ਕਰਮਾਂ ਵਾਲੀ | karma wali

ਮੈਂ ਵੇਹੜੇ ਵਿਚ ਦਾਖਿਲ ਹੋਈ..
ਗੋਹਾ ਫੇਰਦੀ ਮਾਂ ਨੂੰ ਚਾਅ ਚੜ ਗਿਆ..
ਮੁੜਕੋ-ਮੁੜਕੀ ਹੋਈ ਦੇ ਚੇਹਰੇ ਤੇ ਲਾਲੀਆਂ ਆ ਗਈਆਂ!
ਕੂਹਣੀਆਂ ਨਾਲ ਖਿੱਲਰੇ ਵਾਲ ਉਤਾਂਹ ਕਰਦੀ ਮੇਰੇ ਵੱਲ ਨੱਸੀ ਆਈ..!
ਲਿੱਬੜੇ ਹੱਥ ਧੋਣਾ ਵੀ ਭੁੱਲ ਗਈ..

ਸ਼ਾਇਦ ਉਸਨੂੰ ਕਾਹਲ ਸੀ..ਮੇਰਾ ਹਾਲ ਜਾਨਣ ਦੀ..ਸਹੁਰਿਆਂ ਦੀਆਂ ਕਨਸੋਆਂ ਲੈਣ ਦੀ..!
ਪਰ ਉਸਦੀਆਂ ਅੱਖੀਆਂ ਕੁਝ ਲੱਭ ਰਹੀਆਂ ਸਨ..ਸ਼ਾਇਦ ਆਪਣੇ ਫੌਜੀ ਜਵਾਈ ਨੂੰ..!

ਫੇਰ ਇੱਕੋ ਸਾਹੇ ਕਿੰਨੇ ਸਾਰੇ ਸਵਾਲ..
ਸੁਖ ਨਾਲ ਈ ਆਈ ਏਂ..ਉਹ ਨੀ ਆਇਆ..ਤੈਨੂੰ ਛੱਡ ਕੇ ਕੌਣ ਗਿਆ..ਸੁਨੇਹਾ ਘੱਲ ਦਿੰਦੀ..ਅੱਗੋਂ ਲੈਣ ਆ ਜਾਂਦੇ..!

ਫੇਰ ਮੇਰੇ ਢਿਡ੍ਹ ਵੱਲ ਵੇਖਦੀ ਹੋਈ ਹੱਸ ਪਈ..
ਅੱਖੀਆਂ ਨਾਲ ਪੁੱਛਿਆ ਉਸਦਾ ਇੱਕ ਸਵਾਲ ਮੇਰੇ ਵਜੂਦ ਅੰਦਰ ਧਸ ਗਿਆ..!

ਮੈਂ ਗੱਲ ਹੋਰ ਪਾਸੇ ਪਾਉਣੀ ਚਾਹੀ..ਪਰ ਪਾਣੀ ਦਾ ਗਲਾਸ ਫੜਾਉਂਦੀ ਹੋਈ ਲਗਾਤਾਰ ਮੇਰੇ ਮੂੰਹ ਵੱਲ ਵੇਖੀ ਜਾ ਰਹੀ ਸੀ..!
ਫੇਰ ਭੱਜ ਕੇ ਗਈ..ਨਲਕਾ ਗੇੜ ਲਿੱਬੜੇ ਹੱਥ ਧੋਤੇ..ਫੇਰ ਕਿਸੇ ਕਨਸੋਅ ਦੀ ਕੰਨੀ ਫੜ ਮੈਨੂੰ ਅੰਦਰ ਲੈ ਗਈ..!
ਸ਼ਾਇਦ ਸੋਚ ਰਹੀ ਸੀ ਕੇ ਇਸਤੋਂ ਪਹਿਲਾਂ ਕੋਈ ਹੋਰ ਨਾ ਆ ਜਾਵੇ..ਇਸਤੋਂ ਸਾਰੀਆਂ ਗੱਲਾਂ ਪੁੱਛ ਲਵਾਂ!
ਮੈਂ ਨਾਲਦੇ ਬਾਰੇ ਆਖਿਆ..ਉਹ ਮੈਨੂੰ ਲਾਹ ਕੇ ਸਿੱਧਾ ਖੂਹ ਨੂੰ ਹੋ ਤੁਰਿਆ..ਮਾਹੌਲ ਵਿਚ ਖਿੱਲਰੀ ਨਿੱਕਲਦੇ ਗੁੜ ਦੀ ਖੁਸ਼ਬੋ ਉਸਨੂੰ ਓਧਰ ਨੂੰ ਲੈ ਤੁਰੀ..!

