ਮੈਂ ਕਦੇ ਮੇਰੇ ਦਾਦਾ ਜੀ ਨੂੰ ਆਪਣੀ ਸ਼ੇਵ ਖੁਦ ਕਰਦੇ ਨਹੀਂ ਸੀ ਵੇਖਿਆ। ਉਹ ਪਿੰਡ ਦੇ ਹੀ ਸਾਧੂ ਨਾਈ ਕੋਲੋਂ ਹਰ ਤੀਜੇ ਚੌਥੇ ਦਿਨ ਸ਼ੇਵ ਕਰਾਉਂਦੇ ਸਨ। ਉਹ ਉਸਤਰੇ ਨਾਲ ਸ਼ੇਵ ਕਰਨ ਤੋਂ ਪਹਿਲਾਂ ਪਾਣੀ ਨਾਲ ਵਾਲਾਂ ਨੂੰ ਨਰਮ ਕਰਦਾ। ਫਿਰ ਤਾਂ ਉਹ ਵੀ ਇੱਕ ਸਾਬਣ ਜਿਹੀ ਨਾਲ ਝੱਗ ਬਨਾਉਣ ਲੱਗ ਪਿਆ ਸੀ। ਉਹ ਅਕਸਰ ਹੀ ਆਪਣੇ ਉਸਤਰੇ ਨੂੰ ਪੱਥਰ ਦੀ ਸਿੱਲ ਜਿਹੀ ਨਾਲ ਤਿੱਖਾ ਕਰਦਾ। ਉਂਜ ਮੇਰੇ ਦਾਦਾ ਜੀ ਦੀ ਦੁਕਾਨ ਤੋਂ ਬਲੇਡ ਵੀ ਮਿਲਦੇ ਸਨ। ਪੰਜ ਯ ਦਸ ਪੈਸਿਆਂ ਦਾ ਬਲੇਡ। ਪੰਜ ਬਲੇਡ ਦਾ ਪੈਕਟ ਹੁੰਦਾ ਸੀ। ਤੇ ਕਈ ਕੰਪਨੀਆਂ ਦੇ ਬਲੇਡ ਆਉਂਦੇ ਸਨ। ਉਹ ਦੁਕਾਨ ਲਈ ਕਈ ਕੰਪਨੀਆਂ ਦੇ ਬਲੇਡਾਂ ਦਾ ਇੱਕ ਇੱਕ ਪੈਕਟ ਲਿਆਉਂਦੇ ਵੇਚਣ ਲਈ। ਕੁਝ ਕੁ ਲੋਕ ਘਰੇ ਆਪਣੀ ਸੇਫਟੀ ਨਾਲ ਮੰਜੇ ਤੇ ਬਹਿਕੇ ਸ਼ੇਵ ਕਰਦੇ। ਉਹ ਸਾਬੁਣ ਨਾਲ ਝੱਗ ਬਣਾਉਂਦੇ ਤੇ ਛੋਟੇ ਜਿਹੇ ਸ਼ੀਸ਼ੇ ਨੂੰ ਐਡਜਸਟ ਕਰਕੇ ਸ਼ੇਵ ਬਨਾਉਣ ਦੀ ਕੋਸ਼ਿਸ਼ ਕਰਦੇ। ਮੰਜੀ ਦੇ ਕੋਲੋ ਕਿਸੇ ਨੂੰ ਲੰਘਣ ਨਾ ਦਿੰਦੇ। ਕਿ ਹਿੱਲਣ ਨਾਲ ਉਹਨਾਂ ਦੇ ਬਲੇਡ ਨਾ ਵੱਜ ਜਾਵੇ। ਪਰ ਅਕਸਰ ਹੀ ਬਲੇਡ ਲੱਗ ਜਾਂਦਾ ਤੇ ਫਿਰ ਛੋਟੇ ਮੋਟੇ ਜਖਮਾਂ ਨੂੰ ਫਟਕਰੀ ਲਗਾ ਕੇ ਠੀਕ ਕਰਨ ਦੀ ਕੋਸ਼ਿਸ਼ ਕਰਦੇ। ਮੈਂ ਸ਼ਹਿਰੀ ਲੋਕਾਂ ਨੂੰ ਵਾਸ਼ ਬੇਸਨ ਤੇ ਲੱਗੇ ਵੱਡੇ ਸ਼ੀਸ਼ੇ ਮੂਹਰੇ ਖੜ੍ਹਕੇ ਸ਼ੇਵ ਕਰਦੇ ਦੇਖਦਾ ਤਾਂ ਮੈਨੂੰ ਹੈਰਾਨੀ ਤੇ ਥੋੜੀ ਜਲਨ ਜਿਹੀ ਵੀ ਹੁੰਦੀ। ਇੱਕ ਵਾਰੀ ਮੈਂ ਟੋਪਾਜ਼ ਦੇ ਬਲੇਡਾਂ ਦੇ ਪੈਕਟਾਂ ਦਾ ਵੱਡਾ ਡਿੱਬਾ ਹੀ ਖਰੀਦ ਲਿਆਇਆ। ਇਹ ਉਸ ਸਮੇ ਸਾਡੇ ਲਈ ਉਹ ਬਹੁਤ ਵੱਡੀ ਗੱਲ ਸੀ। ਫਿਰ ਯੂਜ ਐਂਡ ਥਰੋ ਰੇਜਰਾਂ ਦਾ ਜ਼ਮਾਨਾ ਆ ਗਿਆ। ਬਹੁਤੇ ਲੋਕ ਪੁਰਾਣੀ ਕਿਸਮ ਦੇ ਬਲੇਡ ਵਰਤਣੋਂ ਹੱਟ ਗਏ। ਸ਼ੇਵ ਕਰਨ ਦੇ ਤੌਰ ਤਰੀਕੇ ਬਦਲ ਗਏ। ਹੁਣ ਇਹ ਬਲੇਡ ਜ਼ਖਮ ਨਹੀਂ ਸੀ ਕਰਦੇ। ਇੱਕ ਵਾਰੀ ਮੈਨੂੰ ਚਲਦੀ ਟ੍ਰੇਨ ਵਿੱਚ ਵੀ ਆਰਾਮਦਾਇਕ ਸ਼ੇਵ ਕਰਨ ਦਾ ਮੌਕਾ ਮਿਲਿਆ। ਫਿਰ ਮੈਨੂੰ ਕਿਸੇ ਨੇ ਜ਼ਿਲਿਟ ਬਲੇਡ ਬਾਰੇ ਦੱਸਿਆ ਜੋ ਉਸ ਸਮੇ ਨੱਬੇ ਕੁ ਰੁਪਏ ਦਾ ਆਉਂਦਾ ਸੀ ਤੇ ਤਿੰਨ ਮਹੀਨੇ ਚਲਦਾ ਸੀ। ਮੈਂ ਨਿੱਤ ਸ਼ੇਵ ਕਰਕੇ ਵੀ ਉਸ ਬਲੇਡ ਨੂੰ ਤਿੰਨ ਤਿੰਨ ਮਹੀਨੇ ਵਰਤਿਆ। ਹੋਲੀ ਹੋਲੀ ਮੈਂ ਡੇਢ ਕੁ ਮਹੀਨੇ ਬਾਅਦ ਬਲੇਡ ਬਦਲਣ ਲੱਗ ਪਿਆ। ਹੁਣ ਉਸ ਬਲੇਡ ਦੀ ਕੀਮਤ ਵੀ ਕੋਈ ਡੇਢ ਸੌ ਰੁਪਏ ਦੇ ਲਗਭਗ ਹੈ। ਇਸੇ ਦੌਰਾਨ ਇਲੈਕਟ੍ਰਿਕ ਤੇ ਇਲੈਕਟ੍ਰੋਨਿਕ ਰੇਜਰਾ ਦਾ ਵੀ ਯੁੱਗ ਆਇਆ ਤੇ ਸ਼ਾਇਦ ਚਲਾ ਗਿਆ। ਕੋਈ ਸੱਠ ਸਾਲ ਦੇ ਆਪਣੀ ਜੀਵਨ ਵਿੱਚ ਅਸੀਂ ਲੋਕਾਂ ਨੇ ਬਹੁਤ ਸਾਰੀਆਂ ਤਬਦੀਲੀਆਂ ਵੇਖੀਆਂ ਹਨ। ਦੁੱਕੀ ਤਿੱਕੀ ਸਮੇਤ ਦੋ ਤੇ ਪੰਜ ਦੇ ਨੋਟ ਨੂੰ ਅੱਖੀਂ ਮਰਦੇ ਦੇਖਿਆ ਹੈ। ਉਸ ਜਮਾਨੇ ਵਿੱਚ ਕੋਈ ਵਿਰਲਾ ਹੀ ਲੱਖਪਤੀ ਹੁੰਦਾ ਸੀ ਪਰ ਹੁਣ ਕਰੋੜਪਤੀ ਤੇ ਅਰਬਪਤੀ ਸਾਡੇ ਆਮ ਸਮਾਜ ਦਾ ਹਿੱਸਾ ਹਨ। ਤੀਜਾ ਦਰਜਾ ਮੁਲਾਜਮ ਦੀ ਤਨਖਾਹ ਇੱਕ ਲੱਖ ਤੋਂ ਉਪਰ ਹੋਣਾ ਆਮ ਜਿਹੀ ਗੱਲ ਹੋ ਗਈ ਹੈ।
ਫਿਰ ਉਹ ਮੋਰੀ ਵਾਲਾ ਪੈਸੇ ਆਨਾ ਦੁਆਨੀ ਕਿਸ ਕਿਸ ਦੇ ਯਾਦ ਹੋਣੀ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