ਕਾਤਿਲ | katil

ਆਉਣ ਵਾਲਾ ਸਮਾਂ ਬੜਾ ਮਹੱਤਵਪੂਰਨ..ਫੈਸਲਾਕੁੰਨ..ਕਲਾ ਵਰਤ ਰਹੀ..ਦੁਨੀਆਂ ਦੇ ਕੰਨ ਖੜੇ ਹੋ ਗਏ..ਬਿਰਤਾਂਤ ਨੈਰੇਟਿਵ ਸਮਝ ਆ ਗਿਆ..ਹੁਣ ਤੀਕਰ ਥਿੰਦੇ ਘੜੇ ਤੇ ਪੈਂਦਾ ਰਿਹਾ ਅੱਜ ਵੱਡਾ ਸੁਰਾਖ ਕਰ ਗਿਆ..ਹੁਣ ਸਮੇਂ ਦੀ ਵੱਡੀ ਲੋੜ..ਜਦੋਂ ਅਗਲੇ ਪੁੱਛਣ ਓਦੋਂ ਮੌਕੇ ਤੇ ਹੀ ਦਸਤਾਵੇਜੀ ਸਬੂਤ ਪੇਸ਼ ਕੀਤੇ ਜਾਣ..ਬਕੌਲ ਭਾਈ ਖਾਲੜਾ ਦੁਨੀਆ ਸਬੂਤਾਂ ਤੇ ਅਧਾਰਿਤ ਦਲੀਲ ਹੀ ਮੰਨਦੀ..!
ਬਿੱਪਰ ਦਾ ਮਨ..ਫਰੇਬ ਦੀ ਫੈਕਟਰੀ..ਰਬੜ ਦੀਆਂ ਗੋਲੀਆਂ..ਅੱਥਰੂ ਗੈਸ..ਮਿਆਦ ਪੁਗਾ ਚੁਕੇ ਗੋਲੇ..ਐਕਸਪੈਰੀ ਮਗਰੋਂ ਦਵਾਈਆਂ ਵੀ ਜਹਿਰ ਬਣ ਜਾਂਦੀਆਂ..ਇਹ ਤਾਂ ਜਹਿਰੀਲੀਆਂ ਗੈਸਾਂ..ਪਰ ਤਾਂ ਕੀ ਹੋਇਆ ਸਾਮਣੇ ਵੀ ਤਾਂ ਭੇਡ ਬੱਕਰੀਆਂ ਹੀ ਹੈਨ..ਧੋਖੇ ਨਾਲ ਕਬਜੇ ਹੇਠ ਕਰ ਰੱਖੀ ਇੱਕ ਬਸਤੀ ਦੀਆਂ ਨਿਹੱਥੀਆਂ ਭੇਡ ਬੱਕਰੀਆਂ..ਜਿਥੇ ਲੱਖਾਂ ਅੱਗੇ ਮੁਕਾ ਦਿੱਤੇ..ਕੁਝ ਹੋਰ ਮੁੱਕ ਜਾਣਗੇ ਤਾਂ ਕੀ!
ਹਰਿਆਣਾ ਪੁਲਸ ਦਾ ਇੱਕ ਵੱਡਾ ਅਫਸਰ..ਸਿਪਾਹੀਆਂ ਨੂੰ ਆਖ ਰਿਹਾ ਸੀ..ਇਹਨਾਂ ਨੂੰ ਡੰਡੇ ਨਹੀਂ ਮਾਰਨੇ ਸਗੋਂ ਡੰਡਿਆਂ ਅੱਗੇ ਲੱਗੇ ਤਿੱਖੇ ਸੂਏ ਚੋਭਣੇ ਨੇ..ਤਸੀਹਿਆਂ ਦਾ ਦਹਾਕੇ ਪੁਰਾਣਾ ਵਿਧੀ ਵਿਧਾਨ..ਕੌਣ ਆਖੇ ਪਹਿਲੀ ਵੇਰ ਥੋੜਾ ਚੁੱਭੇ..ਸੱਤਰਾਂ ਸਾਲਾਂ ਤੋਂ ਚੋਭੇ ਜਾ ਰਹੇ..!