ਮੇਰੀ ਕੋਸ਼ਿਸ਼ ਸੀ..ਸਾਰਾ ਕੁਝ ਵੇਖ ਲਵਾਂ..ਲਾਵਾਂ ਫੇਰਿਆਂ ਮਗਰੋਂ ਤੋਰ ਦਿੱਤੀ ਦੇ ਘਰ ਦੀ ਇੱਕ ਇੱਕ ਨੁੱਕਰ..ਫੇਰ ਬਹਾਨੇ ਜਿਹੇ ਨਾਲ ਚੋਂਕੇ ਵਿਚ ਗਈ..!

ਏਨੇ ਨੂੰ ਵੇਹੜੇ ਵਿਚ ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ..ਮਾਂ ਨਾਲ ਨਾਲ ਮੇਰੇ ਕੰਨ ਵਿਚ ਕੁਝ ਗੱਲਾਂ ਦੱਸਦੀ ਗਈ..
ਫਲਾਣੇ ਨੇ ਇੰਝ ਕੀਤਾ..ਉਂਝ ਕੀਤਾ..ਉਸ ਨਾਲ ਹੁਣ ਸਾਡੀ ਬੋਲਚਾਲ ਹੈਨੀ..ਫਲਾਣੇ ਦੇ ਮੁੰਡਾ ਹੋਇਆ..ਫਲਾਣੇ ਦੇ ਕੁੜੀ..ਹੋਰ ਵੀ ਕਿੰਨਾ ਕੁਝ!

ਰਹਿ ਗਏ ਬਾਕੀ ਦੇ ਵੇਹੜੇ ਵਿਚ ਗੋਹਾ ਫੇਰਨ ਕਿਸੇ ਨੂੰ ਸੁਨੇਹਾ ਘੱਲ ਦਿੱਤਾ..!
ਜਲੰਧਰ ਰੇਡੀਓ ਤੋਂ ਦੁਪਹਿਰ ਵੇਲੇ ਚੱਲਦਾ ਇੱਕ ਗੀਤ ਮੇਰੇ ਰੋਂਗਟੇ ਖੜਾ ਕਰ ਗਿਆ “ਮਾਵਾਂ ਤੇ ਧੀਆਂ ਰਲ ਬੈਠੀਆਂ ਨੀ ਮਾਏਂ..ਕੋਈ ਕਰਦੀਆਂ ਗੱਲਾਂ ਨੀ ਆਣ..ਨੀ ਕਣਕਾਂ ਲੰਮੀਆਂ ਧੀਆਂ ਕਿਓਂ ਜੰਮੀਆਂ ਨੀ ਮਾਏਂ”

ਮੇਰੀਆਂ ਅੱਖਾਂ ਭਰ ਆਈਆਂ..ਹੰਜੂ ਵੇਖ ਉਸਦਾ ਸ਼ੱਕ ਹੋਰ ਪੱਕਾ ਹੋ ਗਿਆ..
ਇੱਕ ਵੇਰ ਫੇਰ ਜ਼ੋਰ ਦੇ ਕੇ ਪੁੱਛਣ ਲੱਗੀ “ਦੱਸ ਸਭ ਕੁਝ ਠੀਕ ਏ ਨਾ..ਕੋਈ ਤੰਗ ਤੇ ਨੀ ਕਰਦਾ”?
ਏਨੇ ਨੂੰ ਗੀਤ ਦੀ ਅਗਲੀ ਲਾਈਨ ਵੱਜ ਤੁਰੀ..”ਮਾਵਾਂ ਤੇ ਧੀਆਂ ਦੀ ਦੋਸਤੀ ਨੀ ਮਾਏ..ਕੋਈ ਟੁੱਟਦੀ ਈ ਕਹਿਰਾਂ ਦੇ ਨਾਲ..ਨੀ ਕਣਕਾਂ ਨਿੱਸਰੀਆਂ ਧੀਆਂ ਕਿਓਂ ਵਿਸਰੀਆਂ ਨੀ ਮਾਏਂ”

ਇਸ ਵਾਰ ਮੈਂ ਮਾਂ ਨੂੰ ਜੱਫੀ ਪਾ ਲਈ..ਉਸਦੇ ਵੀ ਹੰਜੂ ਵਹਿ ਤੁਰੇ..”

