ਮਹਾਰਾਣੀ ਜਿੰਦਾਂ ਦੀ ਗਾਥਾ | maharani jinda di gaatha

ਵਿਸ਼ੇਸ਼ ਨੋਟ:- ਅੱਜ ਦੇ ਦਿਨ 6 ਅਪ੍ਰੈਲ 1849 ਈਸਵੀ ਨੂੰ ਮਹਾਰਾਣੀ ਨੂੰ ਚੁਨਾਰ ਦੇ ਕਿਲੇ ਵਿਚ ਕੈਦ ਕੀਤਾ ਗਿਆ ਸੀ।
ਪੰਜਾਬੀਆਂ ਦੀ ਮਾਈ ਸਾਹਿਬ ਮਹਾਰਾਣੀ ਜਿੰਦਾਂ ਦੀ ਗਾਥਾ —–
ਮੰਨਾ ਸਿੰਘ ਔਲਖ ਦੀ ਧੀ, ਸ਼ੇਰ-ਇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮਹਿਬੂਬ ਰਾਣੀ, ਮਹਾਰਾਜਾ ਦਲੀਪ ਸਿੰਘ ਦੀ ਮਾਂ, ਮਹਾਰਾਣੀ ਜਿੰਦ ਕੌਰ, ਜਿਸਨੂੰ ਇੱਜ਼ਤ ਨਾਲ ਪੰਜਾਬੀ ‘ ਮਾਈ ਸਾਹਿਬ’ ਕਹਿ ਕੇ ਪੁਕਾਰਦੇ ਸਨ, ਪਹਿਲੀ ਸਿੱਖ ਐਂਗਲੋਂ ਜੰਗ ਤੋਂ ਬਾਅਦ ਹੀ ਅੰਗਰੇਜ਼ਾਂ ਦੀਆਂ ਅੱਖਾਂ ਵਿਚ ਰੜਕ ਰਹੀ ਸੀ, ਰਹਿੰਦੀ ਖੂੰਹਦੀ ਕਸਰ ਉਸ ਵਕਤ ਪੂਰੀ ਹੋ ਗਈ ਜਦ 7 ਅਗਸਤ 1847 ਈਸਵੀ ਨੂੰ ਭਰੀ ਸਭਾ ਵਿਚ ਅੰਗਰੇਜ਼ ਰੈਜੀਡੈਂਟ ਦੇ ਕਹਿਣ ਤੇ ਵੀ ਮਹਾਰਾਜਾ ਦਲੀਪ ਸਿੰਘ ਨੇ ਮਿਸਰ ਤੇਜ ਸਿੰਘ ਨੂੰ ਰਾਜੇ ਦਾ ਤਿਲਕ ਲਾਵਣ ਤੋਂ ਇਨਕਾਰ ਕਰ ਦਿੱਤਾ, ਰੈਜ਼ੀਡੈਂਟ ਦੰਦ ਕਰੀਚ ਕਿ ਰਹਿ ਗਿਆ, ਉਸਨੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਵਿਚ ਨਜ਼ਰਬੰਦ ਕਰਨ ਦਾ ਹੁਕਮ ਦਿੱਤਾ, ਕਿਉਕਿ ਉਹ ਸਮਝਦਾ ਸੀ ਕਿ ਲਾਹੌਰ ਵਿਚ ਮਹਾਰਾਣੀ ਦਾ ਰਹਿਣਾ ਅੰਗਰੇਜ਼ਾਂ ਲਈ ਖੁਸ਼ਗਵਾਰ ਨਹੀ ਹੋਵੇਗਾ ।ਮਹਾਰਾਣੀ ਨੂੰ ਹੋਰ ਤੰਗ ਪਰੇਸ਼ਾਨ ਕਰਨ ਲਈ, ਉਸਦੀ ਪੈਨਸ਼ਨ ਡੂਢ ਲੱਖ ਸਲਾਨਾ ਤੋਂ ਘਟਾ ਕਿ 60000 ਰੁਪਏ ਸਲਾਨਾ ਕਰ ਦਿੱਤੀ ਗਈ, ਉਸ ਨੂੰ ਗ੍ਰੰਥੀ ਤਕ ਰੱਖਣ ਦਾ ਵੀ ਅਖਤਿਆਰ ਨ ਰਿਹਾ, ਹੋਰ ਤੇ ਹੋਰ ਉਹ ਆਪਣੀ ਮਨ ਮਰਜ਼ੀ ਦਾ ਖਾ ਪੀ ਵੀ ਨਹੀ ਸਕਦੀ ਸੀ। ਮੰਨਿਆ ਜਾਂਦਾ ਕਿ ਇਸ ਸਮੇਂ ਵਿਚ ਭਾਈ ਮਹਾਰਾਜ ਸਿੰਘ ਹੁਣੀ ਮਹਾਰਾਣੀ ਦੇ ਸੰਪਰਕ ਵਿਚ ਸਨ।