ਕਿਸਮਤ ਵਾਲੀਆਂ ਗਾਲਾਂ | kismat waliya gaala

” ਤੈਨੂੰ ਸੁਣਦਾ ਨਹੀਂ ? ਕਿਉਂ ਦਿਮਾਗ ਹੈਨੀ ਤੇਰਾ?ਬਹੁਤ ਹਵਾ ਵਿੱਚ ਉਡਿਆ ਫਿਰਦਾ।ਤੈਨੂੰ ਪਤਾ ਨਹੀਂ ਮੈਂ ਕੌਣ ਹਾਂ?
ਖੋਲ ਫਾਟਕ! ਮੈ ਪਹਿਲਾਂ ਹੀ ਲੇਟ ਹੋਇਆ ਪਿਆ।ਮੇਰਾ ਕਿੰਨਾ ਨੁਕਸਾਨ ਹੋ ਜਾਣਾ।”ਗੱਡੀ ਦਾ ਸ਼ੀਸ਼ਾ ਥੱਲੇ ਕਰਦਾ ਇੱਕ ਰੋਹਬਦਾਰ ਬੰਦਾ ਮੂੰਹ ਬਾਹਰ ਕੱਢ  ਕੇ ਉੱਚੀ ਉੱਚੀ ਫਾਟਕ ਦੇ ਗੇਟ ਕੀਪਰ ਨੂੰ ਔਖਾ ਹੋ ਕੇ ਬੋਲ ਰਿਹਾ ਸੀ ।
“ਬਸ ਬਾਬੂ ਜੀ ਪੰਜ ਮਿੰਟ ਹੋਰ। ਗੱਡੀ ਆਉਣ ਵਾਲੀ ਹੈ ਤੇ ਮੈਂ ਖੋਲ ਦੇਣਾ ਫਾਟਕ ।”ਇੱਕ 30 ਕ ਸਾਲ ਦਾ ਨੌਜਵਾਨ ਮੁੰਡਾ ਜੋ ਸ਼ਕਲ ਸੂਰਤ ਤੋਂ ਬਿਹਾਰੀ ਲਗਦਾ ਸੀ।ਹੱਸ ਕੇ ਬੋਲਿਆ ਤੇ ਕਮਰੇ ਚ ਚਲਾ ਗਿਆ।
  “ਭੈਣ… ! ਜਦੋਂ ਦੇਖੋ ਫਾਟਕ ਬੰਦ ਹੀ ਰੱਖਦਾ ।ਬਾਹਰ ਨਿਕਲ ।ਅੰਦਰ ਸੁੱਤਾ ਪਿਆ ਮਜ਼ੇ ਨਾਲ ਤੇ ਅਸੀਂ ਗਰਮੀ ਚ ਸੜੇ ਪਏ ਹਾਂ।
ਜਲਦੀ ਕਰ ।”ਹਾਰਨ ਤੇ ਹਾਰਨ ਮਾਰਦਾ ਇੱਕ ਮੁੰਡਾ ਔਖਾ ਹੋ ਕੇ ਗਾਲ਼ਾਂ ਕੱਢ ਦਾ ਹੋਇਆ ਬੋਲਿਆ ।
“ਬਸ ਪੰਜ ਮਿੰਟ ਬਾਬੂ ਜੀ ਖੋਲ ਦੇਣਾ ਫਾਟਕ” ਹੱਸਦਾ ਹੋਇਆ ਬਾਹਰ ਆਇਆ ਤੇ ਹੱਥ ਚ ਲਾਲ ਤੇ ਹਰੇ ਰੰਗ ਦੀ ਝੰਡੀ ਫ਼ੜ ਕੇ ਖੜਾ ਹੋ ਗਿਆ।
“ਕਿਤੇ ਜਿਆਦਾ ਤਾਂ ਨਹੀਂ ਲੱਗ ਗਈ ।ਧਿਆਨ ਨਾਲ ।ਪਾਣੀ ਪਿਲਾਓ ਮਾਤਾ ਨੂੰ।”ਰੌਲਾ ਜਿਹਾ ਪੈਣ ਲੱਗਾ।।
ਕੋਈ ਜਲਦਬਾਜ਼ੀ ਵਿੱਚ ਫਾਟਕ ਦੇ ਹੇਠਾਂ ਤੋਂ ਨਿਕਲਣ ਲੱਗਾ ਤਾਂ ਬਜ਼ੁਰਗ ਔਰਤ ਦੇ ਵਿੱਚ ਲੱਗ ਗਿਆ ।ਪਰ ਬਚਾ ਹੋ ਗਿਆ।
ਸਾਰੇ ਫਾਟਕ ਵਾਲੇ ਨੂੰ ਹੀ ਬੁਰਾ ਭਲਾ ਕਹਿ ਰਹੇ ਸਨ।
