ਚੜ੍ਹਦੀ ਕਲਾ | chardi kala

( ਸੱਚੀ ਘਟਨਾ )
ਅਕਸਰ ਕਿਸੇ ਨੂੰ ਬੋਲਦਿਆਂ ਸੁਣੀਦਾ ਜਾਂ ਜਦੋਂ ਕੋਈ ਹਾਲ ਪੁੱਛੇ ਤਾਂ ਆਖ ਦੇਈਦਾ “ਚੜ੍ਹਦੀ ਕਲਾ” ਪਰ ਕੁੱਛ ਦੇਰ ਗੱਲਾਂ ਕਰਨ ਮਗਰੋਂ ਆਪਣੇ ਦੁੱਖੜੇ ਫਰੋਲਣ ਬੈਠ ਜਾਂਦੇ ਹਾਂ। ਮਤਲਬ “ਚੜ੍ਹਦੀ ਕਲਾ” ਸ਼ਬਦ ਸਿਰਫ਼ ਤੇ ਸਿਰਫ਼ ਰੱਟਾ ਜਿਹਾ ਲਾ ਲਿਆ ਅੰਦਰੋਂ ਨਹੀਂ ਨਿਕਲਦਾ !
ਚੜ੍ਹਦੀ ਕਲਾ ਦੀ ਸੱਚੀ ਮਿਸਾਲ ਆਪ ਸਭ ਅੱਗੇ ਬਿਆਨ ਕਰ ਰਿਹਾਂ ਹਾਂ ਜਿਸਨੂੰ ਪੜ੍ਹਨ ਮਗਰੋਂ ਸ਼ਾਇਦ ਇਸ ਦਾ ਮਤਲਬ ਸਹੀ ਅਰਥਾਂ ‘ਚ ਸਮਝ ਆ ਜਾਵੇ।
ਕੁੱਛ ਦਿਨ ਪਹਿਲਾਂ ਮੇਰੇ ਇੱਕ ਦੋਸਤ ਦਾ ਜਾਣਕਾਰ, ਰਾਤ ਨੂੰ ਘਰੋਂ ਮੋਟਰਸਾਈਕਲ ਤੇ ਕਿਸੇ ਕੰਮ ਗਿਆ ਪਰ ਇੱਕ ਦੁਰਘਟਨਾ ‘ਚ ਉਸਦੀ ਮੌਤ ਹੋ ਗਈ । ਮੁੰਡਾ ਅਣ-ਵਿਹਾਇਆ ਸੀ ਅਤੇ ਸੋਹਣਾ ਵੀ ਬਹੁਤ ਸੀ , ਗੁਰ ਸਿੱਖ ਪਰਿਵਾਰ ਨਾਲ ਸੰਬੰਧਿਤ ।
ਕੱਲ ਐਤਵਾਰ ਉਸਦਾ ਭੋਗ ਸੀ । ਭੋਗ ਤੋਂ ਆਉਣ ਮਗਰੋਂ ਮੇਰੇ ਮਿੱਤਰ ਨੇ ਜੋ ਬਿਆਨ ਕੀਤਾ ਸੁਣਕੇ ਵਿਸ਼ਵਾਸ ਨਹੀਂ ਹੋਇਆ ਕਿ ਕਿਸ ਤਰਾਂ ਉਸਦੇ ਮਾਤਾ ਪਿਤਾ ਨੇ ਆਪਣੇ ਬੱਚੇ ਦੇ ਜਾਣ ਮਗਰੋਂ ਗੁਰੂਦੁਆਰਾ ਸਾਹਿਬ ‘ਚ ਸਪੀਚ ਦਿੱਤੀ, ਉਹਨਾਂ ਕਿਹਾ ਕਿ ਸਾਨੂੰ ਕੋਈ ਬਹੁਤਾ ਦੁੱਖ ਨਹੀਂ, ਅਕਾਲ ਪੁਰਖ ਨੇ ਜੋ ਦਾਤ ਸਾਨੂੰ ਦਿੱਤੀ ਵਾਪਸ ਲੈ ਲਈ, ਉਸਦਾ ਹੁੱਕਮ ਮੰਨਣਾ ਸਾਡਾ ਫ਼ਰਜ਼ ਹੈ ਜਿੰਨੇ ਵੀ ਸੰਗਤ ਚ ਲੋਕ ਆਏ ਹਨ ਸੋਗ ਵਾਲਾ ਕੰਮ ਨਾ ਕਰਨ । ਇਸ ਤਰਾਂ ਦੀਆਂ ਹੋਰ ਗੱਲਾਂ ਕਰਨ ਮਗਰੋਂ ਆਪਣੇ ਬੇਟੇ ਦੇ ਦੋਸਤਾਂ ਨੂੰ ਸਰੋਪੇ ਭੇਟ ਕੀਤੇ ਤੇ ਸਨਮਾਨ ਚਿੰਨ ( ਭੋਗ ‘ਚ ਭਾਗ ਲੈਣ ਲਈ) ਦਿੱਤੇ ਗਏ ਅਤੇ ਨਾਲ ਹੀ ਉਸਦੇ ਕੱਪੜੇ ਵੀ ਦੋਸਤਾਂ ਵਿੱਚ ਵੰਡ ਦਿੱਤੇ ।
ਜਦੋ ਮੈ ਇਹ ਗੱਲ ਆਪਣੇ ਮਿੱਤਰ ਮੂੰਹੋਂ ਸੁਣੀ , ਮੈਂ ਬਹੁਤ ਹੈਰਾਨ ਸੀ ਕਿਉਂਕਿ ਕੁੱਛ ਦਿਨਾਂ ਪਹਿਲਾਂ ਮੇਰੀ ਬੇਟੀ ਗੁਨਦੀਪ ਕੌਰ ਦੀ ਉਂਗਲ ‘ਤੇ ਬਲੇਡ ਲੱਗ ਗਿਆ ‘ਤੇ ਉਸਤੋਂ ਵੱਧ ਮੈਂ ਦੁਖੀ ਸੀ।
ਰੁਪਿੰਦਰ ਸਿੰਘ
ਲੁਧਿਆਣਾ

Leave a Reply

Your email address will not be published. Required fields are marked *