8 ਮਈ 1848 ਈਸਵੀ ਨੂੰ ਲਾਹੌਰ ਵਿਚ ਰੈਜ਼ੀਡੈਂਟ ਨੂੰ ਬਿੱਲੇ ਲਾਵਣ ਦੀ ਸਾਜ਼ਸ ਫੜੀ ਗਈ। ਇਸ ਸਕੀਮ ਵਿਚ ਮਹਾਰਾਣੀ ਦੇ ਵਕੀਲ ਗੰਗਾ ਰਾਮ ਤੇ ਇਕ ਸਿੱਖ ਫੌਜ ਦੇ ਕਰਨਲ ਕਾਹਨ ਸਿੰਘ ਨੂੰ ਫਾਂਸੀ ਦਿੱਤੀ ਗਈ। ਇਸਦਾ ਸੂਤਰਧਾਰ ਮਹਾਰਾਣੀ ਨੂੰ ਦਸਿਆ ਗਿਆ, ਮਹਾਰਾਣੀ ਨੇ ਚਨੌਤੀ ਦਿੱਤੀ ਕਿ ਖੁੱਲੀ ਅਦਾਲਤ ਵਿਚ ਮੁੱਕਦਮਾ ਚਲਾ ਕੇ ਦੁਧ ਦਾ ਦੁਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ।ਪਰ ਤਕੜੇ ਦਾ ਸੱਤੀ ਵੀਹ ਸੌ ਹੁੰਦਾ, ਮਹਾਰਾਣੀ ਦੀ ਅਪੀਲ ਖਾਰਜ ਕਰ ਦਿੱਤੀ ਗਈ।
14 ਮਈ 1848 ਈਸਵੀ ਨੂੰ ਰੈਜ਼ੀਡੈਂਟ ਦਾ ਹੁਕਮ ਲੈ ਕੇ ਕਪਤਾਨ ਲਿਮਸਡਨ ਤੇ ਲੈਫਟੀਨੈਂਟ ਹੁਡਸਨ ਸ਼ੇਖੂਪੁਰੇ ਪੁੱਜੇ, ਜਿਸ ਵਿਚ ਲਿਖਿਆ ਸੀ ਤੁਸੀ(ਮਹਾਰਾਣੀ ਜਿੰਦਾਂ) ਇੰਨਾਂ ਨਾਲ ਬਿਨ੍ਹਾਂ ਦੇਰੀ ਕੀਤੇ ਸ਼ੇਖੂਪੁਰੇ ਤੋਂ ਬਾਹਰ ਜਾਣਾ ਹੈ, ਤੁਹਾਨੂੰ ਕਿਸੇ ਤਰ੍ਹਾਂ ਦਾ ਦੁਖ ਦੇਣਾ ਜਾਂ ਅਪਮਾਨ ਕਰਨਾ ਸਾਡਾ ਮਕਸਦ ਨਹੀ, ਅਸਲ ‘ਚ ਅਸਿੱਧੀ ਧਮਕੀ ਸੀ ਮਹਾਰਾਣੀ ਨੂੰ, ਮਹਾਰਾਣੀ ਇਨ੍ਹਾਂ ਕੋਲੋਂ ਪੁਛਦੀ ਹੈ ਕਿ ਮੈਨੂੰ ਕਿਥੇ ਲੈ ਕੇ ਜਾਣਾ ਹੈ, ਪਰ ਇਹ ਦਸਣ ਤੋਂ ਜਵਾਬ ਦੇ ਦਿੰਦੇ ਹਨ। 16 ਮਈ 1848 ਈਸਵੀ ਨੂੰ ਇਹ ਵਹੀਰ ਸ਼ੇਖੂਪੁਰੇ ਤੋਂ ਚੱਲਦਾ ਹੈ, ਫਿਰੋਜ਼ਪੁਰ ਵਾਲਾ ਰਾਹ ਮਹਾਰਾਣੀ ਪਛਾਣ ਕਿ ਸਮਝ ਜਾਂਦੀ ਹੈ ਕਿ ਉਸਨੂੰ ਦੇਸ਼ ਪੰਜਾਬ ਵਿਚੋਂ ਬਾਹਰ ਕੱਢਣ ਲੱਗੇ ਨੇ, ਉਸ ਵਕਤ ਦੀ ਉਸਦੀ ਮਨੋ ਦਸ਼ਾ ਨੂੰ ਕਲਮ ਬਧ ਨਹੀ ਕੀਤਾ ਜਾ ਸਕਦਾ, ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ।
ਮਹਾਰਾਣੀ ਦੇ ਦੇਸ਼ ਪੰਜਾਬ ‘ਚੋਂ ਕੱਢੇ ਜਾਣ ਤੇ ਜੋ ਫੌਜਾਂ, ਤੇ ਆਮ ਲੋਕਾਂ ਵਿਚ ਰੋਸ ਸੀ, ਲਾਹੌਰ ਕੌਂਸਲ ਵਿਚਲਾ ਰੈਜ਼ੀਡੈਂਟ ਆਪਣੀ ਚਿੱਠੀ ਵਿਚ ਲਿਖਦਾ ਹੈ ਕਿ ਰਾਜਾ ਸ਼ੇਰ ਸਿੰਘ ਜੋ ਮੂਲਰਾਜ ਦੀ ਬਗਾਵਤ ਦਬਾਉਣ ਲਈ ਭੇਜਿਆ ਸੀ, ਉਸਦੇ ਡੇਰੇ ਤੋਂ ਖਬਰਾਂ ਆ ਰਹੀਆਂ ਨੇ ਕਿ ” ਮਹਾਰਾਣੀ ਦੇ ਦੇਸ਼ ਨਿਕਾਲੇ ਦੀ ਖ਼ਬਰ ਸੁਣ ਕੇ ਖਾਲਸਾ ਫੌਜ ਬੜੀ ਬੇਚੈਨ ਹੋ ਰਹੀ ਹੈ। ਸਿਪਾਹੀ ਆਖਦੇ ਹਨ, ਮਹਾਰਾਣੀ ਖ਼ਾਲਸਾ ਫੌਜ ਦੀ ਮਾਈ ਹੈ। ਜਦ ਉਹ ਤੇ ਬਾਲਕ ਦਲੀਪ ਸਿੰਘ ਹੀ ਉਹਨਾਂ ਤੋਂ ਦੂਰ ਕਰ ਦਿੱਤੇ ਗਏ ਨੇ, ਤਾਂ ਉਹ ਕੀਹਦੇ ਲਈ ਲੜਨ? ਹੁਣ ਉਹਨ੍ਹਾਂ ਨੂੰ ਮੂਲ ਰਾਜ ਦੀ ਵਿਰੋਧਤਾ ਕਰਨ ਦੀ ਲੋੜ ਨਹੀ। ਜੇ ਮੂਲ ਰਾਜ ਨੇ ਉਹਨਾਂ ਉੱਤੇ ਹਮਲਾ ਕੀਤਾ ਤਾਂ ਉਹ ਸਰਦਾਰਾਂ ਨੂੰ ਫੜ ਲੈਣਗੇ ਤੇ ਮੂਲ ਰਾਜ ਨਾਲ ਮਿਲ ਜਾਣਗੇ।” ਐਡਵਿਨ ਆਰਨੋਲਡ ਵੀ ਆਖਦਾ ਹੈ,” ਮਹਾਰਾਣੀ ਨੂੰ ਆਪਣੇ ਪੁਤ ਤੇ ਪਰਜਾ ਕੋਲੋਂ ਦੂਰ ਕਰਨ ‘ਤੇ ਸਿੱਖਾਂ ਨੇ ਜਿੰਨਾਂ ਰੋਸ ਪ੍ਰਗਟ ਕੀਤਾ, ਉਸ ਨਾਲੋਂ ਕਿਤੇ ਵਧੇਰੇ ਆਪਣੇ ਦਿਲਾਂ ਵਿਚ ਰੱਖਦੇ ਹਨ।” ਸ਼ੇਰ ਸਿੰਘ ਅਤੇ ਉਸਦੇ ਸਾਥੀਆਂ ਨੇ ਆਪਣੀ ਮੋਹਰ ਲੱਗੇ ਮੈਨੀਫੈਸਟੋ ‘ਚ ਵੀ ਕਿਹਾ ਹੈ ਕਿ “ਆਪਣੀ ਪਰਜਾ ਦੀ ਮਾਤਾ ਮਹਾਰਾਣੀ ਨੂੰ ਕੈਦ ਕਰਕੇ ਹਿੰਦੁਸਤਾਨ ਵਿਚ ਭੇਜਣ ਨਾਲ ਅੰਗਰੇਜ਼ਾਂ ਨੇ ਸੁਲਾ ਤੋੜ ਦਿੱਤੀ ਹੈ।” ਈਵਾਨਸ ਬੈੱਲ ਲਿਖਦਾ ਹੈ ਕਿ ” ਪੰਜਾਬ ਦੇ ਸਾਰੇ ਵਸਨੀਕਾਂ ਨੂੰ, ਸਭ ਸਿੱਖਾਂ ਨੂੰ , ਅਸਲ ਵਿਚ ਸਾਰੀ ਦੁਨੀਆਂ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿੰਨੀਆਂ ਨਾਵਾਜਬ ਸਖ਼ਤੀਆਂ, ਧੱਕੇ ਤੇ ਜ਼ੁਲਮ ਨਾਲ ਫਿਰੰਗੀਆਂ ਨੇ ਵੱਡੇ ਮਹਾਰਾਜਾ ਰਣਜੀਤ ਸਿੰਘ ਦੀ ਵਿਧਵਾ ਨਾਲ ਬੁਰਾ ਵਰਤਾਉ ਕੀਤਾ ਹੈ।” ਹੋਰ ਤਾਂ ਹੋਰ ਅਫ਼ਗਾਨੀ ਸ਼ਾਸ਼ਕ ਦੋਸਤ ਮੁਹੰਮਦ ਖਾਂ ਵੀ ਜਨਵਰੀ 1849 ਈਸਵੀ ਵਿਚ ਐਬਟ ਨੂੰ ਲਿਖਦਾ ਹੈ ਕਿ। “ਇਸ ਵਿਚ ਕੋਈ ਸ਼ੱਕ ਨਹੀ ਕਿ ਸਿੱਖ ਦਿਨੋਂ ਦਿਨ ਬੜੇ ਬੇਚੈਨ ਹੋ ਰਹੇ ਹਨ। ਕਈਆਂ ਨੂੰ ਨੌੋਕਰੀਆਂ ਤੋੋਂ ਹਟਾ ਦਿੱਤਾ ਗਿਆ ਹੈ, ਤੇ ਖ਼ਾਸ ਕਰ ਜੋ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਨੂੰ ਕੈਦ ਵਿਚ ਸੁਟਿਆ ਗਿਆ ਹੈ ਤੇ ੳੁਸ ਨਾਲ ਬੁਰਾ ਸਲੂਕ ਕੀਤਾ ਗਿਆ ਹੈੇ। ਐਹੋ ਜੇਹੇ ਵਰਤਾਉ ਨੂੰ ਸਾਰੇ ਮਜ਼੍ਹਬਾਂ ਦੇ ਲੋਕ ਬੁਰਾ ਸਮਝਦੇ ਹਨ, ਤੇ ਸਾਰੇ ਅਮੀਰ ਗਰੀਬ ਇਸ ਨਾਲੋਂ ਮੌਤ ਨੂੰ ਚੰਗਾ ਸਮਝਦੇ ਹਨ।” ਮਹਾਰਾਣੀ ਦੇ ਦੇਸ਼ ਨਿਕਾਲੇ ਨੇ ਧੁਖਦੀ ਤੇ ਤੇਲ ਦਾ ਕੰਮ ਕੀਤਾ, ਅੰਗਰੇਜ਼ਾਂ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਫੁੰਡੇ, ਪੰਜਾਬ ਨੂੰ ਜ਼ਬਤ ਕਰਨ ਦਾ ਰਾਹ ਪੱਧਰਾ ਕੀਤਾ ਤੇ ਇਸ ਵਿਚ ਸਭ ਤੋਂ ਵੱਡੇ ਅੜਿਕੇ ਮਹਾਰਾਣੀ ਨੂੰ ਪੰਜਾਬ ਦੀਆਂ ਹੱਦਾਂ ‘ਚੋਂ ਬਾਹਰ ਕਰ ਦਿੱਤਾ ।
ਲਾਹੌਰ ਰੈਜ਼ੀਡੈਂਟ ਸਰ ਫਰੈਡਰਿਕ ਕਰੀ ਨੇ ਕੌਂਸਲ ਵਿਚੋਂ ਰਾਜਾ ਸ਼ੇਰ ਸਿੰਘ, ਫ਼ਕੀਰ ਨੂਰਦੀਨ ਤੇ ਰਾਜਾ ਸ਼ੇਰ ਸਿੰਘ ਦੇ ਭਰਾ ਗੁਲਾਬ ਸਿੰਘ ( ਇਹ ਕੌਂਸਲ ਦਾ ਮੈਂਬਰ ਵੀ ਨਹੀ ਸੀ) ਦੇ ਦਸਤਖ਼ਤ ਕਰਵਾ ਕਿ ਮਹਾਰਾਣੀ ਜਿੰਦਾਂ ਨੂੰ ਪੰਜਾਬੋਂ ਬਨਾਰਸ ਭੇਜਿਆ। ਇਥੇ ਅੰਗਰੇਜ਼ ਅਫਸਰ ਮੈਕਗ੍ਰੇਗਰ ਮਹਾਰਾਣੀ ਸਾਹਿਬਾਂ ਦਾ ਨਿਗਰਾਨ ਸੀ। ਇਥੇ ਮਹਾਰਾਣੀ ਦੀ ਪੈਨਸ਼ਨ ਦੂਜੀ ਵਾਰੀ ਘਟਾ ਕਿ 48 ਹਜ਼ਾਰ ਸਲਾਨਾ ਤੋਂ 12 ਹਜ਼ਾਰ ਸਲਾਨਾ ਕਰ ਦਿੱਤੀ ਗਈ।ਮਹਾਰਾਣੀ ਨੂੰ ਤੋੜਨ ਲਈ ਡਲਹੌਜੀ ਹਰ ਹਥ ਕੰਡਾ ਵਰਤ ਰਿਹਾ ਸੀ।
ਰੈਜ਼ੀਡੈਂਟ ਨੇ ਗਵਰਨਰ ਜਨਰਲ ਨੂੰ ਲਿਖਿਆ ਕਿ ਮਹਾਰਾਣੀ ਦੇ ਜਾਣ ਤੋਂ ਬਾਅਦ ਕੁਝ ਚਿੱਠੀਆਂ ਤੇ ਕਾਗਜ਼ ਪੱਤਰ ਮਿਲੇ ਹਨ, ਇਨ੍ਹਾਂ ਵਿਚੋਂ ਕੁਝ ਵਿਚ ਸਾਜ਼ਸ਼ ਦੀ ਬੋਅ ਆ ਰਹੀ ਹੈ, ਇਨ੍ਹਾਂ ਦੇ ਅਸਲ ਜਾਂ ਨਕਲੀ ਹੋਣ ਬਾਰੇ ਵਿਸ਼ਵਾਸ਼ ਨਾਲ ਨਹੀ ਕਿਹਾ ਜਾ ਸਕਦਾ। ਗਵਰਨਰ ਜਨਰਲ ਡਲਹੌਜੀ ਨੇ ਮੈਕਗ੍ਰੇਗਰ ਨੂੰ ਹੁਕਮ ਭੇਜਿਆ ਕਿ ਮਹਾਰਾਣੀ ਜਿੰਦਾਂ ਤੇ ਉਸਦੀਆਂ ਦਾਸੀਆਂ ਦੀ ਤਲਾਸ਼ੀ ਲਈ ਜਾਵੇ। 