ਕਿਸਾਨ ਸੰਘਰਸ਼ ਬਾਕੀ ਦੁਨੀਆਂ ਵਿਚ ਵੀ ਚੱਲ ਰਿਹਾ..ਪਰ ਜਿੱਦਾਂ ਇਥੇ ਸਿੱਝਿਆ ਜਾ ਰਿਹਾ..ਅਜੀਬ ਹੀ ਹੈ..!
ਕੁਝ ਗਿਣਤੀਆਂ ਮਿਣਤੀਆਂ ਵਿਚ ਪਏ ਉਲਟੇ ਪਾਣੀ ਵਹਿ ਤੁਰੇ..ਮੈਨੂੰ ਸੱਦਾ ਪੱਤਰ ਨਹੀਂ ਘੱਲਿਆ..ਲੀਡਰ ਮਨਪਸੰਦ ਦੇ ਨਹੀਂ..ਕੁਝ ਜਾਣ ਬੁਝ ਕੇ ਹੀ ਘੋਗਲਕੰਨੇ ਬਣ ਬੈਠੇ..ਇਹਨਾਂ ਦੀਆਂ ਮੰਗਾਂ ਅੱਗੇ ਮੰਨ ਤੇ ਲਈਆਂ ਸਨ..ਹੁਣ ਹੋਰ ਕੀ ਭਾਲਦੇ?
ਦੱਸਦੇ ਕੇਰਾਂ ਰੂਸ ਵਿਚ ਕਾਲ ਪੈ ਗਿਆ..ਜ਼ਾਰ ਨਾਲ ਤੁਰੀ ਜਾਂਦੀ ਧੀ ਪੁੱਛਦੀ..ਡੈਡ ਇਹ ਲੋਕ ਮਰ ਕਿਓਂ ਰਹੇ ਨੇ..?
ਅੱਗੋਂ ਆਖਦਾ ਇਹਨਾਂ ਕੋਲ ਖਾਣ ਨੂੰ ਰੋਟੀ ਨਹੀਂ..ਮਹਿਲਾਂ ਵਿਚ ਪਲੀ ਧੀ ਆਖਣ ਲੱਗੀ..ਜੇ ਰੋਟੀ ਨਹੀਂ ਤਾਂ ਬਰੈੱਡ ਕਿਓਂ ਨਹੀਂ ਖਾ ਲੈਂਦੇ..?
ਜਿਸ ਤਨ ਲਾਗੇ ਸੋਈ ਜਾਣੇ..!
ਇੱਕ ਲਾਈਨ ਦਾ ਸਪਸ਼ਟ ਏਜੰਡਾ..ਤਿੰਨ ਸਾਲ ਪਹਿਲੋਂ ਜੋ ਇਕਰਾਰ ਕਰ ਕੇ ਦਿੱਲੀਓਂ ਵਾਪਿਸ ਘੱਲੇ ਸਨ..ਉਹ ਮੰਨੋਂ..ਹਕੀਕੀ ਤੌਰ ਤੇ..!
ਪਰ ਬਹੁਤੇ ਨਹੀਂ ਜਾਣਦੇ ਕੇ ਵਾਹ ਦਸਮ ਪਿਤਾ ਵੇਲੇ ਦੇ ਓਹਨਾ ਬਾਈ ਧਾਰ ਦੀਆਂ ਅਗਲੀਆਂ ਨਸਲਾਂ ਨਾਲ ਪਿਆ ਜਿਹਨਾਂ ਆਟੇ ਦੀਆਂ ਗਊਆਂ ਘੱਲ ਸਹੁੰਆਂ ਖਾਦੀਆਂ ਸਨ ਕੇ ਅਨੰਦ ਪੁਰ ਕਿਲਾ ਖਾਲੀ ਕਰ ਦਿਓ..ਪਿੱਛੋਂ ਵਾਰ ਨਹੀਂ ਕਰਾਂਗੇ..ਫੇਰ ਚਮਕੌਰ ਦੀ ਗੜੀ ਦੇ ਘੇਰੇ ਤੀਕਰ ਦਿੱਲੀ ਤੋਂ ਆਇਆਂ ਨਾਲ ਮੋਢਾ ਡਾਹ ਕੇ ਲੜੇ ਸਨ..ਪੰਜ ਸਦੀਆਂ ਦਾ ਵੈਰ!
ਕੁਝ ਦਿਨ ਪਹਿਲੋਂ ਇੱਕ ਕਿੰਨੂੰ ਉਤਪਾਦਕ ਸੜਕ ਕੰਢੇ ਢੇਰੀ ਕਰ ਰਿਹਾ ਸੀ..ਪੁੱਛਿਆ ਇੰਝ ਕਿਓਂ?
ਆਖਦਾ ਥੋਕ ਤੇ ਕੋਈ ਦਸ ਰੁਪਈਏ ਕਿੱਲੋ ਵੀ ਨਹੀਂ ਚੁੱਕਦਾ..ਦਿਲ ਖੂਨ ਦੇ ਹੰਝੂ ਰੋਂਦਾ..ਸ਼ਰਮ ਵੱਖਰੀ ਆਉਂਦੀ..ਹੁਣ ਵਾਪਿਸ ਪਰਤ ਪੂਰੇ ਦਾ ਪੂਰਾ ਬਾਗ ਹੀ ਪੁੱਟ ਸੁੱਟਣਾ..ਪਾਕਿਸਤਾਨ ਨਾਲ ਸਿੱਧਾ ਵਿਓਪਾਰ ਨਹੀਂ ਕਰ ਸਕਦੇ..ਉਹ ਹੱਕ ਸਿਰਫ ਅੰਬਾਨੀ ਅਦਾਨੀ ਨੂੰ ਹੀ ਹੈ..ਇਥੇ ਲੋਕਲ ਵਿਓਪਾਰੀ ਕੋਈ ਹੱਥ ਪੱਲਾ ਨਹੀਂ ਫੜਾਉਂਦੇ..ਨੱਕ ਨਾਲ ਲਕੀਰਾਂ..ਹੱਥ ਜੋੜ ਕੇ ਵੀ ਵੇਖ ਲਏ..ਕੋਈ ਰੱਬ ਤਰਸੀ ਹੈਨੀ..!
ਲਹਿੰਦੇ ਦੀ ਗੱਲ ਚਲੀ..ਓਧਰ ਵੀ ਇਹੋ ਹਾਲ..ਜਿਸ ਰੋਗ ਨਾਲ ਮਰੀ ਸੀ ਬੱਕਰੀ..ਓਹੀ ਰੋਗ ਪਠੋਰੇ ਨੂੰ..ਓਥੇ ਮਚਿਆ ਸਿਆਸੀ ਘਮਾਸਾਨ..ਜਿਮੀਦਾਰ ਦਾ ਲੱਕ ਟੁੱਟ ਗਿਆ..ਬਿਜਲੀ ਦੇ ਬਿੱਲ..ਖਾਦਾਂ..ਯੂਰੀਆ..ਸੰਦ ਪੈੜਾ..ਸਭ ਕੁਝ ਅਸਮਾਨੀ ਚੜਿਆ..ਵਿਓਪਾਰੀ ਆੜਤੀ ਸਰਮਾਏਦਾਰ ਸਭ ਚੰਮ ਦੀਆਂ ਚਲਾਉਂਦੇ..ਜੇ ਐਤਕੀਂ ਮਕਈ ਘਰਾਂ ਵਿਚ ਸਟੋਰ ਕਰ ਲਈ ਤਾਂ ਆਖਦੇ ਲੈ ਆਵੋ ਜਿੰਨਾ ਆਖੋਗੇ ਓਨਾ ਰੇਟ ਦੇ ਦਿਆਂਗੇ..ਓਥੇ ਖੜੀ..ਅੱਗਿਓਂ ਪਰਨਾਲਾ ਓਥੇ ਦਾ ਓਥੇ..ਮਜਬੂਰਨ ਓਸੇ ਭਾ ਗੋਡੇ ਟੇਕਣੇ ਪਏ..!
ਪੰਜਾਬੀ ਬੋਲਣੀ ਗੁਨਾਹ ਬਣਾ ਦਿੱਤੀ..ਨਿੱਕੇ ਨਿੱਕੇ ਜਵਾਕ..ਪੰਜਾਬੀ ਵਿਚ ਕੋਈ ਗੱਲ ਪੁੱਛ ਲਵੋ..ਅੱਗੋਂ ਉਰਦੂ ਵਿਚ ਸ਼ੁਰੂ ਹੋ ਜਾਂਦੇ..ਸਕੂਲੇ ਦੱਸਿਆ ਜਾਂਦਾ ਪੰਜਾਬੀ ਜਾਹਿਲਾਂ ਦੀ ਬੋਲੀ..!
