ਦਸਮ ਪਿਤਾ | dasam pita

ਵੀਹ ਬਾਈ ਸਾਲ ਦਾ ਉਹ ਜਵਾਨ ਮੈਨੂੰ ਸਬੱਬੀਂ ਹੀ ਕਿਸੇ ਇੰਸਪੈਕਸ਼ਨ ਸਾਈਟ ਤੋਂ ਘਰੇ ਛੱਡਣ ਆਇਆ..ਕੁਝ ਦੇਰ ਅਸੀਂ ਦੋਵੇਂ ਚੁੱਪ ਰਹੇ ਫੇਰ ਮੈਂ ਗੱਲ ਛੇੜ ਲਈ ਤੇ ਪੁੱਛਿਆ ਕਨੇਡਾ ਕਦੋਂ ਦੇ ਆਉਣੇ ਹੋਏ?
ਆਖਣ ਲੱਗਾ ਜੀ ਏਧਰ ਦਾ ਹੀ ਜੰਮਪਲ ਹਾਂ..!
ਭਰਵਾਂ ਦਾਹੜਾ ਅਤੇ ਖਾਲਸਾਈ ਸਰੂਪ ਵੇਖ ਇੱਕ ਜਿਗਿਆਸਾ ਜਿਹੀ ਜਾਗੀ ਤੇ ਫੇਰ ਦੂਜਾ ਸਵਾਲ ਪੁੱਛ ਲਿਆ..ਇਹ ਸਰੂਪ ਸ਼ੁਰੂ ਤੋਂ ਹੀ ਇੰਝ ਦਾ ਹੈ ਕੇ ਹੁਣੇ-ਹੁਣੇ ਹੀ ਧਾਰਨ ਕੀਤਾ?
ਉਸਦੇ ਮੂੰਹ ਤੇ ਜਲਾਲ ਜਿਹਾ ਆ ਗਿਆ ਤੇ ਉਸਨੇ ਆਪਣੀ ਕਹਾਣੀ ਦੱਸਣੀ ਸ਼ੁਰੂ ਕਰ ਦਿੱਤੀ..
ਸਾਲ ਪਹਿਲੋਂ ਤੀਕਰ ਕਤਰਾਵੀਂ ਦਾਹੜੀ ਅਤੇ ਸਿਰੋਂ ਮੋਨਾਂ ਹੋਇਆ ਕਰਦਾ ਸਾਂ..ਘਰ ਵਾਲੇ ਬੇਸ਼ੱਕ ਸਿੱਖੀ ਖਿਆਲਾਂ ਵਾਲੇ ਸਨ ਪਰ ਓਹਨਾ ਮੈਨੂੰ ਕਦੇ ਕਿਸੇ ਗੱਲੋਂ ਮੋੜਿਆ ਨਹੀਂ ਸੀ..ਡੈਡ ਆਪਣੇ ਕੰਮ ਤੇ ਰੁੱਝਿਆ ਰਹਿੰਦਾ..!
ਪਰ ਮੇਰੇ ਅੰਦਰੋਂ ਕਦੇ ਕਦੇ ਇੱਕ ਚਿਣਗ ਜਿਹੀ ਫੁੱਟਿਆ ਕਰਦੀ..ਇੱਕ ਵਿਚਿੱਤਰ ਜਿਹਾ ਵਿਚਾਰ ਅਕਸਰ ਹੀ ਮਨ ਨੂੰ ਘੇਰ ਲਿਆ ਕਰਦਾ..ਇੰਝ ਮਹਿਸੂਸ ਹੁੰਦਾ ਜਿੱਦਾਂ ਇੱਕ ਅਦੁੱਤੀ ਵਿਸਮਾਦੀ ਸ਼ਕਤੀ ਹਰ ਵੇਲੇ ਮੇਰੇ ਆਲੇ ਦਵਾਲੇ ਘੁੰਮਦੀ ਰਹਿੰਦੀ ਹੋਵੇ..ਪਰ ਮੇਰੇ ਵਜੂਦ ਦਾ ਹਿੱਸਾ ਬਣਨ ਨੂੰ ਕਾਹਲੀ ਉਸ ਸ਼ੈ ਨੂੰ ਬਾਹਰੀ ਚਕਾਚੌਂਧ ਤੋਂ ਪ੍ਰਭਾਵਿਤ ਮੇਰਾ ਦਿਮਾਗ ਗ੍ਰਹਿਣ ਕਰਨ ਤੋਂ ਹਮੇਸ਼ ਹੀ ਇਨਕਾਰੀ ਹੁੰਦਾ..ਦੁਬਿਧਾ ਵਿਚ ਪਿਆ ਮੈਂ ਬੇਚੈਨ ਰਹਿਣਾ ਸ਼ੁਰੂ ਕਰ ਦਿੱਤਾ!
