ਕੋਈ ਹਰਿਆ ਬੂਟ ਰਹਿਓਂ ਰੀ | koi hareya boot reheo

ਗੱਲ ਉਹਨਾਂ ਦਿਨਾਂ ਦੀ ਜਦ ਮੈਂ ਪਿੰਡੋਂ ਸ਼ਹਿਰ ਪੜ੍ਹਨ ਆਉਣ ਲੱਗੀ।
ਮੈਨੂੰ “ਗਿਆਨੀ ” ਦਾ ਕੋਰਸ ਕਰਨ ਦੀ ਰੀਝ ਸੀ। ਤੇ ਨਾਲ ਇਹ ਵੀ ਲਾਲਚ ਸੀ ਕਿ ਬੀ. ਏ ਸੌਖੀ ਹੋ ਜਾਵੇਗੀ। ਦਾਖਲਾ ਵੀ ਲੇਟ ਮਿਲਿਆ।ਘਰੋਂ ਕੋਈ ਮੰਨੇ ਨਾ ਸ਼ਹਿਰ ਪੜ੍ਹਨ ਆਉਣ ਲਈ। ਪਰ ਤਰਲੇ ਮਿੰਨਤਾਂ ਕਰਕੇ ਤਿੰਨ ਮਹੀਨੇ ਲੇਟ ਦਾਖਲਾ ਮਿਲ ਗਿਆ। ਉਪਰੋ ਸਾਰੇ ਨੋਟਸ ਵੀ ਬਣਾਉਣ ਵਾਲੇ ਸਨ। ਪੜਾਈ ਵੀ ਮੁਸ਼ਕਿਲ ਸੀ।ਕੁਝ ਘੰਟਿਆਂ ਦੀ ਕਲਾਸ ਤੋਂ ਬਾਅਦ ਮੈਂ ਨੋਟਸ ਬਣਾਉਂਦੀ ਰਹਿੰਦੀ। ਜਦ ਪਿਛਲਾ ਕੰਮ ਪੂਰਾ ਕਰ ਮੈਂ ਕਲਾਸ ਨਾਲ ਆ ਮਿਲੀ ਤਾਂ ਬਹੁਤ ਖੁਸ਼ ਸਾਂ। ਹੁਣ ਸਭ ਨਾਲ ਇੱਕਠੀ ਛੁੱਟੀ ਕਰਕੇ ਘਰ ਜਾਇਆ ਕਰੂੰ।
ਪਿੰਡਾਂ ਤੋਂ ਪੜ੍ਹਨ ਸੁਣ ਵਾਲੀਆਂ ਕੁੜੀਆਂ ਨੇ ਬੱਸ ਲੈਣ ਲਈ ਬੱਸ ਅੱਡੇ ਤਾਂ ਪਹੁੰਚਣਾ ਹੀ ਹੁੰਦਾ ਸੀ। ਪਰ ਗੇਟ ਦੇ ਬਾਹਰ ਕੁਝ ਲੋਫਰ ਜਿਹੇ ਮੁੰਡੇ ਖੜੇ ਰਹਿੰਦੇ ਜੌ ਬੱਸ ਅੱਡੇ ਤੱਕ ਪਿੱਛਾ ਕਰਦੇ। ਤੇ ਹਰ ਇੱਕ ਦਾ ਧਿਆਨ ਰੱਖਦੇ ਕੌਣ ਕਿਹੜੀ ਬੱਸ ਵਿਚ ਵਾਪਿਸ ਜਾਂਦੀ ਹੈ। ਮੈਂ ਨਵੀਂ ਸਾਂ ਅੱਗੇ ਬੜੀ ਜ਼ਿੱਦ ਕਰਕੇ ਦਾਖਿਲਾ ਲਿਆ ਸੀ। ਵਾਅਦੇ ਵੀ ਕੀਤੇ ਸਨ ਕਿ ਕੋਈ ਉਲਾਹਮਾ ਨਹੀਂ ਆਵੇਗਾ। ਕਿਉਂਕਿ ਭਰਾ ਵੱਡੇ ਸਨ। ਤੇ ਪਿੰਡ ਵਿਚ ਨਿੱਕੀ ਜਿਹੀ ਗੱਲ ਵੀ ਬਰੂਦ ਦਾ ਕੰਮ ਕਰਦੀ ਸੀ। ਡਰ ਲਗਿਆ ਰਹਿੰਦਾ ਕਿ ਕੋਈ ਵੀ ਅਜਿਹਾ ਨਾ ਵਾਪਰੇ ਕਿ ਪੜਾਈ ਬੰਦ ਹੀ ਜਾਵੇ।