ਕਦੀ ਆਖਿਆ ਜਾਂਦਾ ਸੀ..ਉੱਤਮ ਖੇਤੀ..ਮੱਧਮ ਵਿਓਪਾਰ..ਨਖਿੱਦ ਚਾਕਰੀ..ਭੀਖ ਦਵਾਰ..ਪਰ ਅੱਜ ਓਹੋ ਖੇਤੀ ਨਖਿੱਦ ਚਾਕਰਾਂ ਦੀਆਂ ਬਰੂਹਾਂ ਤੇ ਪਈ ਮੱਥੇ ਰਗੜ ਰਹੀ ਏ..ਮਜਬੂਰ ਅਬਲਾ ਬੇਸਹਾਰਾ ਔਰਤ ਵਾਂਙ..ਜਿਸਦੀ ਅਸਮਤ ਕਿੰਨਿਆਂ ਨੇ ਤਾਰ ਤਾਰ ਕਰ ਛੱਡੀ..!
ਬੱਸ ਇੱਕੋ ਬਿੱਪਰਵਾਦੀ ਏਜੰਡਾ ਕੇ ਏਨਾ ਤੰਗ ਕਰੋ ਕੇ ਅੱਕ ਕੇ ਜਮੀਨ ਹੀ ਵੇਚ ਜਾਵਣ..ਫੇਰ ਚੰਮ ਦੀਆਂ ਚਲਾਈਏ..ਅੱਗੋਂ ਮਿਡਲ ਈਸਟ ਅਤੇ ਯੂਰੋਪ ਨਾਲ ਵਾਲੇ ਸੜਕੀ ਅਤੇ ਰੇਲ ਵਿਓਪਾਰ ਦੀ ਕਮਾਨ ਸਾਡੇ ਹੱਥ ਹੋਵੇ..ਇਹ ਅਤੇ ਇਹਨਾਂ ਦੇ ਬੱਚੇ ਘਸਿਆਰੇ ਬਣ ਹੋਟਲਾਂ ਮੂਹਰੇ ਖਲੋ ਸਾਨੂੰ ਲੰਘਦਿਆਂ ਆਉਂਦਿਆਂ ਨੂੰ ਸਲੂਟ ਮਾਰਨ..ਸ੍ਰ ਭਰਪੂਰ ਸਿੰਘ ਬਲਬੀਰ ਅਤੇ ਸਿਰਦਾਰ ਕਪੂਰ ਸਿੰਘ ਦੀਆਂ ਆਖੀਆਂ ਇੰਨ ਬਿੰਨ ਸੱਚੀਆਂ ਸਾਬਿਤ ਹੋ ਰਹੀਆਂ!
ਅਖੀਰ ਵਿਚ ਏਨਾ ਹੀ ਕੇ ਆਪਸੀ ਗੁੱਸੇ ਗਿਲੇ ਵਖਰੇਵੇਂ ਗਰਜਾਂ ਇੰਝ ਉਂਝ ਕਿੰਤੂ-ਪ੍ਰੰਤੂ ਪਾਸੇ ਰੱਖ ਕੇ ਸੱਚ ਦਾ ਸਾਥ ਦਿਓ..ਰਸੂਲ ਹਮਜਤੋਵ ਆਖਦਾ ਕੇ ਜੇ ਵਰਤਮਾਨ ਨੂੰ ਗੋਲੀਆਂ ਨਾਲ ਮਰਨ ਦਿਓਗੇ ਤਾਂ ਭਵਿੱਖ ਤੁਹਾਨੂੰ ਤੋਪਾਂ ਨਾਲ ਉਡਾਵੇਗਾ..!
ਇਹ ਸਾਥ ਬਹੁਤ ਹੀ ਜਰੂਰੀ ਹੈ ਕਿਓੰਕੇ ਅਜੋਕਾ ਮੁਲਖੀ ਨਿਜ਼ਾਮ..ਸ਼ੀਸ਼ੇ ਦੀ ਅਦਾਲਤ ਵਿਚ ਪੱਥਰ ਦੀ ਗਵਾਹੀ ਏ..ਇਥੇ ਕਾਤਿਲ ਹੀ ਲੁਟੇਰਾ ਏ ਤੇ ਕਾਤਿਲ ਹੀ ਸਿਪਾਹੀ ਏ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *