ਘਰਵਾਲੀ | gharwali

ਸ਼ਾਮੀ ਮੈ ਬਾਈਕ ਲੈ ਕੇ ਹੁਣੇ ਆਇਆ ਕਹਿਕੇ ਬਜਾਰ ਨੁੰ ਨਿਕਲ ਗਿਆ।ਬਜਾਰ ਕਈ ਦੋਸਤ ਮਿਲ ਗਏ ਤੇ ਪੁਰਾਣੀਆ ਗੱਲਾਂ ਕਰਦੇ ਟਾਇਮ ਦਾ ਪਤਾ ਹੀ ਨਾ ਚੱਲਿਆ। ਵੈਸੇ ਮੈ ਇੱਕਲਾ ਬਜਾਰ ਬਹੁਤ ਹੀ ਘੱਟ ਜਾਂਦਾ ਹਾਂ ਜੇ ਜਾਵਾਂ ਵੀ ਤਾਂ ਉਸਨੂੰ ਨਾਲ ਹੀ ਲੈ ਜਾਂਦਾ ਹਾਂ । ਕਦੇ ਘਰ ਦਾ ਨਿੱਕਸੁੱਕ ਲਿਆਉਣਾ ਹੰਦਾ ਹੈ ਜਾ ਕੋਈ ਫਲ ਫਰੂਟ ਵਗੈਰਾ। ਸੱਚੀ ਮੈ ਤਾਂ ਕਦੇ ਇਕੱਲਾ ਕਟਿੰਗ ਕਰਵਾਉਣ ਵੀ ਨਹੀ ਗਿਆ ਬਜਾਰ। ਜਦੋ ਦੇ ਦੋਨੇ ਬੱਚੇ ਬਾਹਰ ਨੋਕਰੀ ਤੇ ਗਏ ਹਨ ਤਾਂ ਅਕਸਰ ਬਜਾਰ ਇਕੱਠੇ ਹੀ ਜਾਈਦਾ ਹੈ। ਅਸੀ ਤੇ ਹੁਣ ਦੋ ਟੋਟੜੂ ਹਾਂ ਝੁਗੇ ਚ ਤੇ ਸਾਨੂੰ ਬਜਾਰ ਵੀ ਗੇਟ ਨੁੰ ਤਾਲਾ ਲਾ ਕੇ ਹੀ ਜਾਣਾ ਪੈਦਾ ਹੈ।
ਸਾਂਝੇ ਪਰਿਵਾਰਾਂ ਚ ਇਹ ਦਿੱਕਤ ਨਹੀ ਆਉਦੀ ਮਾਂ ਪਿਓ ਭਰਾ ਭਰਜਾਈ ਭਤੀਜੇ ਹਮੇਸ਼ਾ ਘਰ ਭਰਿਆ ਭਰਿਆ ਜਿਹੀ ਲੱਗਦਾ ਹੈ।ਹੋਰ ਤਾਂ ਹੋਰ ਕੋਈ ਨਾ ਕੋਈ ਇੱਕ ਦੋ ਰਿਸਤੇਦਾਰ ਹੀ ਆਏ ਰਹਿੰਦੇ ਹਨ। ਪਹਿਲੋ ਪਹਿਲ ਤਾਂ ਮੇਰੀ ਮਾਂ ਦੀਆਂ ਭਤੀਜੀਆਂ ਭਾਣਜੀਆਂ ਜਾਂ ਮੇਰੀ ਭੂਆ ਦੀਆ ਕੁੜੀਆਂ ਹੀ ਮਹੀਨਾ ਮਹੀਨਾ ਲਾ ਜਾਂਦੀਆਂ ਸਨ। ਹੁਣ ਤਾਂ ਕੋਈ ਰਿਸਤੇਦਾਰ ਵੀ ਜੇ ਆਉਂਦਾ ਹੈ ਤਾਂ ਘੜੀ ਪਲ ਲਈ ਹੀ।ਜਿਵੇ ਬਸ ਚਾਹ ਪੀਣ ਹੀ ਆਇਆ ਹੋਵੇ ।ਚਾਹ ਪੀਤੀ ਤੇ ਚੰਗਾ ਜੀ ਚੰਗਾ ਜੀ। ਮੈ ਵਾਪਿਸੀ ਤੇ ਮੇਰੇ ਦੋਸਤ ਡਾਕਟਰ ਦੇ ਕਲੀਨਿਕ ਤੇ ਬੈਠ ਗਿਆ ਤੇ ਫਿਰ ਗੱਲੀ ਪੈ ਗਏ। ਉਥੇ ਹੀ ਇੱਕ ਹੋਰ ਦੋਸਤ ਆ ਗਿਆ ਤੇ ਫਿਰ ਚਟਪਟਾ ਖਾਣ ਲਈ ਬਜਾਰ ਚਲੇ ਗਏ। ਓਦੋ ਪਤਾ ਲੱਗਿਆ ਜਦੋਂ ਨੋ ਵੱਜ ਗਏ।ਮੇਰਾ ਤਾਂ ਆਨੰਦੀ (ਬਾਲਿਕਾ ਵਧੂ ਸੀਰੀਅਲ) ਵੀ ਟੱਪ ਗਿਆ। ਜੋ ਮੈ ਕਦੇ ਨਹੀ ਛੱਡਦਾ।
ਘਰੇ ਆਇਆ ਤਾਂ ਕਹਿੰਦੀ ਕੀ ਬਣਾਈਏ ਦੱਸੋ ? ਮੈ ਕਿਵੇ ਦੱਸਾਂ ਕਿ ਮੇਰਾ ਪੇਟ ਤਾਂ ਭਰਿਆ ਹੈ। ਖੈਰ ਦਾਲ ਰੋਟੀ ਬਣਾ ਲਈ। ਤੇ ਅੋਖਾਂ ਸੋਖਾ ਉਸ ਨਾਲ ਖਾਣ ਬੈਠ ਗਿਆ। ਚਲ ਖਾ ਲੈ ਮਨਾਂ ਜੇ ਨਾ ਖਾਧੀ ਤਾਂ ਇਸ ਨੇ ਵੀ ਨਹੀ ਖਾਣੀ। ਪਰ ਉਹ ਵੀ ਮਸਾ ਹੀ ਖਾ ਰਹੀ ਸੀ। ਪੁੱਛਣ ਤੇ ਉਸਨੇ ਦੱਸਿਆ ਕਿ ਉਸਨੂੰ ਤੇ ਅੱਜ ਭੁੱਖ ਨਹੀ ਸੀ ਤਬੀਅਤ ਠੀਕ ਨਹੀ ਹੈ।ਮੈਨੂੰ ਲੱਗਿਆ ਇਹ ਰੋਟੀ ਉਸਨੇ ਸਿਰਫ ਮੇਰੇ ਕਰਕੇ ਹੀ ਬਣਾਈ ਸੀ। ਮੈਨੁੰ ਲੱਗਿਆ ਕਿ ਪੰਜਾਹ ਦੀ ਉਮਰ ਟੱਪਣ ਤੋ ਬਾਅਦ ਪਤਨੀ ਵੀ ਇੱਕ ਮਾਂ ਦੀ ਤਰਾਂ ਖਿਆਲ ਰਖਣ ਲੱਗ ਜਾਂਦੀ ਹੈ । ਇਸ ਉਮਰੇ ਪਤੀ ਪਤਨੀ ਨੂੰ ਇੱਕ ਦੂਜੇ ਦੀ ਕਿੰਨੀ ਲੋੜ ਹੁੰਦੀ ਹੈ।ਜਦੋ ਇਸ ਉਮਰੇ ਤੇ ਅੋਲਾਦ ਵੀ ਆਪਣੇ ਆਪ ਚ ਮਸਤ ਹੋ ਜਾਂਦੀ ਹੈ। ਇਸੇ ਲਈ ਤਾਂ ਔਰਤ ਦੇ ਇਸ ਰਿਸਤੇ ਨੂੰ ਘਰਵਾਲੀ ਆਖਦੇ ਹਨ।
ਰਮੇਸ ਸੇਠੀ ਬਾਦਲ
9876627233

Leave a Reply

Your email address will not be published. Required fields are marked *