ਬੇਈਮਾਨ ਸਰਕਾਰਾਂ | baimaan sarkaara

ਚੀਨ ਵਿਚ “ਗਾਓ-ਕਾਓ” ਨਾਮ ਦੀ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਵਿਚ ਹਰ ਸਾਲ ਤਕਰੀਬਨ ਇੱਕ ਕਰੋੜ ਵਿਦਿਆਰਥੀ ਬੈਠਦਾ ਏ..ਦੋ ਦਿਨ ਚੱਲਦੀ ਇਸ ਪ੍ਰੀਖਿਆ ਦੇ ਦੌਰਾਨ ਸੜਕੀ ਟਰੈਫਿਕ ਅਤੇ ਫੈਕਟਰੀਆਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ..ਜਰੂਰੀ ਸੇਵਾਵਾਂ ਨੂੰ ਹਾਰਨ ਵਜਾਉਣਾ ਵਰਜਿਤ ਹੁੰਦਾ ਏ..ਗਲੀਆਂ ਬਜਾਰਾਂ ਵਿਚ ਤਾਇਨਾਤ ਪੁਲਸ ਇਸ ਚੀਜ ਦਾ ਖਿਆਲ ਰੱਖਦੀ ਏ ਕੇ ਕਿਸੇ ਵਿਦਿਆਰਥੀ ਦੀ ਇਕਾਗਰਤਾ ਨਾ ਭੰਗ ਹੋਵੇ..!
ਗਵਾਂਢੀ ਮੁਲਖ ਵਾਲਾ ਇਮਰਾਨ ਖ਼ਾਨ ਆਖਦਾ ਏ ਕੇ ਮੈਂਨੂੰ ਖੁਸ਼ੀ ਹੁੰਦੀ ਦੀ ਏ ਜਦੋਂ ਲੋਕ ਮੈਂਥੋਂ ਸਕੂਲ,ਯੂਨੀਵਰਸਿਟੀਆਂ ਕਾਲਜ ਅਤੇ ਲਾਇਬ੍ਰੇਰੀਆਂ ਮੰਗਦੇ ਨੇ..ਵਧੀਆ ਪੜਾਈ ਅਤੇ ਕਾਬਲ ਅਧਿਆਪਕਾਂ ਦੀ ਮੰਗ ਕੀਤੀ ਜਾਂਦੀ ਏ..ਇਹ ਇੱਕ ਜਾਗ੍ਰਿਤ ਹੋ ਚੁਕੇ ਸਮਾਜ ਦੀ ਨਿਸ਼ਾਨੀ ਏ..!
ਇਹ ਤੇ ਸਨ ਦੋ ਮੁਲਖਾਂ ਦੀਆਂ ਦੋ ਅਜੀਬ ਜਿਹੀਆਂ ਤਲਖ਼ ਹਕੀਕਤਾਂ..ਆਓ ਹੁਣ ਆਪਣੇ ਪੰਜਾਬ ਦੀ ਗੱਲ ਕਰੀਏ..!
ਪਿੱਛੇ ਜਿਹੇ ਪੰਜਾਬ ਗਏ ਇੱਕ ਟੱਬਰ ਨੇ ਗੱਲ ਸੁਣਾਈ..ਘਰ ਦੇ ਨਾਲ ਲੱਗਦੇ ਗੁਰੂਘਰ ਵਿਚ ਰਾਤੀ ਦੋ ਵਜੇ ਸਪੀਕਰ ਤੇ ਉਚੀ-ਉਚੀ ਪਾਠ ਲਗਾ ਦਿੱਤਾ..ਬੇਨਤੀ ਕੀਤੀ ਕੇ ਅਵਾਜ ਘੱਟ ਕਰ ਦਿਓ..ਸਫ਼ਰ ਦੇ ਭੰਨੇ ਨਿੱਕੇ ਨਿੱਕੇ ਬੱਚੇ ਉੱਠ ਪੈਣਗੇ..ਅੱਗੋਂ ਆਖਣ ਲੱਗੇ ਕੇ ਅਵਾਜ ਤੇ ਏਨੀ ਹੀ ਰਹੁ..ਜੇ ਬਾਹਲੀ ਤਕਲੀਫ ਹੁੰਦੀ ਏ ਤਾਂ ਅੰਮ੍ਰਿਤਸਰ ਜਾ ਹੋਟਲ ਦੇ ਕਮਰੇ ਲੈ ਦਿਓ..ਮਜਬੂਰੀ ਵੱਸ ਸ਼ਹਿਰ ਸ਼ਿਫਟ ਹੋਣਾ ਪਿਆ..
