ਅੱਸੂ ਦਾ ਮਗਰਲਾ ਪੰਦਰਵਾੜਾ ਸੀ । ਬਲਾੜ ਵਾਲੇ ਬਾਬਿਆਂ ਦਾ ਦੀਵਾਨ ਸੱਜਿਆ ਹੋਇਆ ਸੀ। ਸੰਗਤਾਂ ਨਾਲ ਦੀਵਾਨ ਹਾਲ ਇਸ ਤਰ੍ਹਾਂ ਭਰਿਆ ਹੋਇਆ ਸੀ,ਤਿਲ ਸੁੱਟਣ ਨੂੰ ਥਾਂ ਨਹੀਂ ਸੀ।
ਬਾਬਾ ਆਪਣੇ ਉੱਚੇ ਆਸਣ ਤੇ ਬੈਠ ਕੇ ਪ੍ਰਵਚਨ ਛੱਡ ਰਿਹਾ ਸੀ। ਬਾਬੇ ਨੇ ਆਪਣੀ ਡੱਬ ਵਿੱਚ ਰਿਵਾਲਵਰ ਗੋਲੀਆਂ ਨਾਲ ਭਰ ਕੇ ਰੱਖਿਆ ਹੋਇਆ ਸੀ। ਬਾਬੇ ਦੇ ਦੁਆਲੇ ਤਿੰਨ ਗੰਨਮੈਨ ਤਾਇਨਾਤ ਖੜ੍ਹੇ ਸਨ। ਬਾਬੇ ਨੇ ਡੇਰੇ ਦੁਆਲੇ ਚਾਰ ਦੁਵਾਰੀ ਦੀਆਂ ਕੰਧਾਂ ਉੱਚੀਆਂ ਕਰਕੇ,ਉੱਤੇ ਮੱਛੀ ਕੰਡੇ ਵਾਲੀ ਕੰਡਿਆਲੀ ਤਾਰ ਲਾਈ ਹੋਈ ਸੀ।ਇਹਥੇ ਹੀ ਬੱਸ ਨਹੀਂ ਚੰਪੇ ਚੰਪੇ ਤੇ ਸੀ,ਸੀ,ਟੀ,ਵੀ ਕੈਮਰੇ ਲੱਗੇ ਹੋਏ ਸਨ। ਡੇਰੇ ਦੀ ਚੜਦੀ ਬਾਹੀ ਬਾਬੇ ਦੀ ਮਹਿਲ ਨੁਮਾ ਆਲੀਸ਼ਾਨ ਕੋਠੀ ਪਾਈ ਹੋਈ ਸੀ । ਕੋਠੀ ਦੇ ਬਾਹਰ ਜੰਗਲੇ ਵਿੱਚ ਰੌਡਵੀਲਰ ਤੇ ਜਰਮਨ ਛਾਟ ਦੋ ਕੁੱਤੇ ਰੱਖੇ ਹੋਏ ਸਨ। ਬਾਬੇ ਦਾ ਡੇਰਾ ਤਿੰਨ ਕਿਲਿਆਂ ਵਿੱਚ ਚਮਕਾ ਮਾਰ ਰਿਹਾ ਸੀ।
ਪੰਡਾਲ ਵਿੱਚ ਬੈਠੀਆਂ ਸੰਗਤਾਂ ਬਾਬੇ ਦੀ ਜੈ, ਜੈ,ਕਾਰ ਕਰ ਰਹੀਆਂ ਸਨ। ਸੰਗਤਾਂ ਬਾਬੇ ਦੇ ਪੈਰੀ ਹੱਥ ਲਾ ਕੇ ਅਣਤੋਲੀ ਖੁਸ਼ੀ ਮਹਿਸੂਸ ਕਰ ਰਹੀਆਂ ਸਨ। ਬਾਬੇ ਦੇ ਨੇੜੇ ਨੋਟਾਂ ਦਾ ਢੇਰ ਉੱਚਾ ਹੋ ਰਿਹਾ ਸੀ। ਬਿਜਲੀ ਦੇ ਬਲਬਾਂ ਦੀਆਂ ਲੜੀਆਂ ਅਠਖੇਲੀਆਂ ਕਰ ਰਹੀਆਂ ਸਨ।
ਇਸ ਪੰਡਾਲ ਵਿੱਚ ਕੰਬਲਾਂ ਦੀਆਂ ਬੁੱਕਲਾਂ ਮਾਰ ਕੇ ਚਾਰ ਡਾਕੂ ਵੀ ਬੈਠੇ ਹੋਏ ਸਨ।ਜਿਨ੍ਹਾਂ ਕੋਲ ਏ,ਕੇ ਸੰਨਤਾਲੀ ਸ਼ਾਲਟਾ ਸਨ। ਬਾਬਾ ਸਬਦ ਪੜ ਰਿਹਾ ਸੀ,ਤੂੰ ਮੇਰਾ ਰਾਖਾ ਸਭਨੀ ਥਾਈ,ਬਾਬਾ ਸੰਗਤਾਂ ਨੂੰ ਕਹਿ ਰਿਹਾ ਸੀ,ਹਰੇਕ ਦੀ ਰਾਖੀ ਹਰ ਸਮੇਂ ਰੱਬ ਕਰਦਾ ਹੈ।ਜਿਨੇ ਸਵਾਸ ਰੱਬ ਵਲੋਂ ਲਿਖੇ ਹੋਏ ਹਨ ਉਤਨੇ ਹੀ ਸਵਾਸ ਮਨੁੱਖ ਭੋਗਦਾ ਹੈ। ਨਾ ਰਾਈ ਵਧੇ ਨਾ ਤਿਲ ਘਟੇ,ਉਸ ਦੇ ਹੁਕਮ ਬਗੈਰ ਪੱਤਾ ਨਹੀਂ ਹਿਲਦਾ। ਸਾਨੂੰ ਉਸ ਅਕਾਲ ਪੁਰਖ ਤੇ ਭਰੋਸਾ ਰੱਖਣ ਦੀ ਲੋੜ ਹੈ। ਨਾਮ ਅਤੇ ਦਾਨ ਨੇ ਸਾਡਾ ਅਗਲਾ ਜੀਵਨ ਸੰਵਾਰਨਾ ਹੈ। ਦਾਨ ਬਾਬਿਆਂ ਦੇ ਡੇਰਿਆਂ ਵਿੱਚ ਕੀਤਾ,ਕਈ ਕੁਲਾਂ ਸੰਵਾਰ ਦਿੰਦਾ ਹੈ। ਸਾਡਾ ਜੀਵਨ ਤੇ ਮਰਨ ਉਸ ਦੀ ਰਜ਼ਾ ਵਿੱਚ ਚਲਦਾ ਹੈ। ਸੰਗਤਾਂ ਧੰਨ ਬਾਬਾ ਜੀ,ਧੰਨ ਬਾਬਾ ਜੀ ਕਹਿ ਰਹੀਆਂ ਸਨ।
ਰਾਤ ਦਾ ਇਕ ਵੱਜ ਗਿਆ ਸੀ,ਬਾਬੇ ਦੇ ਲੰਮੇ ਚੌੜੇ ਪ੍ਰਵਚਨਾਂ ਦੀ ਸਮਾਪਤੀ ਹੋ ਗਈ ਸੀ।ਪੰਦਰਾਂ ਮਿੰਟਾਂ ਵਿੱਚ ਪੰਡਾਲ ਖਾਲੀ ਹੋ ਗਿਆ ਸੀ। ਬਾਬੇ ਦੇ ਸੇਵਾਦਾਰ ਨੋਟਾਂ ਦੀ ਪੰਡ ਬੰਨ੍ਹ ਕੇ ਕੋਠੀ ਵਿੱਚ ਲੈ ਗਏ ਸਨ। ਡਾਕੂ ਡੇਰੇ ਵਿੱਚ ਸੁੱਟੀ ਪਰਾਲੀ ਦੀ ਢੇਰੀ ਤੇ ਢੇਰੀ ਹੋਏ ਪਏ ਸਨ । ਬਾਬੇ ਦੇ ਚੇਲੇ ਡੇਰੇ ਦੇ ਗੇਟ ਬੰਦ ਕਰਕੇ ਆਪੋ ਆਪਣੇ ਕਮਰਿਆਂ ਵਿੱਚ ਜਾ ਕੇ ਲੰਮੇ ਪੈ ਗਏ ਸਨ। ਰਾਤ ਦੇ ਦੋ ਵੱਜ ਚੁੱਕੇ ਸਨ। ਅੱਧਾ ਚੜਿਆ ਚੰਨ ਪੱਛਮ ਵਿੱਚ ਜਾ ਕੇ ਅਲੋਪ ਹੋ ਗਿਆ ਸੀ। ਬਾਬਾ ਵੀ ਵਿਸਕੀ ਦੇ ਦੋ ਪੈੱਗ ਮਾਰ ਕੇ ,ਘੋੜੇ ਵੇਚ ਕੇ ਘਰਾੜੇ ਮਾਰ ਰਿਹਾ ਸੀ।
ਡਾਕੂਆਂ ਆਪਣੀਆਂ ਸ਼ਾਲਟਾ ਤਾਇਨਾਤ ਕਰਕੇ ਬਾਬੇ ਦੀ ਕੋਠੀ ਵਲ ਚਾਲੇ ਪਾਏ ਸਨ। ਅੱਗੋਂ ਕੁੱਤੇ ਟੁੱਟ ਕੇ ਪੈ ਗਏ,ਡਾਕੂਆਂ ਨੇ ਝੋਲੇ ਵਿਚੋਂ ਕੱਢ ਕੇ ਮੀਟ ਉਹਨਾਂ ਅੱਗੇ ਸੁੱਟ ਦਿੱਤਾ। ਕੁੱਤੇ ਮੀਟ ਵਿੱਚ ਰੁੱਝ ਗਏ,ਡਾਕੂਆਂ ਨੂੰ ਅੱਗੇ ਜਾਣ ਦੀ ਸਹਿਮਤੀ ਦੇ ਦਿੱਤੀ ।ਅੱਗੇ ਕੁਰਸੀ ਤੇ ਬੈਠਾ ਗੰਨਮੈਨ ਨੀਂਦ ਨਾਲ ਉਘਲਾ ਰਿਹਾ ਸੀ। ਕਮਰਿਆਂ ਦੀਆਂ ਚਾਬੀਆਂ ਕਿੱਥੇ ਹਨ,” ਡਾਕੂਆ ਨੇ ਉਸ ਦੇ ਕੰਨ ਤੇ ਸ਼ਾਲਟ ਦੀ ਨਾਲੀ ਰੱਖਦਿਆਂ ਪੁੱਛਿਆ?ਗੰਨਮੈਨ ਨੇ ਡਰਦਿਆਂ ਨਾਲ ਦੀ ਅਲਮਾਰੀ ਵਿੱਚੋਂ ਸਾਰੀਆਂ ਚਾਬੀਆਂ ਡਾਕੂਆਂ ਨੂੰ ਦੇ ਦਿੱਤੀਆਂ । ਪਹਿਰੇਦਾਰ ਨੂੰ ਡਾਕੂਆਂ ਨਾਲ ਦੇ ਕਮਰੇ ਵਿੱਚ ਤਾੜ ਕੇ ਜਿੰਦਰਾ ਮਾਰ ਦਿੱਤਾ ਸੀ ।
ਹੁਣ ਡਾਕੂਆਂ ਨੇ ਬਾਬੇ ਦਾ ਬੂਹਾ ਜੋਰ ਦੀ ਘੜਕਾਇਆ,ਕੌਣ ਹੈ ਮੇਰੀ ਨੀਂਦ ਦਾ ਦੁਸ਼ਮਣ,”ਬਾਬਾ ਉਬੜਵਾਹੇ ਬੋਲਿਆ,। ਅਸੀਂ ਤੇਰੀ ਨੀਂਦ ਦੇ ਨਹੀਂ,ਸਗੋਂ ਤੇਰੀ ਜਾਨ ਦੇ ਦੁਸ਼ਮਣ ਡਾਕੂ ਹਾਂ,”ਡਾਕੂਆਂ ਦਾ ਸਰਦਾਰ ਬੋਲਿਆ। ਚਾਰੇ ਡਾਕੂਆਂ ਨੇ ਕੈਲ ਦੀ ਲੱਕੜ ਦੇ ਬੂਹੇ ਨੂੰ ਇਤਨੇ ਜੋਰ ਦੀ ਧੱਕਾ ਮਾਰਿਆ,ਬੂਹਾ ਟੁੱਟ ਗਿਆ। ਚਾਰੇ ਡਾਕੂਆਂ ਨੇ ਬਾਬੇ ਦੀਆਂ ਦੋਵੇਂ ਬਾਹਵਾਂ ਬੰਨ੍ਹ ਦਿੱਤੀਆਂ।ਉਸ ਦਾ ਅਮਰੀਕਨ ਰਿਵਾਲਵਰ ਆਪਣੇ ਕਬਜ਼ੇ ਵਿੱਚ ਕਰ ਲਿਆ।
ਉਏ ਸਾਧਾਂ,ਤੈਨੂੰ ਇਤਨੇ ਨੋਟਾਂ ਤੇ ਨੀਂਦ ਕਿਵੇਂ ਆ ਜਾਦੀ ਹੈ?ਇਸ ਤੋਂ ਇਲਾਵਾ ਸੰਗਤਾਂ ਨੂੰ ਕਹਿ ਰਿਹਾ ਸੀ,ਤੂੰ ਮੇਰਾ ਰਾਖਾ ਸਭਨੀ ਥਾਈ,ਉਸ ਦੇ ਹੁਕਮ ਤੋ ਬਗੈਰ ਪੱਤਾ ਨਹੀਂ ਹਿਲਦਾ,ਆਪ ਤੂੰ ਬਾਦਸ਼ਾਹ ਵਾਂਗ ਹਰ ਥਾਂ ਪੱਕੇ ਬੰਦੋਬਸਤ ਕੀਤੇ ਹੋਏ ਹਨ। ਕੀ ਤੈਨੂੰ ਆਪਣੇ ਰੱਬ ਉੱਤੇ ਭਰੋਸਾ ਨਹੀਂ ਹੈ,”ਡਾਕੂਆਂ ਦਾ ਸਰਦਾਰ ਬੋਲਿਆ। ਜਨਾਬ ਰਾਖੀ ਤਾ ਹਰੇਕ ਨੂੰ ਆਪਣੀ ਆਪ ਕਰਨੀ ਪੈਂਦੀ ਹੈ,ਇਹਨਾਂ ਅਨਪੜ੍ਹ ਭਗਤਾਂ ਦੀ ਜੇਬ ਵਿਚੋਂ ਪੈਸਾ ਕਢਵਾਉਣ ਲਈ,ਅਤੇ ਇਹਨਾਂ ਨੂੰ ਨਿਹੱਥੇ ਕਰਨ ਲਈ ਬਹੁਤ ਕੁਝ ਬੋਲਣਾ ਪੈਂਦਾ ਹੈ,”ਘਬਰਾਇਆ ਤੇ ਕੰਬਦਾ ਬਾਬਾ ਬੋਲਿਆ।
ਉਏ ਸਾਧਾਂ,ਰੱਬ ਨੇੜੇ ਕੇ ਘਸੁੰਨ ,”ਦੂਜਾ ਡਾਕੂ ਬੋਲਿਆ? ਰੱਬ ਤਾ ਲੋਹੇ ਦਾ ਥਣ ਅਜੇ ਤੱਕ ਕਿਸੇ ਵੇਖਿਆ ਨਹੀਂ,ਘਸੁੰਨ ਤਾ ਤੁਸੀਂ ਹੁਣੇ ਮੈਨੂੰ ਮਾਰ ਸਕਦੇ ਹੋ,”ਬਾਬਾ ਤੇਜ ਚਲਦੇ ਸਾਹ ਨੂੰ ਰੋਕ ਕੇ ਬੋਲਿਆ,।ਜੇਕਰ ਸਭਨੀ ਥਾਈ ਰਾਖੀ ਕਰਨ ਵਾਲਾ ਕੋਈ ਰੱਬ ਜਾਂ ਅਕਾਲ ਪੁਰਖ ਹੈ,ਉਸ ਨੂੰ ਤੂੰ ਅਵਾਜ਼ ਮਾਰ ਸਕਦਾ ਹੈ,”ਤੀਸਰਾ ਡਾਕੂ ਬਾਬੇ ਦਾ ਸੋਨੇ ਦਾ ਕੜਾ ਲਾਹਉਂਦਾ ਬੋਲਿਆ।
ਹੁਣ ਤੁਸੀਂ ਮੇਰੇ ਰੱਬ ਹੋ,ਮੇਰੀ ਜਾਨ ਤੁਹਾਡੇ ਹੱਥ ਵਿੱਚ ਹੈ,ਮੈਂ ਤੁਹਾਡੇ ਕੋਲੋਂ ਆਪਣੀ ਜਾਨ ਦੀ ਭਿਖਿਆ ਮੰਗਦਾ ਹਾਂ,”ਬਾਬਾ ਮਨੋਕਲਪਤ ਰੱਬ ਨੂੰ ਰੱਦੀ ਦੀ ਟੋਕਰੀ ਵਿੱਚ ਸੁੱਟਦਾ ਬੋਲਿਆ।ਬਾਬਾ ਅੱਧਾ ਮਿੰਟ ਰੁੱਕ ਕੇ ਫੇਰ ਬੋਲਿਆ, ਤੁਸੀਂ ਸੋਨਾ,ਚਾਂਦੀ,ਪੈਸੇ ਸਾਰੇ ਲੈ ਜਾਵੋ- ਪਰ ਮੈਨੂੰ ਮਾਰਿਉ ਨਾ,ਮੈਂ ਤੁਹਾਡੇ ਕੰਮ ਦੀ ਚੀਜ ਹਾਂ,”ਬਾਬਾ ਜਾਨ ਬਚਾਉਣ ਲਈ ਸਭ ਕੁਝ ਦਾਅ ਤੇ ਲਾਉਂਦਾ ਬੋਲਿਆ।ਉਏ ਸਾਧਾਂ, “ਕੰਮ ਦੀ ਚੀਜ ਕਿਵੇਂ ? ਚੌਥਾ ਡਾਕੂ ਬੋਲਿਆ। ਗੁਰਮੁਖ ਪਿਆਰਿਉ ਸਾਲ ਦੇ ਅੱਧੇ ਦੀਵਾਨਾਂ ਦਾ ਝੜਾਵਾ ਤੁਸੀਂ ਲੈ ਜਾਇਆ ਕਰਿਉ,ਬਾਕੀ ਅੱਧੇ ਦੀਵਾਨਾਂ ਨਾਲ ਮੇਰਾ ਤੋਰੀ ਫੁਲਕਾ ਚੱਲਦਾ ਰਹਿਣ ਦਿਉ,”ਬਾਬਾ ਹਾਰਦੀ ਬਾਜੀ ਵੇਖ(ਜੇ ਧੰਨ ਜਾਦਾ ਸਾਰਾ ਦਿਸੇ ,ਅੱਧਾ ਦੇਈਏ ਲੁਟਾਅ)ਸਿਆਣਿਆਂ ਦਾ ਕਥਨ ਯਾਦ ਕਰਦਾ ਬੋਲਿਆ।
ਸਾਨੂੰ ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ ਮਾਰਨੀ ਨਹੀਂ ਚਾਹੀਦੀ,ਸਾਨੂੰ ਸੋਨੇ ਦੇ ਆਂਡੇ ਖਾਣੇ ਚਾਹੀਦੇ ਹਨ,ਆਪਣਾ ਹੁਕਮ ਸੁਣਾਉਂਦਿਆਂ ਡਾਕੂਆਂ ਦਾ ਸਰਦਾਰ ਬੋਲਿਆ। ਡਾਕੂਆਂ ਨੇ ਜਦੋਂ ਅਲਮਾਰੀਆਂ ਦੀ ਤਲਾਸ਼ੀ ਲਈ,ਇਕ ਅਲਮਾਰੀ ਵਿੱਚ ਵਿਸਕੀ ਦੀ ਪੇਟੀ ਪਈ ਸੀ,ਉਏ ਸਾਧਾਂ,ਵਿਸਕੀ ਦੇ ਪੈੱਗ ਵੀ ਮਾਰਦਾ ਹੈ?”,ਡਾਕੂਆਂ ਦਾ ਸਰਦਾਰ,ਵਿਸਕੀ ਦੀ ਬੋਤਲ ਬਾਬੇ ਨੂੰ ਵਿਖਾਉਂਦਾ ਬੋਲਿਆ।ਜਨਾਬ ਜਦੋਂ ਮੁਫਤ ਦਾ ਪੈਸਾ ਹੋਵੇ,ਫੇਰ ਸਾਰੇ ਚੋਜ ਕਰਨ ਨੂੰ ਚਿੱਤ ਕਰਦਾ ਰਹਿੰਦਾ ਹੈ,”ਹੁਣ ਬਾਬਾ ਕੁਝ ਧੀਰਜ ਫੜਦਾ ਬੋਲਿਆ।
