ਹਮਸਫਰ ਇੱਕ ਰਿਸ਼ਤਾ | hamsafar ikk rishta

ਮਨੁੱਖ ਸਮਾਜਿਕ ਪ੍ਰਾਣੀ ਹੋਣ ਕਰਕੇ ਰਿਸ਼ਤਿਆਂ ਨਾਲ ਜਕੜਿਆ ਰਹਿੰਦਾ ਹੈ। ਇਹ ਰਿਸ਼ਤੇ ਕਈ ਤਰ੍ਹਾਂ ਦੇ ਹੁੰਦੇ ਹਨ। ਕੁਝ ਖੂਨ ਦੇ ਰਿਸ਼ਤੇ ਹੁੰਦੇ ਹਨ ਕੁਝ ਮੋਹ ਦੇ ਤੇ ਕੁਝ ਰੂਹ ਦੇ ਰਿਸ਼ਤੇ ਹੁੰਦੇ ਹਨ। ਸਾਰੇ ਰਿਸ਼ਤਿਆਂ ਦਾ ਆਪਣਾ ਆਪਣਾ ਮਹੱਤਵ ਹੁੰਦਾ ਹੈ। ਇਹ੍ਹਨਾਂ ਵਿੱਚ ਹਮਸਫਰ ਦੇ ਰਿਸ਼ਤੇ ਦਾ ਫਲਸਫਾ ਸਭ ਤੋਂ ਵੱਖਰਾ ਹੈ। ਇਹ ਰਿਸ਼ਤਾ ਵਿਆਹ ਵਰਗੇ ਸਮਾਜਿਕ ਬੰਧਨ ਨਾਲ ਬਣਦਾ ਹੈ। ਦੋ ਸਰੀਰਾਂ ਤੇ ਦੋ ਰੂਹਾਂ ਦੇ ਇਸ ਮਿਲਣ ਨੂੰ ਸਮਾਜ ਵਿਆਹ ਦਾ ਨਾਮ ਦਿੰਦਾ ਹੈ। ਇਹ ਰਿਸ਼ਤੇ ਧੁਰੋਂ ਲਿਖੇ ਮੰਨੇ ਜਾਂਦੇ ਹਨ ਯ ਸੰਯੋਗ ਤੇ ਅਧਾਰਿਤ। ਇਸ ਰਿਸ਼ਤੇ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿ ਇਹ ਰਿਸ਼ਤਾ ਵੰਸ਼ ਚਲਾਉਣ ਤੇ ਔਲਾਦ ਪੈਦਾ ਕਰਨ ਲਈ ਤਾਂ ਹੁੰਦਾ ਹੀ ਹੈ ਇਸਦੇ ਨਾਲ ਇੱਥੇ ਦੋ ਅਜਨਬੀ ਰੂਹਾਂ ਦਾ ਮਿਲਣ ਵੀ ਹੁੰਦਾ ਹੈ ਤੇ ਸਰੀਰਕ ਮਿਲਣ ਵੀ। ਇੱਥੇ ਔਰਤ ਆਪਣਾ ਸਭ ਕੁਝ ਉਸ ਆਦਮੀ ਨੂੰ ਸੌਂਪ ਦਿੰਦੀ ਹੈ ਜੋ ਕੁਝ ਸਮਾਂ ਪਹਿਲਾਂ ਉਸ ਔਰਤ ਲਈ ਅਜਨਬੀ ਸੀ। ਪਰ ਵਿਆਹ ਦੇ ਬੰਧਨ ਕਾਰਨ ਇਸ ਸਮਰਪਣ ਨੂੰ ਸਮਾਜ ਨੇ ਆਪਣੀ ਮਾਨਤਾ ਦੇ ਦਿੱਤੀ ਹੁੰਦੀ ਹੈ। ਸਮਾਜਿਕ ਮਾਨਤਾ ਤੋਂ ਬਿਨਾਂ ਇਸ ਸਮਰਪਣ ਨੂੰ ਅਨੈਤਿਕ ਮੰਨਿਆ ਜਾਂਦਾ ਹੈ। ਫਿਰ ਉਹ ਦੋ ਅਜਨਬੀ ਵਿਆਹ ਦੇ ਬੰਧਨ ਤੋਂ ਬਾਅਦ ਇੱਕ ਆਜ਼ਾਦ ਯੂਨਿਟ ਬਣ ਜਾਂਦੇ ਹਨ। ਇਹ ਰਿਸ਼ਤਾ ਬਰੋਬਰਾਬਰ ਚਲਦੇ ਗੱਡੀ ਦੇ ਦੋ ਪਹੀਆਂ ਵਰਗਾ ਹੋ ਜਾਂਦਾ ਹੈ।
ਕੁਝ ਕੁ ਘਰਾਂ ਵਿਚਲੇ ਕੁੱਤ ਕਲੇਸ਼ ਨੂੰ ਛੱਡਕੇ ਇਹ ਇਨਸਾਨ ਦੇ ਰਿਸ਼ਤਿਆਂ ਵਿਚੋਂ ਇੱਕ ਉੱਤਮ ਰਿਸ਼ਤਾ ਹੈ। ਵੈਸੇ ਤਾਂ ਮੀਆਂ ਬੀਵੀ ਦੀ ਤਕਰਾਰ ਨੋਕ ਝੋਕ ਇਸ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਜੋ ਮਨੁੱਖਤਾ ਦੀ ਨਿੱਜੀ ਆਜ਼ਾਦੀ ਦਾ ਪ੍ਰਤੀਕ ਹੁੰਦੀ ਹੈ। ਬਚਪਣ ਤੋਂ ਬਾਅਦ ਜਵਾਨੀ ਦੇ ਦੌਰ ਚ ਇਹ ਰਿਸ਼ਤਾ ਬਣਦਾ ਹੈ ਯ ਬਣਾਇਆ ਜਾਂਦਾ ਹੈ। ਉਸ ਸਮੇਂ ਇਸ ਰਿਸ਼ਤੇ ਦਾ ਮਕਸਦ ਇੱਕ ਨਵੇਂ ਪਰਿਵਾਰ ਦੀ ਸ਼ੁਰੁਆਤ ਕਰਨਾ ਹੁੰਦਾ ਹੈ। ਉਮਰ ਦੇ ਇਸ ਸ਼ੁਰੂਆਤੀ ਪੜਾਅ ਚ ਸਰੀਰਕ ਭੁੱਖ ਦੀ ਤ੍ਰਿਪਤੀ ਹੋਣ ਕਰਕੇ ਇਹ ਰਿਸ਼ਤਾ ਹੋਰ ਵੀ ਚੰਗਾ ਲੱਗਦਾ ਹੈ। ਫਿਰ ਇਹ ਰਿਸ਼ਤਾ ਔਲਾਦ ਦੇ ਮੋਹ ਕਾਰਨ ਉਸ ਪੰਜਾਲੀ ਵਾੰਗੂ ਹੋ ਜਾਂਦਾ ਹੈ ਜੋ ਬੱਚਿਆਂ ਦੀ ਪਰਵਰਿਸ਼ ਤੇ ਭਵਿੱਖ ਦੇ ਮਕਸਦ ਨੂੰ ਮੁੱਖ ਰੱਖਕੇ ਮੀਆਂ ਬੀਵੀ ਨੂੰ ਨਾਲ ਨਾਲ ਚੱਲਣ ਲਈ ਉਤਸ਼ਾਹਿਤ ਕਰਦਾ ਹੈ। ਪਰਿਵਾਰਿਕ ਜ਼ਿੰਮੇਵਾਰੀਆਂ ਤੋਂ ਫਾਰਿਗ ਹੋਕੇ ਵੀ ਇਸ ਰਿਸ਼ਤੇ ਦੀ ਸਾਂਝ ਉਸੇ ਤਰ੍ਹਾਂ ਰਹਿੰਦੀ ਹੈ। ਕਦੇ ਕਦੇ ਕਿਸੇ ਜੋੜੇ ਨੂੰ ਵੇਖਕੇ ਇਹ ਨਹੀਂ ਲੱਗਦਾ ਕਿ ਇਹ ਦੋ ਅਲਗ ਅਲਗ ਰੂਹਾਂ ਹੋਣ। ਇੱਕ ਦੂਜੇ ਪ੍ਰਤੀ ਪ੍ਰੇਮ ਪਿਆਰ ਵਿਸ਼ਵਾਸ ਨਾਲ ਦੋ ਜਿਸਮਾਂ ਵਿੱਚ ਇੱਕ ਰੂਹ ਨਿਵਾਸ ਕਰਦੀ ਲੱਗਦੀ ਹੈ। ਬਥੇਰੇ ਜੋੜੇ ਹਨ ਜਿਹੜੇ ਅਵਿਸ਼ਵਾਸ ਕਰਦੇ ਹਨ ਇੱਕ ਦੂਜੇ ਦੀ ਕੁੱਟਮਾਰ, ਝਾੜ ਝੰਬ ਤੋਂ ਇਲਾਵਾ ਦਗਾ ਕਮਾਉਂਦੇ ਹਨ ਉਹ ਵੱਖਰੇ ਕੇਸ ਹੁੰਦੇ ਹਨ। ਪਰ ਦੋ ਜੀਆਂ ਦੇ ਸਮਰਪਣ ਅੱਗੇ ਉਹ ਕੁਝ ਵੀ ਨਹੀਂ ਹੁੰਦੇ। ਅਸਲ ਗੱਲ ਤਾਂ ਇਹ ਹੈ ਕਿ ਮੀਆਂ ਬੀਵੀ ਦਾ ਆਪਸੀ ਸਬੰਧ ਦਿਨੋਂ ਦਿਨ ਨਿਖਰਦਾ ਹੀ ਆਉਂਦਾ ਹੈ। ਲੰਮੇ ਸਮੇਂ ਦਾ ਸਾਥ ਇਹ੍ਹਨਾਂ ਨੂੰ ਦੂਰ ਨਹੀਂ ਕਰਦਾ ਸਗੋਂ ਹੋਰ ਵੀ ਨਜ਼ਦੀਕ ਲਿਆਉਂਦਾ ਹੈ। ਫਿਰ ਬੁਢਾਪੇ ਦੇ ਉਸ ਦੌਰ ਵਿੱਚ ਆਪਸੀ ਕਿਚ ਕਿਚ ਵੀ ਚੰਗੀ ਲਗਦੀ ਹੈ। ਇਕ ਦੀ ਕਹੀ ਕੌੜੀ ਗੱਲ ਨੂੰ ਵੀ ਦੂਜਾ ਪੱਖ ਹੱਸਕੇ ਟਾਲ ਦਿੰਦਾ ਹੈ। ਸਾਰੀ ਉਮਰ ਆਪਣੀ ਬੀਵੀ ਦੀ ਪਰਵਾਹ ਨਾ ਕਰਨ ਵਾਲਾ ਪਤੀ ਵੀ ਪਤਨੀ ਦੀ ਨਿੱਕੀ ਨਿੱਕੀ ਗੱਲ ਦੀ ਚਿੰਤਾ ਕਰਦਾ ਹੈ। ਤੇ ਸਾਰਾ ਦਿਨ ਕੁੜ ਕੁੜ ਕਰਨ ਵਾਲੀ ਪਤਨੀ ਆਪਣੇ ਪਤੀ ਦੀ ਇੱਕ ਮਾਂ ਵਾੰਗੂ ਸੇਵਾ ਕਰਦੀ ਹੈ। ਨਰਸ ਵਾੰਗੂ ਖਿਆਲ ਰੱਖਦੀ ਹੈ। ਭਾਵੇਂ ਇਸ ਉਮਰ ਵਿੱਚ ਸਰੀਰਕ ਭੁੱਖ ਯ ਸਰੀਰਕ ਸੁੱਖ ਕੋਈਂ ਮੁੱਦਾ ਨਹੀਂ ਹੁੰਦਾ। ਸਿਰਫ ਸਾਥ ਤੇ ਸਾਥੀ ਦਾ ਮਸਲਾ ਹੁੰਦਾ ਹੈ। ਪਤੀ ਪਤਨੀ ਬੁਢਾਪੇ ਵਿੱਚ ਆਕੇ ਅਸਲ ਜੀਵਨ ਸਾਥੀ ਬਣਦੇ ਹਨ। ਸਾਰੀ ਉਮਰ ਦੇ ਹਮਸਫਰ ਬਣਦੇ ਹਨ। ਲੋਕ ਭਰੀ ਜਵਾਨੀ ਚ ਹੋਏ ਵਿਛੋੜੇ ਨੂੰ ਕਹਿਰ ਮੰਨਦੇ ਹਨ ਪਰ ਅਸਲ ਕਹਿਰ ਬੁਢਾਪੇ ਦਾ ਵਿਛੋੜਾ ਹੁੰਦਾ ਹੈ। ਇੱਕ ਦੂਜੇ ਬਿਨ ਅਧੂਰਾ ਉਮਰ ਦੇ ਇਸ ਪੜਾਅ ਦਾ ਵਿਛੋੜਾ ਹੀ ਹੁੰਦਾ ਹੈ। ਇਹ ਉਮਰ ਇੱਕ ਦੂਜੇ ਨੂੰ ਕਹਿਣ ਤੇ ਸੁਣਨ ਦੀ ਹੁੰਦੀ ਹੈ। ਇਸ ਉਮਰੇ ਔਲਾਦ ਵੀ ਬੇਗਰਜ ਹੋ ਜਾਂਦੀ ਹੈ ਉਹ ਚਾਹੁੰਦੀ ਹੋਈ ਵੀ ਉਹ ਖਿਆਲ ਨਹੀਂ ਰੱਖ ਸਕਦੀ ਜੋ ਜੀਵਨ ਸਾਥੀ ਰੱਖ ਸਕਦੇ ਹਨ।
ਰਿਸ਼ਤਿਆਂ ਦੀ ਇਸ ਦੁਨੀਆਂ ਵਿੱਚ ਖੂਨ ਦੇ ਰਿਸ਼ਤੇ ਤੇ ਆਪਣੇ ਖੂਨ ਨਾਲੋਂ ਬੇਗਾਨੇ ਖੂਨ ਨਾਲ ਜੁੜਿਆ ਹਮਸਫਰ ਦੇ ਰਿਸ਼ਤੇ ਦੀ ਅਹਿਮੀਅਤ ਦਾ ਅਹਿਸਾਸ ਕਿਸੇ ਇੱਕ ਦੇ ਜਾਣ ਤੋਂ ਬਾਅਦ ਹੁੰਦਾ ਹੈ। ਆਪਣੇ ਜੀਵਨ ਸਾਥੀ ਦੀ ਘਾਟ ਨੂੰ ਉਹ ਹੀ ਜਾਣਦਾ ਹੈ ਜਿਸਨੇ ਇਹ ਕਮੀ ਆਪਣੇ ਹੱਡਾਂ ਤੇ ਹੰਢਾਈ ਹੋਵੇ ਯ ਖੁਦ ਭੋਗੀ ਹੋਵੇ। ਇਹ ਪੂਰੀ ਤਰ੍ਹਾਂ ਤਾਂ ਲਿਖ ਬੋਲ ਕੇ ਬਿਆਨ ਵੀ ਨਹੀਂ ਕੀਤੀ ਜਾ ਸਕਦੀ। ਇਸ ਦਰਦ ਨੂੰ ਤਾਜਮਹਿਲ ਬਣਾਕੇ ਯ ਕਿਤਾਬ ਲਿਖਕੇ ਵਾਹ ਵਾਹ ਤਾਂ ਖੱਟੀ ਜਾ ਸਕਦੀ ਹੈ ਪਰ ਅਸਲ ਦਰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *