ਮੁਹਬੱਤ – ਭਾਗ 2 | muhabbat – Part 2

ਸੀਰਤ ਨੇ ਘਰ ਆ ਕੇ ਪਹਿਲਾਂ ਗਿਫ਼ਟ ਖੋਲਿਆ। ਉਸ ਵਿੱਚ ਗੁਲਾਬ ਸਨ ਉਸਦੀ ਪਸੰਦ ਦੇ ਚਾਕਲੇਟ ਸਨ।ਤੇ ਕੁਝ ਸ਼ਬਦ ਸਨ ਜੋ ਉਸ ਨੇ ਦਿਲ ਵਿੱਚ ਸਾਂਭ ਲਏ।
“ਬੁੱਲ੍ਹਾਂ ਉਤੇ ਚੁੱਪ ਸਜਾ ਕੇ,
ਜੁਲਫਾਂ ਦੀ
ਇੱਕ ਚਿਲਮਨ ਲਾ ਕੇ ,
ਨੈਣਾਂ ਨਾਲ ਹੁੰਗਾਰੇ ਭਰਦੀ,
ਉਹ ਕੁੜੀ ਸੂਰਜ ਦੇ
ਸਿਰਨਾਵੇਂ ਵਰਗੀ”
ਦਿਲ ਦੀ ਇਹ ਹਾਲਾਤ ਸੀ ਕਿ ਕੁਰਬਾਨ ਜਾਣ ਨੂੰ ਕਰਦਾ ਸੀ। ਮੁਹਬੱਤ ਮਿੱਠੀ ਪੀੜ ਹੈ। ਜੋ ਹਰ ਵੇਲੇ ਦਿਲ ਵਿੱਚ ਵਾਸ ਕਰਦੀ ਹੈ ਤੇ ਸਾਰਾ ਦਿਨ ਮਹਿਕਾਂ ਵੰਡਦੀ ਹੈ।
ਸਮਾਂ ਤੁਰਿਆ ਆਪਣੀ ਚਾਲ ਪੇਪਰ ਹੋ ਗਏ ਫਾਈਨਲ ਦੇ। ਹੁਣ ਸੀਰਤ ਨੂੰ ਉਡੀਕ ਸੀ ਕਿ ਮਾਂ ਵੀਰਾਂ ਨਾਲ ਗੱਲ ਕਰੇਗੀ। ਉਹ ਹਰ ਵੇਲੇ ਆਪਣੇ ਆਪ ਨੂੰ ਸੂਹੇ ਰੰਗਾਂ ਦੀ ਗੋਦ ਵਿੱਚ ਖੇਡਦੀ ਵੇਖਦੀ। ਰੰਗ ਉਹਦੇ ਨਾਲ ਤੁਰਦੇ । ਹਾਸੇ ਉਸਦੀ ਚਾਲ ਦੇ ਸਦਕੇ ਜਾਂਦੇ। ਫ਼ੋਨ ਵੀ ਗਵਾਹ ਸੀ ਸੁੱਚੇ ਰੰਗਲੇ ਅਹਿਸਾਸ ਦਾ। ਉਧਰ ਸਰਤਾਜ ਆਪਣੇ ਪੈਰਾਂ ਸਿਰ ਖਲੋਣ ਦੀ ਜਦੋਂ ਜ਼ਾਹਿਦ ਕਰ ਰਿਹਾ ਸੀ। ਜਦ ਮਾਪਿਆਂ ਨੇ ਇਸ ਨੂੰ ਪੁੱਛਿਆ ਤੂੰ ਵਿਦੇਸ਼ ਜਾਣਾ ਚਾਹੁੰਦਾ ਹੈ ਪੜ ਕੇ ਸੈਟਲ ਹੋਣ ਲਈ ਤਾਂ ਇਸ ਨੇ ਮੁਹੱਬਤ ਦੇ ਲੋਰ ਵਿੱਚ ਇਨਕਾਰ ਕਰ ਦਿੱਤਾ। ਉਹਨਾਂ ਇਸ ਦੀ ਵੱਡੀ ਭੈਣ ਨੂੰ ਬਾਹਰ ਪੜਾਈ ਲਈ ਭੇਜ ਦਿੱਤਾ। ਹੁਣ ਇਹੀ ਸੀ ਜੋ ਕੋਲ ਸੀ। ਸੀਰਤ ਨੂੰ ਸਾਰੀ ਸੂਰਤੇਹਾਲ ਦੱਸ ਰੁੱਝੇ ਹੋਣ ਦਾ ਕਿਹਾ ।
ਫੋਨ ਦੀ ਘੰਟੀ ਕੁਝ ਦਿਨ ਹੱਟ ਕੇ ਵੱਜੀ ਤਾਂ ਫਟਾਫਟ ਇੱਕ ਰਿੰਗ ਤੇ ਹੀ ਚੁੱਕ ਲਿਆ ਸੀਰਤ ਨੇ। ਪਰ ਨੰਬਰ ਕੋਈ ਹੋਰ ਸੀ।
ਸੀਰਤ ਨੇ ਫੋਨ ਚੁੱਕਿਆ,” ਸੀਰਤ ਜੀ ਮੈਂ ਗੁਰਜੰਟ ਬੋਲਦਾ ਹਾਂ,ਸਰਤਾਜ ਦਾ ਸੁਨੇਹਾ ਹੈ। ਉਸ ਨੂੰ ਕਿਸੇ ਮੁਸ਼ਕਿਲ ਨੇ ਆ ਘੇਰਿਆ ਹੈ। ਉਹ ਗੱਲ ਨਹੀਂ ਕਰ ਸਕਦਾ। ਤੁਸੀਂ ਬਹੁਤਾ ਫ਼ਿਕਰ ਨਾ ਕਰਿਓ ਉਹ ਤੁਹਾਨੂੰ ਆਪ ਜੀ ਫੋਨ ਕਰੇਗਾ।” ਏਨੀ ਗੱਲ ਆਖ ਫੋਨ ਬੰਦ ਹੋ ਗਿਆ।
ਹੁਣ ਕਿਸ ਤੋਂ ਪੁੱਛਾਂ ਕਿ ਹੋਇਆ?
ਸਵਾਲ ਬਾਰ ਬਾਰ ਸਿਰ ਵਿੱਚ ਹਥੌੜੇ ਵਾਂਗ ਵੱਜ ਰਹੇ ਸਨ। ਦਿਨ ਦਾ ਚੈਨ ਰਾਤ ਦੀ ਨੀਂਦ ਉੱਡ ਗਈ। ਕਈ ਵਾਰ ਦਿਨ ਵਿੱਚ ਫੋਨ ਕਰਦੀ ਨੰਬਰ ਬੰਦ ਆਉਂਦਾ। ਪਾਗ਼ਲ ਹੋਣੋਂ ਹੀ ਬਚੀ ਸੀ। ਮਾਂ ਆਪਣੀ ਧੀ ਦੇ ਹਾਲਾਤ ਵੇਖਦੀ ਹੋਈ ਕਿਸੇ ਤਰ੍ਹਾਂ ਪਤਾ ਕਰਾ ਲਿਆਈ ਕਿ ਸਰਤਾਜ ਕਿਸੇ ਦੋਸਤ ਦੀ ਲੜਾਈ ਵਿੱਚ ਛੁਡਾਉਣ ਗਿਆ ਸੀ ਤੇ ਉਸ ਤੇ 307 ਦੀ ਧਾਰਾ ਲੱਗੀ ਹੈ। ਤੇ ਉਹ ਜੇਲ੍ਹ ਵਿੱਚ ਹੈ।
ਜ਼ਮਾਨਤ ਦੀ ਹਾਲੇ ਆਸ ਕੋਈ ਨਹੀਂ। ਪਿੱਛੇ ਮਾਪੇ ਕਚਿਹਰੀਆਂ ਥਾਣਿਆਂ ਦੇ ਚੱਕਰ ਲਾ ਲਾ ਕੇ ਹੰਭ ਗਏ ਹਨ। ਥਾਣੇ ਤੇ ਕਚਹਿਰੀਆਂ ਦੇ ਢਿੱਡ ਨੂੰ ਭਰਨ ਲਈ ਪੈਸਾ ਵੀ ਲੋੜੀਂਦਾ ਹੈ। ਹੁਣੇ ਤਾਂ ਉਹਨਾਂ ਬੇਟੀ ਨੂੰ ਭੇਜਿਆ ਹੈ। ਇਹ ਸਾਰੀ ਜਾਣਕਾਰੀ ਇੱਕ ਉਹਨਾਂ ਦੇ ਘਰ ਕੰਮ ਕਰਦੀ ਰਾਣੀ ਤੋਂ ਮਿਲੀ।
ਸੀਰਤ ਸੁਣ ਗੁੰਮ ਹੋ ਗਈ। ਸਭ ਕੁਝ ਮੁੱਕ ਗਿਆ ਲਗਦਾ ਸੀ। ਮਾਂ ਕੁਝ ਸਮਾਂ ਹੌਂਸਲਾ ਦੇਂਦੀ ਰਹੀ। ਚਾਰ ਮਹੀਨੇ ਹੋਰ ਨਿੱਤ ਗਏ। ਮਾਂ ਦੀ ਹਿੰਮਤ ਨਾ ਪਈ ਪੁੱਤਾਂ ਨਾਲ ਗੱਲ ਕਰਨ ਦੀ। ਗੱਲ ਵੀ ਕਿਵੇਂ ਕਰਦੀ ਉਂ ਤਾਂ ਜੇਲ੍ਹ ਵਿੱਚ ਸੀ ਜਿਸਦੇ ਹੱਕ ਵਿੱਚ ਖਲੋਣਾ ਸੀ।ਸੀਰਤ ਦੇ ਹਾਲ ਵੱਲ ਦੇਖਦੀ ਤਾਂ ਹੌਲ ਪੈਂਦੇ। ਪਰ ਕੀ ਕਰਦੀ।ਰਮਨ ਭਾਬੀ ਵੀ ਹੁਣ ਸਮਝਾਉਂਦੀ ਭੁੱਲ ਜਾ ਸਰਤਾਜ਼ ਨੂੰ। ਤੇਰੇ ਵੀਰਾਂ ਕਦੀ ਨਹੀਂ ਮੰਨਣਾ । ਇੱਕ ਤੇ ਜਾਤ ਬਰਾਦਰੀ ਦੂਜਾ ਉਹ ਜੇਲ੍ਹ ਵਿੱਚ। ਗੱਲ ਨਾ ਕਰੀਂ।
ਡਰਦੀ ਦੇ ਸਿਰ ਤੇ ਆਣ ਗਾਜ਼ ਡਿੱਗੀ।ਵੀਰ ਨੇ ਇੱਕ ਰਿਸ਼ਤਾ ਦੇਖਿਆ ਸੀ। ਸੋਹਣਾ ਕਾਰੋਬਾਰ। ਮੁੰਡਾ ਵੀ ਇੱਕਲਾ ਸੀ। ਸੋਹਣੀ ਫੱਬਤ ਹੈ।
ਘਰ ਬਾਰ ਵੀ ਸੋਹਣਾ ਸੀ। ਥੋੜਾ ਦੂਰ ਸਨ। ਅਗਰ ਕੋਈ ਕਸਰ ਹੋਈ ਤਾਂ ਅਸੀਂ ਬੈਠੇ ਹਾਂ। ਆਪਣੀ ਸੀਰਤ ਨੂੰ ਕਿਸੇ ਚੀਜ਼ ਦੀ ਕਮੀਂ ਨਹੀਂ ਹੋਣ ਦੇਵਾਂਗੇ।
ਤਾਰੀਖ਼ ਪੱਕੀ ਹੋ ਗਈ। ਸੀਰਤ ਅਧਮੋਇਆ ਵਾਂਗ ਇਸ ਸਭ ਦਾ ਹਿੱਸਾ ਬਣ ਰਹੀ ਸੀ। ਇੱਕ ਦਿਨ ਰਾਤ ਅਨਜਾਣ ਫੋਨ ਨੰਬਰ ਤੋਂ ਫੋਨ ਆਇਆ। ਸਰਤਾਜ਼ ਸੀ ਜੇਲ੍ਹ ਵਿਚੋਂ। ਨਜ਼ਾਇਜ਼ ਫਸਿਆ ਸੀ। ਦਿਲ ਹੱਥੋਂ ਮਜ਼ਬੂਰ ਹੋ ਲੜਾਈ ਵਿੱਚ ਜਾ ਰਲਿਆ ਸੀ। ਵਿਰੋਧੀ ਧਿਰ ਦਾ ਬੰਦਾ ਬਹੁਤ ਜਖ਼ਮੀ ਹੋਇਆ ਸੀ। ਉਹ ਪੈਸੇ ਵਾਲੇ ਸਨ। ਠੋਕ ਕੇ ਰੱਖ ਦਿੱਤਾ ਸੀ। ਨਾ ਜ਼ਮਾਨਤ ਹੋ ਰਹੀ ਸੀ। ਏਧਰ ਮਾਪਿਆਂ ਦੇ ਹਾਲਾਤ ਪਤਲੀ ਸੀ। ਉਧਰ ਇਸ ਦੇ ਦੋਸਤ ਦੇ ਮਾਪੇ ਵੀ ਪੱਲਾ ਝਾੜ ਗਏ ਸਨ।ਉਹ ਆਪਣੇ ਮੁੰਡੇ ਦੀ ਪੈਰਵਾਈ ਕਰ ਰਹੇ ਸਨ। ਇਸਦਾ ਸਾਥ ਦੇਣ ਦਾ ਇਰਾਦਾ ਨਹੀਂ ਸੀ। ਡੈਡੀ ਨੇ ਕਦੀ ਥਾਣਾ ਨਹੀ ਦੀ ਵੇਖਿਆ ਤੇ ਹੁਣ ਕਦੀ ਜੇਲ੍ਹ ਵਿੱਚ ਮੁਲਾਕਾਤਾਂ ਤੇ ਕਦੇ ਕਚਿਹਰੀ ਵਿੱਚ ਤਾਰੀਖਾਂ ਤੇ। ਹਾਲਾਤ ਬਦ ਤੋਂ ਬਦਤਰ ਸਨ।ਦੋਨੋਂ ਬਹੁਤ ਰੋਏ।ਰੋ ਰੋ ਕੇ ਅੱਖਾਂ ਦੇ ਕੋਇ ਸੁੱਕ ਗਏ।ਪਰ ਪੀੜ ਨਾ ਘਟੀ।ਗਲਤੀ ਇੱਕ ਦੀ ਸਜ਼ਾ ਦੋਨਾਂ ਨੂੰ ਮਿਲੀ।ਫਿਰ ਸੀਰਤ ਨੇ ਆਪਣੇ ਵਿਆਹ ਬਾਰੇ ਦੱਸਿਆ। ਸਰਤਾਜ਼ ਮਜਬੂਰ ਸੀ। ਪਤਾ ਨਹੀਂ ਕਦੋਂ ਜ਼ਮਾਨਤ ਹੋਵੇਗੀ। ਤੂੰ ਕਰਾ ਲੈ । ਰੋਂਦੇ ਰੋਂਦੇ ਫੋਨ ਬੰਦ ਕਰ ਦਿੱਤਾ।
ਸੀਰਤ ਦਾ ਵਿਆਹ ਹੋ ਗਿਆ। ਦਸ ਮਹੀਨੇ ਬਾਦ ਸਰਤਾਜ਼ ਦੀ ਜ਼ਮਾਨਤ ਹੋਈ।ਘਰ ਆਇਆ ਮਾਪਿਆਂ ਦੀ ਹਾਲਤ ਵੇਖ ਤੜਪ ਗਿਆ ਪਰ ਹੌਂਸਲਾ ਦਿੰਦਾ ਰਿਹਾ। ਡੈਡੀ ਵਾਲੀ ਦੁਕਾਨ ਤੇ ਜਾ ਬੈਠ ਗਿਆ। ਸਮਾਂ ਬੀਤਦਾ ਗਿਆ। ਜਦ ਕਦੀ ਪਿੱਛੇ ਵੱਲ ਵੇਖਦਾ ਤੇ ਸੋਚਦਾ ਕਾਸ਼ ਮੈਂ ਇਹ ਪੰਨੇ ਪਾੜ ਕੇ ਸੁੱਟ ਸਕਦਾ। ਤਰੀਖਾਂ ਕਚਿਹਰੀਆਂ ਵਕੀਲਾਂ ਦੇ ਨਾਲ ਉਲਝ ਗਿਆ।ਘਰ ਦੀ ਉਲਝੀ ਤਾਣੀ ਨੂੰ ਸੁਆਰਦਿਆਂ ਦੋ ਸਾਲ ਲੱਗ ਗਏ।
ਪਤਾ ਲਗਿਆ ਸੀਰਤ ਦੇ ਬੇਟੀ ਹੋਈ। ਇੱਕ ਦਿਨ ਫੋਨ ਕੀਤਾ ਤਾਂ ਉਸ ਦੀ ਮਾਂ ਨੇ ਚੁੱਕਿਆ। ਹਾਲ ਚਾਲ ਪੁੱਛਿਆ। ਮਾਂ ਰੋ ਪਈ।”ਸੀਰਤ ਨੂੰ ਕੈਂਸਰ ਹੋ ਗਿਆ ਹੈ। ਜਦ ਬੇਟੀ ਹੋਈ ਓਦੋਂ ਹੀ ਇਹ ਕੁਝ ਦੇਰ ਬਾਅਦ ਪਤਾ ਲਗਿਆ ਹੈ। ਉਹ ਹੁਣ ਹਸਪਤਾਲ ਵਿੱਚ ਦਾਖਿਲ ਹੈ। ਮੇਰੀ ਧੀ ਨੂੰ ਤੇਰਾ ਝੋਰਾ ਖਾ ਗਿਆ ਦੂਜਾ ਉਸਦਾ ਗੈਰਜਿਮੇਵਾਰ ਪਤੀ। ਨਸ਼ੇ ਦਾ ਆਦੀ ਹੈ।ਮੈਂ ਆਪਣੇ ਕੋਲ ਲਿਆਂਦਾ ਹੈ। ਹਰ ਤਰ੍ਹਾਂ ਦਾ ਇਲਾਜ਼ ਕਰਵਾਉਂ । ਪੈਸੇ ਵੱਲੋਂ ਵੀ ਕੋਈ ਕਮੀਂ ਨਹੀਂ।ਪਰ ਉਹ ਕਮਲੀ ਜਿਉਣਾ ਹੀ ਨਹੀਂ ਚਾਹੁੰਦੀ। ਧੀ ਰਿੰਪੀ ਦਾ ਵੀ ਵਾਸਤਾ ਦਿੱਤਾ ਹੈ ।ਪਰ ਉਹ ਕਹਿੰਦੀ ਹੈ ਇਸ ਦੀ ਕਿਸਮਤ ਵੀ ਮੇਰੇ ਵਰਗੀ ਹੋਈ ਤਾਂ ਮੈਂ ਤਾਂ ਦੋਹਰੀ ਵਾਰ ਮਰੂੰਗੀ। ਬੱਸ ਦਿਲ ਹੀ ਛੱਡ ਗਈ ਹੈ।” ਮਾਂ ਰੋਂਦੀ ਰਹੀ।
“ਤੁਸੀਂ ਮੇਰੀ ਗੱਲ ਕਰਵਾ ਸਕਦੇ ਹੋ ਸੀਰਤ ਨਾਲ”। “ਹਾਂ ਬੇਟਾ ਉਹ ਤੈਨੂੰ ਬਹੁਤ ਯਾਦ ਕਰਦੀ ਹੈ ਪਰ ਮੇਰੇ ਕੋਲ ਤੇਰਾ ਨੰਬਰ ਨਹੀਂ ਸੀ। ਉਤੋਂ ਸਹੁਰੇ ਪ੍ਰੀਵਾਰ ਦੇ ਜੀਅ ਵੀ ਕੋਲ ਹੀ ਹਨ। ਸਮਾਂ ਵੇਖ ਕਰਦੀ ਹਾਂ ਕੋਸ਼ਿਸ਼।ਕਿ ਪਤਾ ਤੇਰੇ ਕਹਿਣ ਤੇ ਜੀ ਜ਼ਿੰਦਗੀ ਵੱਲ ਰੁਖ਼ ਕਰ ਲਵੇ”।
ਮਾਂ ਰੋਂਦੀ ਰਹੀ ਤੇ ਉਹ ਚੁੱਪ ਕਰਵਾਉਂਦਾ ਰਿਹਾ। ਪੁੱਤ ਕੁਝ ਹਾਲਾਤ ਐਸੇ ਸਨ ਤੇ ਕੁਝ ਮੈਂ ਵੀ ਜ਼ਿੰਮੇਵਾਰ ਹਾਂ ਆਪਣੀ ਧੀ ਦੀ ਇਸ ਹਾਲਾਤ ਦੀ। ਤੇਰੀ ਉਡੀਕ ਕਰਦੀ ਪੁੱਤਾਂ ਨੂੰ ਸਮਝਾਉਂਦੀ ਤਾਂ ਸ਼ਾਇਦ ਮੇਰੀ ਧੀ ਜ਼ਿੰਦਗੀ ਤੋਂ ਮੋਹ ਨਾ ਤੋੜਦੀ।
ਤੇ ਉਸ ਦਾ ਹੌਂਸਲਾ ਹੀ ਨਾ ਪੈਂਦਾ ਕਿ ਕਹਿ ਦੇਵਾਂ ,”ਮੈ ਵੀ ਉਸਦਾ ਗੁਨਾਹਗਾਰ ਹਾਂ। ਮੈਨੂੰ ਵੀ ਇਹ ਪੀੜ ਸੌਣ ਨਹੀਂ ਦੇਂਦੀ।”
ਫਿਰ ਇੱਕ ਰਾਤ ਦਿਨ ਮਾਂ ਜਦ “ਆਈ ਸੀ ਯੂ ” ਵਿੱਚ ਇਕੱਲੀ ਸੀ ਤੇ ਸਰਤਾਜ਼ ਨੂੰ ਬੁਲਾਇਆ।
ਸੀਰਤ ਦੀ ਹਾਲਤ ਵੇਖ ਟੁੱਟ ਗਿਆ ਅੰਦਰੋਂ। ਕੀਮੋ ਹੋ ਚੁੱਕੀਆਂ ਸਨ ਵਾਲ ਸਿਰ ਤੇ ਨਹੀਂ ਸਨ।ਉਸਦੀ ਮੋਟੀ ਗੁੱਤ ਗਾਇਬ ਸੀ । ਸਿਰ ਤੇ ਕਪੜਾ ਅੱਖਾਂ ਅੰਦਰ ਵੱਲ ਧੱਸ ਗਈਆਂ ਸਨ। ਇਹ ਸੀਰਤ ਸੀ? ਬਹੁਤਾ ਬੋਲ ਨਹੀਂ ਸੀ ਸਕਦੀ ।ਪਰ ਅੱਖਾਂ ਦੇ ਬੋਲ ਸਰਤਾਜ਼ ਪੜ ਗਿਆ।ਦਿਲ ਧਾਵਾਂ ਮਾਰ ਕੇ ਰੋਣ ਨੂੰ ਕਰ ਰਿਹਾ ਸੀ। ਕਈ ਦਿਨਾਂ ਤੋਂ ਸੁੱਤੀ ਨਹੀ। ਫਿਰ ਮੱਥੇ ਨੂੰ ਵੱਲ ਹੱਥ ਕੀਤਾ ਕਿ ਘੁੱਟ ਇਸ ਨੂੰ । ਉਹ ਬੜੀ ਦੇਰ ਘੁਟਦਾ ਰਿਹਾ ਪੱਕੀ ਕਰਦਾ ਰਿਹਾ ,”ਦੇਖ ਤੈਨੂੰ ਪਹਿਲਾਂ ਵਾਂਗ ਦੇਖਣਾ ਚਾਹੁੰਦਾ ਹਾਂ। ਮੋਬਾਈਲ ਵਿੱਚੋਂ ਫੋਟੋ ਕਢ ਕੇ ਵਿਖਾਈ। ਏਦਾਂ ਦੀ ਹੋਣਾ ਹੈ ਤੂੰ ਰਿੰਪੀ ਦੀ ਖਾਤਿਰ । ਤੇਰੀ ਧੀ ਦਾ ਕੀ ਕਸੂਰ ਹੈ? ਤੈਨੂੰ ਜਿਉਣਾ ਪੈਣਾ।” ਸਮਝਾਉਂਦਾ ਰਿਹਾ ।” ਬੜੇ ਦਿਨਾਂ ਬਾਅਦ ਅੱਜ ਸੁੱਤੀ ਏ ਸਰਤਾਜ਼ ਇਸ ਨੂੰ ਸੌ ਲੈਣ ਦੇ।”ਪਰੇ ਬੈਠੀ ਮਾਂ ਨੇ ਕਿਹਾ ਸੀ।
ਸੀਰਤ ਸੌਂ ਗਈ ਮਾਂ ਨੇ ਕਿਹਾ ਇਲਾਜ਼ ਵੱਲੋਂ ਕੋਈ ਕਮੀਂ ਨਹੀ। ਅਸੀਂ ਬੋਨਮੈਰੋ ਦਾ ਵੀ ਇੰਤਜ਼ਾਮ ਕਰ ਲਿਆ ਹੈ। ਉਸਦੇ ਸਹੁਰੇ ਪਰਿਵਾਰ ਤੇ ਵੀ ਕੋਈ ਬੋਝ ਨਹੀਂ ਪਾਇਆ। ਇਹਦੇ ਵੀਰ ਹੀ ਇਸਦਾ ਭੋਰਾ ਵਸਾਹ ਨਹੀਂ ਕਰਦੇ।”
ਉਹ ਦੋ ਘੰਟੇ ਬੈਠ ਮੁੜ ਆਇਆ ਸੀ।
ਅੰਦਰੋਂ ਧਾਹੀਂ ਮਾਰ ਰੋਣ ਨੂੰ ਦਿਲ ਕੀਤਾ ਸੀ ਪਰ ਉਸ ਨੇ ਸੀਰਤ ਨੂੰ ਦਰਸਾਇਆ ਨਹੀਂ।
ਸੀਰਤ ਦੇ ਬੋਲ , “ਦੇਖ ਸਰਤਾਜ਼ ਸੁਪਨੇ ਕਦੀ ਵੀ ਇਕੱਲੇ ਨਹੀਂ ਮਰਦੇ ਨਾਲ ਨਾਲ ਦੋ ਰੂਹਾਂ ਨੂੰ ਵੀ ਮਾਰ ਦਿੰਦੇ ਹਨ। ਤੂੰ ਕੀ ਵਿਛੜਣ ਦੀ ਗੱਲ ਕਰਦਾ ਹੈ ਮੈਂ ਤਾਂ ਜ਼ਿੰਦਗੀ ਵੀ ਹਾਰ ਚੱਲੀ ਹਾਂ ।”
“ਨਾ ਇੰਝ ਨਾ ਬੋਲ ਦੋਬਾਰਾ ਆਖਿਆ ਤਾਂ ਮੈਂ ਨਹੀਂ ਆਉਣਾ । ਤੂੰ ਜਿਉਣਾ ਹੈ ਰਿੰਪੀ ਲਈ।” ਸਰਤਾਜ਼ ਭਰੇ ਗਲੇ ਨਾਲ ਬੋਲਿਆ।
ਬਾਕੀ ਰਹਿੰਦੀ ਰਾਤ ਉਸਦੀਆਂ ਅੱਖਾਂ ਵਿੱਚ ਬੀਤੀ।ਦਿਲ ਕਰੇ ਕੇ ਭੱਜ ਕੇ ਹਸਪਤਾਲ ਪਹੁੰਚ ਜਾਵਾਂ ਤੇ ਸੀਰਤ ਨੂੰ ਦੇਖ ਆਵਾਂ । ਦਿਨ ਚੜ੍ਹਿਆ 11 ਕੂ ਵਜੇ ਉਹ ਹਸਪਤਾਲ ਪਹੁੰਚ ਗਿਆ ਸੀ। ਉਥੇ ਬਹੁਤ ਭੀੜ ਸੀ। ਭੀੜ ਵਿੱਚ ਰਮਨ ਭਾਬੀ ਰੋਂਦੀ ਦਿਖੀ। ਉਸ ਦੇ ਹਾਵ ਭਾਵਾਂ ਨੇ ਸਮਝਾ ਦਿੱਤਾ ਕਿ ਸੀਰਤ ਨਹੀਂ ਰਹੀ। ਰਾਤ ਸੁੱਤੀ ਹੀ ਸੌਂ ਗਈ।
ਉਹ ਘਰ ਮੁੜ ਆਇਆ । ਰਸਤਾ ਕਿਵੇਂ ਕਟਿਆ ਘਰ ਤੱਕ ਪਤਾ ਨਹੀਂ।ਉਪਰਲੇ ਕਮਰੇ ਵਿੱਚ ਬੂਹਾ ਬੰਦ ਕਰ ਬਹੁਤ ਰੋਇਆ। ਅੱਖਾਂ ਸੁਜ ਗਈਆਂ। ਪਾਣੀ ਮੁੱਕ ਗਿਆ। ਪਰ ਦਿਲ ਨੂੰ ਸਬਰ ਨਾ ਆਇਆ। ਦਿਨ ਰਾਤ ਉਹ ਇਹੀ ਸੋਚਦਾ ਕਿ ਕਿਸਦਾ ਗੁਨਾਹ ਤੇ ਕਿਸ ਨੂੰ ਸਜ਼ਾ। ਪਤਾ ਨਹੀਂ ਕੋਰਟ ਨੇ ਕੀ ਸਜ਼ਾ ਦੇਣੀ ਹੈ ਮੇਰੇ ਨਰਮ ਦਿਲ ਹੋਣ ਦੇ ਗੁਨਾਹ ਦੀ ।