ਸ਼ਿਕਾਰੀ ਆਵੇਗਾ | shikari aavega

ਸ਼ਿਕਾਰੀ ਆਵੇਗਾ……ਦਾਣਾ ਪਾਵੇਗਾ…ਜਾਲ ਵਿਛਾਏਗਾ ….. ਹਮ ਨਹੀਂ ਫਸੇਗੇ। ਅੱਜ ਸਵੇਰੇ ਹੀ ਬਾਬਾ ਜੀ ਵਿਆਖਿਆ ਰਾਹੀਂ ਸਮਝਾ ਰਹੇ ਸਨ, ਤਾਂ ਉਹਨਾਂ ਨੇ ਇਹ ਉਦਾਹਰਨ ਦਿੱਤੀ, ਜੋ ਕਿ ਮੈਨੂੰ ਅੱਜ ਦੇ ਹਲਾਤਾਂ ਨਾਲ਼ ਬਿਲਕੁਲ ਮੇਲ ਖਾਂਦੀ ਜਾਪੀ। ਸਾਡਾ ਸਾਰਿਆਂ ਦਾ ਤਕਰੀਬਨ ਇਹੀ ਹਾਲ ਹੈ। ਅਸੀਂ ਵੀ ਰੱਟ ਹੀ ਲਗਾਉਣ ਦੇ ਆਦੀ ਹੋ ਗਏ ਹਾਂ। ਹਕੀਕਤ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਤੇ ਆਪੇ ਹੀ ਦੂਸਰਿਆਂ ਦੁਆਰਾ ਲਾਲਚ ਦੇ ਵਿਛਾਏ ਜਾਲ਼ ਵਿੱਚ ਫਸੀ ਜਾ ਰਹੇ ਹਾਂ।
ਅੱਜ ਕੱਲ੍ਹ ਵੋਟਾਂ ਦੇ ਦਿਨਾਂ ਵਿੱਚ ਸਾਡਾ ਵੀ ਇਹੀ ਹਾਲ ਹੈ। ਅਸੀਂ ਵੀ ਇਹੀ ਕਹਿੰਦੇ ਹਾਂ ਕਿ ਇਸ ਵਾਰ ਸ਼ਿਕਾਰੀ ਦੇ ਜਾਲ ਵਿੱਚ ਨਹੀਂ ਫਸਾਗੇ, ਪਰ ਜਾਲ਼ ਵਿੱਚ ਫਸ ਕੇ ਵੀ ਇਹੀ ਰਟ ਲਗਾਈ ਜਾਂਦੇ ਹਾਂ।ਫਸ ਕੇ ਵੀ ਫੜ੍ਹਾਂ ਮਾਰੀ ਜਾਂਦੇ ਹਾਂ ਕਿ ਜਾਲ਼ ਵਿੱਚ ਹਮ ਨਹੀਂ ਫਸੇਗੇ। ਸਿਰਫ਼ ਕੁਝ ਕੁ ਲੋਕਾਂ ਦੀਆਂ ਵੋਟਾਂ ਨਾਲ਼ ਸਰਕਾਰ ਬਣ ਰਹੀ ਹੈ। ਬਹੁਤੇ ਨੋਟਾ ਦਬਾ ਜਾਂਦੇ ਹਨ, ਪਰ ਫਿਰ ਵੀ ਬਹੁਮਤ ਵੀ ਹੁੰਦਾ ਹੈ ਅਤੇ ਸਰਕਾਰ ਵੀ ਬਣ ਹੀ ਜਾਂਦੀ ਹੈ। ਫ਼ਰਕ ਨਹੀਂ ਪੈਂਦਾ ਕਿ ਕੀ ਹੋ ਰਿਹਾ ਹੈ।
ਅਸੀਂ ਰੌਲ਼ਾ ਪਾਈ ਜਾ ਰਹੇ ਹਾਂ ਚੰਗਾ ਲੀਡਰ , ਚੰਗੇ ਲੋਕ ਅੱਗੇ ਆਉਣ। ਪਰ ਜਦੋਂ ਵੋਟ ਪਾਉਣ ਦਾ ਦਿਨ ਆਉਦਾ ਹੈ, ਤਾਂ ਸਾਡੇ ਮਨ ਵਿੱਚ ਫਿਰ ਆਪਣਾ ਲਾਲਚ, ਆਪਣੀ ਪਾਰਟੀ, ਆਪਣਾ ਧਰਮ ਆਦਿ ਕਈ ਸਵਾਲ ਆ ਹੀ ਜਾਂਦੇ ਹਨ। ਅਸੀਂ ਜਾਣਦੇ ਬੁੱਝਦੇ ਹੋਏ ਵੀ ਆਪਣੀ ਵੋਟ ਫਿਰ ਕਿਸੇ ਅਜਿਹੇ ਵਿਅਕਤੀ ਨੂੰ ਪਾ ਦਿੰਦੇ ਹਾਂ ਜੋ ਕਾਬਲ ਨਹੀਂ ਹੁੰਦਾ। ਫਿਰ ਰੋਂਦੇ ਰਹਿੰਦੇ ਹਾਂ। ਸਾਡੇ ਬੱਚੇ ਬੇਰੁਜ਼ਗਾਰੀ ਵਿੱਚ ਫਸੇ ਹੋਏ ਬਾਹਰ ਹੀ ਜਾਣਗੇ,ਹੋਰ ਸਾਡੇ ਕੋਲੋਂ ਕੋਈ ਚਾਰਾ ਨਹੀਂ ਰਹਿ ਜਾਂਦਾ।
ਫਿਰ ਪੰਜ ਸਾਲਾਂ ਲਈ ਪੰਜਾਲੀ ਗਲ਼ ਪਾ ਕੇ ਘੁੰਮਦੇ ਰਹਿੰਦੇ ਹਾਂ।ਇਹੀ ਹਾਲ ਸਾਡਾ ਘਰਾਂ ਵਿੱਚ ਰਹਿ ਕੇ ਹੁੰਦਾ ਹੈ। ਕੰਮ ਵੀ ਕਰੀ ਜਾਂਦੇ ਹਾਂ ਅਤੇ ਰੋਈ ਵੀ ਜਾਂਦੇ ਹਾਂ। ਆਪਣੀਆ ਖੁਸ਼ੀਆ ਦਾ ਕਤਲ ਵੀ ਕਰੀ ਜਾਂਦੇ ਹਾਂ। ਚੰਗੇ ਬਣਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਆਪਣੀਆਂ ਖੁਸ਼ੀਆਂ ਦਾ ਅਤੇ ਆਪਣੀ ਸਿਹਤ ਦਾ ਮਲੀਆਮੇਟ ਕਰ ਦਿੰਦੇ ਹਾਂ।
ਆਪਣੇ ਹੱਕਾਂ ਲਈ ਲੜਦੇ ਰਹਿੰਦੇ ਹਾਂ। ਹੜਤਾਲਾਂ ਕਰਦੇ ਹਾਂ, ਸੜਕਾਂ ‘ਤੇ ਆਉਦੇ ਹਾਂ, ਔਰਤਾਂ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਿਆ ਜਾਂਦਾ ਹੈ। ਮਰਦਾਂ ਦੀਆਂ ਪੱਗਾਂ ਉਛਾਲੀਆਂ ਜਾਂਦੀਆਂ ਹਨ। ਹੱਥੋਂ ਪਾਈ ਹੁੰਦੀ ਹੈ। ਪੜ੍ਹੇ ਲਿਖੇ ਲੋਕ ਬੇਰੁਜ਼ਗਾਰੀ ਦੀ ਮਾਰ ਸਹਿੰਦੇ ਹੋਏ ਸੜਕਾਂ ‘ਤੇ ਰੁਲਦੇ ਹਨ। ਕੁਝ ਨਸ਼ਿਆਂ ਵਿੱਚ ਪੈ ਜਾਂਦੇ ਹਨ। ਕੁਝ ਵਿਦੇਸ਼ ਚਲੇ ਜਾਂਦੇ ਹਨ। ਜੇਕਰ ਕੁਝ ਕੁ ਨੂੰ ਨੌਕਰੀ ਮਿਲਦੀ ਵੀ ਹੈ, ਤਾਂ ਤਨਖਾਹ ਨਾ ਮਾਤਰ ਮਿਲਦੀ ਹੈ।
ਇਹ ਲੋਕ ਵਿਚਾਰੇ ਫਸੇ ਅਤੇ ਲੁੱਟੇ ਜਿਹੇ ਮਹਿਸੂਸ ਕਰਦੇ ਹਨ। ਇਹ ਸਿਲਸਿਲਾ ਵੋਟਾਂ ਪੈਣ ਦੇ ਅਖੀਰਲੇ ਸਾਲ ਜਦੋਂ ਛੇ ਸੱਤ ਮਹੀਨੇ ਰਹਿੰਦੇ ਹਨ ਉਦੋਂ ਸ਼ੁਰੂ ਹੁੰਦਾ ਹੈ। ਪਾਣੀ ਦੀਆਂ ਬੁਛਾੜਾਂ ਸਹਿੰਦੇ, ਡੰਡੇ ਖਾਂਦੇ, ਰੌਲਾ ਪਾਉਂਦੇ ਰਹਿੰਦੇ ਹਾਂ, ਪਰ ਕਿਸੇ ‘ਤੇ ਕੋਈ ਅਸਰ ਨਹੀਂ ਹੁੰਦਾ। ਮੁੱਦੇ ਉਵੇਂ ਹੀ ਰਹਿੰਦੇ ਹਨ। ਮੁਸ਼ਕਲਾਂ ਦਾ ਰੌਲਾਂ ਤਾਂ ਪੈਦਾ ਹੈ, ਪਰ ਹੱਲ ਨਹੀਂ ਹੁੰਦਾ। ਟੀ. ਵੀ. ਚੈਨਲਾਂ ‘ਤੇ ਬਹਿਸਾ ਹੁੰਦੀਆਂ ਹਨ , ਸਰਵੇ ਹੁੰਦੇ ਹਨ, ਪਰ ਕੰਮ ਨਹੀਂ ਹੁੰਦੇ। ਫਿਰ ਨਤੀਜੇ ਆਉਂਦੇ ਹਨ ਤਾਂ ਹੈਰਾਨੀ ਹੁੰਦੀ ਹੈ। ਘਪਲੇ ਨਹੀਂ ਰੁਕਦੇ। ਆਮ ਜਨਤਾ ਦੇ ਬਾਲ ਰੁਲਦੇ ਹਨ। ਸਿਹਤ ਅਤੇ ਸਿੱਖਿਆ ਸੰਬੰਧੀ ਸਹੂਲਤਾਂ ਤੋਂ ਵਾਂਝੇ ਰਹਿ ਜਾਂਦੇ ਹਾਂ। ਰੁਜ਼ਗਾਰ ਲਈ ਧੱਕੇ ਖਾਂਦੇ ਹਾਂ।
