ਭਾਗਾਂ ਵਾਲੀ – ਭਾਗ 1 | bhaaga wali

ਭਾਗਾਂ ਵਾਲੀ 1/ਕੁੱਲ ਭਾਗ 3
“ਮਾਂ ਕਿੰਨੀ ਵਾਰ ਕਿਹਾ ਹੈ। ਮੇਰੇ ਡੱਬੇ ਵਿਚ ਮੈਨੂੰ ਸਬਜੀ ਚਾਹੀਦੀ ਹੈ। ਕਿਉ ਨਹੀ ਰੱਖੀ…ਮੇਰੇ ਤੋਂ ਨਹੀਂ ਰੋਜ਼ ਰੋਜ਼ ਅਚਾਰ ਨਾਲ ਖਾਧੀ ਜਾਂਦੀ। ਨਾਲ ਦੇ ਮੁੰਡੇ ਮੇਰਾ ਮਜਾਕ ਉਡਾਉਂਦੇ ਹਨ।” ਮਨਜੀਤ ਨੇ ਸਕੂਲੋ ਆਉਂਦੇ ਹੀ ਆਪਣਾ ਬਸਤਾ ਇਕ ਪਾਸੇ ਸੁੱਟਦੇ ਹੋਏ ਕਿਹਾ।

“ਪੁੱਤ ਚਾਰ ਦਿਨ ਹੋਗੇ,ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲੀ। ਫਿਰ ਕਿੱਥੋਂ ਸਬਜੀ ਲੈ ਕੇ ਆਉਂਦਾ। ਆਜਾ ਆਹ ਦੇਖ ਮੈ ਅੱਜ ਚਟਨੀ ਬਣਾਈ ਹੈ। ਗਰਮ ਗਰਮ ਫੁਲਕੇ ਲਾਹ ਦਿੰਦੀ। ਆਜਾ ਖਾ ਲੈ।” ਚਰਨ ਕੌਰ ਨੇ ਪੁੱਤ ਨੂੰ ਪਿਆਰ ਨਾਲ ਕਿਹਾ

“ਮੈਂ ਨਹੀਂ ਖਾਣੀ ਚਟਨੀ ਚੁਟਣੀ…।” ਮਨਜੀਤ ਘਰੋਂ ਬਾਹਰ ਨਿਕਲ ਗਿਆ।

ਚਰਨ ਕੌਰ ਵਾਜਾਂ ਮਾਰਦੀ ਰਹਿ ਗਈ। ਪਰ ਮਨਜੀਤ ਨਾ ਰੁਕਿਆ। ਫਿਰ ਸਿਰ ਫੜ ਕੇ ਮੰਜੇ ਤੇ ਬਹਿ ਗਈ।

“ਕੀ ਹੋਇਆ ਮਾਂ? ਇੰਝ ਕਿਉ ਬੈਠੀ ਹੈ? ਸਕੂਲ ਤੋਂ ਪਰਤੀ ਮਨਜੀਤ ਦੀ ਛੋਟੀ ਭੈਣ ਸਰਬ ਨੇ ਪੁੱਛਿਆ

“ਹੋਣਾ ਕੀ ਹੈ ਪੁੱਤ, ਤੇਰੇ ਬਾਪੂ ਨੂੰ ਦਿਹਾੜੀ ਨਹੀਂ ਮਿਲਦੀ ਤੇ ਮਨਜੀਤ ਨੂੰ ਰੋਜ਼ ਸਬਜੀ ਚਾਹੀਦੀ ਹੈ। ਅੱਜ ਸਕੂਲ ਵੀ ਨਹੀਂ ਖਾ ਕੇ ਆਇਆ। ਹੁਣ ਵੀ ਨਹੀਂ ਖਾਧੀ। ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਜਿੱਦੀ ਹੋਈ ਜਾਂਦਾ। ਜਵਾਨੀ ਵਿਚ ਪੈਰ ਰੱਖਣ ਡਿਹਾ ਹੈ ਪਰ ਮਾਂ ਬਾਪ ਦੀਆਂ ਮਜ਼ਬੂਰੀਆਂ ਨਹੀਂ ਸਮਝਦਾ। ਇੰਝ ਕਰਦਾ ਜਿਵੇਂ ਇਹਦਾ ਬਾਪੂ ਕਿਸੇ ਦਫ਼ਤਰ ਵਿਚ ਬਾਬੂ ਲੱਗਾ ਹੋਇਆ।” ਚਰਨ ਕੌਰ ਆਪਣੇ ਹੰਝੂ ਡੱਕਦੀ ਹੋਈ ਬੋਲੀ।

“ਮਾਂ ਇਹ ਲੈ ਸ਼ਲਗਮ ਤੇ ਵੀਰੇ ਲਈ ਸਬਜੀ ਬਣਾ ਦੇ।” ਸਰਬ ਨੇ ਆਪਣੇ ਬਸਤੇ ਵਿੱਚੋ ਸ਼ਲਗਮ ਕੱਢਦੇ ਹੋਏ ਕਿਹਾ

“ਤੂੰ ਇਹ ਕਿੱਥੋਂ ਲਏ, ਚੋਰੀ ਤਾਂ ਨਹੀਂ ਕੀਤੀ? ਚਰਨ ਕੌਰ ਨੇ ਸਰਬ ਨੂੰ ਗੁੱਸੇ ਨਾਲ ਪੁੱਛਿਆ।

“ਨਹੀਂ ਮਾਂ…ਸੀਤੋ ਚਾਚੀ ਮਿਲੀ ਸੀ। ਉਹਨਾਂ ਨੇ ਘਰ ਦੇ ਪਿਛਵਾੜੇ ਲਗਾਏ ਨੇ। ਕਹਿੰਦੀ ਸੀ ਬਹੁਤ ਹੋ ਗਏ। ਮੈਂ ਲੰਘੀ ਤਾਂ ਮੈਨੂੰ ਦੇ ਦਿੱਤੇ।”

“ਅੱਛਾ …ਰੱਬ ਭਾਗ ਲਾਵੇ ਸੀਤੋ ਨੂੰ… ਕਿੰਨਾ ਸੋਚਦੀ ਹੈ ਸਾਡਾ। ਚਲ ਜਾ ਬੁਲਾ ਲਿਆ ਵੀਰੇ ਨੂੰ, ਮੈ ਬਣਾਉਂਦੀ ਹਾਂ ਰੋਟੀ ਸਬਜੀ।”

ਭਾਗਾਂ ਮਨਜੀਤ ਨੂੰ ਲੱਭਣ ਤੁਰ ਪਈ। ਕਿੰਨਾ ਭਾਲਣ ਦੇ ਬਾਅਦ ਉਹ ਮਿਲਿਆ। ਫਿਰ ਘਰ ਆਉਣ ਨੂੰ ਰਾਜੀ ਨਹੀਂ ਸੀ। ਪਰ ਸਰਬ ਨੇ ਮਨਾ ਹੀ ਲਿਆ। ਦੋਨੋ ਭੈਣ ਭਰਾ ਖੁਸ਼ੀ ਖੁਸ਼ੀ ਘਰ ਆ ਗਏ।

ਭਾਗਾਂ (ਸਰਬ) ਹੈ ਹੀ ਐਸੀ ਸੀ…ਜਿਸ ਨੂੰ ਪਿਆਰ ਨਾਲ ਜਾਂ ਹੱਕ ਨਾਲ ਕੁਛ ਕਹਿੰਦੀ ਅਗਲਾ ਝੱਟ ਉਸਦੀ ਗੱਲ ਮੰਨ ਲੈਂਦਾ।

ਮਾਂ ਨੇ ਤਾਂ ਉਸਦਾ ਨਾਮ ਸਰਬਜੋਤ ਰੱਖਿਆ ਸੀ। ਪਰ ਦਾਦੀ ਉਸਨੂੰ ਭਾਗਾਂ ਵਾਲੀ ਕਹਿੰਦੀ। ਕਿਉਕਿ ਜਿਸ ਦਿਨ ਭਾਗਾਂ ਜੰਮੀ ਸੀ। ਉਸ ਦਿਨ ਜਿੰਮੇਵਾਰੀਆਂ ਤੋਂ ਭੱਜਿਆ ਗੁਰਮੇਲ ਘਰ ਮੁੜ ਆਇਆ ਸੀ।

