ਖੰਭ | khamb

ਅੱਜ ਸਾਡੀ ਜਸਮੇਹ ਦਾ ਪੰਜਵਾਂ ਜਨਮ ਦਿਨ ਹੈ। ਸਵੇਰ ਤੋਂ ਹੀ ਸਾਰੇ ਜਣੇ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਪਾਪਾ ਰੂਮ ਸਜਾ ਰਹੇ ਹਨ, ਦਾਦੀ ਮੰਮਾ ਸਮੋਸੇ ਬਣਾ ਰਹੇ ਹਨ ਤੇ ਮੰਮੀ ਜਸਮੇਹ ਲਈ ਡੌਲ ਕੇਕ ਬਣਾ ਰਹੇ ਹਨ | ਲੌਕਡਾਉਣ ਨੇ ਤਾਂ ਸਭ ਨੂੰ ਹਲਵਾਈ ਬਣਾ ਦਿੱਤਾ। ਦਾਦੀ ਮਾਂ ਨੇ ਆਪਣੀ ਇਕਲੌਤੀ ਪੋਤੀ ਲਈ ਗੁਲਾਬੀ ਰੰਗ ਦੀ ਡਰੈਸ ਆਪ ਡਿਜਾਇਨ ਕੀਤੀ ।
‌ ਜਸਮੇਹ ਆਪਣੇ ਨਾਨਾ ਜੀ ਨੂੰ ਦੋ ਤਿੰਨ ਦਿਨਾਂ ਤੋਂ ਮਸਕੇ ਲਗਾ ਰਹੀ ਹੈ ਕਿ ਉਹ ਉਸ ਨੂੰ ਡੌਲ ਹਾਊਸ ਗਿਫਟ ਕਰਨ , ਜਿਸ ਨੂੰ ਮੈਂ ਸਿਰੇ ਤੋਂ ਨਕਾਰ ਦਿੱਤਾ “ਰਹਿਣ ਦਿਓ ਪਾਪਾ ਸੰਭਾਲਦੀ ਹੈ ਨਹੀਂ ਆਪਣੇ ਖਿਡਾਉਣੇ, ਕੋਈ ਕਿਤੇ ਪਿਆ ਕੋਈ ਕਿਤੇ ਪਿਆ, ਜਦੋਂ ਅੱਠ ਸਾਲ ਦੀ ਹੋ ਜੂ ਉਦੋਂ ਲੈ ਦੇਣਾ ” । ਮੰਨ ਵੀ ਗਈ ਉੱਦਾਂ ਮੇਰੀ ਲਾਡੋ ਧੀ ।
ਪਰ ਅੱਜ ਸਵੇਰ ਦੀ ਇਕ ਨਵੀਂ ਡਿਮਾਂਡ ਰੱਖ ਕੇ ਬੈਠੀ ਹੈ ਕਿ ਮੈਨੂੰ ਖੰਭ ਲਵਾ ਦਿਓ ਉਹ ਵੀ ਅਸਲੀ ਦੇ ,ਉੱਡਣ ਵਾਲੇ । ਦਾਦੀ ਮਾਂ ਨੇ ਕਿਹਾ ਲਿਆ ਮੈਂ ਚੁੰਨੀ ਬੰਨ ਕੇ ਖੰਭ ਬਣਾ ਦਿਨੀਂ ਆਂ ਤੇਰੇ। ਪਰ ਨਾ ਜੀ ਸਾਨੂੰ ਤਾਂ ਅਸਲੀ ਦੇ ਖੰਭ ਚਾਹੀਦੇ ਹਨ । ਤੁਸੀਂ ਮੈਨੂੰ ਡੌਲ ਹਾਊਸ ਵੀ ਨਹੀਂ ਲੈ ਕੇ ਦਿੱਤਾ । ਇਹ ਕਹਿਕੇ ੳਸ ਅੱਖਾਂ ਭਰ ਲਈਆਂ । ਲਓ ਜੀ ਹੁਣ ਸ਼ੁਰੂ ਹੋ ਗਿਆ ਇਮੋਸ਼ਨਲ ਡਰਾਮਾ । ਬਥੇਰਾ ਸਮਝਾਇਆ ਕਿ ਇਹ ਸਭ ਉਡਣ ਵਾਲੀਆਂ ਪਰੀਆਂ ਟੀ ਵੀ ਉਪਰ ਹੀ ਆਉਂਦੀਆਂ, ਤੁਹਾਨੂੰ ਬੇਵਕੂਫ ਬਣਾਉਂਦੇ ਹਨ ਅਸਲੀ ਚ ਨਹੀਂ ਹੁੰਦੀਆਂ ਉਡਦੀਆਂ ਪਰੀਆਂ । ਪਰ ਨਾ ਜੀ ਅਸੀ ਕਿੱਥੇ ਮੰਨਦੇ ਹਾਂ ।ਕਰਦੇ ਕਰਾਉਂਦਿਆਂ ਗੱਲ 250 ਰੁਪਏ ਦੇ ਗੁਲਾਬੀ ਰੰਗ ਦੀ ਨੈੱਟ ਤੋਂ ਬਣੇ ਤਿਤਲੀ ਵਾਲੇ ਖੰਭਾਂ ਤੇ ਜਾ ਕੇ ਨਿੱਬੜੀ ਪਰ ਇਸ ਵਾਅਦੇ ਨਾਲ ਕਿ ਜਦੋਂ ਮੈਂ ਵੱਡੀ ਹੋ ਜਾਵਾਂਗੀ ਮੇਰੇ ਸੁਪਨਿਆਂ ਨੂੰ ਅਸਲੀ ਦੇ ਖੰਭ ਲਵਾ ਕੇ ਦੇਓਗੇ । ਮੈਂ ਹੈਰਾਨ ਹੋ ਕੇ ਕਿਹਾ ਜਸਮੇਹ ਹੁਣ ਇਹ ਇਨਾਂ ਵੱਡਾ ਡਾਇਲਾਗ ਕਿੱਥੋਂ ਸੁਣ ਲਿਆ ਤੂੰ । ਅੱਗੋਂ ਬੜਾ ਟਿਕਾ ਕੇ ਕਹਿੰਦੀ ਦਾਦੀ ਮਾਂ ਤੋਂ । ਉਹ ਕਹਿੰਦੇ ਸੀ ਵਾਹਿਗੁਰੂ ਜੀ ਨੇ ਤੇਰੇ ਸੁਪਨਿਆਂ ਨੂੰ ਅਸਲੀ ਦੇ ਖੰਭ ਲਾਉਣੇ ਹਨ, ਤੂੰ ਚੰਗਾ ਚੰਗਾ ਪੜ੍ਹਿਆ ਕਰ ।
ਮੈਂ ਬਸ ਇਨਾਂ ਹੀ ਕਹਿ ਸਕੀ ਕਿ ਪੁੱਤ ਤੂੰ ਵੀ ਬਾਬਾ ਜੀ ਨੂੰ ਅਰਦਾਸ ਕਰਿਆ ਕਰ ਕਿ ਵਾਹਿਗੁਰੂ ਜੀ ਮੇਰੇ ਦਾਦੀ ਦਾਦਾ ਜੀ ਤੇ ਨਾਨਾ ਜੀ ਦੀ ਲੰਬੀ ਉਮਰ ਕਰਿਓ ਤਾਂ ਕਿ ਉਹ ਮੈਨੂੰ ਅਸਲੀ ਦੇ ਖੰਭਾਂ ਨਾਲ ਉੱਚੇ ਅਸਮਾਨ ਨੂੰ ਛੂੰਹਦੇ ਦੇਖ ਸਕਣ।
ਅਮਨ ਰਘੂਬੀਰ ਸਿੰਘ
ਮੈਥ ਮਿਸਟੈ੍ਸ
ਸਸਸਸ(ਕੋ ਐਡ)
ਹੁਸ਼ਿਆਰਪੁਰ

Leave a Reply

Your email address will not be published. Required fields are marked *