ਡੋਗਰੇ | dogre

ਕੰਵਰ ਨੌਨਿਹਾਲ ਸਿੰਘ ਸ਼ੇਰ-ਏ-ਪੰਜਾਬ ਦਾ ਲਾਡਲਾ ਪੋਤਰਾ ਸੀ”
“ਕਿੰਨਾ ਕੁ ਲਾਡਲਾ?
ਮੇਰੇ ਇਸ ਸਵਾਲ ਤੇ ਦਾਦਾ ਜੀ ਜਾਣ ਬੁਝ ਕੇ ਮੇਰੇ ਵੱਲ ਇਸ਼ਾਰਾ ਕਰ ਦਿੰਦੇ..ਤੇਰੇ ਜਿੰਨਾ ਪੁੱਤਰ!
ਚਾਚੇ ਦਾ ਨਿੱਕਾ ਮੁੰਡਾ ਰੁੱਸ ਕੇ ਅਛੋਪਲੇ ਜਿਹੇ ਮੰਜੇ ਤੋਂ ਉੱਤਰ ਹੇਠਾਂ ਪੌੜੀਆਂ ਉੱਤਰਨ ਲੱਗਦਾ..!
ਦਾਦਾ ਜੀ ਨੂੰ ਪਤਾ ਲੱਗਦਾ ਤਾਂ ਮਗਰ ਦੌੜ ਬਾਹਵਾਂ ਵਿਚ ਘੁੱਟ ਲੈਂਦੇ..ਤੂੰ ਵੀ ਮੇਰਾ ਨੌਨਿਹਾਲ ਹੀ ਏਂ..!
ਗੋਦ ਵਿਚ ਬੈਠਾ ਫੇਰ ਉਹ ਮੇਰੇ ਵੱਲ ਵੇਖਦਾ..ਇਹ ਦੱਸਣ ਲਈ ਕੇ ਹੁਣ ਮੈਂ ਤੇਰੇ ਤੋਂ ਵੀ ਵੱਧ ਲਾਡਲਾ ਬਣ ਗਿਆ ਹਾਂ..!
ਦਾਦਾ ਜੀ ਦੱਬੀ ਅੱਖ ਨਾਲ ਇਸ਼ਾਰਾ ਕਰ ਦਿੰਦੇ..ਮੈਨੂੰ ਤੱਸਲੀ ਹੁੰਦੀ ਮੈਂ ਅਜੇ ਵੀ ਵੱਧ ਲਾਡਲਾ ਹਾਂ!
ਕਹਾਣੀ ਹੋਰ ਅੱਗੇ ਤੁਰਦੀ..
“ਫੇਰ ਸ਼ੇਰੇ ਪੰਜਾਬ ਨੇ ਜਿਉਂਦੇ ਜੀ ਨੌਨਿਹਾਲ ਸਿੰਘ ਦੇ ਪਿਤਾ ਖੜਕ ਸਿੰਘ ਨੂੰ ਮਹਾਰਾਜਾ ਥਾਪ ਦਿੱਤਾ..ਪਰ ਉਸਦੀ ਡੋਗਰਿਆਂ ਨਾਲ ਨਾ ਬਣੀ..ਬਹਾਨੇ ਲਾ ਕੇ ਕੈਦ ਅੰਦਰ ਸੁੱਟ ਦਿੱਤਾ..ਫੇਰ ਦੁੰਮ ਨਾਲ ਦੋਸਤੀ ਘੋੜੇ ਨਾਲ ਵੈਰ ਵਾਲੀ ਗੱਲ ਹੋਈ..ਖੜਕ ਸਿੰਘ ਦੇ ਪੁੱਤ ਨੌਨਿਹਾਲ ਸਿੰਘ ਨੂੰ ਮਹਾਰਾਜ ਥਾਪ ਦਿੱਤਾ..ਉਸਦੇ ਬਾਪ ਖੜਕ ਸਿੰਘ ਨੂੰ ਇਲਾਜ ਬਹਾਨੇ ਥੋੜਾ ਥੋੜਾ ਦਿੱਤਾ ਜਹਿਰ ਅਸਰ ਕਰ ਗਿਆ..ਅਕਤੂਬਰ ਉਨਤਾਲੀ ਵਿਚ ਉਹ ਵੀ ਚੜਾਈ ਕਰ ਗਿਆ..ਸ਼ੇਰ-ਏ-ਪੰਜਾਬ ਦੀ ਮੜੀ ਕੋਲ ਹੀ ਸੰਸਕਾਰ ਕੀਤਾ..!
ਉੱਨੀ ਸਾਲ ਦਾ ਨੌਨਿਹਾਲ ਸਿੰਘ ਬਲਦੀ ਚਿਤਾ ਵਿੱਚੇ ਛੱਡ ਕਿਸੇ ਕੰਮ ਮਹਿਲ ਪਰਤ ਆਇਆ..ਗੇਟ ਲੰਘਣ ਲੱਗਾ..ਡੋਗਰਿਆਂ ਨੇ ਨੌਕਰਾਂ ਨਾਲ ਗਿੱਟੀ-ਸਿੱਟੀ ਰਲਾਈ ਸੀ..ਗੇਟ ਉੱਤੋਂ ਕਿੰਨੀਆਂ ਸਾਰੀਆਂ ਇੱਟਾਂ ਡਿੱਗੀਆਂ..ਨੌਨਿਹਾਲ ਮਾਮੂਲੀ ਜਖਮੀਂ ਹੋ ਗਿਆ..ਨੌਨਿਹਾਲ ਨੇ ਪਾਣੀ ਮੰਗਿਆ..ਪਰ ਨੌਕਰ ਉਸਨੂੰ ਅੰਦਰ ਲੈ ਗਏ..ਫੇਰ ਗੇਟ ਬੰਦ ਕਰ ਦਿੱਤਾ..!
ਨੌਨਿਹਾਲ ਦੀ ਵਹੁਟੀ ਨਾਨਕੀ ਅਤੇ ਮਾਂ ਚੰਦ ਕੌਰ ਗੇਟ ਪਿੱਟਦੀਆਂ ਰਹੀਆਂ..ਪਰ ਗੇਟ ਤੀਜੇ ਦਿਨ ਖੁਲਿਆ..ਨੌਨਿਹਾਲ ਲਹੂ ਦੇ ਛੱਪੜ ਵਿਚ ਪਿਆ ਸੀ..ਡੋਗਰੇ ਪਿੱਠ ਪਿੱਛੇ ਵਾਰ ਕਰ ਗਏ ਸਨ..ਸ਼ੇਰ-ਏ-ਪੰਜਾਬ ਦਾ ਲਾਡਲਾ ਪੋਤਰਾ..
ਇਸ ਤੋਂ ਅੱਗੇ ਦਾਦਾ ਜੀ ਕੋਲੋਂ ਕੁਝ ਵੀ ਬੋਲਿਆ ਨਾ ਜਾਂਦਾ..ਉਹ ਸਾਨੂੰ ਸਾਰਿਆਂ ਨੂੰ ਕਲਾਵੇ ਵਿਚ ਲੈ ਲੈਂਦੇ..ਤਾਰਿਆਂ ਦੀ ਲੋ ਹੇਠ ਇੱਕ ਅਜੀਬ ਚੁੱਪ ਪੱਸਰ ਜਾਂਦੀ..ਕੋਈ ਵੀ ਕੁਝ ਨਾ ਬੋਲਦਾ..ਫੇਰ ਮੈਂ ਹਿੰਮਤ ਕਰਦਾ..ਮੇਰੀਆਂ ਮੁੱਠੀਆਂ ਰੋਹ ਨਾਲ ਮੀਚੀਆਂ ਜਾਂਦੀਆਂ..ਪੁੱਛਦਾ “ਦਾਦਾ ਜੀ ਛੇਤੀ ਦੱਸੋ ਫੇਰ ਡੋਗਰੇ ਕਿੱਦਾਂ ਮਰੇ”?
ਦਾਦਾ ਜੀ ਬੜੀ ਮੁਸ਼ਕਿਲ ਜੁਆਬ ਦਿੰਦੇ..”ਮਰੇ ਨਹੀਂ ਪੁੱਤਰ..ਅਜੇ ਵੀ ਜਿਉਂਦੇ ਨੇ?
ਪਰ ਕਿਥੇ ਨੇ ਇਸ ਵੇਲੇ?
“ਓਹਨਾ ਦੀ ਨਸਲ ਬਹੁਤ ਵੱਧ ਫੁਲ ਗਈ ਏ..ਕੁਝ ਦਿੱਲੀ ਰਹਿੰਦੇ..ਬਾਕੀ ਚੰਡੀਗੜ ਅਤੇ ਕਿੰਨੇ ਸਾਰੇ ਨੇੜੇ ਤੇੜੇ ਦੇ ਪਿੰਡਾਂ ਵਿਚ..”
ਫੇਰ ਸਾਰੀ ਰਾਤ ਸੁਫਨਿਆਂ ਵਿਚ ਮੈਨੂੰ ਡੋਗਰੇ ਹੀ ਦਿਸਦੇ ਰਹਿੰਦੇ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *