ਗਰਮੀਆਂ ਦੀਆਂ ਛੁੱਟੀਆਂ – ਭਾਗ ਪੰਜਵਾਂ | garmiya diya chuttiya – part 5

ਛਿੰਦਾ ਚਾਚਾ….ਭਾਗ ਪੰਜਵਾਂ
ਇੱਧਰ ਨੌਜਵਾਨ ਸਭਾ ਦੇ ਸੇਵਾਦਾਰ ਬੜੇ ਉਤਸ਼ਾਹ ਅਤੇ ਸਰਧਾ ਨਾਲ ਮੇਲੇ ਦੀਆਂ ਤਿਆਰੀਆਂ ਕਰ ਰਹੇ ਸਨ ਤਾਂ ਉਧਰ ਕੇ.ਪੀ.ਅਤੇ ਉਸ ਦੇ ਸਾਥੀ ਛਿੰਦੇ ਹੁਣਾਂ ਨੂੰ ਪਿੰਡ ਵਿੱਚੋਂ ਮਿਲਦੇ ਮਾਣ ਸਤਿਕਾਰ ਤੋਂ ਬਹੁਤ ਦੁੱਖੀ ਸਨ।ਉਹ ਇਕੱਠੇ ਹੋ ਕੇ ਆਪਣੇ ਲੀਡਰ ਬਲਜੀਤ ਸਿੰਘ ਕੋਲ ਗਏ,
“ਭਾਜੀ,ਇਸ ਵਾਰ ਬਾਬੇ ਬੁੱਢੇ ਦੇ ਮੇਲੇ ਉੱਤੇ ਆਪਾਂ ਲੰਗਰ ਲਾਈਏ,ਆ ਛਿੰਦਾ ਜਿਆਦਾ ਹੀ ਚਾਂਭਲਿਆ ਫਿਰਦਾ….।”ਕੇ.ਪੀ.ਨੇ ਆਪਣੇ ਦਿਲ ਦੀ ਗੱਲ ਦੱਸੀ।
“ਠੀਕ ਆ,ਆਪਾਂ ਅੱਜ ਹੀ ਸਰਪੰਚ ਨੂੰ ਕਹਿ ਦਿੰਦੇ ਹਾਂ ਕਿ ਇਸ ਵਾਰ ਲੰਗਰ ਦਾ ਸਾਰਾ ਪ੍ਰਬੰਧ ਕੇ.ਪੀ.ਅਤੇ ਉਸ ਦੇ ਸਾਥੀ ਕਰਨਗੇ,ਹੁਣ ਖੁਸ਼ ਜੇ…..।” ਹਰਜੀਤ ਸਿੰਘ ਨੇ ਹੁੰਗਾਰਾ ਭਰਦਿਆਂ ਕਿਹਾ।
“ਹਾਂ ਜੀ ਹਾਂ ਜੀ……।”ਸਾਰੇ ਇੱਕੋ ਆਵਾਜ਼ ਵਿੱਚ ਬੋਲੇ।
“ਪਰ ਮੇਰੀ ਗੱਲ ਧਿਆਨ ਨਾਲ ਸੁਣੋ,ਸਰਪੰਚ ਨਾਲ ਗੱਲ ਮੈਂ ਤੱਦ ਹੀ ਕਰਾਂਗਾ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਕਿ ਮੇਲੇ ਵਿੱਚ ਵੀਹ ਦਿਨ ਰਹਿ ਗਏ ਆ,ਪਿੰਡ ਵਿੱਚੋਂ ਉਗਰਾਹੀ ਵੀ ਕਰਨੀ ਆ,ਲੰਗਰ ਹਾਲ ਦੀ ਸਫਾਈ ਵਗੈਰਾ ਲਈ ਲਗਾਤਾਰ ਉੱਥੇ ਰਹਿਣਾ ਪੈਣਾ ਅਤੇ ਸਭ ਤੋਂ ਪਹਿਲਾਂ ਦੋ ਦੋ ਹਜ਼ਾਰ ਰੁਪਈਆ ਕੋਲੋਂ ਪਾ ਕੇ ਤੁਰਨਾ ਪੈਣਾ।ਜੇ ਮਨਜ਼ੂਰ ਆ ਤਾਂ ਚੱਲੋ ਸਰਪੰਚ ਵੱਲ ਚੱਲੀਏ….।”ਬਲਜੀਤ ਸਿੰਘ ਨੇ ਦੋ ਟੁੱਕ ਵਿੱਚ ਗੱਲ ਨਿਬੇੜ ਦਿੱਤੀ।
ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗੇ ਪਰ ਮੂੰਹੋਂ ਕੋਈ ਕੁਝ ਨਾ ਬੋਲਿਆ।
“ਵੇਖੋ ਭਰਾਵੋ,ਨਾ ਆਪਣੇ ਕੋਲੋਂ ਇਹ ਕੰਮ ਹੋਣਾ ਅਤੇ ਨਾ ਹੀ ਆਪਣੇ ਕੋਲ ਇੰਨਾ ਵਕਤ ਆ ਕਿ ਪੰਦਰਾਂ ਵੀਹ ਦਿਨ ਸਾਰੇ ਕੰਮ ਛੱਡ ਕੇ ਉਗਰਾਹੀ ਕਰੀਏ,ਨਾਲੇ ਇੱਕ ਗੱਲ ਦੱਸੋ ਕਿ ਤੁਸੀਂ ਹਰ ਸਾਲ ਕ੍ਰਿਕਟ ਦਾ ਟੂਰਨਾਮੈਂਟ ਕਰਵਾਉਂਦੇ ਜੇ, ਕਦੇ ਛਿੰਦੇ ਜਾਂ ਉਸ ਦੇ ਕਿਸੇ ਸਾਥੀ ਨੇ ਉਸ ਵਿੱਚ ਕੋਈ ਦਖਲ ਦਿੱਤਾ।ਉਹ ਤੇ ਸਗੋਂ ਖਿਡਾਰੀਆਂ ਲਈ ਲੰਗਰ ਪਾਣੀ ਦਾ ਇੰਤਜ਼ਾਮ ਕਰਨ ਨੂੰ ਵੀ ਤਿਆਰ ਸਨ ਪਰ ਮੈਂ ਹੀ ਮਨਾਂ ਕਰ ਦਿੱਤਾ ਕਿ ਸਾਡੇ ਕੋਲ ਫੰਡ ਪਏ ਨੇ….।”
“ਆਪਾਂ ਉਹਨਾਂ ਨੂੰ ਮਿਲ ਕੇ ਮੇਲੇ ਵਿੱਚ ਕੋਈ ਸੇਵਾ ਲੈ ਲਈਏ,ਨਾਲੇ ਮਿਲਵਰਤਣ ਵਧੋ ਅਤੇ ਨਾਲੇ ਤੁਹਾਡੀ ਸੇਵਾ ਕਰਨ ਦੀ ਇੱਛਾ ਵੀ ਪੂਰੀ ਹੋ ਜਾਊ।”ਡਾ:ਹਰਪਾਲ ਨੇ ਆਪਣੇ ਵਿਚਾਰ ਦੱਸੇ।
ਪਰ ਕੇ.ਪੀ.ਅਤੇ ਉਸ ਦੇ ਕੁਝ ਸਾਥੀ ਇਸ ਸਭ ਲਈ ਰਾਜ਼ੀ ਨਹੀਂ ਸਨ,ਉਹ ਉੱਠ ਕੇ ਵਾਪਸ ਆ ਗਏ ਤੇ ਡਾ:ਹਰਪਾਲ ਆਪਣੇ ਵਿਚਾਰਾਂ ਵਾਲੇ ਸਾਥੀਆਂ ਨਾਲ ਛਿੰਦੇ ਨੂੰ ਮਿਲਣ ਤੁਰ ਪਿਆ।
ਅੱਜ ਸੋਮਵਾਰ ਸੀ।ਸਾਰੀ ਨੌਜਵਾਨ ਸੇਵਕ ਸਭਾ ਦੇ ਸੇਵਾਦਾਰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਕੱਠੇ ਹੋਏ।ਗ੍ਰੰਥੀ ਸਿੰਘ ਵੱਲੋਂ ਅਰਦਾਸ ਕਰਨ ਉਪਰੰਤ ਸਾਰੇ ਛੋਟੇ ਹਾਥੀ ਵਿੱਚ ਸਵਾਰ ਹੋ ਕੇ ਡੇਰਿਆਂ ਵੱਲ ਨੂੰ ਉਗਰਾਹੀ ਲਈ ਨਿਕਲ ਪਏ।ਸਭ ਤੋਂ ਉਹ ਪਾਲੇ ਜੱਜ ਦੇ ਡੇਰੇ ਉੱਤੇ ਪਹੁੰਚੇ।ਛਿੰਦੇ ਨੇ ਆਵਾਜ਼ ਦਿੱਤੀ….
ਸਤਿਨਾਮ ਵਾਹਿਗੁਰੂ ਜੀ,ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਦੀ ਗਰਾਹੀ ਜੀ।
ਪਾਲੇ ਨੇ ਆਪਣੀ ਬੇਟੀ ਨੂੰ ਕਿਹਾ ਕਿ ਵੇਖ ਕੌਣ ਆਇਆ,ਜਦੋਂ ਵੇਖੋ ਕੋਈ ਨਾ ਕੋਈ ਮੰਗਣ ਤੁਰਿਆ ਰਹਿੰਦਾ।ਜਦੋਂ ਪਾਲੇ ਦੀ ਬੇਟੀ ਐਸਲੀਨ ਨੇ ਬੂਹਾ ਖੋਲਿਆ ਤਾਂ ਉਹ ਛਿੰਦੇ ਹੁਣਾਂ ਨੂੰ ਵੇਖ ਕੇ ਬਹੁਤ ਖੁਸ਼ ਹੋਈ।
“ਸਾਸਰੀ ਕਾਲ ਚਾਚਾ ਜੀ,ਆ ਜੋ ਆ ਜੋ,ਬਾਪੂ ਜੀ ਘਰ ਹੀ ਹਨ।
ਫਿਰ ਆਪਣੇ ਬਾਪ ਨੂੰ ਆਵਾਜ਼ ਮਾਰਦੀ ਹੋਈ ਬੋਲੀ,
“ਬਾਪੂ ਜੀ,ਛਿੰਦੇ ਚਾਚਾ ਹੁਣੀਂ ਆਏ ਹਨ,ਬਾਬੇ ਬੁੱਢੇ ਦੇ ਮੇਲੇ ਦੀ ਗਰਾਹੀ ਲੈਣ….।”
ਪਾਲਾ ਛੇਤੀ ਨਾਲ ਮੰਜੇ ਤੋਂ ਉੱਠਿਆ ਤੇ ਅੱਗੇ ਹੋ ਕੇ ਛਿੰਦੇ ਹੁਣਾਂ ਨੂੰ ਮਿਲਿਆ।
“ਸਤਿ ਸ੍ਰੀ ਅਕਾਲ ਭਾਊ ਪਾਲ ਸਿਆਂ……।”ਸਾਰੇ ਇੱਕੋ ਵਾਰ ਹੱਥ ਜੋੜ ਕੇ ਬੋਲੇ।
“ਸਤਿ ਸ੍ਰੀ ਅਕਾਲ ਬਈ ਸਾਰਿਆਂ ਨੂੰ,ਜੀ ਆਇਆਂ ਨੂੰ,ਆਜੋ ਬੈਠਕ ਵਿੱਚ ਬੈਠਦੇ ਹਾਂ।ਉਹ ਸਾਰੇ ਬੈਠਕ ਵਿੱਚ ਚਲੇ ਗਏ।
“ਤੁਸੀਂ ਸਿੱਧਾ ਅੰਦਰ ਆ ਜਾਣਾ ਸੀ,ਆਵਾਜ਼ ਦੇ ਕੇ ਬਾਹਰ ਕਿਉਂ ਖਲੋਤੇ ਰਹੇ,ਮੈਂ ਸਮਝਿਆ ਕੋਈ ਬਾਹਰੋਂ ਆਏ ਹਨ।ਕੋਈ ਨਾ ਕੋਈ ਤੁਰਿਆ ਰਹਿੰਦਾ ਪਰ ਅਸੀਂ ਕਿਸੇ ਨੂੰ ਦਰਾਂ ਨਹੀਂ ਟੱਪਣ ਦਿੰਦੇ।ਮੇਰੇ ਭਰਾ ਤੁਹਾਡਾ ਆਪਣਾ ਘਰ ਆ,ਬਗੈਰ ਸੰਕੋਚ ਦੇ ਅੰਦਰ ਆ ਜਾਇਆ ਕਰੋ।ਇਸ ਵਾਰ ਦੀ ਗੁਸਤਾਖ਼ੀ ਲਈ ਮਾਫੀ ਚਾਹੁੰਦਾ ਹਾਂ।
“ਭਾਊ ਮਾਫੀ ਵਾਲੀ ਕਿਹੜੀ ਗੱਲ ਆ,ਡੇਰੇ ਵਿੱਚ ਬੈਠਿਆਂ ਨੂੰ ਸੌ ਗੱਲਾਂ ਸੋਚਣੀਆਂ ਪੈਂਦੀਆ ਨੇ।”ਛਿੰਦੇ ਨੇ ਪਾਲੇ ਨੂੰ ਜੱਫੀ ਵਿੱਚ ਲੈ ਲਿਆ।
ਇੰਨੇ ਚਿਰ ਨੂੰ ਪਾਲੇ ਦੇ ਘਰਵਾਲੀ ਤੇਜ ਕੌਰ ਪਾਣੀ ਲੈ ਕੇ ਆ ਗਈ।
“ਮੱਥਾ ਟੇਕਦਾਂ ਆ ਭਾਬੋ….ਹੋਰ ਸੁਣਾਂ ਸਿਹਤਾਂ ਠੀਕ ਰਹਿੰਦੀਆਂ ਨੇ….।”ਛਿੰਦੇ ਨੇ ਅੱਗੇ ਹੋ ਕੇ ਤੇਜ ਕੌਰ ਨੂੰ ਮੱਥਾ ਟੇਕਿਆ।ਛਿੰਦੇ ਦੇ ਮਗਰੋਂ ਸਾਰਿਆਂ ਇੰਞ ਹੀ ਕੀਤਾ।
“ਜਿਉਂਦੇ ਵੱਸਦੇ ਰਹੋ ਭਾਈ,ਜਵਾਨੀਆਂ ਮਾਣੋ,ਵਾਹਿਗੁਰੂ ਇਸੇ ਤਰਾਂ ਤੁਹਾਡੇ ਕੋਲੋਂ ਸੇਵਾ ਲੈਂਦਾ ਰਹੇ।ਤੇਜ ਕੌਰ ਨੇ ਅਸੀਸਾਂ ਦੀ ਝੜੀ ਲਾ ਦਿੱਤੀ।ਉਹ ਵੀ ਪਾਲੇ ਨਾਲ ਮੰਜੇ ਉੱਤੇ ਬੈਠ ਗਈ।
“ਹਾਂ ਭਾਊ ਕੀ ਸੇਵਾ ਲਾਈਏ ਫਿਰ…..।”ਛਿੰਦੇ ਨੇ ਪਾਲੇ ਨੂੰ ਪੁੱਛਿਆ।
“ਛਿੰਦੇ,ਇਸ ਵਾਰ ਆਖੰਡ ਪਾਠ ਸਾਹਿਬ ਦੀ ਭੇਟਾ ਸਾਡੇ ਵੱਲੋਂ ਅਤੇ ਬਾਕੀ ਦੇਗ ਤੇ ਹੋਰ ਸਮਾਨ ਲਈ ਪੰਜ ਹਜ਼ਾਰ ਰੁਪਏ ਵੱਖਰੇ ਦੇਵਾਂਗੇ।”
“ਸੇਵਾਦਾਰੋ ਛੱਡੋ ਬਈ ਜੈਕਾਰਾ।”
ਸਾਰਿਆਂ ਨੇ ਪੂਰੇ ਜੋਸ਼ ਨਾਲ ਜੈਕਾਰਾ ਛੱਡਿਆ।ਤੇਜ ਕੌਰ ਕਹਿਣ ਲੱਗੀ ਕਿ ਰੋਟੀ ਤਿਆਰ ਆ ਖਾ ਕੇ ਜਾਇਓ ਤਾਂ ਛਿੰਦੇ ਨੇ ਕਿਹਾ ਕਿ ਰੋਟੀ ਬਾਊ ਦੋਧੀ ਨੇ ਤਿਆਰ ਕੀਤੀ ਆ,ਤੁਹਾਡੇ ਵੱਲੋਂ ਅਗਲੀ ਵਾਰ ਸਹੀਂ….।”
“ਤਾਂ ਫਿਰ ਚਾਹ ਤੇ ਪੀ ਕੇ ਜਾਇਓ….।”ਤੇਜ ਕੌਰ ਨੇ ਆਪਣੀ ਬੇਟੀ ਨੂੰ ਆਵਾਜ਼ ਮਾਰੀ ਤਾਂ ਉਹ ਚਾਹ ਲੈ ਕੇ ਆ ਗਈ।ਸਾਰੇ ਜਾਣੇ ਚਾਹ ਪੀ ਕੇ ਤੁਰਨ ਲੱਗੇ ਤਾਂ ਤੇਜ ਕੌਰ ਨੇ ਬਾਰਾਂ ਹਜ਼ਾਰ ਰੁਪਏ ਲਿਆ ਕੇ ਛਿੰਦੇ ਨੂੰ ਫੜਾ ਦਿੱਤੇ ਅਤੇ ਛਿੰਦੇ ਨੇ ਰਸੀਦ ਕੱਟ ਕੇ ਪਾਲੇ ਨੂੰ ਫੜਾ ਦਿੱਤੀ।ਹੁਣ ਉਹ ਮਿੰਦੂ ਦੇ ਡੇਰੇ ਨੂੰ ਹੋ ਤੁਰੇ।
ਮਿੰਦੂ ਦੇ ਡੇਰੇ ਤਾਂ ਬਾਅਦ ਉਹ ਬਾਕੀ ਡੇਰਿਆਂ ਤੋਂ ਆ ਕੇ ਬਾਊ ਦੇ ਡੇਰੇ ਉੱਤੇ ਆ ਗਏ,ਜਿੱਥੇ ਉਸ ਨੇ ਸੇਵਾਦਾਰਾਂ ਲਈ ਰੋਟੀ ਦਾ ਇੰਤਜ਼ਾਮ ਕੀਤਾ ਹੋਇਆ ਸੀ।ਸਾਰਿਆਂ ਨੇ ਆ ਫਤਿਹ ਬੁਲਾਈ ਅਤੇ ਡਰਾਇੰਗ ਰੂਮ ਵਿੱਚ ਬੈਠ ਗਏ।ਬਾਊ ਦੇ ਮੁੰਡਿਆਂ ਪਹਿਲਾਂ ਸਾਰਿਆਂ ਦੇ ਹੱਥ ਧੁਆਏ ਅਤੇ ਫਿਰ ਸਾਰਿਆਂ ਨੂੰ ਰੋਟੀ ਵਰਤਾਉਣੀ ਸ਼ੁਰੂ ਕੀਤੀ। ਰੋਟੀ ਮਗਰੋ ਬਾਊ ਦੀ ਪਤਨੀ ਚਾਹ ਲੈ ਆਈ।ਸਾਰਿਆਂ ਚਾਹ ਪੀਤੀ ਅਤੇ ਜਾਣ ਦੀ ਇਜ਼ਾਜ਼ਤ ਮੰਗੀ।ਬਾਉ ਨੇ ਛਿੰਦੇ ਨੂੰ ਕਿਹਾ ਕਿ ਉਹ ਪੰਜਾਹ ਕਿਲੋ ਵੇਸਣ ਦੀ ਪਰਚੀ ਕੱਟ ਦੇਣ।ਛਿੰਦੇ ਨੇ ਪਰਚੀ ਕੱਟੀ ਅਤੇ ਬਾਕੀਆਂ ਨੇ ਜੈਕਾਰਾ ਛੱਡ ਦਿੱਤਾ।
ਡੇਰਿਆਂ ਦੀ ਉਗਰਾਹੀ ਪੂਰੀ ਹੋ ਚੁੱਕੀ ਸੀ।ਤਿੰਨ ਦਿਨਾਂ ਵਿੱਚ ਉਹਨਾਂ ਪਿੰਡ ਵਿੱਚੋਂ ਵੀ ਉਗਰਾਹੀ ਕਰ ਲਈ ਸੀ।ਹੁਣ ਸਿਰਫ ਲੰਗਰ ਹਾਲ ਦੀ ਸਫਾਈ ਹੀ ਬਾਕੀ ਹੀ ਰਹਿ ਗਈ ਸੀ।ਸਾਰੇ ਸੇਵਾਦਾਰਾਂ ਨੂੰ ਹੁਣ ਸਿਰਫ਼ ਮੇਲੇ ਦੀ ਹੀ ਉਡੀਕ ਸੀ ਅਤੇ ਉਹ ਰਾਤ ਦਿਨ ਇਹੋ ਸੋਚਦੇ ਰਹਿੰਦੇ ਕਿ ਕਿਸੇ ਵੀ ਤਰਾਂ ਸੰਗਤ ਨੂੰ ਕੋਈ ਦਿੱਕਤ ਨਾ ਆਵੇ ਅਤੇ ਮੇਲਾ ਸੁਖੀ ਸਾਂਦੀ ਲੰਘ ਜਾਵੇ।
ਚਲਦਾ……
ਬਲਕਾਰ ਸਿੰਘ 9779010544

Leave a Reply

Your email address will not be published. Required fields are marked *