ਮੈਂ ਦੇਖਿਆ ਫਾਟਕ ਵਾਲਾ ਕਿਸੇ ਨੂੰ ਕੁੱਝ ਨਹੀਂ ਸੀ ਕਹਿ ਰਿਹਾ।ਹਰ ਇਕ ਨੂੰ ਹੱਸ ਕੇ ਜਵਾਬ ਦੇ ਰਿਹਾ ਸੀ।ਗੱਡੀ ਲੰਘ ਗਈ ਤੇ ਫਾਟਕ ਖੋਲ ਦਿੱਤਾ ਗਿਆ।ਸਭ ਲੋਕ ਇੱਕ ਦੂਸਰੇ ਤੋਂ ਅੱਗੇ ਨਿਕਲਣ ਦੀ ਹੋੜ ਵਿੱਚ ਸਨ,ਜਿਵੇਂ ਕੋਈ ਮੁਕਾਬਲਾ ਜਿੱਤਣਾ ਹੋਵੇ ।
“ਵੀਰ ਜੀ, ਇੱਕ ਗੱਲ ਪੁੱਛਾਂ?ਜੇ ਤੁਸੀਂ ਬੁਰਾ ਨਾ ਮੰਨੋ। ਮੈ ਫਾਟਕ ਵਾਲੇ ਨੂੰ ਪੁੱਛਿਆ ।
“ਕੀ ਪੁੱਛਣਾ ਤੁਸੀਂ? ਪੁੱਛੋ ਉਹ ਹੱਸਦਾ ਹੋਇਆ ਬੋਲਿਆ।
“ਲੋਕ ਤੁਹਾਨੂੰ ਕਿੰਨਾ ਵੱਧ ਘਟ ਬੋਲਦੇ ਹਨ,ਕਈ ਤਾਂ ਗਾਲਾਂ ਵੀ ਕੱਢਦੇ ਹਨ।ਪਰ ਤੁਸੀਂ ਹੱਸ ਕੇ ਜਵਾਬ ਦੇ ਰਹੇ ਸੀ ਸਭ ਨੂੰ।ਤੁਹਾਨੂੰ ਬੁਰਾ ਨਹੀਂ ਲੱਗਦਾ। ਮੈ ਪੁੱਛਿਆ
“ਨਹੀਂ ਭੈਣਜੀ। ਸ਼ੁਰੂ ਸ਼ੁਰੂ ਵਿੱਚ ਬੁਰਾ ਲੱਗਦਾ ਸੀ। ਦਿਲ ਕਰਦਾ ਸੀ ਇਹ ਨੌਕਰੀ ਛੱਡ ਦੇਵਾਂ।ਪਰ ਮਾਂ ਨੇ ਸਮਝਾਇਆ “ਪੁੱਤ !ਇਹ ਨੌਕਰੀ ਸਾਡੇ ਲਈ ਬਹੁਤ ਜ਼ਰੂਰੀ ਹੈ ।ਤੇਰੀਆਂ ਭੈਣਾਂ ਦੇ ਵਿਆਹ ਕਰਨੇ ਨੇ,ਕਰਜ਼ਾ ਉਤਰਨਾ ਹੈ।ਘਰ ਬਣਾਉਣਾ ਹੈ।”
ਮੈਂ ਮਨ ਕਰੜਾ ਕਰਕੇ ਨੌਕਰੀ ਤੇ ਲੱਗਾ ਰਿਹਾ ਤੇ ਪੱਕਾ ਹੋ ਗਿਆ।ਸਰਕਾਰੀ ਤਨਖਾਹ ਨਾਲ ਸਭ ਕੰਮ ਸਿਰੇ ਚੜ੍ਹ ਗਏ।
ਅੱਜ ਇਹ ਗਾਲਾਂ ਮੈਨੂੰ ਕਿਸਮਤ ਵਾਲੀਆਂ ਲਗਦੀਆਂ ਨੇ।ਇਸ ਲਈ ਮੈਨੂੰ ਕਿਸੇ ਦੀ ਗਾਲ੍ਹ ਦਾ ਬੁਰਾ ਨਹੀਂ ਲਗਦਾ।
ਨੌਕਰੀ ਹੀ ਇਦਾ ਦੀ ਹੈ ਕਿ ਲੋਕ ਗਾਲਾਂ ਕੱਢਣ ਲਈ ਮਜ਼ਬੂਰ ਹੋ ਜਾਂਦੇ ਹਨ।ਨੌਕਰੀ ਮਿਲੀ ਤਾਂ ਹੀ ਗਾਲਾਂ ਮਿਲ ਰਹੀਆਂ ਨਹੀਂ ਤਾਂ ਘਰ ਬੈਠੇ ਨੂੰ ਕੋਣ ਗਾਲਾਂ ਕੱਢਣ ਆਉਂਦਾ।”ਹੱਸਦਾ ਹੋਇਆ ਬੋਲਿਆ।
ਮੈਨੂੰ ਹੈਰਾਨੀ ਵੀ ਹੋਈ ਤੇ ਖੁਸ਼ੀ ਵੀ ਕਿ ਉਸਨੇ ਸਾਕਾਰਾਤਮਿਕ ਸੋਚ ਰੱਖ ਕੇ ਆਪਣੇ ਹਾਸੇ ਨੂੰ ਬਰਕਰਾਰ ਰੱਖਿਆ ਸੀ।

Leave a Reply

Your email address will not be published. Required fields are marked *