ਇੱਕ ਦਿਨ ਪਰਿਵਾਰ ਸਣੇ ਪੰਜਾਬ ਗਏ ਨੂੰ ਕਾਹਲੀ ਜਿਹੀ ਪਈ..ਮੈਂ ਜ਼ੋਰ ਪਾ ਕੇ ਦਰਬਾਰ ਸਾਬ ਦਰਸ਼ਨ ਕਰਨ ਆਣ ਅੱਪੜਿਆ..ਪਹਿਲੀ ਵੇਰ ਜਦੋਂ ਦੂਰੋਂ ਘੰਟਾਂ ਘਰ ਦੇ ਦੀਦਾਰ ਹੋਏ ਤਾਂ ਓਹੀ ਚਿਣਗ ਇੱਕ ਵੇਰਾਂ ਫੇਰ ਹਰਕਤ ਵਿਚ ਆ ਗਈ..ਜੀ ਕੀਤਾ ਉੱਡ ਕੇ ਛੇਤੀ ਨਾਲ ਓਥੇ ਅੱਪੜ ਜਾਵਾਂ..ਫੇਰ ਡਿਓਢੀ ਤੋਂ ਅੰਦਰ ਜਾਣ ਵੇਲੇ ਆਪਣੇ ਪੈਰ ਜਲ ਸਰੋਤ ਵਿਚ ਪਾਏ ਤਾਂ ਅੰਦਰ ਬਾਹਰ ਬੁਰੀ ਤਰਾਂ ਝੰਜੋੜਿਆ ਗਿਆ..ਲੂ ਕੰਢੇ ਖੜੇ ਹੋ ਗਏ..ਅਗਲੇ ਹੀ ਪਲ ਫੇਰ ਦੂਰ ਨੀਵੇਂ ਥਾਂ ਜਲ ਅੰਦਰ ਘਿਰੇ ਅਲਾਹੀ ਸੁਨਿਹਰੀ ਢਾਂਚੇ ਵੱਲ ਨਜਰ
ਗਈ ਤਾਂ ਓਧਰੋਂ ਆਈਆਂ ਅਣਗਿਣਤ ਵਿਸਮਾਦੀ ਤਾਕਤਾਂ ਨੇ ਮੇਰੇ ਆਲੇ ਦਵਾਲੇ ਨੂੰ ਘੇਰ ਲਿਆ ਤੇ ਮੈਂ ਵੈਰਾਗ ਵਿਚ ਚਲਿਆ ਗਿਆ..ਮੇਰੇ ਹੰਜੂ ਨਿੱਕਲ ਆਏ..ਇੰਝ ਲੱਗਿਆ ਜਨਮਾਂ ਜਨਮਾਂਤਰਾਂ ਤੋਂ ਵਿੱਛੜੀ ਹੋਈ ਕੋਈ ਕਰਾਮਾਤੀ ਸ਼ੈ ਮੇਰੇ ਅੰਦਰ ਆਣ ਸਮੋਈ ਹੋਵੇ..ਜੀ ਕੀਤਾ ਬੱਸ ਸਦੀਵੀਂ ਲਈ ਇਥੇ ਦਾ ਹੀ ਹੋ ਕੇ ਰਹਿ ਜਾਵਾਂ..ਮਨ ਅਜੀਬ ਮਿਕਨਾਤੀਸੀ ਮਾਹੋਲ ਅਤੇ ਅੰਦਰੋਂ ਉਠਦੀਆਂ ਕੀਰਤਨ ਦੀਆਂ ਮਧੁਰ ਤਰੰਗਾਂ ਦੇ ਵਿਚ ਵਿਲੀਨ ਹੋ ਜਾਣ ਨੂੰ ਤਰਲੋ ਮੱਛੀ ਹੋਣ ਲੱਗਾ..ਅਤੀਤ ਭਵਿੱਖ ਦੀਆਂ ਸਾਰੀਆਂ ਪਦਾਰਥਵਾਦੀ ਸੋਚਾਂ ਕਿਧਰੇ ਗਾਇਬ ਜਿਹੀਆਂ ਹੋ ਗਈਆਂ..ਜੀ ਕੀਤਾ ਪੱਥਰ ਇੱਟਾਂ ਸੰਗਮਰਮਰ ਜਲ ਹਵਾ ਪਾਣੀ ਸੰਗਤ ਆਲਾ ਦਵਾਲਾ ਅਤੇ ਹੋਰ ਕਿੰਨੇ ਕੁਝ ਦਾ ਹੀ ਹਿੱਸਾ ਹੋ ਕੇ ਰਹਿ ਜਾਵਾਂ..ਸ੍ਰੀ ਅਕਾਲ ਤਖ਼ਤ ਸਾਬ ਦੇ ਸਾਮਣੇ ਅੱਪੜਿਆ ਤਾਂ ਅਤੀਤ ਦੀਆਂ ਪਰਤਾਂ ਅੰਦਰ ਲੁਕਿਆ ਕਿੰਨਾ ਕੁਝ ਮੇਰੇ ਸਾਮਣੇ ਫਿਲਮ ਵਾਂਙ ਘੁੰਮਣ ਲੱਗਾ..ਨਗਾਰੇ ਦੀਆਂ ਚੋਟਾਂ ਸੁੱਖਾ ਸਿੰਘ ਮਹਿਤਾਬ ਸਿੰਘ ਦੇ ਘੋੜਿਆਂ ਦੀਆਂ ਟਾਪਾਂ..ਬਾਬੇ ਦੀਪ ਸਿੰਘ ਦਾ ਖੰਡਾ..ਤੀਰ ਵਾਲੇ ਬਾਬੇ ਦੀ ਕੀਤੀ ਸੰਖੇਪ ਜਿਹੀ ਆਖਰੀ ਅਰਦਾਸ..ਅਸਾਵੀਂ ਜੰਗ ਦੇ ਹੋਰ ਸੈਂਕੜੇ ਬਿਰਤਾਂਤ..ਸ਼ਹੀਦੀ ਜੈਕਾਰੇ ਚੜ੍ਹਦੀ ਕਲਾ ਦੇ ਕਰਾਮਾਤੀ ਦ੍ਰਿਸ਼ ਇੰਨ ਬਿੰਨ ਸਾਮਣੇ ਵਾਪਰਦੇ ਹੋਏ ਲੱਗੇ..ਮੈਨੂੰ ਆਪਣਾ ਆਪ ਕਾਫੀ ਛੋਟਾ ਮਹਿਸੂਸ ਹੋਈ ਜਾਵੇ..ਹਮੇਸ਼ਾਂ ਸਿੱਖੀ ਤੋਂ ਦੂਰ ਕਰਦੇ ਕੁਝ ਕੂ ਦੋਸਤ ਮਿੱਤਰ ਸਗੇ ਸਬੰਦੀ ਅਤੇ ਦਲੀਲਬਾਜੀ ਦੇ ਮਾਹਿਰ ਮੈਨੂੰ ਆਪਣੇ ਆਪ ਤੋਂ ਵੀ ਬੌਣੇ ਜਿਹੇ ਲੱਗੇ ਅਤੇ ਖਾਲਸਾਈ ਸਿਧਾਂਤ ਵੱਲ ਪ੍ਰੇਰਦੇ ਹੋਏ ਕੁਝ ਕੂ ਚੋਣਵੇਂ ਦੇਵ ਪੁਰਸ਼ ਮੈਨੂੰ ਓਹਨਾ ਉੱਚਿਆਂ ਵਜੂਦਾਂ ਦੇ ਬਰੋਬਰ ਆਣ ਖਲੋਤੇ ਲੱਗੇ ਜਿਹੜੇ ਦਰਬਾਰ ਸਾਬ ਦੀ ਹਰ ਸਿਲ ਹੇਠ ਕੁਰਬਾਨੀ ਦੇ ਮੁਜੱਸਮੇਂ ਬਣ ਹਰ ਆਏ ਗਏ ਦੇ ਵਜੂਦ ਅਤੇ ਅੰਦਰ ਬਾਹਰ ਨੂੰ ਠਾਰਦੇ ਰਹਿੰਦੇ..ਬਾਕੀ ਦੀ ਪਰਿਕਰਮਾਂ ਦੇ ਸਫ਼ਰ ਦੌਰਾਨ ਪਰਿਵਾਰ ਆਲੇ ਦਵਾਲੇ ਅਤੇ ਬਾਹਰੀ ਦੁਨੀਆਂ ਤੋਂ ਇੰਝ ਕੱਟਿਆ ਰਿਹਾ ਜਿੱਦਾਂ ਇੱਕ ਬੇਸ਼ਕੀਮਤੀ ਖਿਡੌਣੇ ਦੀ ਆਮਦ ਇੱਕ ਨਿੱਕੇ ਬੱਚੇ ਨੂੰ ਬਾਹਰੀ ਦੁਨੀਆ ਅਤੇ ਆਲੇ ਦਵਾਲੇ ਤੋਂ ਬੇ-ਸੂਰਤ ਅਤੇ ਬੇ-ਖਬਰ ਕਰ ਦਿੰਦੀ..!