ਘਰ ਵਿਚ ਗੁਰਮੇਲ, ਚਰਨ ਕੌਰ ਮਨਜੀਤ ਤੋਂ ਇਲਾਵਾ ਭਾਗਾਂ ਦੇ ਦਾਦੀ ਦਾਦਾ ਤੇ ਇਕ ਤਾਇਆ ਸੀ। ਕਮਾਉਣ ਵਾਲਾ ਸਿਰਫ ਗੁਰਮੇਲ ਸੀ। ਤਾਇਆ ਸਿਰਫ ਆਪਣੇ ਜੋਗਾ ਕਮਾ ਕੇ ਆਪ ਹੀ ਖਾ ਜਾਂਦਾ। ਭਾਵੇ ਘਰ ਵਿਚ ਬਹੁਤ ਨਹੀਂ ਸੀ। ਫਿਰ ਵੀ ਸਾਰਾ ਟੱਬਰ ਦੋ ਵਕਤ ਦੀ ਸੋਹਣੀ ਰੋਟੀ ਖਾਂਦਾ ਸੀ। ਓਦੋਂ ਲਗਾਤਾਰ ਦਿਹਾੜੀ ਮਿਲਦੀ ਰਹਿੰਦੀ ਸੀ। ਪਰ ਹੁਣ ਪ੍ਰਵਾਸੀ ਮਜਦੂਰਾਂ ਦੇ ਆਉਣ ਕਰਕੇ…ਕਦੀ ਇਕ ਦਿਨ ਮਿਲਦੀ..ਚਾਰ ਦਿਨ ਨਾਗਾ। ਪ੍ਰਵਾਸੀ ਮਜ਼ਦੂਰ ਘੱਟ ਪੈਸੇ ਤੇ ਦਿਹਾੜੀ ਲਗਾ ਦਿੰਦੇ ਸਨ। ਕੰਮ ਵਾਲੇ ਨੇ ਆਪਣਾ ਖਰਚਾ ਦੇਖਣਾ ਹੁੰਦਾ। ਸਭ ਘੱਟ ਖਰਚੇ ਵਿਚ ਕੰਮ ਕਰਾਉਣਾ ਚਾਹੁੰਦੇ ਸਨ। ਗੁਰਮੇਲ ਦੀ ਕਮਾਈ ਵਿਚ ਬਹੁਤ ਫਰਕ ਪੈ ਗਿਆ। ਖਰਚੇ ਓਨੇ ਹੀ ਸਨ।ਫਿਰ ਜਦੋਂ ਦੂਜੀ ਵਾਰ ਚਰਨ ਕੌਰ ਨੂੰ ਦਿਨ ਚੜੇ ਤਾਂ ਸ਼ੁਰੂ ਦੇ ਮਹੀਨਿਆ ਵਿਚ ਉਸਦੀ ਤਬੀਅਤ ਖਰਾਬ ਹੋਣ ਕਰਕੇ ਡਾਕਟਰੀ ਖਰਚੇ ਹੋ ਵੱਧ ਗਏ। ਪਿਓ ਦਾ ਇਲਾਜ ਤਾਂ ਪਹਿਲਾਂ ਹੀ ਚਲਦਾ ਸੀ। ਖਰਚੇ ਵਧੇ ਪਰ ਕੰਮ ਮਿਲ ਨਹੀਂ ਰਿਹਾ ਸੀ। ਇਹਨਾਂ ਸਭ ਤੋਂ ਪ੍ਰੇਸ਼ਾਨ ਹੋ ਕੇ ਇਕ ਦਿਨ ਗੁਰਮੇਲ ਕਿਤੇ ਚਲਾ ਗਿਆ। ਸਾਰਾ ਟੱਬਰ ਜਿਵੇਂ ਅਨਾਥ ਹੋ ਗਿਆ। ਗੁਰਮੇਲ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ। ਪੁਲਿਸ ਵਿਚ ਰਿਪੋਰਟ ਵੀ ਲਿਖਵਾਈ। ਪਰ ਕੁਛ ਹੱਥ ਪੱਲੇ ਨਹੀ ਆਇਆਂ। ਫਿਰ ਸਭ ਥੱਕ ਹਾਰ ਕੇ ਬੈਠ ਗਏ। ਇਸੇ ਗਮ ਵਿਚ ਉਸਦਾ ਪਿਓ ਵੀ ਚਲ ਵੱਸਿਆ। ਚਰਨ ਕੌਰ ਪਰਿਵਾਰ ਪਾਲਣ ਲਈ ਸੀਤੋ ਦੀ ਮਦਦ ਨਾਲ ਮਸ਼ੀਨ ਖਰੀਦ ਲਈ। ਚਰਨ ਕੌਰ ਵੀ ਕਿੰਨਾ ਕਰਦੀ। ਢਿੱਡ ਵਿੱਚ ਬੱਚਾ ਲੈ ਕੇ ਕਿੰਨਾ ਕ ਕੰਮ ਕਰ ਸਕਦੀ ਸੀ। ਫਿਰ ਵੀ ਜਿੰਨਾ ਹੋ ਸਕਿਆ ਕਰਦੀ ਰਹੀ। ਸਭ ਰੁੱਖੀ ਮਿੱਸੀ ਖਾਂਦੇ ਰਹੇ। ਥੋੜੀ ਬਹੁਤ ਮਦਦ ਸੀਤੋ ਕਰ ਦਿੰਦੀ। ਬਾਕੀ ਵਾਹਿਗੁਰੂ ਦਾ ਹੀ ਓਟ ਆਸਰਾ ਸੀ। ਕਦੇ ਕਦੇ ਭੁੱਖੇ ਵੀ ਸੌਣਾ ਪੈਂਦਾ ਸੀ।