14 ਜੁਲਾਈ 1848 ਈਸਵੀ ਨੂੰ ਦੋ ਮੇਮਾਂ ਬੀਬੀ ਐਲਨ ਤੇ ਬੀਬੀ ਐਟਲੀ ਨੇ ਮਹਾਰਾਣੀ ਤੇ ਉਸਦੀਆਂ ਦਾਸੀਆਂ ਦੀ ਸਾਰੇ ਲੀੜੇ ਉਤਰਵਾ ਕੇ ਤਲਾਸ਼ੀ ਲਈ। ( ਇਹ ਮਹਾਰਾਣੀ ਦੀ ਬਹੁਤ ਵੱਡੀ ਤੌਹੀਨ ਸੀ) । ਉਸ ਦੇ 50 ਲੱਖ ਦੇ ਗਹਿਣੇ ਤੇ 2 ਲੱਖ ਨਕਦੀ ਜੋ ਉਸ ਪਾਸ ਸੀ ਖੋ ਲਈ ਗਈ । ਮਹਾਰਾਣੀ ਦੇ ਸੂਟਕੇਸ ਵਿਚੋਂ ਰਿਸ਼ਤੇਦਾਰਾਂ ਨੂੰ ਲਿਖੀਆਂ 33 ਚਿੱਠੀਆਂ ਮਿਲੀਆਂ, ਮੈਕਗਰੇਗਰ ਨੇ ਖ਼ੁਦ ਮੰਨਿਆ ਕਿ ਇਨ੍ਹਾਂ ਵਿਚ ਅੰਗਰੇਜ਼ਾਂ ਵਿਰੁਧ ਰਾਈ ਦੇ ਦਾਣੇ ਜਿਨ੍ਹੀ ਵੱਲ ਗੱਲ ਨਹੀ ਕੀਤੀ ਗਈ ਸੀ।
ਇਥੋਂ ਤਕ ਕਿ ਮਹਾਰਾਣੀ ਦੇ ਵਕੀਲ ਸ.ਜੀਵਨ ਸਿੰਘ ਨੂੰ ਵੀ ਉਸ ਨਾਲ ਮਿਲਣ ਦੀ ਇਜ਼ਾਜ਼ਤ ਨਹੀ ਸੀ, ਆਖ਼ੀਰ ਉਸਨੇ(ਜੀਵਨ ਸਿੰਘ) ਇਕ ਅੰਗਰੇਜ਼ ਨਿਊ ਮਾਰਚ ਨੂੰ ਮਹਾਰਾਣੀ ਦਾ ਵਕੀਲ ਬਣਾ ਕਿ ਗਵਰਨਰ ਜਨਰਲ ਤੋਂ ਮਹਾਰਾਣੀ ਨੂੰ ਮਿਲਣ ਲਈ ਅਪੀਲ ਕੀਤੀ ਜੋ ਮਨਜ਼ੂਰ ਹੋਈ। ਉਹ ਅੱਠ ਦਿਨ ਮਹਾਰਾਣੀ ਨੂੰ ਬਨਾਰਸ ਦੇ ਕਿਲ੍ਹੇ ਵਿਚ ਮਿਲਦਾ ਰਿਹਾ । ਉਸਦੀਆਂ ਦੁਖ ਤਕਲੀਫਾਂ ਸੁਣੀਆਂ । ਉਸਨੇ ਆਪਣੀ ਰਿਪੋਰਟ ਵਿਚ 2 ਹਜ਼ਾਰ ਮਾਹਵਾਰੀ ਪੈਨਸ਼ਨ ਦੀ ਗੱਲ ਕੀਤੀ, ਮੈਕਗ੍ਰੇਗਰ ਨੇ ਇਹ ਰਿਪੋਰਟ ਗਵਰਨਰ ਜਨਰਲ ਕੋਲ ਭੇਜੀ, ਪਰ ਉਸਨੇ ਜਵਾਬ ਵਿਚ ਲਿਖਿਆ ਕਿ ” ਇਸ ਵੇਲੇ ਜੋ ਰਕਮ ਮਹਾਰਾਣੀ ਨੂੰ ਖਰਚ ਵਾਸਤੇ ਮਿਲਦੀ ਹੈ, ਉਹ ਉਸ ਨਾਲ ਚੰਗੀ ਤਰ੍ਹਾਂ ਗੁਜ਼ਾਰਾ ਕਰ ਸਕਦੀ ਹੈ।”ਮਹਾਰਾਣੀ ਨੇ ਕਲਕੱਤੇ ਵੱਡੀ ਅਦਾਲਤ ਤਕ ਪਹੁੰਚ ਕੀਤੀ ਪਰ ਗੱਲ ਕੋਈ ਨ ਬਣੀ। ਅਖ਼ੀਰ ਨਿਊ ਮਾਰਚ ਨੇ ਮਹਾਰਾਣੀ ਨੂੰ ਇੰਗਲੈਂਡ ਵਿਚ ਕੋਰਟ ਆਫ ਡਾਇਰੈਕਟਰਜ਼ ਕੋਲ ਗੁਹਾਰ ਲਾਵਣ ਲਈ ਕਿਹਾ, ਪਰ ਖ਼ਰਚ ਦੇ ਰੂਪ ‘ਚ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਜੋ ਮਹਾਰਾਣੀ ਕੋਲ ਨਹੀ ਸਨ।