ਜਦ ਛੁੱਟੀ ਹੋਣੀ ਕੁੜੀਆਂ ਨੇ ਇੱਕਠੀਆਂ ਬੱਸ ਸਟੈਂਡ ਵੱਲ ਆਉਣਾ । ਉਹਨਾਂ ਲੋਫਰ ਦਾ ਆਉਣਾ ਲਗਾਤਾਰ ਜਾਰੀ ਰਿਹਾ। ਮੇਰੇ ਤੋਂ ਅਗਲੇ ਪਿੰਡ ਦੀ ਕੁੜੀ ਪਰਮਿੰਦਰ ਵਾਹਵਾ ਜੁਆਨ ਸੀ। ਉਸ ਨੇ ਇਹੀ ਕਹਿਣਾ ਆਪੇ ਦਫ਼ਾ ਹੋ ਜਾਣਗੇ ਪ੍ਰਵਾਹ ਨਾ ਕਰ। ਜਿਹੜੀਆਂ ਸ਼ਹਿਰ ਦੀਆਂ ਕੁੜੀਆਂ ਸਨ ਉਹ ਕਹਿੰਦੀਆਂ ਸਨ ਇੱਕ ਇਹਨਾਂ ਵਿਚੋਂ ਅਜਿਹਾ ਸੀ jo ਘਰ ਤੱਕ ਪਿੱਛਾ ਕਰਦਾ ਸੀ । ਪਰ ਮੂੰਹੋਂ ਕੁਝ ਨਹੀਂ ਕਹਿੰਦਾ ਸੀ। ਉਸਦਾ ਨਾਮ ਕੁੜੀਆਂ ਨੇ “ਘਰ ਪੁਚਾਉ ਆਸ਼ਿਕ” ਰੱਖਿਆ ਸੀ।
ਇਹ ਵਰਤਾਰਾ ਲਾਗੇ ਇੱਕ ਰਿਕਸ਼ੇ ਕਿਰਾਏ ਤੇ ਦੇਂਦਾ ਸੀ “ਨਰੂਲਾ ਰਿਕਸ਼ੇ” ਵਾਲਾ ਰੋਜ਼ ਦੇਖਦਾ ਸੀ। ਪਰ ਬੇਸ਼ੱਕ ਉਹ ਅੰਦਰੋਂ ਉਹ ਵੀ ਇਸ ਨੂੰ ਚੰਗਾ ਨਹੀਂ ਸਮਝਦਾ ਸੀ।ਬੇਸ਼ੱਕ ਹੈ ਤੇ ਉਹ ਵੀ ਮੁੱਛੜ ਸੀ। ਔਰਤ ਜਾਂ ਕੁੜੀ ਨੂੰ ਮਰਦ ਦੀ ਅੱਖ ਵਿਚਲੀ ਭਾਸ਼ਾ ਪੜ੍ਹਨ ਦਾ ਅਨੋਖਾ ਹੁਨਰ ਦਿੱਤਾ ਹੈ ਉਸ ਪਰਮਾਤਮਾ ਨੇ।
ਇੱਕ ਦਿਨ ਪਰਮਿੰਦਰ ਦੀ ਛੁੱਟੀ ਸੀ। ਮੈਂ ਇੱਕਲੀ ਹੀ ਜਾਣਾ ਸੀ ਤੇ ਕੁੜੀਆਂ ਸਾਰੀਆਂ ਅੱਗੇ ਨਿਕਲ ਗਈਆਂ । ਮੈਨੂੰ ਅਜੇ ਵੀ ਯਾਦ ਹੈ ਉਸ ਮੁੱਛੜ ਦਾ ਚੇਹਰਾ। ਕਾਲੀ ਪੈਂਟ ਤੇ ਉਣਾਭੀ (ਮੈਰੂਨ)ਰੰਗ ਦੀ ਸ਼ਰਟ ਪਾਈ ਸੀ ।ਉਹ ਮੇਰੇ ਮਗਰ ਮਗਰ ਤੁਰਿਆ ਤੇ ਮੈਂ ਪਿੱਛਾ ਭਾਉਂ ਕੇ ਵੇਖਿਆ ਤੇ ਉਸ ਦੀ ਰੱਜਵੀਂ ਬੇਇਜ਼ਤੀ ਕੀਤੀ।ਜਿਹੜੀ ਨਹੀ ਵੀ ਕਹਿਣੀ ਦੀ ਉਹ ਵੀ ਆਖੀ। ਉਹ ਵੀ ਅੱਗੋਂ ਬੋਲਿਆ ।
ਇਹ ਵਰਤਾਰਾ ਰਿਕਸ਼ਿਆਂ ਵਾਲੇ ਦੀ ਦੁਕਾਨ ਦੇ ਸਾਹਮਣੇ ਵਾਪਰਿਆ। ਮੁੱਛੜ ਤੇ ਕੰਨ ਲਵੇਟ ਕੇ ਨਿੱਕਲ ਗਿਆ। ਪਰ ਨਰੂਲਾ (ਉਮਰ ਕੋਈ 28 ਕੂ ਸਾਲ) ਹੋਵੇਗੀ। ਉਹ ਆ ਕੇ ਕਹਿਣ ਲੱਗਾ,”ਕਿ ਏਦਾਂ ਸੜਕ ਤੇ ਰੌਲਾ ਚੰਗਾ ਨਹੀਂ ਲਗਦਾ ,ਆਪਣੇ ਕਿਸੇ ਭਰਾ ਨੂੰ ਦੱਸੋ ਤੇ ਉਹ ਇਸਦੀ ਸੇਵਾ ਕਰੇ।
ਮੈਂ ਪਹਿਲਾਂ ਹੀ ਰੋਣਹਾਕੀ ਹੋਈ ਸਾਂ। ਉੱਡ ਕੇ ਉਸ ਨੂੰ ਪੈ ਹੈ,”ਕਿ ਭਰਾ ਨੂੰ ਕੀ ਦੱਸੀਏ…? ਗੱਲ ਅੱਧੀ ਛੱਡ ਅਗਾਂਹ ਨੂੰ ਤੁਰ ਪਈ।
ਦੂਜੇ ਦਿਨ ਜਦ ਆਈ ਪੜਕੇ ਵਾਪਿਸ ਘਰ ਨੂੰ ਜਾਣ ਲੱਗੀ ਤਾਂ ਮੁੱਛੜ ਤਾਂ ਦਿਸਿਆ ਨਾ ਨਰੂਲਾ ਮਗਰ ਮਗਰ ਆਉਂਦਾ ਦਿਸ ਪਿਆ। ਬੱਸ ਵਿਚ ਬੈਠੀ ਉਹ ਵੀ ਬੈਠ ਗਿਆ। ਦਿਲ ਵਿੱਚ ਸੋਚਾਂ ਕਦੀ ਇਹ ਇਸ ਬੱਸ ਵਿੱਚ ਕਿਉਂ ਬੈਠ ਗਿਆ। ਕੋਈ ਆਪਣੇ ਕੰਮ ਜਾਣਾ ਹੋਊ। ਫਿਰ ਇਹੀ ਸੋਚਾਂ ਕਿਤੇ ਘਰ ਤੇ ਨਹੀਂ ਦੱਸਣ ਤੁਰ ਪਿਆ। ਰੱਬ ਰੱਬ ਕਰਕੇ ਅੱਡਾ ਆਇਆ ਮੈਂ ਉੱਤਰ ਫਟਾਫਟ ਆਪਣੇ ਪਿੰਡ ਵਾਲੇ ਰਾਹ ਨੂੰ ਹੋ ਗਈ। ਸ਼ੁਕਰ ਕੀਤਾ। ਥੋੜੀ ਦੂਰ ਤੁਰੀ ਤਾਂ ਪਿੱਛੇ ਮੁੜ ਕੇ ਦੇਖਿਆ ਨਰੂਲਾ ਮੇਰੀ ਪੈੜ ਨੱਪਦਾ ਤੁਰਿਆ ਆਵੇ। ਮੇਰੀਆਂ ਲੱਤਾਂ ਫੁੱਲ ਗਈਆਂ। ਮੈਂ ਸਪੀਡ ਵਧਾ ਲਈ। ਉਹ ਵੀ ਓਨੀ ਤੇਜ਼ ਤੁਰੇ। ਸੋਚਿ ਲਿਆ ਭੀ ਉਤਲੇ ਰਾਹ ਤੋਂ ਜਾਊਂਗੀ ਕਿ ਪਤਾ ਇਸਨੇ ਕਿਸੇ ਹੋਰ ਦੇ ਘਰ ਜਾਣਾ ਹੋਵੇ। ਆਪੇ ਚਲਾ ਜਾਵੇਗਾ। ਵਹੋ ਦਾਹੀ ਤੁਰੀ ਆਈ।ਮੁੜ ਕੇ ਦੇਖਣ ਦਾ ਹੌਂਸਲਾ ਹੁਣ ਨਹੀ ਸੀ ਮੇਰੇ । ਸਾਢੇ ਕੂ ਤਿੰਨ ਵਜੇ ਘਰ ਪਹੁੰਚੀ। ਗੇਟ ਵੀ ਢੋਣਾ ਭੁੱਲ ਗਈ। ਵੀਰ ਕੋਈ ਘਰ ਨਹੀਂ ਸੀ। ਨਿੱਕੀ ਭੈਣ ਤੇ ਬੀਜੀ ਤੇ ਗੁਆਂਢ ਵਾਲੇ ਤਾਈ ਜੀ ਘਰੇ ਸਨ। ਪਰ ਇਹ ਕੀ ਉਹ ਤੇ ਸਾਡੇ ਘਰ ਆ ਗਿਆ। ਸਾਸਰੀ ਆਕਾਲ ਬੁਲਾਈ । ਮੈਂ ਡਰ ਕੇ ਉਸਦੇ ਮੂੰਹ ਵੱਲ ਦੇਖੀ ਜਾਵਾਂ। ਪਰ ਬੋਲ ਕੋਈ ਨਾ ਨਿਕਲੇ। ਪੈ ਗਿਆ ਸਿਆਪਾ ਇਹ ਤੇ ਸ਼ਿਕਾਇਤ ਕਰੂ। ਹੁਣ ਬਹੁਤ ਗਾਹਲਾਂ ਪੈਣਗੀਆਂ। ਐਡੀ ਔਖੀ ਤਿਆਰੀ ਕੀਤੀ ਹੈ ਪੇਪਰਾਂ ਦੀ ਹੁਣ ਤੇ ਨਹੀਂ ਪੇਪਰ ਦਿੱਤੇ ਜਾਣੇ।ਬੜੀ ਵੱਡੀ ਗਲਤੀ ਹੋ ਗਈ।ਕਿਉਂ ਬੋਲਣਾ ਸੀ। ਕਿਉਂ ਸੜਕ ਤੇ ਤਮਾਸ਼ਾ ਲਾਇਆ।
ਏਨੇ ਨੂੰ ਤਾਈ ਜੀ ਨੇ ਉਸਨੂੰ ਕੁਰਸੀ ਲਿਆ ਕੇ ਦਿੱਤੀ ਬੈਠਣ ਨੂੰ ਤੇ ਪਾਣੀ ਦਾ ਗਿਲਾਸ ਵੀ ਲਿਆ ਦਿੱਤਾ ! ਨਿੱਕੀ ਨੂੰ ਚਾਹ ਧਰਨ ਨੂੰ ਕਿਹਾ।
“ਮੈਂ ਪਹਿਚਾਣਿਆ ਨਹੀਂ ਪੁੱਤਰ ਕਿੱਥੋਂ ਆਏ ਹੋ ਤੇ ਕੀਹਨੂੰ ਮਿਲਣਾ ਹੈ”?
“ਮੈਂ ਬੀਜੀ ਪਹਿਲੀ ਵਾਰ ਆਇਆ ਹਾਂ ਤੇ ਆਹ ਤੁਹਾਡੀ ਬੇਟੀ ਜਿਹੜੀ ਸ਼ਹਿਰ ਪੜ੍ਹਨ ਜਾਂਦੀ ਹੈ ਇਸ ਨੂੰ ਆਪਣੀ ਭੈਣ ਮੰਨਦਾ ਹਾਂ ਤੇ ਰੱਖੜੀ ਬਣਾਉਣ ਆਇਆ ਹਾਂ। ਬੇਸ਼ੱਕ ਮੇਰੀ ਇੱਕ ਆਪਣੀ ਭੈਣ ਹੈ ਪਰ ਹੁਣ ਦੋ ਹੋ ਗਈਆਂ “।
ਉਸ ਨੇ ਸ਼ਰਟ ਦੀ ਜੇਬ ਵਿੱਚੋਂ ਰੱਖੜੀ ਕਢੀ ਤੇ ਮੇਰੇ ਵੱਲ ਕਰ ਦਿੱਤੀ। ਮੈ ਬੀਜੀ ਵੱਲ ਵੇਖਾਂ ਉਹਨਾਂ ਦਾ ਇਸ਼ਾਰਾ ਸਮਝ ਮੈਂ ਰੱਖੜੀ ਅੱਗੇ ਹੋ ਕੇ ਬੰਨ ਦਿੱਤੀ। ਫਿਰ ਚਾਹ ਨਾਲ ਬਿਸਕੁੱਟ ਖਾ ਕੇ ਮੂੰਹ ਮਿੱਠਾ ਕਰ ਉਸਨੇ 100 ਰੁਪਏ ਮੇਰੇ ਵੱਲ ਕਰ ਦਿੱਤੇ। ਨਹੀਂ ਪੁੱਤ ਥੋੜੇ ਦੇ। ਮਾਂ ਨੇ ਕਿਹਾ ਪਰ ਉਹ ਨਾ ਮੰਨਿਆ ਫਿਰ ਮਾਂ ਨੇ ਪੇਟੀ ਵਿੱਚੋ ਇੱਕ ਪੱਗ ਤੇ ਨਾਲ 20 ਰੁਪਏ ਦੇ ਕੇ ਤੋਰਿਆ। ਅਗਲੇ ਦਿਨ ਜਦ ਮੈਂ ਪੜ੍ਹਨ ਆਈ ਤਾਂ ਉਸ ਨੇ ਕਿਹਾ ਹੁਣ ਕੋਈ ਤੇਰੀ ਵਾਅ ਵੱਲ ਵੀ ਨਹੀਂ ਵੇਖਾਗਾ। ਤੂੰ ਬੇਖੌਫ ਹੋ ਕੇ ਪੜ।ਤੇਰਾ ਵੀਰ ਹੈਗਾ ਹੁਣ। ਇਸ ਗੱਲ ਦਾ ਜਦ ਪ੍ਰਿੰਸੀਪਲ ਤੇ ਕਲਾਸ ਨੂੰ ਪਤਾ ਲਗਿਆ ਉਹਨਾਂ ਉਚੇਚਾ ਬੁਲਾ ਕੇ ਉਸਦਾ ਧੰਨਵਾਦ ਕੀਤਾ। ਲੋਫਰਾਂ ਦੀ ਸ਼ਿਕਾਇਤ ਵੀ ਪੁਲਿਸ ਕੋਲ ਕੀਤੀ।
ਮੈਂ ਗਿਆਨੀ ਵੀ ਤਿੰਨ ਮਹੀਨੇ ਵਿੱਚ high 2nd division ਵਿੱਚ ਪਾਸ ਕਰ ਲਈ।
ਬਹੁਤ ਦੇਰ ਤੱਕ ਮੈਂ ਰੱਖੜੀ ਨਰੂਲਾ ਵੀਰ ਦੇ ਬੰਨਦੀ ਰਹੀ। ਮੇਰੇ ਵਿਆਹ ਤੇ ਵੀ ਉਹ ਭਾਬੀ ਜੀ ਦੇ ਨਾਲ ਸ਼ਾਮਿਲ ਹੋਏ।
ਜਦ ਦੋ ਸਾਲ ਬਾਅਦ ਵਾਪਿਸ ਆਈ ਸਹੁਰਿਆਂ ਤੋਂ ਤਾਂ ਪਤਾ ਲੱਗਾ ਉਹ ਦਿੱਲੀ ਸ਼ਿਫਟ ਹੋ ਗਏ ਹਨ। ਜਿੱਥੇ ਵੀ ਰਹੇ ਸੁਖੀ ਰਹੇ।ਅਜਿਹੀਆਂ ਭਾਵਨਾ ਤੇ ਸੁੱਚੇ ਰਿਸ਼ਤਿਆਂ ਸਦਕੇ ਹੀ ਤਾਂ ਲੋਕਾਈ ਵੱਸਦੀ ਹੈ।
ਸੀਮਾ ਸੰਧੂ

Leave a Reply

Your email address will not be published. Required fields are marked *