ਅਖੀਰ ਸਮਾਂ ਆਉਣ ਤੇ ਭਾਗਾਂ ਦਾ ਜਨਮ ਹੋਇਆ। ਤੇ ਓਸੇ ਦਿਨ ਗੁਰਮੇਲ ਵਾਪਸ ਆ ਗਿਆ। ਦਾਦੀ ਨੇ ਕਿਹਾ…ਮੇਰੀ ਪੋਤੀ ਬਹੁਤ ਭਾਗਾਂ ਵਾਲੀ ਹੈ। ਜਿਹੜੀ ਪਿਉ ਨੂੰ ਮੋੜ ਲਿਆਈ। ਭਾਵੇ ਚਰਨ ਕੌਰ ਨੇ ਆਪਣੀ ਧੀ ਦਾ ਨਾਮ ਸਰਬਜੋਤ ਰੱਖਿਆ ਸੀ। ਪਰ ਉਸਦੀ ਸੱਸ ਨੇ ਇਹ ਨਾਮ ਕਦੀ ਨਹੀਂ ਲਿਆ। ਸਗੋਂ ਚਰਨ ਕੌਰ ਵੀ ਕਦੇ ਕਦੇ ਭਾਗਾਂ ਕਹਿ ਕੇ ਹੀ ਬੁਲਾ ਲੈਂਦੀ ਸੀ।
ਸਰਬ ਆਪਣੇ ਪਿਉ ਨੂੰ ਵੀ ਮੋੜ ਲਿਆਈ ਸੀ। ਤੇ ਨਾਲ ਨਾਲ ਇਸ ਘਰ ਦੀਆਂ ਖੁਸ਼ੀਆਂ ਵੀ। ਕਿਉਕਿ ਗੁਰਮੇਲ ਨੂੰ ਇਕ ਪੂਰੀ ਕੋਠੀ ਬਣਾਉਣ ਦਾ ਠੇਕਾ ਮਿਲ ਗਿਆ ਸੀ। ਲਗਭਗ ਦੋ ਸਾਲ ਦਾ ਕੰਮ ਸੀ। ਹੁਣ ਦੋ ਸਾਲ ਲਈ ਦਿਹਾੜੀ ਲੱਭਣ ਦੀ ਲੋੜ ਨਹੀਂ ਸੀ। ਸਭ ਵਧੀਆ ਚਲ ਰਿਹਾ ਸੀ। ਚਰਨ ਕੌਰ ਲੋੜ ਦਾ ਹੀ ਖਰਚ ਕਰਦੀ। ਕੁਛ ਨਾ ਕੁਛ ਬਚਾਉਂਦੀ ਰਹਿੰਦੀ। ਧੀ ਦਾ ਜਨਮ ਜਿਉਂ ਹੋਇਆ ਸੀ। ਮਾਂ ਨੂੰ ਫ਼ਿਕਰ ਤਾਂ ਹੋਣੀ ਹੀ ਸੀ। ਦੋ ਸਾਲ ਵੀ ਖੰਭ ਲਾ ਉੱਡ ਗਏ। ਇਹਨਾਂ ਦੋ ਸਾਲਾਂ ਵਿਚ ਭਾਗਾਂ ਦੀ ਦਾਦੀ ਵੀ ਸਾਥ ਛੱਡ ਗਈ। ਫਿਰ ਅਗਲੇ ਸਾਲ ਤਾਇਆ ਵੀ ਬਹੁਤ ਸ਼ਰਾਬ ਪੀਣ ਕਰਕੇ ਚਲ ਵੱਸਿਆ। ਇਕ ਕੋਠੀ ਦਾ ਕੰਮ ਮੁੱਕ ਗਿਆ। ਦੂਜੀ ਦਾ ਹੋਰ ਮਿਲ ਗਿਆ। ਇੰਝ ਹੀ ਕੰਮ ਚਲਦਾ ਰਿਹਾ।
