56 ਸੈਕਟਰ ਦੇ ਮੇਨ ਗੇਟ ਦੇ ਮੂਹਰੇ ਜਾਂਦੀ ਡਵਾਈਡਰ ਵਾਲੀ ਸੜਕ ਦੀ ਨੁੱਕੜ ਨਜ਼ਾਇਜ ਕਬਜ਼ਾ ਕਰਕੇ ਬਣਾਈ ਇਕ ਮਾਰਕੀਟ ਹੀ ਹੈ। ਮੈਂ ਚਾਰ ਮਹੀਨਿਆਂ ਤੋਂ ਇਹ੍ਹਨਾਂ ਲੋਕਾਂ ਦੇ ਜੀਵਨ ਤੇ ਸਟੱਡੀ ਕਰ ਰਿਹਾ ਹਾਂ। ਸੜ੍ਹਕ ਤੇ ਪਹਿਲੀ ਛੱਪਰ ਵਾਲੀ ਫਲ ਫਰੂਟ ਦੀ ਦੁਕਾਨ ਚੌਹਾਨ ਦੀ ਹੈ। ਬਹੁਤ ਹੀ ਘੱਟ ਪੜ੍ਹਿਆ ਚੌਹਾਨ ਵਧੀਆ ਫਰਾਟੇਦਾਰ ਹਿੰਦੀ ਬੋਲਦਾ ਹੈ ਉਸਨੂੰ ਗੱਲ ਕਰਨ ਦਾ ਸਲੀਕਾ ਹੈ। ਨੋਇਡਾ ਨਗਰ ਪ੍ਰਸ਼ਾਸ਼ਨ ਦੇ ਕਈ ਅਧਿਕਾਰੀ ਤੇ ਕਰਮਚਾਰੀ ਅਕਸ਼ਰ ਹੀ ਉਸ ਕੋਲ ਆ ਕੇ ਚਾਹ ਪੀਂਦੇ ਹਨ। ਵਧੀਆ ਫਰੂਟ ਸਸਤੇ ਭਾਅ ਲੈ ਤੇ ਜਾਂਦੇ ਹਨ ਮੁਫ਼ਤ ਨਹੀਂ ਲੈਂਦੇ। ਪੁਲਸ ਦੀ ਗਸਤੀ ਟੀਮ ਵਾਲੇ ਵੀ ਸਰਦੀ ਵਿੱਚ ਇੱਥੇ ਆਕੇ ਹੀ ਚਾਹ ਪੀਂਦੇ ਹਨ। ਹਾਂ ਕੁਝ ਅਫਸਰਾਂ ਦੇ ਡਰਾਈਵਰ ਕੁਝ ਮੁਫ਼ਤਖੋਰ ਹੁੰਦੇ ਹਨ। ਬਿਨ੍ਹਾਂ ਪੁੱਛੇ ਹੀ ਫਰੂਟ ਚੁੱਕ ਕੇ ਖਾ ਲੈਂਦੇ ਹਨ। ਸਵੇਰੇ ਛੇ ਵਜੇ ਤੋਂ ਰਾਤੀ ਗਿਆਰਾਂ ਵਜੇ ਤੱਕ ਇਹ ਦੁਕਾਨ ਚਲਦੀ ਹੈ। ਫਿਰ ਉਹ ਰਾਤ ਨੂੰ ਸਾਰਾ ਸਮਾਨ ਢੱਕ ਕੇ ਰੱਸੀ ਬੰਨ ਕੇ ਆਪਣੇ ਘਰ ਚਲਾ ਜਾਂਦਾ ਹੈ।
ਉਸਦੇ ਨਾਲ ਹੀ ਫੁੱਟਪਾਥ ਤੇ ਇੱਕ ਗਰੀਬ ਸਾਈਕਲ ਮੁਰੰਮਤ ਕਰਨ ਵਾਲਾ ਬੈਠਦਾ ਹੈ। ਉਹ ਵੀ ਸਾਰਾ ਦਿਨ ਖੂਬ ਮੇਹਨਤ ਕਰਦਾ ਹੈ। ਹਰ ਆਏ ਗਏ ਨੂੰ ਰਾਮ ਰਾਮ ਬਲਾਉਂਦਾ ਹੈ ਰਾਤ ਨੂੰ ਆਪਣਾ ਸਮਾਨ ਉਥੇ ਹੀ ਢੱਕ ਕੇ ਚਲਾ ਜਾਂਦਾ ਹੈ। ਉਹ ਟਿਊਬ ਦੇ ਪੈਂਚਰ ਚੈਕ ਕਰਨ ਲਈ ਸਟੀਲ ਦੇ ਵੱਡਾ ਬਰਤਨ ਪਾਣੀ ਦਾ ਭਰਦਾ ਹੈ। ਜਦੋ ਵਿਸ਼ਕੀ ਉਸ ਪਾਣੀ ਨੂੰ ਪੀਂਦਾ ਹੈ ਤਾਂ ਉਹ ਬਹੁਤ ਖੁਸ਼ ਹੁੰਦਾ ਹੈ।
