ਅੱਜ ਇੱਕ ਡੀਸੀ ਵਾਲ਼ੇ ਬੰਦੇ ਬਾਰੇ Ashok Soni ਦੀ ਪੋਸਟ ਪੜ੍ਹੀ। ਸੋਚਿਆ ਮੈਂ ਵੀ ਵਿੱਚਦੀ ਆਪਣਾ ਘੋੜਾ ਭਜਾ ਲਵਾਂ। ਮੇਰੇ ਮਾਮਾ ਜੀ ਨੇ ਮੇਰਾ ਨਾਮ ਡੀ ਸੀ ਰੱਖਿਆ। ਮੈਨੂੰ ਰਿਸ਼ਤੇਦਾਰਾਂ ਤੋਂ ਇਲਾਵਾਂ ਸਕੂਲ ਵਿੱਚ ਵੀ ਡੀਸੀ ਕਹਿੰਦੇ ਸਨ। 1971 ਦੇ ਨੇੜੇ ਹੀ ਬਾਦਲ ਸਾਹਿਬ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਉਹ ਸਾਡੇ ਪਿੰਡ ਦੌਰੇ ਤੇ ਆਏ। ਉਸਦਿਨ ਓਹਨਾ ਨੇ ਪਿੰਡ ਵਿੱਚ ਵਾਟਰ ਵਰਕਸ ਦਾ ਨੀਂਹ ਪੱਥਰ ਰੱਖਿਆ ਤੇ ਸਕੂਲ ਵਿੱਚ ਹੀ ਛੋਟੀ ਜਿਹੀ ਸਭਾ ਨੂੰ ਸੰਬੋਧਿਤ ਕੀਤਾ। ਸਕੂਲ ਦੇ ਵਿਦਿਆਰਥੀਆਂ ਨੂੰ ਵੀ ਲਾਈਨਾਂ ਵਿੱਚ ਬਿਠਾਇਆ ਗਿਆ। ਗੇਟ ਤੇ ਪਿੰਡ ਦੇ ਮੋਹਰੀ ਬੰਦਿਆਂ ਨੇ ਬਾਦਲ ਸਾਹਿਬ ਦਾ ਸਵਾਗਤ ਕਰਨਾ ਸੀ। ਫੈਸਲੇ ਅਨੁਸਾਰ ਸਭ ਨੇ ਬਾਦਲ ਸਾਹਿਬ ਗਿਆਰਾਂ ਗਿਆਰਾਂ ਰੁਪਏ ਦੇ ਹਾਰ ਪਾਉਣੇ ਸਨ। ਉਹਨਾਂ ਮੋਹਤਵਰ ਬੰਦਿਆਂ ਵਿੱਚ ਮੇਰੇ ਦਾਦਾ ਜੀ ਵੀ ਸ਼ਾਮਿਲ ਸਨ। ਹਾਰ ਪਾਉਣ ਵੇਲੇ ਮੈਂ ਵੀ ਮੇਰੇ ਦਾਦਾ ਜੀ ਕੋਲ ਖੜ੍ਹਾ ਸੀ। ਜੋ ਵੀ ਆਦਮੀ ਬਾਦਲ ਸਾਹਿਬ ਦੇ ਹਾਰ ਪਾਉਂਦਾ ਬਾਦਲ ਸਾਹਿਬ ਆਪਣਾ ਓਹੀ ਹਾਰ ਉਤਾਰਕੇ ਹਾਰ ਪਾਉਣ ਵਾਲੇ ਦੇ ਗਲ ਵਿੱਚ ਪਾ ਦਿੰਦੇ। ਮੇਰੇ ਦਾਦਾ ਜੀ ਵਾਲਾ ਹਾਰ ਉਹਨਾਂ ਨੇ ਮੇਰੇ ਗਲ ਵਿੱਚ ਪਾ ਦਿੱਤਾ। ਫਿਰ ਸਾਰੇ ਪੰਡਾਲ ਵਿੱਚ ਆ ਗਏ। ਮੈਂ ਵੀ ਮੇਰੇ ਗਲ ਵਾਲਾ ਹਾਰ ਮੇਰੇ ਦਾਦਾ ਜੀ ਨੂੰ ਪਕੜਾਕੇ ਸਕੂਲ ਦੇ ਬੱਚਿਆਂ ਵਿੱਚ ਬੈਠ ਗਿਆ।
“ਓ ਡੀਸੀ ਸਿੱਧਾ ਹੋਕੇ ਲਾਈਨ ਵਿੱਚ ਬੈਠ।” ਸਟੇਜ ਸਕੱਤਰ ਦੀ ਭੂਮਿਕਾ ਨਿਭਾ ਰਹੇ ਸਾਡੇ ਸਕੂਲ ਦੇ ਹੈਡਮਾਸਟਰ ਸ੍ਰੀ ਗੁਰਚਰਨ ਸਿੰਘ ਮੁਸਾਫ਼ਿਰ ਨੇ ਮੈਨੂੰ ਮਾਇਕ ਤੋਂ ਹੀ ਕਿਹਾ।
ਕਹਿੰਦੇ ਉਸ ਸਮੇਂ ਫਿਰੋਜ਼ਪੁਰ ਦੇ ਡੀਸੀ ਇੱਕ ਦਮ ਸਟੇਜ ਵੱਲ ਝਾਕੇ। ਇਹ ਗੱਲ ਮੈਨੂੰ ਮੇਰੇ ਚਾਚਾ ਜੀ ਅਤੇ ਹੋਰ ਅਧਿਆਪਕਾਂ ਨੇ ਬਾਅਦ ਵਿੱਚ ਦੱਸੀ। ਮੁਸਾਫ਼ਿਰ ਸਾਹਿਬ ਨਾਲ ਮੇਰੇ ਪਾਪਾ ਜੀ ਦੇ ਦੋਸਤਾਨਾਂ ਸਬੰਧ ਸਨ। ਇਸ ਲਈ ਮੇਰੀ ਸਕੂਲ ਵਿੱਚ ਡੀਸੀ ਜਿੰਨੀ ਟੋਹਰ ਹੁੰਦੀ ਸੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