ਮੇਰੇ ਕਹਿਣ ਦਾ ਭਾਵ ਕਿ ਸਾਡੀ ਕਹਿਣੀ ਅਤੇ ਕਥਨੀ ਵਿੱਚ ਫ਼ਰਕ ਹੈ। ਅਸੀਂ ਜੋ ਚਾਹੁੰਦੇ ਹਾਂ ਉਸ ਉੱਤੇ ਆਪ ਹੀ ਪੂਰੇ ਕਾਇਮ ਨਹੀਂ ਹਾਂ।ਸਾਡੀਆਂ ਵੋਟਾਂ, ਸਾਡੀ ਪਾਰਟੀ, ਧੜੇਬਾਜ਼ੀ ਆਦਿ ਵਿੱਚ ਪੈ ਜਾਂਦੇ ਹਾਂ। ਆਪਣੇ ਹੀ ਪਿੰਡ ਵਾਸੀਆਂ ਜਾਂ ਸ਼ਹਿਰ ਵਾਸੀਆਂ ਦੇ ਦੁਸ਼ਮਣ ਬਣ ਜਾਂਦੇ ਹਾਂ। ਜਦ ਕਿ ਸਾਨੂੰ ਸਭ ਨੂੰ ਮਿਲ ਕੇ ਅੱਗੇ ਆਉਣ ਦੀ ਜਰੂਰਤ ਹੈ। ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨਾ ਚਾਹੀਦਾ ਹੈ। ਏਕਤਾ ਵਿੱਚ ਬਲ ਹੁੰਦਾ ਹੈ। ਅਸੀਂ ਇਕੱਲੇ ਇਕੱਲੇ ਹੋ ਕੇ ਆਪਣਾ ਮਤਲਬ ਕੱਢਣ ਦੇ ਚੱਕਰ ਵਿੱਚ ਮਾਰ ਖਾਂਦੇ ਹਾਂ। ਸਾਨੂੰ ਸਭ ਦਾ ਮਿਲ ਕੇ ਸੋਚਣਾ ਪਵੇਗਾ, ਤਾਂ ਹੀ ਕਾਮਯਾਬੀ ਅਤੇ ਤਰੱਕੀ ਹੋਵੇਗੀ।
ਵੋਟ ਕੰਮ ਅਤੇ ਚੰਗੇ ਚਰਿੱਤਰ ਨੂੰ ਪਾਉਣੀ ਚਾਹੀਦੀ ਹੈ। ਸ਼ਿਕਾਰੀ ਆਉਂਦਾ ਹੈ, ਦਾਣਾ ਪਾਉਂਦਾ ਹੈ, ਜਾਲ ਵਿਛਾਉਂਦਾ ਹੈ, ਅਸੀਂ ਫਸ ਚੁੱਕੇ ਹੁੰਦੇ ਹਾਂ, ਪਰ ਫਿਰ ਵੀ ਰੱਟ ਇਹੀ ਲਗਾਈ ਜਾਂਦੇ ਹਾਂ, ਸ਼ਿਕਾਰੀ ਆਵੇਗਾ…ਦਾਣਾ ਪਾਵੇਗਾ….ਜਾਲ ਵਿਛਾਏਗਾ…ਹਮ ਨਹੀਂ ਫਸੇਗੇ। ਬਾਕੀ ਸਿਆਣੇ ਅਸੀਂ ਸਾਰੇ ਬੜੇ ਹਾਂ। ਆਉ ਗੱਲਾਂ ਦੀ ਥਾਂ ਕਰਮ ਪ੍ਰਧਾਨ ਹੋਣ ‘ਤੇ ਜ਼ੋਰ ਦਈਏ।
ਪਰਵੀਨ ਕੌਰ ਸਿੱਧੂ
8146536200

One comment

  1. ਲਿਖਤ ਪ੍ਰਵਾਨਗੀ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਸਤਿਕਾਰ ਜੀਉ।

Leave a Reply

Your email address will not be published. Required fields are marked *