ਸਾਈਕਲ ਮੁਰੰਮਤ ਵਾਲੇ ਦੇ ਨਾਲ ਯੂ ਐੱਮ ਟੀ ਸੈਲੂਨ ਹੈ। ਯਾਨੀ ਅੰਡਰ ਮੈਂਗੋ ਟ੍ਰੀ ਸੈਲੂਨ। ਕਿਸੇ ਦਰਖਤ ਨਾਲ ਸ਼ੀਸ਼ਾ ਟੰਗ ਕੇ ਕੁਰਸੀ ਰੱਖਕੇ ਬਣਾਇਆ ਸੈਲੂਨ। ਇਥੇ ਅਮੀਰ ਗਰੀਬ ਅਫਸਰ ਰੇਹੜੀ ਵਾਲੇ ਬਹੁਤ ਲੋਕ ਕਟਿੰਗ ਮਾਲਿਸ਼ ਕਰਾਉਣ ਆਉਂਦੇ ਹਨ। ਸਸਤਾ ਤੇ ਵਧੀਆ। ਨਾ ਏ ਸੀ ਨਾ ਪੱਖਾ। ਉਸ ਕੋਲ ਗ੍ਰਾਹਕ ਘੱਟ ਆਉਂਦੇ ਹਨ ਫਿਰ ਵੀ ਦਿਹਾੜੀ ਪੱਕੀ ਬਣ ਜਾਂਦੀ ਹੈ।
ਫੁੱਟਪਾਥ ਦਾ ਅਗਲਾ ਮਾਲਿਕ ਚਾਹ ਵਾਲਾ ਹੈ। ਜਮੀਨ ਤੇ ਗੈਸ ਚੁੱਲ੍ਹੇ ਤੇ ਚਾਹ ਬਣਾਕੇ ਡਿਸਪੋਜਿਬਲ ਗਿਲਾਸਾਂ ਵਿਚ ਸਰਵ ਹੁੰਦੀ ਹੈ ਨਾਲ ਫੈਨ ਤੇ ਬਿਸਕੁਟ ਮਿਲ ਜਾਂਦੇ ਹਨ। ਪਰ ਬਹੁਤੇ ਗ੍ਰਾਹਕ ਜਰਦਾ ਖੈਨੀ ਦੇ ਪੋਚ ਖਰੀਦਣ ਵਾਲੇ ਹੀ ਹੁੰਦੇ ਹਨ। ਉਹ ਵੀ ਆਉਂਦੇ ਜਾਂਦੇ ਵਿਸ਼ਕੀ ਨੂੰ ਜਰੂਰ ਬਲਾਉਂਦਾ ਹੈ।
ਫੁੱਟਪਾਥ ਤੇ ਹੀ ਮੋਟਰ ਸਾਈਕਲ ਸਕੂਟਰ ਮੁਰੰਮਤ ਵਾਲਾ ਵੀ ਬੈਠਦਾ ਹੈ। ਪਰ ਓਹ ਕਦੇ ਕਦੇ ਹੀ ਆਉਂਦਾ ਹੈ। ਅਕਸ਼ਰ ਸੜ੍ਹਕ ਤੇ ਕਾਲਾ ਤੇਲ ਡੋਲ ਕੇ ਸੜ੍ਹਕ ਖਰਾਬ ਕਰ ਦਿੰਦਾ ਹੈ। ਉਹ ਚੁੱਪ ਚੁਪੀਤਾ ਆਪਣੇ ਕੰਮ ਵਿਚ ਮਸਤ ਹੁੰਦਾ ਹੈ। ਉਸਦਾ ਬਕਸਾ ਵੀ ਫੁੱਟਪਾਥ ਤੇ ਪਿਆ ਰਹਿੰਦਾ ਹੈ।