ਪਰ ਪਿਛਲੇ ਸਾਲ ਤੋਂ ਗੁਰਮੇਲ ਨੂੰ ਕੋਈ ਪੱਕਾ ਕੰਮ ਨਹੀਂ ਮਿਲ ਰਿਹਾ ਸੀ। ਦਿਹਾੜੀ ਵੀ ਕਦੀ ਕਦੀ ਮਿਲਦੀ। ਘਰੋਂ ਕੱਢ ਕੇ ਵੀ ਕਿੰਨਾ ਖਾਣਾ ਸੀ। ਜੁੜੇ ਹੋਏ ਪੈਸੇ ਖਰਚ ਹੋਣ ਲੱਗੇ। ਚਰਨ ਕੌਰ ਥੋੜਾ ਖਾ ਕੇ ਗੁਜਾਰਾ ਕਰਨ ਵਾਲੀ ਔਰਤ ਸੀ। ਉਸਨੇ ਭਾਗਾਂ ਲਈ ਰੱਖੇ ਪੈਸੇ ਛੇੜੇ ਤੱਕ ਨਹੀਂ। ਭਾਗਾਂ ਹੁਣ ਚੌਦਵੇਂ ਸਾਲ ਵਿਚ ਸੀ। ਚਰਨ ਕੌਰ ਨੇ ਇਹ ਪੈਸੇ ਉਸਦੇ ਵਿਆਹ ਲਈ ਰੱਖੇ ਸਨ। ਲਗਭਗ 25 ਹਜਾਰ ਰੁਪਿਆ ਸੀ। ਜੋ ਉਸਨੇ ਪੈਸਾ ਪੈਸਾ ਕਰਕੇ ਜੋੜਿਆ ਸੀ। ਚਰਨ ਕੌਰ ਨੇ ਸੀਤੋ ਨਾਲ ਜਾ ਕੇ ਇਹ ਪੈਸੇ ਬੈਂਕ ਵਿਚ ਜਮਾਂ ਕਰਵਾ ਦਿੱਤੇ। ਘਰ ਵਿਚ ਤੰਗੀ ਸੀ…ਫਿਰ ਵੀ ਚਲ ਰਿਹਾ ਸੀ। ਪਰ ਮਨਜੀਤ ਦਾ ਬਦਲਦਾ ਰਵਈਆ… ਹਰ ਰੋਜ ਕੋਈ ਨਾ ਕੋਈ ਨਵਾਂ ਪੰਗਾ ਖੜਾ ਕਰ ਦਿੰਦਾ ਸੀ। ਉਸਦੀ ਉਠਣੀ ਬੈਠਣੀ ਉੱਚੇ ਘਰਾਂ ਦੇ ਮੁੰਡਿਆ ਨਾਲ ਹੋ ਰਹੀ ਸੀ। ਜਿਸ ਕਰਕੇ ਚਰਨ ਤੇ ਗੁਰਮੇਲ ਦੋਨੋ ਪ੍ਰੇਸ਼ਾਨ ਰਹਿੰਦੇ ਸਨ। ਹੁਣ ਉਸਦਾ ਧਿਆਨ ਪੜ੍ਹਾਈ ਵੱਲ ਵੀ ਨਹੀਂ ਸੀ। ਸਕੂਲ ਤੋਂ ਆ ਕੇ ਬਾਹਰ ਚਲਾ ਜਾਂਦਾ ਫਿਰ ਸ਼ਾਮ ਪਈ ਤੇ ਮੁੜਦਾ ਸੀ। ਚਰਨ ਕੌਰ ਦੀ ਤਾਂ ਕਦੇ ਕੋਈ ਗੱਲ ਸੁਣ ਨੂੰ ਤਿਆਰ ਹੀ ਨਹੀਂ ਸੀ। ਅੱਗੋ ਉਲਟੇ ਜਵਾਬ ਦਿੰਦਾ ਸੀ। ਹਾਂ ਗੁਰਮੇਲ ਤੋਂ ਥੋੜਾ ਜਿਹਾ ਡਰਦਾ ਸੀ। ਪਰ ਗੁਰਮੇਲ ਨੇ ਹੁਣ ਤੱਕ ਉਸਨੂੰ ਕਦੇ ਕੁਛ ਕਿਹਾ ਨਹੀਂ ਸੀ। ਪਰ ਹੁਣ ਪਾਣੀ ਸਿਰ ਤੋਂ ਉੱਪਰ ਜਾ ਰਿਹਾ ਸੀ। ਦੋਨਾਂਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਕਰਨ….