ਪਰ ਉਸ ਦੀ ਕਦੀ ਨਾ ਮੁੱਕਣ ਵਾਲੀ ਸਜ਼ਾ ਦਾ ਫੈਸਲਾ ਤਾਂ ਕਿਸਮਤ ਕਰ ਚੁੱਕੀ ਸੀ। ਘਰ ਮਾਪਿਆਂ ਨਾਲ ਗੱਲ ਕਰਨੀ ਔਖੀ ਲਗਦੀ। ਦਿਨ ਰਾਤ ਕੰਮ ਵਿੱਚ ਝੋਕ ਦਿੱਤਾ। ਤਾਂ ਕਿ ਮੇਰੇ ਚਲਦੇ ਸਾਹ ਇਹ ਸਵਾਲ ਨਾ ਕਰ ਸਕਣ ਕਿ ਤੂੰ ਕਿਉਂ ਜਿਉਂਦਾ ਏਂ? ਉਸ ਨੂੰ ਤਾਂ ਮੁੱਕਿਆ ਕਈ ਮਹੀਨੇ ਹੋ ਗਏ ਹਨ।
ਰਿਹਾ ਨਾ ਗਿਆ ਇੱਕ ਦਿਨ ਜਦ ਸੀਰਤ ਦੀ ਮਾਂ ਨੂੰ ਫੋਨ ਕੀਤਾ ਤਾਂ ਉਸਨੇ ਦਸਿਆ ਕਿ,”ਤੇਰੇ ਜਾਣ ਤੋਂ ਬਾਅਦ ਸੁੱਤੀ ਰਹੀ ਮੈ ਦੋ ਤਿੰਨ ਵਾਰ ਵੇਖ ਕੇ ਆਈ ਸਾਂ। ਤੇ ਪੁਰ-ਸਕੂਨ ਸਾਂ ਕਿ ਮੇਰੀ ਧੀ ਨੂੰ ਨੀਂਦ ਆ ਗਈ”। ਜਦ ਸਵੇਰੇ ਨਰਸ ਨੇ ਆ ਕੇ ਮੈਨੂੰ ਦੱਸਿਆ, ਕਿ ਇਹ ਜਵਾਬ ਨਹੀ ਦੇ ਰਹੀ। ਡਾਕਟਰ ਆਇਆ ਕੋਸ਼ਿਸ਼ ਕੀਤੀ ਪਰ ਸੀਰਤ ਸਭ ਬੰਧਨਾਂ ਤੋਂ ਅਜ਼ਾਦ ਹੋ ਦੂਰ ਜਾ ਚੁੱਕੀ ਸੀ।”
ਹੁਣ ਹੋਰ ਕੁਝ ਕਹਿਣ ਨੂੰ ਨਹੀਂ ਸੀ ਬਚਿਆ। ਸਾਰੇ ਤੰਦ ਟੁੱਟ ਗਏ।
ਪਤਾ ਨਹੀਂ ਕੌਣ ਜਿੱਤਿਆ।
ਪਰ ਉਹ ਸਭ ਕੁਝ ਹਾਰ ਗਿਆ ਸੀ। ਇੱਕ ਰਾਤ ਬਾਕੀ ਸੀ ਜਿਸ ਦੀ ਕਦੇ ਸਵੇਰ ਨਹੀਂ ਸੀ ਹੋਣੀ। ਕਿਹੜਾ ਕਾਨੂੰਨ ਹੈ ਜੌ ਮੇਰੀ ਸਜ਼ਾ ਤੈਅ ਕਰੇ।
ਸੀਮਾ ਸੰਧੂ।

Leave a Reply

Your email address will not be published. Required fields are marked *