ਉਧਰ 29 ਮਾਰਚ 1849 ਈਸਵੀ ਨੂੰ ਗੋਰੇ ਚੰਮ ਤੇ ਕਾਲੇ ਦਿਲ ਵਾਲੇ ਵਲੈਤੀਆਂ ਨੇ ਮੋਏ ਯਾਰ ਦੀ ਪਿੱਠ ਤੇ ਵਾਰ ਕਰਦਿਆਂ ਲਾਹੌਰ ਦੇ ਤਖ਼ਤ ਤੋਂ ਸਰਕਾਰ-ਇ – ਖਾਲਸਾ ਦਾ ਨਿਸ਼ਾਨ ਉਤਾਰ ਕਿ ਯੂਨੀਅਨ ਜੈਕ ਦਾ ਝੰਡਾ ਝੁਲਾ ਦਿੱਤਾ ਗਿਆ । ਮਹਾਰਾਣੀ ਨੂੰ ਬਨਾਰਸ ਦੇ ਕਿਲੇ ਵਿਚੋਂ ਚੁਨਾਰ ਦੇ ਕਿਲੇ ਵਿਚ ਕੈਪਟਨ ਰੀਅਸ ਦੀ ਸਪੁਦਰਗੀ ਵਿਚ ਪਹੁੰਚਾ ਦਿੱਤਾ ਗਿਆ, ਉਸਨੂੰ ਕਿਹਾ ਗਿਆ ਉਹ ਮਹਾਰਾਣੀ ਦੀ ਆਵਾਜ਼ ਤੇ ਬਾਂਹ ਅਤੇ ਹੱਥ ਵਿਚ ਪਾਏ ਗਹਿਣੇ ਪਛਾਣ ਲਵੇ, ਤੇ ਰੋਜ਼ ਵੇਖਦਾ ਰਹੇ, (ਚਿਹਰਾ ਵੇਖਣ ਦੀ ਇਜ਼ਾਜ਼ਤ ਨਹੀ ਸੀ) , ਰੀਅਸ ਇਸ ਨੇਮ ਨੂੰ ਲਗਾਤਾਰ ਨਿਭਾ ਰਿਹਾ ਸੀ, ਇਕ ਦਿਨ 16 ਅਪ੍ਰੈਲ ਨੂੰ ਉਸਨੂੰ ਆਵਾਜ਼ ਵਿਚ ਕੁਝ ਫਰਕ ਲੱਗਾ ਤਾਂ ਮਾਈ ਜਿੰਦਾਂ ਨੇ ਕਿਹਾ ਕਿ ਜ਼ੁਕਾਮ ਕਰਕੇ ਹੈ, 18 ਅਪ੍ਰੈਲ ਨੂੰ ਮਹਾਰਾਣੀ ਰਾਤ ਨੂੰ ਚੁਨਾਰ ਦੇ ਕਿਲੇ ਵਿਚੋਂ ਨਿਕਲ ਗਈ ਤੇ ਗੰਗਾ ਨਦੀ ਦਾ ਚੌੜਾ ਮੁਹਾਨ ਪਾਰ ਕਰਕੇ ਦੂਜੇ ਪਾਸੇ ਲੱਗੀ। ( ਨਿਕਲਨ ਵਿਚ ਉਸਦੀ ਦਾਸੀ ਨੇ ਸਹਾਇਤਾ ਕੀਤੀ, ਗਿਆਨੀ ਗਿਆਨ ਸਿੰਘ ਜਮੀਅਤ ਰਾਏ ਨਾਮੀ ਸੇਵਕ ਦਾ ਜ਼ਿਕਰ ਕਰਦਾ ਹੈ…. ), ਉਧਰ ਕਿਲੇ ਵਿਚ ਰੌਲਾ ਪੈ ਗਿਆ, ਸਿਪਾਹੀ ਹਰਲ ਹਰਲ ਕਰਦੇ ਭਾਲ ਕਰ ਰਹੇ ਸਨ, ਮਹਾਰਾਣੀ ਪੰਜਾਬ ਆਉਣਾ ਚਾਹੁੰਦੀ ਸੀ ਪਰ ਰਾਹ ਕੋਈ ਨਹੀ ਸੀ,ਅਖ਼ੀਰ ਵਿਚਾਰੀ ਨੇਪਾਲ ਦੇ ਰਾਣਾ ਜੰਗ ਬਹਾਦਰ ਕੋਲ ਪੁਜੀ । ਜਿਸਨੇ ਅੰਗਰੇਜ਼ ਰੈਜ਼ੀਡੈਂਟ ਦੀ ਨਿਗਰਾਨੀ ਦੇ ਸਨਮੁਖ ਕਾਠਮਾਂਡੂ ਵਿਚ ਮਹਾਰਾਣੀ ਦੀ ਰਿਹਾਇਸ਼ ਤੇ ਪੈਨਸ਼ਨ ਦਾ ਇੰਤਜ਼ਾਮ ਕੀਤਾ ।
