ ਕਰਨ ਲਈ ਉਮਰ ਵੀ ਅੰਦਾਜੇ ਅਨੁਸਾਰ ਹੀ ਲਿਖਾ ਦਿੱਤੀ ਜ਼ਾਦੀ ਸੀ। ਅੱਜ ਕੱਲ ਵਾਂਗੂ ਜਨਮ ਸਰਟੀਫੀਕੇਟਾਂ ਦਾ ਕੋਈ ਝੰਜਟ ਨਹੀ ਸੀ ਹੁੰਦਾ।
ਗੱਲ ਕੋਈ 1965-66 ਦੇ ਨੇੜੇ ਤੇੜੇ ਦੀ ਹੈ । ਜਦੋ ਮੇਰੀ ਮਾਂ ਨੇ ਸੁਵੱਖਤੇ ਹੀ ਮੈਨੂੰ ਨੁਹਾ ਕੇ ਮੇਰੇ ਵਾਲ ਵਾਹ ਦਿੱਤੇ ਤੇ ਸੁੁਰਮੇਦਾਨੀ ਚੋ ਸਰਮੁਚੂ ਨਾਲ ਮੇਰੀਆਂ ਅੱਖਾਂ ਵਿਚ ਸੁਰਮਾਂ ਪਾ ਦਿੱਤਾ ਅਤੇ ਨਾਲ ਹੀ ਰੋਜ ਵਾਂਗੂ ਮੇਰੀ ਗਰਦਨ ਤੇ ਕਾਲਾ ਸੁਰਮੇ ਦਾ ਨਿਸ਼ਾਨ ਜਿਹਾ ਲਾ ਦਿੱਤਾ। ਜਿਸਨੂੰ ਉਹ ਕਾਲਾ ਟਿੱਕਾ ਆਖਦੀ ਹੁੰਦੀ ਸੀ। ਇਹ ਕਿਉਂ ਲਾਉਂਦੀ ਸੀ ਇਸ ਗੱਲ ਦਾ ਪਤਾ ਮੈਨੂੰ ਕਾਫੀ ਸਾਲਾਂ ਬਾਅਦ ਲੱਗਿਆ ਕਿ ਉਹ ਮੈਨੂੰ ਲੋਕਾਂ ਦੀ ਨਜਰ ਤੋ ਬਚਾਉਣਾ ਚਾਹੁੰਦੀ ਸੀ। ਉਸ ਦਿਨ ਮੇਰੇ ਬੋਸਕੀ ਦਾ ਫੱਟੇਦਾਰ ਪਜਾਮਾਂ ਤੇ ਚਿੱਟਾ ਕਮੀਜ ਪਾਇਆ ਸੀ।ਮੇਰੇ ਲਈ ਮੇਰੀ ਮਾਂ ਨੇ ਇੱਕ ਝੋਲਾ ਵੀ ਸਿਉਂਤਾਂ ਸੀ। ਇੱਕ ਕਾਇਦਾ , ਸਲੇਟ ਤੇ ਹੋਰ ਨਿੱਕ ਸੁੱਕ ਵੀ ਤਿਆਰ ਕੀਤਾ ਸੀ। ਮੈਨੂੰ ਮਾਂ ਦੀਆਂ ਗੱਲਾਂ ਤੋ ਪਤਾ ਲੱਗਿਆ ਕਿ ਉਹ ਮੈਨੂੰ ਸਕੂਲ ਛੱਡਣ ਜਾ ਰਹੀ ਸੀ।ਮੇਰੇ ਨਾਲ ਦੇ ਬੇਲੀਆਂ ਵਿੱਚੋ ਕੋਈ ਵੀ ਸਕੂਲ ਨਹੀ ਸੀ ਜਾਂਦਾ।ਅਸੀ ਸਾਰਾ ਦਿਨ ਗਲੀ ਵਿੱਚ ਖੇੜਦੇ ਤੇ ਇੱਕ ਦੂਜੇ ਨੂ ਮਾਂਵਾਂ ਭੈਣਾਂ ਦੀਆਂ ਗਾਲਾਂ ਦਿੰਦੇ। ਇੱਕ ਦੋ ਵਾਰੀ ਗਾਲਾਂ ਕੱਢਣ ਕਰਕੇ ਮੇਰੀ ਚੰਗੀ ਛਿਤਰੋਲ ਵੀ ਹੋਈ ਸੀ। ਇਹ ਗੰਦੇ ਮੁਡਿਆਂ ਨਾਲ ਰਹਿ ਕੇ ਵਿਗੜ ਰਿਹਾ ਹੈ। ਮੇਰੀ ਮਾਂ ਨੇ ਮੇਰੇ ਪਾਪਾ ਅੱਗੇ ਮੇਰੀ ਸਿ਼ਕਾਇਤ ਵੀ ਲਾਈ ਸੀ ਤੇ ਇਹ ਪਾਪਾ ਜੀ ਦਾ ਹੀ ਸੁਝਾਵ ਸੀ ਕਿ ਇਸ ਨੂੰ ਸਕੂਲ ਪੜ੍ਹਣ ਲਾ ਦਿੱਤਾ ਜਾਵੇ।
ਓਹੀ ਹੋਇਆ ਜਿਸ ਦਾ ਖਦਸਾ ਸੀ । ਮੇਰੀ ਮਾਂ ਨੇ ਮੇਰੀ ਉਗਲੀ ਫੜ੍ਹ ਲਈ ਤੇ ਮੈਨੂੰ ਸਕੂਲ ਦੇ ਰਾਹ ਪਾ ਲਿਆ। ਮੈ ਘਰੋ ਹੀ ਰੋਣਾ ਸੁਰੂ ਕਰ ਦਿੱਤਾ । ਮੇਰੀਆਂ ਚੀਕਾਂ ਰਸਤੇ ਚ ਹੀ ਆਪਣੀ ਹੱਟੀ ਤੇ ਬੈਠੇ ਮੇਰੇ ਦਾਦਾ ਜੀ ਨੇ ਵੀ ਸੁਣੀਆਂ। ਕਰਤਾਰ ਕੁਰੇ ਕੀ ਗੱਲ ਹੈ ਜੁਆਕ ਕਿਉ ਰੋਂਦਾ ਹੈ।ਕਿੱਥੇ ਲਈ ਜਾਂਦੀ ਹੈ। ਆਦਿ ਕਈ ਸਵਾਲ ਮੇਰੀ ਮਾਂ ਨੂੰ ਪੁਛੇ। ਬਾਈ ਇਹਨੂੰ ਸਕੂਲ ਛੱਡਣ ਚੱਲੀ ਹਾਂ। ਘਰੇ ਇਹ ਵਿਗੜਦਾ ਜਾਂਦਾ ਹੈ।ਮੇਰੇ ਮਾਂ ਨੇ ਲੰਬੇ ਘੁੰਢ ਵਿਚੋ ਹੀ ਜਬਾਬ ਦਿੱਤਾ। ਕਿਉ ਰਵਾਉਂਦੀ ਹੈ ਜੁਆਕ ਨੂੰ। ਅੱਜ ਰਹਿਣ ਦੇ ਫਿਰ ਛੱਡ ਆਈ। ਕਲ੍ਹ ਨੂੰ।ਅੱਜ ਰਹਿਣ ਦੇ। ਮੇਰੇ ਦਾਦਾ ਜੀ ਨੇ ਮੇਰਾ ਪੱਖ ਲਿਆ ਤੇ ਮੈਨੂੰ ਵੀ ਕੁਝ ਹੋਸਲਾ ਜਿਹਾ ਹੋਇਆ।ਨਹੀ ਬਾਈ ਅੱਜ ਵੀਰਵਾਰ ਹੈ ਤੇ ਪੜ੍ਹਾਈ ਲਈ ਵੀਰਵਾਰ ਹੀ ਚੰਗਾ ਹੁੰਦਾ ਹੈ। ਕਹਿ ਕੇ ਮੇਰੀ ਮਾਂ ਬਿਨਾ ਰੁਕੇ ਹੀ ਅੱਗੇ ਨੂੰ ਤੁਰ ਪਈ।
ਸਕੂਲ ਜਾ ਕੇ ਮੇਰੀ ਮਾਂ ਨੇ ਮੈਨੂੰ ਸਕੂਲ ਵਾਲੀ ਭੈਣ ਜੀ ਦੇ ਹਵਾਲੇ ਕਰ ਦਿੱਤਾ।ਉਸਦਾ ਨਾਮ ਸਾਇਦ ਜੀਤ ਭੈਣ ਜੀ ਸੀ। ਕੱਚੀ ਪੱਕੀ ਚ ਮੈਨੂੰ ਓਹੀ ਪੜਾਉਦੀ ਸੀ।ਮੇਰੀ ਮਾਂ ਨੇ ਭੈਣ ਜੀ ਨੂੰ ਆਪਣੇ ਨਾਲ ਲਿਆਂਦਾ ਪਤਾਸਿ਼ਆ ਵਾਲਾ ਖਾਕੀ ਲਿਫਾਫਾ ਵੀ ਫੜ੍ਹਾ ਦਿੱਤਾ ਬੱਚਿਆਂ ਚ ਵੰਡਣ ਲਈ।ਭੈਣ ਜੀ ਨੇ ਦੋ ਦੋ ਪਤਾਸੇ ਸਾਰਿਆਂ ਚ ਵੰਡ ਦਿੱਤੇ ਤੇ ਮੈਨੂੰ ਵੀ ਦਿੱਤੇ। ਪਰ ਮੇਰਾ ਰੋਣਾ ਤਾਂ ਬਦਸਤੂਰ ਜਾਰੀ ਸੀ। ਮੇਰੀ ਮਾਂ ਦੇ ਸਕੂਲੋ ਆਉਣ ਤੋ ਬਾਅਦ ਵੀ ਕਿੰਨੀ ਦੇਰ ਮੈ ਰੋਂਦਾ ਰਿਹਾ। ਮੇਰੀਆਂ ਅੱਖਾਂ ਤੇ ਨੱਕ ਚੋ ਪਾਣੀ ਲਗਾਤਾਰ ਵਹਿ ਰਿਹਾ ਸੀ।ਕਮੀਜ ਦੀਆਂ ਕਫਾਂ ਤੋ ਮੈ ਰਮਾਲ ਦਾ ਕੰਮ ਲੇੈ ਰਿਹਾ ਸੀ।ਮੈ ਸਕੂਲੋ ਭੱਜਣ ਦੀ ਕੋਸਿਸ ਕੀਤੀ ਪਰ ਗੱੱਲ ਨਾ ਬਣੀ । ਕਿੁਉਕਿ ਭੈਣ ਜੀ ਦੀ ਟੇਡੀ ਅੱਖ ਮੇੇਰੇ ਤੇ ਹੀ ਸੀ।ਮੇਰੀ ਹਾਲਤ ਪਿੰਜਰੇ ਚ ਫਸੇ ਪੰਛੀ ਵਰਗੀ ਸੀ। ਮੈ ਆਜਾਦ ਉਡਣਾ ਚਾਹੂੰਦਾ ਸੀ ਪਰ ਉੱਡ ਨਹੀ ਸੀ ਸਕਦਾ।
ਖੈਰ ਭੈਣ ਜੀ ਨੂੰ ਮੇਰੀ ਹਾਲਤ ਤੇ ਤਰਸ ਆ ਗਿਆ । ਲੱਗਦਾ ਉਹ ਵੀ ਹੰਭ ਹਾਰ ਗਈ ਸੀ ਇਸ ਲਈ ਉਸ ਨੇ ਮੈਨੂੰ ਅੱਧੀ ਛੁੱਟੀ ਵੇਲੇ ਜਾਣ ਦਾ ਇਸ਼ਾਰਾ ਕਰ ਦਿੱਤਾ। ਤੇ ਉਸ ਦੀ ਇੱਕ ਸੈਨਤ ਤੇ ਹੀ ਮੈ ਘਰ ਨੂੰ ਸਂੂਟ ਵੱਟ ਲਈ। ਵੱਡੇ ਛੱਪੜ ਆਲੇ ਰਸਤੇ ਤੋ ਹੁੰਦਾ ਹੋਇਆ ਮੈ ਗੋਲੀ ਤਰਾਂ ਮੇਰੇ ਦਾਦਾ ਜੀ ਦੀ ਹੱਟੀ ਤੇ ਜਾ ਵੜਿਆ। ਕਿਉਕਿ ਘਰੇ ਜਾਣਾ ਖਤਰੇ ਤੋ ਖਾਲੀ ਨਹੀ ਸੀ। ਤੇ ਫਿਰ ਦਾਦਾ ਜੀ ਨੇ ਹੋਸਲਾ ਜਿਹਾ ਦੇ ਕੇ ਮੈਨੂੰ ਮੇਰੇ ਘਰੇ ਭੇਜ ਦਿੱਤਾ। ਅਗਲੇ ਦਿਨ ਵੀ ਫਿਰ ਓਹੀ ਮਸੀਬਤ ਮੂਹਰੇ ਤਿਆਰ ਖੜੀ ਸੀ ਪਰ ਪਤਾ ਨਹੀ ਕਿਵੇ ਮੇਰੀ ਮਾਂ ਨੇ ਮੈਨੂੰ ਵਲਚਾ ਕੇ ਸਕੂਲ ਤੋਰ ਦਿੱਤਾ । ਪਤਾ ਨਹੀ ਕੀ ਲਾਲਚ ਦਿੱਤਾ ਮੈ ਆਪੇ ਹੀ ਸਕੂਲ ਚਲਾ ਗਿਆ।ਮੇਰੇ ਦਾਦਾ ਜੀ ਦੀਆਂ ਸਮਝੋਤੀਆਂ ਦਾ ਵੀ ਅਸਰ ਸੀ ਮੇਰੇ ਤੇ । ਫਿਰ ਸਕੂਲ ਵਿੱਚ ਜੀਤ ਭੈਣ ਜੀ ਵੀ ਮੇਰੇ ਵੱਲ ਖਾਸ਼ ਧਿਆਨ ਦਿੰਦੀ ਸੀ ਤੇ ਬੜੇ ਪਿਆਰ ਨਾਲ ਪੇਸ਼ ਆਉਂਦੀ ਸੀ। ਉਸ ਸਮੇ ਸਕੂਲਾਂ ਵਿੱਚ ਕੁੱਟ ਆਮ ਪੈਂਦੀ ਸੀ ਪਰ ਮੈਨੂੰ ਕੋਈ ਕੁਝ ਨਹੀ ਸੀ ਕਹਿੰਦਾ। ਉਸ ਸਮੇ ਦੇ ਹੈਡ ਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫਿਰ ਨਾਲ ਵੀ ਮੇਰੇ ਪਾਪਾ ਜੀ ਦੇ ਚੰਗੇ ਤੱਲੋਕਾਤ ਸਨ।ਫਿਰ ਹੋਲੀ ਹੋਲੀ ਮੈ ਸਭ ਦਾ ਚਹੇਤਾ ਬਣ ਗਿਆ। ਮੌਕੇ ਦੀ ਟੀਚਰ ਜੀਤ ਕੋਰ ਦੀ ਬਦੋਲਤ ਮੈ ਰਿੜਦਾ ਰਿੜਦਾ ਦਸਵੀ ਤੇ ਫਿਰ ਬੀ ਕਾਮ ਕਰ ਗਿਆ। ਮੈ ਮੇਰੇ ਦਾਦਕਾ ਪਰਿਵਾਰ ਦਾ ਪਹਿਲਾ ਗਰੇਜੂਏਟ ਬਣਿਆ।ਉਹ ਵੀ ਕਾਮਰਸ ਵਿਸੇ਼ ਵਿੱਚ।
ਵੈਸੇ ਤਾਂ ਬੱਚੇ ਦੀ ਪਹਿਲੀ ਟੀਚਰ ਉਸ ਦੀ ਮਾਂ ਹੀ ਹੁੰਦੀ ਹੈ। ਪਰ ਉਸ ਦੀ ਸਖਸ਼ੀਅਤ ਦੇ ਨਿਖਾਰ ਵਿੱਚ ਉਸਦੀ ਸਕੂਲ ਵਾਲੀ ਮੁਡਲੀ ਟੀਚਰ ਦਾ ਵੀ ਮੁੱਖ ਰੋਲ ਹੁੰਦਾ ਹੈ । ਅੱਜ ਕੱਲ ਮਾਂ ਪਿਉ ਬੱਚੇ ਦੀ ਪੜ੍ਹਾਈ ਵੱਲ ਜਿੰਨਾ ਧਿਆਨ ਦਿੰਦੇ ਹਨ ਪੁਰਾਣੇ ਵੇਲਿਆ ਵਿੱਚ ਇਹ ਗੱਲ ਨਹੀ ਸੀ। ਬੱਚੇ ਨੂੰ ਕੁੱਟਣ ਤੇ ਚੰਡਣ ਦਾ ਪੂਰਾ ਅਧਿਕਾਰ ਹੁੰਦਾ ਸੀ ਉਸ ਦੇ ਅਧਿਆਪਕ ਕੋਲ। ਪਰ ਨਹੀ ਕਿਉ ਜਮਾਨੇ ਦੇ ਬਦਲਾਅ ਅਨੁਸਾਰ ਬੱਚਿਆਂ ਦੇ ਦਿਲ ਵਿੱਚ ਆਪਣੇ ਅਧਿਆਪਕਾਂ ਦਾ ਉਹ ਸਤਿਕਾਰ ਨਹੀ ਰਿਹਾ ਜੋ ਪਹਿਲਾਂ ਹੁੰਦਾ ਸੀ। ਸਾਇਦ ਆਧਿਆਪਕ ਵਰਗ ਵੀ ਆਪਣੇ ਇਸ ਕਿੱਤੇ ਨੂੰ ਸੇਵਾ ਨਹੀ ਸਿਰਫ ਰੋਜਗਾਰ ਦਾ ਜਰੀਆ ਸਮਝਣ ਲੱਗ ਪਿਆ ਹੈ। ਤੇ ਬੱਚੇ ਵੀ ਉਹਨਾ ਨੂੰ ਆਪਣਾ ਗੁਰੂ ਉਸਤਾਦ ਨਹੀ ਸਮਝਦੇ। ਇਹੀ ਕਾਰਣ ਹੈ ਅਧਿਆਪਕ ਦੇ ਰੁਤਬੇ ਦਾ ਉਹ ਸਨਮਾਣ ਨਹੀ ਹੈ।ਜੋ ਪਹਿਲਾ ਹੁੰਦਾ ਸੀ ਜਾ ਜੋ ਹੋਣਾ ਚਾਹੀਦਾ ਹੈ।ਮੇਰੀ ਪਹਿਲੀ ਸਕੂਲ ਯਾਤਰਾ ਮੇਰੀ ਜਿੰਦਗੀ ਦੀ ਅਭੁੱਲ ਯਾਦ ਬਣ ਗਈ।

Leave a Reply

Your email address will not be published. Required fields are marked *