ਚਾਹ ਵਾਲਾ ਅਤੇ ਇੱਕ ਹੋਰ ਗਰਮੀ ਸ਼ਰਦੀ ਉਥੇ ਹੀ ਜਮੀਨ ਤੇ ਸੌਂਦੇ ਹਨ। ਉਹਨਾਂ ਦਾ ਸਾਥ ਇੱਕ ਸਾਧੂ ਬਾਬਾ ਦਿੰਦਾ ਹੈ। ਜਿਸ ਦਾ ਸ਼ਾਇਦ ਕੋਈ ਘਰ ਬਾਰ ਨਹੀਂ। ਉਹ ਸਾਧੂ ਬਾਬਾ ਮੰਗਕੇ ਗੁਜ਼ਾਰਾ ਕਰਦਾ ਹੈ। ਗਲੇ ਵਿਚ ਪਾਈ ਬਗਲੀ ਅਤੇ ਭਗਵੇ ਕਪੜੇ ਹੀ ਉਸ ਦੀ ਨਿਸ਼ਾਨੀ ਹਨ। ਸਵੇਰੇ ਓਥੇ ਕਮੇਟੀ ਦੇ ਨਲਕੇ ਤੋਂ ਨਹਾਕੇ ਚਾਹ ਵਾਲੇ ਕੋਲੋ ਇੱਕ ਕੱਪ ਚਾਹ ਪੀ ਕੇ ਓਹ ਆਪਣੇ ਪੇਸ਼ੇ ਤੇ ਚਲਾ ਜਾਂਦਾ ਹੈ। ਦਿਨੇ ਮੰਗਕੇ ਹੀ ਰੋਟੀ ਖਾਂਦਾ ਹੈ। ਇਹੀ ਹਾਲ ਸ਼ਾਮ ਨੂੰ ਹੁੰਦਾ ਹੈ। ਪਰ ਕਹਿੰਦੇ ਹਨ ਉਹਨਾਂ ਨੂੰ ਅਧੀਏ ਬਿਨਾਂ ਨੀਂਦ ਨਹੀਂ ਆਉਂਦੀ।ਮੈਂ ਕਦੇ ਵੀ ਉਸ ਨੂੰ ਪੀਂਦੇ ਨਹੀਂ ਦੇਖਿਆ। ਹਾਂ ਉਹ ਸੁਲਫ਼ਾ ਵਗੈਰਾ ਕੋਈ ਨਸ਼ਾ ਜਰੂਰ ਕਰਦਾ ਹੈ।
ਫੁੱਟਪਾਥ ਦੇ ਲੋਕਾਂ ਦੀ ਇੱਕ ਆਜ਼ਾਦ ਜਿੰਦਗੀ ਹੈ। ਫਿਰ ਵੀ ਕਦੇ ਕਦੇ ਪ੍ਰਸ਼ਾਸ਼ਨ ਦਾ ਪੰਜਾ ਚੱਲ ਜਾਂਦਾ ਹੈ। ਥੋੜਾ ਬਹੁਤ ਨੁਕਸਾਨ ਝੱਲਕੇ ਓਹ ਲੋਕ ਫਿਰ ਓਥੇ ਹੀ ਆ ਜਾਂਦੇ ਹਨ। ਘੱਟ ਪੂੰਜੀ ਨਾਲ ਚਲਦੇ ਰੋਜ਼ਗਾਰ ਨਾਲ ਉਹ ਆਪਣੇ ਪਰਿਵਾਰ ਨੂੰ ਪਾਲਦੇ ਹਨ। ਚੌਹਾਨ ਦੇ ਬੱਚੇ ਵਧੀਆ ਪ੍ਰਾਈਵੇਟ ਸਕੂਲਾਂ ਚ ਪੜ੍ਹਦੇ ਹਨ। ਕਈ ਬਹੁਤ ਵਧੀਆ ਕਮਾਈ ਕਰਦੇ ਹਨ। ਮੰਗਤਾ ਫਕੀਰ ਵੀ ਆਪਣੇ ਪੈਸੇ ਦੂਸਰਿਆਂ ਕੋਲ ਜਮਾਂ ਰੱਖਦਾ ਹੈ। ਕੁਝ ਵੀ ਹੈ ਇਹ ਲੋਕ ਜਿੰਦਗੀ ਤੋਂ ਸੰਤੁਸ਼ਟ ਹਨ। ਸੰਤੁਸ਼ਟੀ ਦਿਲ ਦੀ ਅਮੀਰੀ ਹੁੰਦੀ ਹੈ। ਇਹ ਸੰਤੁਸ਼ਟੀ ਇਕੱਲੇ ਪੈਸੇ ਨਾਲ ਨਹੀਂ ਮਿਲਦੀ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
9876627233