1861 ਈਸਵੀ ਵਿਚ 14 ਸਾਲ ਬਾਅਦ ਮਾਂ-ਪੁਤ ਦਾ ਮਿਲਾਪ ਕਲਕੱਤੇ ਦੇ ਸਪੈਨਸਿਜ਼ ਹੋਟਲ ਵਿਚ ਹੋਇਆ । ਪੁਤ ਦੀ ਸਿਖੀ ਗਵਾਚੀ ਦਾ ਮਾਈ ਸਾਹਿਬ ਨੂੰ ਬਹੁਤ ਦੁਖ ਹੋਇਆ, ਦਲੀਪ ਸਿੰਘ ਨੇ ਦੁਬਾਰਾ ਸਿੱਖੀ ਵੱਲ ਮੋੜਾ ਪਾਉਣ ਦਾ ਮਾਂ ਨਾਲ ਵਾਅਦਾ ਕੀਤਾ, ਪੰਜਾਬ ਜਾਣ ਦੀ ਇਜ਼ਾਜ਼ਤ ਨਹੀ ਸੀ, ਪੁਤ ਮਾਂ ਨੂੰ ਲੈ ਕੇ ਵਲੈਤ ਆ ਗਿਆ। ਮਹਾਰਾਣੀ ਨੂੰ ਵੱਖਰੇ ਘਰ ਵਿਚ ਰੱਖਿਆ ਗਿਆ ।ਮਿ. ਲਾਗਨ ਮਹਾਰਾਣੀ ਦੇ ਦਲੀਪ ਸਿੰਘ ਤੇ ਪੈ ਰਹੇ ਪ੍ਰਭਾਵ ਤੋਂ ਬਹੁਤ ਚਿੰਤਤ ਸੀ, ਦਲੀਪ ਸਿੰਘ ਹੁਣ ਚਰਚ ਨਹੀ ਜਾ ਰਿਹਾ ਸੀ ਤੇ ਨਾਲ ਹੀ ਆਪਣੀ ਜ਼ਮੀਨ ਜਾਇਦਾਦ ਬਾਰੇ ਪੁਛ ਪੜਤਾਲ ਵੀ ਕਰ ਰਿਹਾ ਸੀ।ਲਾਗਨ ਨੇ ਸਰ ਚਾਰਲਸ ਨੂੰ ਲਿਖਿਆ ਕਿ ਦਲੀਪ ਸਿੰਘ ਨੂੰ ਮਹਾਰਾਣੀ ਦੇ ਅਸਰ ਤੋਂ ਬਚਾ ਲਵੋ।
ਮਹਾਰਾਣੀ ਦੀ ਅਰੋਗਤਾ ਤਾਂ ਸ਼ੇਖੂਪੁਰੇ ਤੋਂ ਹੀ ਖੁਸਣੀ ਸ਼ੁਰੂ ਹੋ ਗਈ ਸੀ, ਪਰ ਨੇਪਾਲ ਵਿਚ ਬਹੁਤ ਜ਼ਿਆਦਾ ਕਮਜ਼ੋਰੀ ਦੀ ਅਵਸਥਾ ਹੋ ਗਈ। ਨੇਤ੍ਰਾਂ ਦੀ ਜੋਤ ਵੀ ਖਤਮ ਵਾਂਗ ਸੀ, ਵਲੈਤ ਵਿਚ ਦਲੀਪ ਸਿੰਘ ਨੇ ਮਾਂ ਦਾ ਬਹੁਤ ਇਲਾਜ਼ ਕਰਾਇਆ ਪਰ ਗੱਲ ਨ ਬਣੀ ਤੇ ਅਖ਼ੀਰ ਮਹਾਰਾਣੀ ਜਿੰਦ ਕੌਰ 1 ਅਗਸਤ 1863 ਈਸਵੀ ਨੂੰ ਸਵਾਸ ਕੈਨਸਿੰਘਟਨ ਵਿਚ ਐਬਿੰਗਡਨ ਹਾਊਸ ਅੰਦਰ ਪੂਰੀ ਹੋ ਗਈ । ਉਸਦੀ ਆਖਰੀ ਇੱਛਾ ਸੀ ਕਿ ਉਸਦੀ ਮਿੱਟੀ ਪੰਜਾਬ ਵਿਚ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਮੇਟੀ ਜਾਵੇ ਪਰ ਅੰਗਰੇਜ਼ ਸਰਕਾਰ ਨੇ ਮਹਾਰਾਜੇ ਨੂੰ ਮਹਾਰਾਣੀ ਦੀ ਲਾਸ਼ ਪੰਜਾਬ ਲਿਜਾਣ ਤੋਂ ਜਵਾਬ ਦੇ ਦਿੱਤਾ ।ਮਹਾਰਾਣੀ ਦੀ ਅਰਥੀ ਇਕ ਕਬਰਸਤਾਨ ਵਿਚ ਰੱਖੀ ਗਈ। ਕੋਈ ਛੇ ਮਹੀਨੇ ਪਿਛੋਂ ਦਲੀਪ ਸਿੰਘ ਨੂੰ ਮਾਂ ਦਾ ਸਸਕਾਰ ਬੰਬੇ ਕਰਨ ਦੀ ਇਜ਼ਾਜ਼ਤ ਮਿਲ ਗਈ। ਆਪਣੇ ਦੋ ਸੇਵਕਾਂ ਕਿਸ਼ਨ ਸਿੰਘ ਤੇ ਅੱਛਰ ਸਿੰਘ ਦੀ ਸਹਾਇਤਾ ਨਾਲ ਮਹਾਰਾਣੀ ਦਾ ਸਸਕਾਰ ਨਾਸਕ ਸ਼ਹਿਰ ਦੇ ਨੇੜੇ ਗੋਦਾਵਰੀ ਦੇ ਕੰਡੇ ਕੀਤਾ ਗਿਆ । ਇਥੇ ਉਸਦੀ ਸਮਾਧ ਬਣਾਈ ਤੇ ਇਕ ਪਿੰਡ ਵੀ ਉਸਦੇ ਨਾਮ ਲਾਇਆ ਗਿਆ । ਬਾਅਦ ਵਿਚ ਇਕ ਗੁਰਦੁਆਰਾ ਵੀ ਤਾਮੀਰ ਕੀਤਾ ਗਿਆ । ਬਾਅਦ ਵਿਚ ਮਹਾਰਾਣੀ ਜਿੰਦਾਂ ਦੀ ਪੋਤਰੀ ਬੀਬੀ ਬੰਬਾ ਸਦਰਲੈਂਡ ਨੇ ਉਸਦੀ ਰਾਖ ਨਾਸਿਕ ਤੋਂ ਲਿਆ ਕੇ ਲਾਹੌਰ ਸ਼ੇਰ-ਇ-ਪੰਜਾਬ ਦੀ ਸਮਾਧ ਕੋਲ ਸਥਾਪਿਤ ਕਰ ਆਪਣੀ ਦਾਦੀ ਦੀ ਆਖਰੀ ਇੱਛਾ ਪੂਰੀ ਕੀਤੀ ।
ਕੁਝ ਵਿਚਾਰ :-
ਲੇਡੀ ਲਾਗਨ :- ਉਹ ਲਾਇਕ ਤੇ ਪੱਕੇ ਇਰਾਦੇ ਵਾਲੀ ਜਨਾਨੀ ਸੀ । ਜਿਸਦਾ ਖਾਲਸਾ ਪੰਚਾਇਤਾਂ ਅੰਦਰ ਬੜਾ ਸਤਿਕਾਰ ਤੇ ਅਸਰ ਸੀ। ਉਹ ਰਾਜਨੀਤੀ ਨੂੰ ਸਮਝਣ ਵਾਲੀ ਤੇ ਵੱਡੇ ਹੌਂਸਲੇ ਵਾਲੀ ਜਨਾਨੀ ਸੀ।
ਲੇਡੀ ਲਾਗਨ:- ਮਹਾਰਾਣੀ ਜਿਸਨੇ ਕੁਝ ਚਿਰ ਵਿਚ ਹੀ ਮਹਾਰਾਜੇ (ਦਲੀਪ ਸਿੰਘ) ਦੀ ਅੰਗਰੇਜ਼ੀ ਪਾਲਣ ਪੋਸ਼ਣ ਅਤੇ ਇਸਾਈ ਮਾਹੌਲ ਤੇ ਹੂੰਝਾ ਫੇਰ ਦਿੱਤਾ ।
ਲਾਰਡ ਐਲਨਬਰੋ:- ਬਾਲਕ ਦਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੂ ਰੱਖਣ ਵਾਲੀ ਜਨਾਨੀ ਹੈ। ਲਾਹੌਰ ਦਰਬਾਰ ਤੇ ਨਜ਼ਰ ਮਾਰਿਆਂ ਕੇਵਲ ਉਹੀ ਬਹਾਦਰ ਜਨਾਨੀ ਦੇਖੀ ਦੀ ਹੈ।
ਲਾਰਡ ਡਲਹੌਜ਼ੀ:- ਮਹਾਰਾਣੀ ਜਿੰਦ ਕੌਰ ਇਕੋ ਇਕ ਐਸੀ ਜਨਾਨੀ ਹੈ ਜਿਸ ਵਿਚ ਤਿਖੀ ਸੂਝ ਹੈ। ਉਸਨੂੰ ਪੰਜਾਬ ਆਉਣ ਦੇਣਾ ਅੰਗਰੇਜ਼ਾਂ ਲਈ ਖ਼ਤਰਨਾਕ ਹੋਵੇਗਾ। ਸੋ ਉਹ ਪੰਜਾਬੋਂ ਦੂਰ ਹੀ ਰੱਖੀ ਜਾਵੇ ।
ਅੰਗਰੇਜ਼ਾਂ ਨੇ ਮਹਾਰਾਣੀ ਨੂੰ ਬਦਨਾਮ ਕਰਨ ਲਈ ਹਰ ਹੀਲਾ ਵਰਤਿਆ, ਕਰਤਾ ਕੋਹਿ ਨੂਰ ਲਿਖਦਾ ਹੈ,” ਮਹਾਰਾਣੀ ਵਿਰੁਧ ਕਿਸੇ ਸਬੂਤ ਦੀ ਥਾਂ ਝੂਠ ਤੇ ਗਾਲਾਂ ਦੇ ਗੱਡੇ ਲਿਆ ਖੜ੍ਹੇ ਕੀਤੇ । ਪਰ ਹਕੀਕਤ ਇਹੋ ਹੈ ਪੰਜਾਬੀਆਂ ਦੀ ਮਾਈ ਸਾਹਿਬ ਬੇਦਾਗ , ਪੰਜਾਬ ਪ੍ਰਸਤ ਤੇ ਸਿੱਖੀ ਸਰੋਕਾਰਾਂ ਨੂੰ ਪ੍ਰਣੋਈ ਸਖ਼ਸ਼ੀਅਤ ਸੀ
ਬਲਦੀਪ ਸਿੰਘ ਰਾਮੂੰਵਾਲੀਆ

Leave a Reply

Your email address will not be published. Required fields are marked *