ਚਰਨ ਕੌਰ ਬੱਚਿਆ ਦਾ ਹੀ ਰਾਹ ਦੇਖ ਰਹੀ ਸੀ। ਆਉਂਦਿਆ ਹੀ ਦੋਨਾਂ ਨੂੰ ਰੋਟੀ ਪਾ ਕੇ ਦਿੱਤੀ। ਮਨਜੀਤ ਫਟਾਫਟ ਥਾਲੀ ਫ਼ੜ ਕੇ ਬੈਠ ਗਿਆ।

“ਮਾਂ ਮੈਨੂੰ ਚਟਨੀ ਨਾਲ ਹੀ ਦੇ ਦੇ। ਆਹ ਸਬਜੀ ਰਾਤ ਲਈ ਵੀਰੇ ਤੇ ਬਾਪੂ ਲਈ ਰੱਖ ਲੈ। ਬਾਪੂ ਨੂੰ ਵੀ ਪਤਾ ਨਹੀਂ ਦਿਹਾੜੀ ਮਿਲੀ ਕ ਨਹੀਂ।” ਸਰਬ ਨੇ ਆਪਣੀ ਸਬਜੀ ਕੜਾਹੀ ਵਿਚ ਪਾ ਦਿੱਤੀ ਤੇ ਚਟਨੀ ਲੈ ਕੇ ਖਾਣ ਬੈਠ ਗਈ।
ਚਰਨ ਕੌਰ ਦੀਆਂ ਅੱਖਾਂ ਵਿਚ ਹੰਝੂ ਆ ਗਏ।
“ਪਤਾ ਨਹੀਂ ਕਿਹੜੇ ਚੰਗੇ ਕਰਮ ਕੀਤੇ ਸੀ, ਜੋ ਸਰਬ ਵਰਗੀ ਸਿਆਣੀ ਤੇ ਸਬਰ ਵਾਲੀ ਧੀ ਮਿਲੀ ਹੈ।”
ਮਨਜੀਤ ਰੋਟੀ ਖਾ ਕੇ ਖੇਡਣ ਦੌੜ ਗਿਆ। ਸਰਬ ਨੇ ਆਪਣੇ ਤੇ ਮਨਜੀਤ ਦੇ ਭਾਂਡੇ ਚੁੱਕੇ ਤੇ ਧੋਣ ਲਈ ਚਲੀ ਗਈ।
“ਸਰਬ ਪੁੱਤ ਰਹਿਣ ਦੇ, ਮੈ ਧੋ ਲੈਂਦੀ। ਜਾ ਖੇਡ ਲਾ ਘੜੀ ਤੂੰ ਵੀ।”
“ਨਹੀਂ ਮਾਂ ਮੈ ਨਹੀਂ ਜਾਣਾ… ਮੈ ਪੜ੍ਹਨਾ ਹੈ।”