ਪੂਰੇ ਚਾਰ ਘੰਟੇ ਇੱਕ ਛਿਣ ਵਾਂਙ ਲੰਘ ਗਏ..ਕਦੇ ਇਤਿਹਾਸ ਦੇ ਕਿਸੇ ਸੁਨਹਿਰੀ ਪੰਨੇ ਵਿੱਚ ਅੱਪੜ ਜਾਂਦਾ ਤੇ ਕਦੇ ਵਰਤਮਾਨ ਦੇ ਸਾਮਣੇ ਵਾਪਰਦੇ ਬਿਰਤਾਂਤ ਵੱਲ..!
ਅਖੀਰ ਸੱਤ ਸਮੁੰਦਰ ਪਾਰ ਅੱਪੜ ਸਭ ਤੋਂ ਪਹਿਲੋਂ ਲੂਕਾ ਕੇ ਰੱਖੀ ਕੈਂਚੀ ਪਰਾਂ ਵਗ੍ਹਾ ਮਾਰੀ ਅਤੇ ਸੋਚ ਬਿਰਤੀ ਵਜੂਦ ਰੂਹ ਅਤੇ ਕਣ-ਕਣ ਵਿੱਚ ਸ੍ਰੀ ਅਨੰਦਪੁਰ ਸਾਬ ਵਸਾ ਲਿਆ..ਹੁਣ ਸ਼ੀਸ਼ੇ ਮੂਹਰੇ ਖਲੋਤਿਆਂ ਜਦੋਂ ਵੀ ਦਿਨੋਂ-ਦਿਨ ਵਧੀ ਜਾਂਦੇ ਦਾਹੜੇ ਤੇ ਨਜਰ ਜਾਂਦੀ ਏ ਤਾਂ ਦਸਮ ਪਿਤਾ ਮੈਨੂੰ ਆਪਣੀ ਬੁੱਕਲ ਵਿੱਚ ਲੈਂਦੇ ਹੋਏ ਪ੍ਰਤੀਤ ਹੁੰਦੇ..!
ਕੁਝ ਤਰਕਸ਼ੀਲ ਕਰਾਮਾਤ ਤੋਂ ਇਨਕਾਰੀ ਕਰਨ ਲਈ ਤਕੜੀਆਂ ਦਲੀਲਾਂ ਦਾ ਆਸਰਾ ਲੈਂਦੇ ਹਨ ਪਰ ਗੁਰੂ ਆਸ਼ੇ ਸਿਧਾਂਤ ਅਤੇ ਦਰਬਾਰ ਸਾਬ ਦੇ ਵਿਸਮਾਦੀ ਮਾਹੌਲ ਅੱਗੇ ਦੁਨੀਆ ਦੀ ਹਰ ਦਲੀਲ ਹਰ ਤਰਕ ਫਿੱਕਾ ਪੈ ਜਾਂਦਾ..!
ਹੁਣ ਮਨ ਝੱਟ ਹੀ ਕੇਂਦਰਿਤ ਹੋ ਜਾਂਦਾ..ਸੁਵੇਰੇ ਉਠਦਿਆਂ ਹੀ ਨਿਤਨੇਮ ਦੀ ਚੇਟਕ ਲੱਗ ਜਾਂਦੀ ਏ..ਹਰ ਪਾਸੇ ਬੱਸ ਅਨੰਦ ਹੀ ਅਨੰਦ ਦਾ ਪਸਾਰਾ ਹੁੰਦਾ..ਇੱਕ ਵਿਸਮਾਦੀ ਅਨੰਦ..ਉਹ ਅਨੰਦ ਜਿਸ ਤੋਂ ਪਰੇ ਬੱਸ ਗੁਰੂਆਂ ਦਾ ਵਸਾਇਆ ਹੋਇਆ ਓਹੀ ਬੇਗਮ ਪੂਰਾ ਏ ਜਿਥੇ ਜਾ ਕੇ ਇਨਸਾਨ ਦੀ ਹਰ ਤ੍ਰਿਸ਼ਨਾ ਹਰ ਇੱਛਿਆ ਸਿਫ਼ਰ ਹੋ ਕੇ ਰਹਿ ਜਾਂਦੀ ਏ!
(ਬਿਰਤਾਂਤ ਅਸਲੀ ਪਰ ਤਸਵੀਰ ਸੰਕੇਤਕ ਹੈ)
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *