ਅੱਜ ਬਚਪਨ ਯਾਦ ਆ ਗਿਆ। ਕਿਸੇ ਦੋਸਤ ਦੇ ਘਰੋਂ ਸਰੋਂ ਦਾ ਸਾਗ ਆਇਆ ਟਿਫਨ ਭਰ ਕੇ। ਸੱਚੀ ਮੱਠੀ ਮੱਠੀ ਅੱਗ ਤੇ ਬਣਿਆ ਸਾਗ ਬਹੁਤ ਹੀ ਸਵਾਦ ਲਗਿਆ । ਖੈਰ ਹੈ ਵੀ ਨਿਆਮਤ। ਮੇਰੀ ਮਾਂ ਨੇ ਪਿੰਡ ਘਰੇ ਹਾਰੇ ਬਨਾਏ ਹੋਏ ਸਨ। ਓਹਨਾ ਚ ਓਹ ਮੱਝ ਦਾ ਦੁੱਧ ਕਾੜ੍ਹਦੀ। ਦੁੱਧ ਕੜ੍ਹਕੇ ਸੂਹਾ ਸੁਰਖ ਹੋ ਜਾਂਦਾ। ਲਿਉੜ ਵਰਗੀ ਮਲਾਈ ਹੁੰਦੀ ਉੱਤੇ ਤੇ ਅਸੀਂ ਦੁੱਧ ਪੁਣਕੇ ਪੀਂਦੇ। ਮਲਾਈ ਨੂੰ ਵੇਖ ਕੇ ਨੱਕ ਬੁੱਲ ਚਿੜਾਉਂਦੇ। ਮੇਰੀ ਮਾਂ ਛੋਟੀ ਹਾਰੀ ਚ ਮੂੰਗੀ ਦਾ ਦਾਲ ਬਣਾਉਂਦੀ। ਅਸੀਂ ਹਾਏ ਧੂੰਆਂ ਹਾਏ ਧੂੰਆਂ ਦੀ ਦੁਹਾਈ ਪਾਉਂਦੇ। ਓਹ ਰੀਝਾ ਲਾਕੇ ਪਾਲਕ ਬਾਥੂ ਲਸਣ ਅਦਰਕ ਪਾ ਕੇ ਸਾਗ ਬਨਵਉਂਦੀ ਅਸੀਂ ਕਿੜ ਕਿੜ ਕਰਦੇ। ਮਾਂ ਕੋਈ ਚੱਜ ਦੀ ਸਬਜੀ ਬਣਾਇਆ ਕਰ। ਰੁੱਸ ਜਾਂਦੇ। ਓਹ ਵਲਚਾ ਕੇ ਘਿਓ ਪਾਕੇ ਸਾਗ ਦਿੰਦੀ ਯਾ ਕਦੇ ਕਦੇ ਨਾਲ ਕੋਈ ਹੋਏ ਸਬਜੀ ਬਣਾ ਦਿੰਦੀ। ਪਰ ਸਾਨੂੰ ਅਕਲ ਨਹੀ ਸੀ। ਮੰਡੀ ਆਕੇ ਵੀ ਮਾਤਾ ਨੇ ਘਰੇ ਹਾਰੇ ਬਣਾਏ। ਟੁੱਟੇ ਘੜੇ ਤੇ ਚਕਵੀ ਹਾਰੀ ਬਣਾਈ। ਪੱਕੇ ਫਰਸ਼ ਤੇ ਉਖਲੀ ਬਣਾਈ। ਆਪ ਬਜਰੀ ਕੁੱਟ ਕੇ ਬਾਜਰੀ ਮੋਠਾਂ ਦੀ ਖਿਚੜੀ ਰਿੰਨਦੀ ਪਰ ਅਸੀਂ ਨਮਕੀਨ ਚਾਵਲ ਖਾ ਕੇ ਫੁੱਲੇ ਨਾ ਸਮਾਉਂਦੇ। ਮਾਂ ਤੁਰ ਗਈ। ਹਾਰੇ ਭੰਨ ਦਿੱਤੇ। ਚਕਵੀ ਹਾਰੀ ਦੀ ਕਿਸੇ ਨੇ ਮੁਰੰਮਤ ਨਾ ਕੀਤੀ। ਘੋਟਾ ਕੂੰਡਾ ਖੂੰਜੇ ਲਾ ਦਿੱਤਾ। ਆਖੇ ਹੁਣ ਮਿਕਸੀ ਆ ਗਈ। ਦਾਲ ਕੂਕਰ ਚ ਬਣਨ ਲੱਗ ਪਈ ਓਹ ਵੀ ਗੈਸ ਤੇ। ਚੁੱਲੇ ਦੀਆਂ ਰੋਟੀਆਂ ਭੁਲ ਗਏ ਜੋ ਮਾਂ ਕੋਲਿਆਂ ਦੇ ਅੰਗਾਰਿਆਂ ਤੇ ਸੇਕਕੇ ਖਵਾਉਂਦੀ ਸੀ। ਮਾਂ ਬਾਜਰੇ ਦੀ ਅਧਾ ਇਂਚ ਮੋਟੀ ਰੋਟੀ ਤਵੇ ਤੇ ਪਕਾਉਂਦੀ ਜਿਸ ਨੂੰ ਮੇਰੇ ਵਰਗੇ ਮਸਤੇ ਸੀਮੇਂਟ ਦੀ ਰੋਟੀ ਆਖਦੇ ਸੀ। ਪਰ ਹੁਣ ਅਕਲ ਆਈ ਹੈ ਮਾਂ ਕਿੰਨਾ ਠੀਕ ਸੀ। ਹਾਰੇ ਤੇ ਹਾਰੀ ਕਿੰਨੇ ਜਰੂਰੀ ਹਨ ਚੰਗੇ ਖਾਣ ਪੀਣ ਲਈ। ਕੂੰਡੇ ਘੋਟੇ ਦੀ ਚਟਨੀ ਦੀ ਰੀਸ ਮਿਕਸੀ ਦੀ ਬਣਾਈ ਚਟਨੀ ਨਹੀ ਕਰਦੀ। ਹੁਣ ਬਾਜਰੇ ਦੀ ਰੋਟੀ ਕੋਣ ਪਕਾਵੇ। ਸਾਗ ਕੋਣ ਬਣਾਵੇ ਦਾਤ ਨਾਲ ਚੀਰਕੇ। ਹਾਰੀ ਦੀ ਦਾਲ ਕਿਥੋਂ ਲਿਆਈਏ ਮਾਂ। ਤੂੰ ਕਿੰਨੀ ਠੀਕ ਸੀ ਤੇ ਅਸੀਂ ਕਿੰਨੇ ਗਲਤ। ਹੁਣ ਅਕਲ ਆਈ ਹੈ।
ਬਹੁਤ ਜੀ ਕਰਦਾ ਹੈ ਮਾਂ ਤੇਰੇ ਹਥਾਂ ਦੀਆਂ ਓਹ ਨਿਆਮਤਾਂ ਖਾਣ ਨੂੰ।
ਜਦੋਂ ਤੂੰ ਸਾਰਾ ਸਾਰਾ ਦਿਨ ਸਾਗ ਬਣਾਉਣ ਦੇ ਆਹਰ ਲੱਗੀ ਰਹਿੰਦੀ ਸੀ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