ਦੂਜੀ ਅਲਮਾਰੀ ਵਿੱਚ ਕਾਜੂ,ਬਦਾਮ,ਮਿਸਰੀ,ਅਖਰੋਟ ਦੇ ਮਰਤਬਾਨ ਪਏ ਸਨ। ਮਰਤਬਾਨਾਂ ਦੇ ਪਿਛਲੇ ਪਾਸੇ ਕੱਪੜੇ ਵਿੱਚ ਲਪੇਟੀ ਅਫੀਮ ਦੀ ਡੱਬੀ ਪਈ ਸੀ। ਅਖੀਰ ਵਿੱਚ ਡਾਕੂਆਂ ਨੇ ਸੋਨੇ ਚਾਂਦੀ ਵਾਲੀ ਤਜੌਰੀ ਨੂੰ ਖੋਲਿਆ। ਇਸ ਤਜੌਰੀ ਵਿੱਚ ਇਕ ਕਿਲੋ ਤਿੰਨ ਸੌ ਗਰਾਮ ਸੋਨਾ ਸੀ ਅਤੇ ਸੱਤ ਕਿਲੋ ਛੇ ਸੌ ਗਰਾਮ ਚਾਂਦੀ ਪਈ ਸੀ। ਨੋਟਾਂ ਨਾਲ ਪੇਟੀ ਭਰੀ ਪਈ ਸੀ।
ਡਾਕੂਆਂ ਨੇ ਸਾਰਾ ਮਾਲ ਦੋ ਬੋਰੀਆਂ ਵਿੱਚ ਪਾ ਕੇ ਬੰਨ੍ਹ ਲਿਆ। ਬਾਬੇ ਦੇ ਹਥਿਆਰ ਤੇ ਗੋਲੀਆਂ ਲੈ ਕੇ ਰਾਤ ਦੇ ਘੁੱਪ ਹਨੇਰੇ ਵਿੱਚ ਆਪਣੇ ਰਸਤੇ ਪੈ ਗਏ। ਅਕਾਸ ਵਿੱਚ ਸਰਵਣ ਦੀ ਵਹਿਘੀ ਪੱਛਮ ਵਿੱਚ ਡੁੱਬਣ ਕਿਨਾਰੇ ਸੀ।ਸਿਆਣੇ ਕੁੱਕੜ ਬਾਂਗਾ ਦੇਣ ਲੱਗ ਪਏ ਸਨ।
ਬਾਬਾ ਸੋਚ ਰਿਹਾ ਸੀ,ਮਾਇਆ ਤੇ ਹੱਥਾਂ ਦੀ ਮੈਲ ਹੁੰਦੀ ਹੈ। ਲੋਕਾਂ ਨੂੰ ਬੇਵਕੂਫ ਬਣਾ ਕੇ ਜਿੰਨੀ ਮਰਜੀ ਇਕੱਠੀ ਕਰ ਲਵਾਂਗੇ। ਜਾਨ ਹੈ ਤਾਂ ਜਹਾਨ ਹੈ। ਹੁਣ ਬਾਬਾ ਕਿਸੇ ਵੱਡੇ ਸ਼ਹਿਰ ਕੋਠੀ ਖਰੀਦਣ ਦਾ ਮਨ ਬਣਾ ਚੁੱਕਾਂ ਸੀ।
ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋ। 9530579175