“ਸਾਵੀ” ਮੈਂ ਤੇ “ਮੀਂਹ” | saavi mein te meeh

ਸਾਵੀ ਦੂਜੀ ਜਮਾਤ ਵਿੱਚ ਪੜ੍ਹਦੀ ਸੀ। ਅਸੀਂ ਘਰ ਬਦਲਿਆ ਮੇਰੇ ਕੰਮ ਵਾਲੀ ਜਗਹ ਤੇ ਸੰਧੂ ਸਾਹਿਬ ਦਾ ਕੰਮ ਵਾਲਾ ਥਾਂ ਨੇੜੇ ਹੋ ਗਿਆ ਪਰ ਬੇਟੀ (ਸਾਵੀ) ਦਾ ਸਕੂਲ ਦੂਰ ਹੋ ਗਿਆ। ਟਰੈਫਿਕ ਜਿਆਦਾ ਹੋਣ ਕਾਰਣ ਕੋਈ 40 ਤੋਂ 45 ਮਿੰਟ ਲਗਦੇ ਹੋਣਗੇ ਕਦੀ ਕਦੀ ਆਟੋ ਵਾਲਾ ਇੱਕ ਘੰਟਾ ਵੀ ਲਗਾ ਦਿੰਦਾ। ਤਕਰੀਬਨ ਚਾਰ ਵਜੇ ਤੱਕ ਬੱਚੇ ਘਰ ਪਹੁੰਚ ਜਾਂਦੇ ਸਨ। ਸੈਂਟ ਫਰਾਂਸਿਸ ਸਕੂਲ ਪੁਤਲੀਘਰ ਦੇ ਕੋਲ ਹੈ। ਉਦੋਂ ਉਥੇ ਵੀ ਪਾਣੀ ਬਹੁਤ ਖਲੋ ਜਾਂਦਾ ਸੀ । ਆਉਣਾ ਜਾਣਾ ਮੁਸ਼ਕਿਲ ਹੋ ਜਾਂਦਾ ਹੈ। ਤਕਰੀਬਨ ਆਟੋ ਕਾਰਾਂ ਸਕੂਟਰ ਬੰਦ ਹੋ ਜਾਂਦੇ ਸਨ।ਕਿਸ਼ਤੀ ਦਾ ਚਲਣਾ ਹੀ ਬਾਕੀ ਰਹਿ ਜਾਂਦਾ ਸੀ। ਮੀਂਹ ਆਇਆ ਮੈ ਕੰਮ ਤੇ ਸੰਧੂ ਸਾਹਿਬ ਸ਼ਹਿਰੋਂ ਬਾਹਰ ਸਨ। ਤਜ਼ੁਰਬਾ ਨਹੀ ਸੀ ਕਿ ਇੰਝ ਵੀ ਹੁੰਦਾ ਹੈ । ਘਰੋਂ ਫੋਨ ਆਇਆ ਕਿ ਸਾਵੀ ਅੱਜ ਨਹੀ ਆਈ। ਪੌਣੇ ਪੰਜ ਵਜਦੇ ਹੋਣਗੇ । ਮੀਂਹ ਅਜੇ ਵੀ ਵਰਦਾ ਪਿਆ ਸੀ।ਮੇਰੇ ਤਾਂ ਤੌਰ ਭੌਰ ਭੌਂ ਗਏ। ਫਟਾ ਫੱਟ ਛੁੱਟੀ ਲਈ। ਸਾਇਕਲ ਚਕਿਆ ਘਰ ਆਈ। ਗੁਆਂਢੀਆਂ ਦੇ ਮੁੰਡੇ ਦਾ ਤਰਲਾ ਮਾਰਿਆ।ਉਸਨੇ ਵੀ ਮਿੰਟ ਨਾ ਲਾਇਆ।ਉਹ ਵੀ ਸਕੂਟਰ ਫੜ ਤੁਰ ਪਿਆ। ਬੱਸ ਸਟੈਂਡ ਵਾਲੇ ਪਾਸੇ ਵੀ ਪਾਣੀ ।ਫਿਰ ਕਿਲਾ ਗੋਬਿੰਦ ਗੜ ਵਾਲੇ ਰਾਹ ਪਏ। ਜਿਉਂ ਹੀ ਰੇਲਵੇ ਸਟੇਸ਼ਨ ਕੋਲ
ਪਹੁੰਚੇ ਪਾਣੀ ਹੀ ਪਾਣੀ। ਲੋਕਾਂ ਦੇ ਸਕੂਟਰ ਬੰਦ ਪਏ। ਹਰਕ੍ਰਿਸ਼ਨ ਪਬਲਿਕ ਸਕੂਲ ਕੋਲ ਸਕੂਟਰ ਖੜਾ ਕਰ ਕੇ ਤੁਰ ਕੇ ਸਕੂਲ ਪਹੁੰਚੇ । ਗੇਟ ਬੰਦ। ਚੌਕੀਦਾਰ ਕਹੇ ਇਥੇ ਕੋਈ ਵੀ ਬੱਚਾ ਨਹੀਂ ਰੁਕਿਆ ਸਭ
ਚਲੇ ਗਏ। ਹਾਂ ਇੱਕ ਛੋਟੀ ਕੁੜੀ ਸੀ ਕਾਫੀ ਦੇਰ ਖੜ੍ਹੀ ਰਹੀ ਆਟੋ ਉਡੀਕਦੀ ਸੀ।ਮੈ ਅੰਦਰ ਗਿਆ ਪਾਣੀ ਲੈਣ ਤੇ ਉਹ ਚਲੀ ਗਈ। ਬੜਾ ਗੁੱਸਾ ਚੜਿਆ। ਕੁਝ ਵੱਧ ਘੱਟ ਵੀ ਬੋਲਿਆ ਗਿਆ। ਹੁਣ ਕੀ ਕਰੀਏ? ਕਿੱਥੇ ਗਈ ਕੁੜੀ?
ਫਿਰ ਇੱਕ ਦਮ ਯਾਦ ਆਇਆ ਕਿ ਹਾਂ ਮੋਹਣੀ ਪਾਰਕ ਜਿੱਥੇ ਆਪਾਂ ਪਹਿਲੇ ਰਹਿੰਦੇ ਸੀ ਉਹਨਾਂ ਦੇ ਘਰ ਪਤਾ ਕਰੀਏ। ਵਾਹੋ ਦਾਹੀ ਪਾਣੀ ਵਿੱਚ ਛੜੱਪ ਛੜੱਪ ਕਰਦਿਆਂ ਉਹਨਾਂ ਦੇ ਘਰ ਪਹੁੰਚੇ।
ਜਦ ਦੇਖਿਆ ਸਾਵੀ ਉਹਨਾਂ ਘਰ ਪਹੁੰਚ ਗਈ ਸੀ ।ਉਹਨਾਂ ਆਪਣੇ ਬੱਚਿਆਂ ਦੇ ਕਪੜੇ ਪਾ ਕੇ ਰੋਟੀ ਖੁਆ ਕੇ ਸਾਵੀ ਨੂੰ ਸਵਾਂ ਦਿੱਤਾ ਸੀ।
ਭਲਾ ਹੋਵੇ ਰਜਵੰਤ ਕੌਰ ਦਾ ਉਸਦੇ ਤਿੰਨ ਬੇਟੇ ਸਨ। ਪਰ ਧੀ ਨਹੀ ਸੀ।ਸਾਵੀ ਨੂੰ ਉਦੋਂ ਵੀ ਉਹ ਬਹੁਤ ਪਿਆਰ ਕਰਦੀ ਸੀ।ਮੇਰੇ ਹੰਝੂ ਨਾ ਰੁਕਣ । ਮੈ ਸੁੱਤੀ ਨੂੰ ਚੁੱਕ ਕੇ ਗਲ ਲਾ ਲਿਆ।
ਰਾਜਵੰਤ ਕਹਿੰਦੀ , ਮੈ ਦੀਦੀ ਤੇਰੇ ਦਫਤਰ ਵਾਲੇ ਫੋਨ ਤੇ ਫੋਨ ਕੀਤਾ ਸੀ।ਪਰ ਤੁਸੀਂ ਨਿਕਲ ਚੁੱਕੇ ਸੀ। ਇਹ ਹੁਣ ਸੁੱਤੀ ਹੈ।
ਇਹ ਭਿੱਜਦੀ ਭਿੱਜਦੀ ਆਈ ਹੈ ਸਾਢੇ ਕੂ ਚਾਰ ਵਜੇ। ਮੈਂ ਤੇ ਡਰ ਗਈ ਇੱਕਲੀ ਕਿਵੇਂ ਆ ਗਈ? ਸੜਕ ਪਾਰ ਕਿੰਨੇ ਕਰਾਈ।ਰਾਹ ਦਾ ਪਤਾ ਕਿਵੇਂ ਲਗਿਆ।ਕਹਿੰਦੀ ਮੈਨੂੰ ਯਾਦ ਹੈ ਜਦ ਆਪਾਂ ਇਧਰ
ਰਹਿੰਦੇ ਸੀ ਤੇ ਪਾਪਾ ਮੈਨੂੰ ਸਕੂਲ ਛੱਡਣ ਜਾਂਦੇ ਸੀ। ਮੈਂ ਕਿਹਾ,”ਡਰ ਨਹੀਂ ਲਗਿਆ।” ਕਹਿੰਦੀ,” ਨਹੀ ਆਟੋ ਵਾਲਾ ਆਇਆ ਨਹੀ ਸੀ।ਸਕੂਲ ਵਿੱਚ ਕੋਈ ਬੱਚਾ ਹੋਰ ਨਹੀਂ ਸੀ ਤੇ ਗੇਟ ਵਾਲਾ ਅੰਕਲ ਕਹਿੰਦਾ ਜਾ ਤੁਰ ਕੇ ਚਲੀ ਜਾ”। ਫਿਰ ਮੈਂ ਸੋਚਿਆ “,ਪੁਰਾਣੇ ਘਰ ਜਾ ਸਕਦੀ ਹਾਂ ਆਂਟੀ ਦੇ ਕੋਲ ਤੇ ਮੈ ਤੁਰ ਤੁਰ ਕੇ ਆ ਗਈ।ਮੇਰਾ ਬੈਗ ਬਹੁਤ ਭਾਰਾ ਸੀ। ਭਿੱਜ ਗਿਆ। ਤੁਰੀਆਂ ਨਹੀ ਦੀ ਜਾਂਦਾ,ਫਿਰ ਇੱਕ ਅੰਕਲ ਨੇ ਸੜਕ ਪਾਰ ਕਰਾ ਦਿੱਤੀ ।ਮੈਂ ਫੁੱਟਪਾਥਂ ਤੇ ਤੁਰ ਤੁਰ ਕੇ ਰਜਵੰਤ ਆਂਟੀ ਕੋਲ ਆ ਗਈ। ਲੱਤਾਂ ਤੇ ਭਾਰੇ ਬਸਤੇ ਦੇ ਲਾਲ ਨਿਸ਼ਾਨ ਸਨ। ਸ਼ੁਕਰ ਕੀਤਾ ਕੁੜੀ ਸਹੀ ਸਲਾਮਤ ਪਹੁੰਚ ਗਈ।
ਅਗਲੇ ਦਿਨ ਆਟੋ ਵਾਲਾ,ਸਕੂਲ ਦਾ ਗੇਟ ਕੀਪਰ ਸਭ ਪ੍ਰਿੰਸੀਪਲ ਕੋਲ ਲਾਈਨ ਵਿੱਚ ਖੜੇ ਕੀਤੇ। ਚੰਗੀ ਕਲਾਸ ਲੱਗੀ।
ਸੀਮਾ ਸੰਧੂ

Leave a Reply

Your email address will not be published. Required fields are marked *