ਵਾਹਵਾ ਸਾਲ ਪੁਰਾਣੀ ਗੱਲ ਹੈ। ਸਕੂਲ ਵਿੱਚ ਨਵਾਂ ਬਾਸਕਟ ਬਾਲ ਗਰਾਉਂਡ ਬਣਾਇਆ ਗਿਆ। ਉਸ ਲਈ ਲੋਹੇ ਦੇ ਪੋਲ ਮਲੋਟ ਦੀ ਇੱਕ ਫ਼ਰਮ ਨੇ ਸਪਲਾਈ ਕੀਤੇ। ਸੁਪਲਾਇਰ ਬੰਦਾ ਤੇਜ਼ ਸੀ ਤੇ ਪੁਰਾਣਾ ਪਾਪੀ ਸੀ।
“ਇਹ ਪੋਲ ਵਾਈਬਰੇਸ਼ਨ ਬਹੁਤ ਕਰਦੇ ਹਨ।” ਬਾਸਕਟ ਬਾਲ ਕੋਚ ਨੇ ਪਹਿਲੀ ਬਾਲ ਬਾਸਕਟ ਬਾਲ ਬਾਸਕਟ ਵਿੱਚ ਪਾਉਂਦੇ ਨੇ ਕਿਹਾ। ਤੇ ਨਾਲ ਹੀ ਆਪਣਾ ਸਿਰ ਸੱਜੇ ਖੱਬੇ ਨੂੰ ਹਿਲਾ ਦਿੱਤਾ।
“ਕੋਈਂ ਨਾ ਕੋਚ ਸਾਹਿਬ ਸ਼ਾਮ ਨੂੰ ਵਾਈਬਰੇਸ਼ਨ ਖਤਮ ਹੋ ਜਾਵੇਗੀ। ਤੁਸੀਂ ਫਿਕਰ ਨਾ ਕਰੋ।” ਕੋਲ ਖੜੇ ਸਪਲਾਇਰ ਨੇ ਕੋਚ ਸਾਹਿਬ ਦਾ ਹੱਥ ਘੁੱਟ ਕੇ ਕਿਹਾ।
ਅਗਲੇ ਦਿਨ ਕੋਚ ਬਾਸਕਟ ਬਾਲ ਪੋਲ ਦੀਆਂ ਸ਼ਿਫ਼ਤਾਂ ਕਰ ਰਿਹਾ ਸੀ।
“ਕੱਲ੍ਹ ਫਿਰ ਮਿਸਤਰੀ ਬੁਲਾਕੇ ਪੋਲਜ ਦੀ ਵਾਈਬਰੇਸ਼ਨ ਠੀਕ ਕੀਤੀ?” ਅਗਲੇ ਦਿਨ ਪੇਮੈਂਟ ਲੈਣ ਆਏ ਸਪਲਾਇਰ ਨੂੰ ਪੁੱਛਿਆ।
“ਸੇਠੀ ਸਾਹਿਬ ਵਈਬਰੇਸ਼ਨ ਪੋਲਾਂ ਵਿੱਚ ਨਹੀਂ ਕੋਚ ਸਾਹਿਬ ਵਿੱਚ ਸੀ। ਉਹ ਮੈਂ ਰਾਤੀ ਠੀਕ ਕਰ ਦਿੱਤੀ।” ਸਪਲਾਇਰ ਨੇ ਹੱਸਦੇ ਹੋਏ ਨੇ ਮੈਨੂੰ ਕਿਹਾ।
“ਮੈਂ ਸਮਝਿਆ ਨਹੀਂ।” ਮੈਂ ਹੈਰਾਨੀ ਨਾਲ ਪੁੱਛਿਆ।
ਯਾਰ ਨਾ ਸਮਝਣ ਵਾਲੀ ਕੀ ਗੱਲ ਹੈ। ਇਹ ਦੋ ਹਰੇ ਨੋਟਾਂ ਦੀ ਮਾਰ ਸੀ।
ਹੁਣ ਗੱਲ ਮੇਰੇ ਮੋਟੇ ਦਿਮਾਗ ਦੇ ਪੱਲੇ ਪਈ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