ਅਚਾਨਕ ਮੇਰਾ ਤ੍ਰਾਹ ਨਿੱਕਲ ਗਿਆ..”ਹਾਇ ਮੇਰਾ ਮਨੀ-ਪਲਾਂਟ ਕਿਥੇ ਗਿਆ”?

ਆਖਣ ਲੱਗੀ..ਉਸਦੀ ਜਗਾ ਬਦਲੀ ਸੀ..ਫੇਰ ਵੇਖਿਆ ਸੁੱਕ ਗਿਆ..!

ਮੈਂ ਗੁੱਸੇ ਨਾਲ ਆਖਿਆ “ਉਸਦੀ ਜਗਾ ਹੀ ਕਿਓਂ ਬਦਲੀ ਸੀ ਤੁਸਾਂ?
ਆਖਣ ਲੱਗੀ ਤੇਰੇ ਵੀਰ ਦੇ ਵਿਆਹ ਦੇ ਨਵੇਂ ਕੋਠੇ ਲਈ ਮਿਸਤਰੀ ਡਾਹੇ ਸਨ..
ਓਹਨਾ ਦੇ ਰਾਹ ਵਿਚ ਆਉਂਦਾ ਸੀ..ਓਹਨਾ ਇੱਕ ਦਿਨ ਬਿਨਾ ਦੱਸਿਆ ਚੁੱਕ ਕੇ ਧੁੱਪੇ ਰੱਖ ਦਿੱਤਾ!

ਮਨ ਵਿਚ ਸੋਚ ਰਹੀ ਸਾਂ..
ਜੇ ਮਨੀ ਪਲਾਂਟ ਜਗਾ ਬਦਲਣ ਤੇ ਸੁੱਕ ਸਕਦਾ ਏ ਤਾਂ ਧੀਆਂ ਤੇ ਕੀ ਵਾਪਰਦੀ ਹੋਵੇਗੀ..
ਪਰ ਅਸੀਂ ਤੇ ਸੁੱਕ ਵੀ ਨਹੀਂ ਸਕਦੀਆਂ..ਸਾਡੇ ਦੁਖਾਂ ਸੁਖਾਂ ਨਾਲ ਤੇ ਜੰਮਣ ਵਾਲਿਆਂ ਦੀ ਸ਼ਾਹ ਰਗ ਜੁੜੀ ਹੁੰਦੀ ਏ..ਸਾਨੂੰ ਹਰ ਹਾਲਤ ਵਿਚ ਖੁਸ਼ ਹੋ ਕੇ ਵਿਖਾਉਣਾ ਹੀ ਪੈਂਦਾ!

ਨਹੀਂ ਤੇ ਇਹ ਸੁੱਕ ਜਾਣਗੇ..ਸੜ ਜਾਣਗੇ..ਅੰਦਰੋਂ ਅੰਦਰੀ ਮਰ ਵੀ ਜਾਣਗੇ..
ਢਿੱਡੋਂ ਜੰਮੀਆਂ ਦੇ ਦੁੱਖ ਜਰਨੇ ਕਿਹੜੇ ਸੌਖੇ..!

ਏਨੀ ਗੱਲ ਸੋਚ ਮੈਂ ਖਿੜ ਖਿੜਾ ਕੇ ਹੱਸ ਪਈ..ਉਚੀ ਸਾਰੀ..ਕਹਿਕਹੇ ਲਾ ਕੇ..!

ਦੂਰੋਂ ਦੱਬੀ ਜਿਹੀ ਅਵਾਜ ਕੰਨੀ ਪਈ..”ਕਿੰਨੀ ਕਰਮਾ ਵਾਲੀ ਏ..ਕਿੰਨੇ ਵਧੀਆ ਸਹੁਰੇ ਮਿਲੇ..ਰੂਪ ਡੁੱਲ ਡੁੱਲ ਪੈ ਰਿਹਾ ਏ”
ਪਰ ਸਿਰੇ ਦੇ ਕਲਾਕਾਰ ਇਹ ਧੀ ਅੰਦਰੋਂ ਅੰਦਰ ਰੋ ਰਹੀ ਸੀ..ਆਪਣੇ ਸੁੱਕ ਗਏ ਮਨੀ ਪਲਾਂਟ ਨੂੰ ਯਾਦ ਕਰਕੇ!

ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *