ਪ੍ਰੋ ਕੈਲਾਸ਼ ਭਸੀਨ | pro kailash bhaseen

1977 ਵਿਚ ਜਦੋਂ ਜਨਤਾ ਪਾਰਟੀ ਦੀ ਸਰਕਾਰ ਬਣੀ ਤਾਂ ਸ੍ਰੀ ਵਾਜਪਾਈ ਜੀ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ। ਕਹਿੰਦੇ ਇੱਕ ਵਾਰੀ ਜਦੋ ਵਾਜਪਾਈ ਜੀ ਵਿਦੇਸ਼ ਯਾਤਰਾ ਤੋਂ ਪਰਤੇ ਤਾਂ ਉਹਨਾਂ ਦੀਆਂ ਅੱਖਾਂ ਲਾਲ ਸਨ ਤੇ ਉਹ ਡਗਮਗਾ ਵੀ ਰਹੇ ਸੀ। ਇਹ ਗੱਲ ਅਖਬਾਰਾਂ ਦੀ ਸੁਰਖੀ ਵੀ ਬਣੀ। ਉਸ ਸਮੇ ਮੈਂ ਗੁਰੂ ਨਾਨਕ ਕਾਲਜ ਦੀ ਕਾਮਰਸ ਕਲਾਸ ਦੇ ਪਹਿਲੇ ਸਾਲ ਦਾ ਵਿਦਿਆਰਥੀ ਸੀ। ਪ੍ਰੋਫੈਸਰ Kailash Bhasin ਸਾਨੂੰ ਅਕਾਊਂਟਸ ਪੜ੍ਹਾਉਂਦੇ ਹੁੰਦੇ ਸਨ। ਬਹੁਤ ਵਧੀਆ ਪੜ੍ਹਾਉਂਦੇ।ਬਹੁਤ ਮਿਹਨਤ ਕਰਦੇ। ਪਰ ਉਹਨਾਂ ਦਾ ਇੱਕ ਹੋਰ ਮਿਸ਼ਨ ਵੀ ਸੀ ਦਿੱਲੋ ਉਹ ਜਨਸੰਘੀ ਸਨ ਤੇ ਸ਼ਾਖਾ ਦੇ ਪ੍ਰਚਾਰਕ ਵੀ ਸਨ। ਜਨਸੰਘ ਦੀ ਫਸਲ ਤਿਆਰ ਕਰਨ ਲਈ ਉਹ ABVP ਦੀ ਪਨੀਰੀ ਤਿਆਰ ਕਰਦੇ ਤੇ ਸ਼ਾਮੀ ਸ਼ਾਖਾ ਤੇ ਆਉਣ ਲਈ ਵੀ ਪ੍ਰੇਰਿਤ ਕਰਦੇ। ਉਹ ਗੱਲਾਂ ਦੇ ਧਨੀ ਸਨ ਤੇ ਉਹਨਾਂ ਦਾ ਮਿੱਠਾ ਮਿੱਠਾ ਪ੍ਰਚਾਰ ਕਈਆਂ ਦੇ ਮਨ ਵਿਚ ਬੈਠ ਗਿਆ। ਜਦੋਂ ਇੱਕ ਕੌਮ ਦਾ ਨਿਰਮਾਤਾ ਆਪਣੇ ਬੱਚਿਆਂ ਨੂੰ ਕਿਸੇ ਮਿਸ਼ਨ ਲਈ ਤਿਆਰ ਕਰੇ ਤਾਂ ਬੱਚੇ ਹਮੇਸ਼ਾ ਆਪਣੇ ਅਧਿਆਪਕ ਦੇ ਪ੍ਰਭਾਵ ਹੇਠ ਆ ਹੀ ਜਾਂਦੇ ਹਨ। ਭਾਸ਼ੀਨ ਸਾਹਿਬ ਦੀ ਲਗਾਈ ਪਨੀਰੀ ਅੱਜ ਬਹੁਤ ਵੱਡੀ ਸ਼ਾਖਾ ਸਮਰਥਕ ਹੈ ਤੇ ਆਪਣੇ ਮਿਸ਼ਨ ਦੇ ਨਾਲ ਖੜੀ ਹੈ। ਅਸੀਂ ਪੰਜ ਕ਼ੁ ਜਣੇ ਕਾਂਗਰਸ ਸਮਰਥਕ ਸੀ। ਮੈਂ ਵਾਜਪਾਈ ਵਾਲੇ ਉਸ ਕਾਂਡ ਦੀ ਚਰਚਾ ਕਲਾਸ ਵਿੱਚ ਛੇੜ ਦਿੱਤੀ। ਭਾਸ਼ੀਨ ਸਾਹਿਬ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ। ਹਾਲਾਂਕਿ ਇਹ ਪ੍ਰੈਸ ਦੀ ਸ਼ਰਾਰਤ ਸੀ। ਵਾਜਪਾਈ ਜੀ ਮਾਸ ਮਦਿਰਾ ਦੇ ਨੇੜੇ ਵੀ ਨਹੀਂ ਸਨ ਜਾਂਦੇ। ਉਹ ਮਹਾਨ ਸਖਸ਼ੀਅਤ ਸਨ। ਸਾਡੀ ਇਸ ਛੁਰਲੀ ਨੇ ਪ੍ਰੋਫੈਸਰ ਸਾਹਿਬ ਨੂੰ ਅੱਪ ਸੈੱਟ ਕਰ ਦਿੱਤਾ। ਤੇ ਕਈ ਦਿਨ ਓਹਨਾ ਦਾ ਸਾਡੇ ਪ੍ਰਤੀ ਰਵਈਆ ਬਦਲਿਆ ਜਿਹਾ ਰਿਹਾ। ਉਸ ਉਮਰ ਵਿੱਚ ਅਜਿਹੇ ਪੰਗੇ ਲੈਣ ਦਾ ਵੱਖਰਾ ਹੀ ਮਜ਼ਾ ਹੁੰਦਾ ਸੀ। ਦੋ ਕ਼ੁ ਦਿਨਾਂ ਬਾਅਦ ਭਾਸ਼ੀਨ ਸਾਹਿਬ ਉਸ ਗੱਲ ਨੂੰ ਭੁੱਲ ਗਏ ਤੇ ਪਹਿਲਾ ਵਾਂਗੂ ਸਭ ਨਾਲ ਇੱਕੋ ਜਿਹਾ ਵਰਤਾਓ ਕਰਨ ਲੱਗੇ। ਜਿੱਥੇ ਉਹਨਾਂ ਵਿੱਚ ਜਨਸੰਘ ਤੇ ਹਿੰਦੂਤਵ ਵਾਲਾ ਕੀੜਾ ਸੀ ਉਸਤੋਂ ਵੱਧ ਇੱਕ ਚੰਗੇ ਪ੍ਰੋਫੈਸਰ ਦੇ ਗੁਣ ਵੀ ਸਨ। ਚਾਹੇ ਮੈਂ ਸਾਰੀ ਉਮਰ ਓਹਨਾ ਦੇ ਜਾਲ ਵਿਚ ਨਹੀਂ ਫਸਿਆ ਤੇ ਸਾਡੇ ਵਿਚਾਰ ਕੱਦੇ ਨਹੀਂ ਮਿਲੇ। ਪਰ ਜਦੋ ਵੀ ਭਾਸ਼ੀਨ ਸਾਹਿਬ ਮਿਲਦੇ ਮਿੱਠੀ ਜਿਹੀ ਮੁਸਕਾਨ ਨਾਲ ਜਰੂਰ ਜਖਮੀ ਕਰ ਦਿੰਦੇ। ਮੈਂ ਉਹਨਾਂ ਨੂੰ ਗੁਰੂ ਜੀ ਆਖਕੇ ਬਲਾਉਂਦਾ ਚਾਹੇ ਗੁਰੂ ਜੀ ਦੇ ਵਿਚਾਰਾਂ ਨਾਲ ਮੇਰਾ 36 ਦਾ ਅੰਕੜਾ ਸੀ ਤੇ ਹੈ। ਪਰ ਉਹਨਾਂ ਦੀ ਸਖਸ਼ੀਅਤ ਦਾ ਪ੍ਰਭਾਵ ਅਜੇ ਵੀ ਮੇਰੇ ਜ਼ਹਿਨ ਵਿਚ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ

Leave a Reply

Your email address will not be published. Required fields are marked *