ਭਾਂਡੇ ਧੋ ਕੇ ਸਰਬ ਪੜ੍ਹਨ ਬੈਠ ਗਈ। ਚਰਨ ਕੌਰ ਆਪਣਾ ਮਸ਼ੀਨ ਦਾ ਕੰਮ ਲੈ ਕੇ ਬੈਠ ਗਈ। ਉਸਨੂੰ ਜਿੰਨਾ ਕ ਵਕਤ ਮਿਲਦਾ…ਮਸ਼ੀਨ ਦਾ ਕੰਮ ਕਰਕੇ ਥੋੜੇ ਪੈਸੇ ਕਮਾ ਲੈਂਦੀ। ਜਿਸ ਨਾਲ ਬੱਚਿਆ ਦੇ ਸਕੂਲ ਦੇ ਖਰਚ ਨਿਕਲ ਆਉਂਦੇ।
ਛੇ ਵੱਜਦੇ ਨੂੰ ਦੋਨਾਂ ਮਾਵਾਂ ਧੀਆਂ ਦੀਆਂ ਨਜ਼ਰਾਂ ਦਰਵਾਜੇ ਤੇ ਲੱਗ ਜਾਂਦੀਆਂ। ਚਰਨ ਕੌਰ ਨੂੰ ਆਪਣੇ ਪਤੀ ਗੁਰਮੇਲ ਦੀ ਉਡੀਕ ਹੁੰਦੀ ਤੇ ਸਰਬ ਨੂੰ ਆਪਣੇ ਬਾਪੂ ਦੀ। ਨਾਲ ਦੀ ਨਾਲ ਉਹਨਾਂ ਨੂੰ ਸਾਇਕਲ ਦੇ ਹੈਡਲ ਤੇ ਟੰਗੇ ਝੋਲੇ ਨੂੰ ਭਰੇ ਦੇਖਣ ਦੀ ਵੀ ਉਡੀਕ ਹੁੰਦੀ। ਜਿਸ ਦਿਨ ਭਰਿਆ ਹੋਵੇ ਮਤਲਬ ਦਿਹਾੜੀ ਲੱਗ ਗਈ ਹੈ। ਦੋਨੋ ਬਹੁਤ ਖੁਸ਼ ਹੁੰਦੀਆਂ। ਜਿਸ ਦਿਨ ਖਾਲੀ ਹੋਵੇ… ਉਸ ਦਿਨ ਦੋਨੋਂ ਗੁਲਮੇਲ ਦਾ ਸਹਾਰਾ ਬਣ ਜਾਂਦੀਆਂ। ਉਸਨੂੰ ਟੁੱਟਣ ਨਾ ਦਿੰਦੀਆ। ਜਿਵੇਂ ਹੀ ਦਰਵਾਜਾ ਖੜਕਿਆ….ਭਰਿਆ ਝੋਲਾ ਦੇਖ ਦੋਨਾਂ ਦੇ ਚੇਹਰੇ ਤੇ ਮੁਸਕਾਨ ਆ ਗਈ। ਚਰਨ ਨੇ ਅੱਗੇ ਹੋ ਕੇ ਝੋਲਾ ਫੜਿਆ। ਸਰਬ ਭੱਜ ਕੇ ਪਾਣੀ ਦਾ ਗਿਲਾਸ ਲੈ ਆਈ। ਗੁਰਮੇਲ ਦੇ ਚੇਹਰੇ ਤੇ ਵੀ ਸ਼ਾਂਤੀ ਤੇ ਸਕੂਨ ਦੇ ਭਾਵ ਸਨ।
ਗੁਰਮੇਲ ਨੇ ਮੰਜੇ ਤੇ ਬੈਠ ਕੇ ਪਾਣੀ ਦਾ ਗਿਲਾਸ ਫੜਿਆ। ਪਾਣੀ ਪੀ ਕੇ ਕਿਹਾ…
“ਜਿਊਂਦੀ ਵੱਸਦੀ ਰਹਿ ਮੇਰੀਏ ਧੀਏ।”
“ਤੁਸੀ ਆਰਾਮ ਕਰੋ ਮੈਂ ਹੁਣੇ ਚਾਹ ਬਣਾ ਕੇ ਲਿਆਈ।”
“ਮਨਜੀਤ ਕਿੱਥੇ ਹੈ?
“ਬਾਹਰ ਖੇਡਣ ਗਿਆ ਹੈ।”
“ਛੇ ਵੱਜ ਗਏ ਨੇ…ਇੰਨੀ ਦੇਰ ਬਾਹਰ ਨਾ ਰਹਿਣ ਦਿਆ ਕਰ…ਜਵਾਨ ਹੋ ਰਿਹਾ…. ਇਸ ਉਮਰ ਵਿੱਚ ਬਹੁਤਾ ਧਿਆਨ ਰੱਖਣਾ ਪੈਣਾ।”
“ਜੀ ਮੇਰੀ ਸੁਣਦਾ ਕਿੱਥੇ ਹੈ।”
“ਕੋਈ ਨਾ ਆਉਂਦਾ ਤਾਂ ਮੈ ਕਰਦਾ ਗੱਲ।” ਗੁਰਮੇਲ ਨੇ ਮੰਜੇ ਤੇ ਲੇਟਦੇ ਹੋਏ ਕਿਹਾ।

ਚਲਦਾ

Leave a Reply

Your email address will not be published. Required fields are marked *