ਫੇਰ ਇੱਕ ਦਿਨ ਸੁਵੇਰੇ ਸਵਖਤੇ ਦਰਸ਼ਨ ਕਰਨ ਦਰਬਾਰ ਸਾਹਿਬ ਪਹੁੰਚ ਗਏ..ਤੜਕੇ ਨਿੱਕਲਦੀ ਪਾਲਕੀ ਸਾਬ ਦੀਆਂ ਅਗਲੀਆਂ ਦੋ ਬਾਹੀਆਂ (ਡੰਡੇ) ਕੈਮਰੇ ਦੇ ਸਾਮਣੇ ਹੋਣ ਕਾਰਨ ਪੱਕੀਆਂ ਹੀ ਪੰਥ ਦੇ ਕਰਿੰਦਿਆਂ ਵੱਲੋਂ ਮੱਲ ਲਈਆਂ ਗਈਆਂ..
ਆਮ ਸੰਗਤ ਮਗਰਲੀਆਂ ਦੋ ਬਾਹੀਆਂ ਨੂੰ ਮੋਢਾ ਦੇਣ ਲਈ ਗੁੱਥਮ-ਗੁੱਥਾ ਹੋਣ ਲੱਗੀ..ਸ਼ਰਧਾ ਦੀ ਚਾਦਰ ਹੇਠ ਹੁੰਦੇ ਇਸ ਸੰਘਰਸ਼ ਨੂੰ ਦੇਖ ਏਧਰੋਂ ਗਏ ਪੁੱਛਣ ਲੱਗੇ ਕੇ ਕੀ ਇਹ ਓਹੀ ਸਬਰ-ਸੰਤੋਖ ਹੈ ਜਿਸਦੀ ਗੱਲ ਗੁਰੂ ਘਰ ਹੁੰਦੀ ਅਰਦਾਸ ਵਿਚ ਅਕਸਰ ਹੀ ਕੀਤੀ ਜਾਂਦੀ ਏ?
ਬਜ਼ੁਰਗ ਆਹਂਦਾ ਮੈਂ ਨਿਰੁੱਤਰ ਹੋ ਗਿਆ..
ਦੋਸਤੋਂ ਕਿਸੇ ਦਾਰਸ਼ਨਿਕ ਨੇ ਆਖਿਆ ਏ ਕੇ ਜਦੋਂ ਲੋਕ ਆਪਣੇ ਹੱਕਾਂ ਪ੍ਰਤੀ ਜਗਰੂਪ ਹੁੰਦੇ ਦਿਖਾਈ ਦੇਣ ਲੱਗਦੇ ਨੇ ਤਾਂ ਬੇਈਮਾਨ ਸਰਕਾਰਾਂ ਓਹਨਾ ਨੂੰ ਧਾਰਮਿਕ ਤੇ ਸਮਾਜਿਕ ਮਸਲਿਆਂ ਵਿਚ ਉਲਝਾ ਦਿਆ ਕਰਦੀਆਂ ਨੇ..
ਪਰ ਆਪਣੀ ਤ੍ਰਾਸਦੀ ਇਹ ਹੈ ਕੇ ਅਸੀ ਖੁਦ ਹੀ ਦਿਖਾਵੇ ਵਾਲੀਆਂ ਇੱਟਾਂ ਨੂੰ ਪਾਖੰਡ ਵਾਲੇ ਗਾਰੇ ਵਿਚ ਲਬੇੜ ਬਿਨਾ ਖਿੜਕੀਆਂ ਦੇ ਐਸੇ ਪੱਕੇ ਰੈਣ ਬਸੇਰੇ ਬਣਾ ਲਏ ਹਨ ਕੇ ਸਰਕਾਰਾਂ ਨੂੰ ਕੁਝ ਕਰਨ ਦੀ ਲੋੜ ਹੀ ਨਹੀਂ!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *