ਮਿੰਨੀ ਕਹਾਣੀ – ਭੁੱਖ ਬਾਰੇ ਗਿਆਨ | bhukh bare gyaan

ਮੇਰੇ ਪਿੰਡ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਭਗਤ ਰਵੀਦਾਸ ਜੀ ਦਾ ਸਲਾਨਾ ਪ੍ਰੋਗਰਾਮ ਚੱਲ ਰਿਹਾ ਸੀ । ਧਰਮਸ਼ਾਲਾ ਦੇ ਨਾਲ ਲੱਗੇ ਪੰਡਾਲ ਵਿੱਚ ਲੋਕ ਬਹੁਤ ਹੀ ਵੱਡੀ ਗਿਣਤੀ ‘ਚ ਪਹੁੰਚ ਚੁੱਕੇ ਸੀ । ਛੋਟੇ-ਛੋਟੇ ਬੱਚਿਆਂ ਦੇ ਚਹਿਰਆਂ ‘ਤੇ ਖੁਸ਼ੀ ਝਲਕ ਰਹੀ ਸੀ । ਉਹ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਛਕਣ ਲਈ ਬਹੁਤ ਹੀ ਉਤਾਵਲੇ ਸਨ ।ਉਹਨਾਂ ਦੇ ਚਿਹਰੇ ਉਸ ਟਾਈਮ ਮੁਰਝਾ ਗਏ , ਜਦੋਂ ਪ੍ਰਬੰਧਕਾਂ ਨੇ ਕਿਹਾ ਕਿ ਅਜੇ ਟਾਈਮ ਲੱਗੇਗਾ , ਲੰਗਰ ਦਾ ਉਦਘਾਟਨ ਕਰਨ ਵਾਲਾ ਮੰਤਰੀ ਨਹੀਂ ਪਹੁੰਚਿਆ ।
ਹੁਣ ਪੰਡਾਲ ਵਿੱਚ ਹਿੱਲ- ਜੁਲ ਹੋਣੀ ਸ਼ੁਰੂ ਹੋ ਚੁੱਕੀ ਸੀ । ਸਾਰੇ ਆਪੋ ਆਪਣੇ ਸੁਝਾਅ ਦੇ ਰਹੇ ਸਨ । ਹਿੰਮਤ ਕਰਕੇ ਮੀਤ ਨੇ ਪੰਡਾਲ ਵਿੱਚ ਜਾ ਕੇ ਪ੍ਰਬੰਧਕਾਂ ਨੂੰ ਕਿਹਾ ਕਿ ਉਦਘਾਟਨ ਲਈ ਕਿਸੇ ਗਰੀਬ ਆਦਮੀ ਨੂੰ ਕਹਿਣਾ ਸੀ , ਜਿਸ ਨੂੰ ਲੰਗਰ ਦਾ ਅਹਿਸਾਸ ਅਤੇ ਭੁੱਖ ਗਿਆਨ ਹੋਵੇ । ਜਿਸਨੇ ਕਦੇ ਚਲਦੇ ਲੰਗਰ ਵਿੱਚ ਬੈਠ ਕੇ ਪ੍ਰਸ਼ਾਦਾ ਨਹੀਂ ਛਕਿਆ ਉਸ ਨੂੰ ਕੀ ਪਤਾ ਹੈ ,ਲੰਗਰ ਨਿਸ਼ਚਤ ਟਾਈਮ ‘ਤੇ ਸ਼ੁਰੂ ਹੋਣਾ ਚਾਹੀਦਾ ਹੈ ਕਿ ਨਹੀਂ ? ਸਾਰੇ ਉਸਦੇ ਮੂੰਹ ਵੱਲ ਵੇਖਣ ਲੱਗੇ ।ਮੀਤ ਜਾ ਕੇ ਆਪਣੇ ਹੀ ਪਿੰਡ ਦੇ ਇੱਕ ਸੱਚੇ ਇਮਾਨਦਾਰ ਅਤੇ ਗਰੀਬ ਬਜ਼ੁਰਗ ਨੂੰ ਲਾ ਕੇ ਆਇਆ ਅਤੇ ਉਦਘਾਟਨ ਕਰਵਾ ਦਿੱਤਾ । ਪੰਡਾਲ ਵਿੱਚ ਬੈਠੀਆਂ ਮਹਾਨ ਹਸਤੀਆਂ ਮੰਤਰੀ ਨੂੰ ਲੰਗਰ ਦੇ ਉਦਘਾਟਨ ਵਾਸਤੇ ਉਡੀਕਦੀਆਂ ਹੀ ਰਹਿ ਗਈਆਂ ।
ਹਾਕਮ ਸਿੰਘ ਮੀਤ ਬੌਂਦਲੀ
ਮੰਡੀ ਗੋਬਿੰਦਗੜ੍ਹ
8288047637

Leave a Reply

Your email address will not be published. Required fields are marked *