ਅਣਜਾਣ ਤੇ ਭਰੋਸਾ | anjaan te bharosa

ਗੱਲ 1988-89 ਦੇ ਨੇੜੇ ਦੀ ਹੈ। ਲੁਧਿਆਣੇ ਤੋਂ ਸਰਕਾਰੀ ਬੱਸ ਰਾਹੀਂ ਆਪਣੇ ਪਿੰਡ ਜੋਧਾਂ ਵੱਲ ਨੂੰ ਵਾਪਸ ਆ ਰਹੇ ਇੱਕ ਭਲੇਮਾਣਸ ਬਾਈ ਨੂੰ ਇੱਕ ਬੰਦਾ ਟੱਕਰ ਗਿਆ ਨਾਲ ਦੀ ਸੀਟ ਤੇ ਬੈਠਾ। ਉਹ ਬੰਦੇ ਨੇ ਅੱਗੇ ਰਾਏਕੋਟ ਵੱਲ ਆਉਣਾ ਸੀ।
ਗੱਲੀਂ ਬਾਤੀਂ ਦੋਹਾਂ ਦੀ ਮੱਤ ਜਿਹੀ ਰਲ ਗਈ ਤੇ ਸਕੀਰੀਆਂ ਕੱਢਣ ਲੱਗ ਗਏ। ਰਾਏਕੋਟ ਵਾਲੇ ਬੰਦੇ ਦੀ ਘਰਵਾਲੀ ਦੀ ਭੂਆ ਉਹਨਾਂ ਦੇ ਪਿੰਡ ਜੋਧਾਂ ਵਿਆਹੀ ਹੋਈ ਸੀ।
ਉਹ ਜੋਧਾਂ ਵਾਲੇ ਨੂੰ ਕਹਿੰਦਾ ਯਾਰ ਮੈਂ ਤਾਂ ਫੇਰ ਥੋਡੇ ਪਿੰਡ ਦਾ ਪ੍ਰਾਹੁਣਾ ਹੋਇਆ ਤੇ ਫਿਰ ਹੁਣ ਪ੍ਰਾਹੁਣੇ ਦੀ ਸੇਵਾ ਵੀ ਕਰਨੀ ਪੈਣੀ ਤੈਨੂੰ। ਉਹ ਦਾਰੂ ਬੱਤੇ ਦਾ ਸ਼ੁਕੀਨ ਸੀ ਤੇ ਜੋਧਾਂ ਵਾਲਾ ਵੀ ਕਹਿੰਦਾ ਠੀਕ ਹੈ ਬਾਈ ਆ ਜਾ ਘਰੇ ਕੋਈ ਨਾ ਸੇਵਾ ਪਾਣੀ ਜਿੰਨਾ ਮਰਜ਼ੀ !!
ਜਦੋਂ ਆਪਣੇ ਜਾਣੀ ਬਣੇ ਪ੍ਰਾਹੁਣੇ ਨੇ ਉਹਨਾਂ ਦਾ ਘਰ ਬਾਰ ਦੇਖਿਆ ਬਈ ਖਾਸੇ ਤਕੜੇ ਨੇ ਤਾਂ ਉਹਨੇ ਬਹਿ ਕੇ ਅੱਧੀ ਰਾਤ ਤੱਕ ਚੰਗੀ ਦਾਰੂ ਡੱਫੀ। ਦਾਰੂ ਪਾਣੀ ਪੀ ਕੇ ਉਹ ਉੱਥੇ ਈ ਸੌਂ ਗਿਆ ਤੇ ਅਗਲੀ ਸਵੇਰ ਜਲਦੀ ਨਿੱਕਲਣ ਦੀ ਗੱਲ ਆਖੀ।
ਸਵੇਰ ਹੋਈ ਤੇ ਉਹ ਪਹਿਲੀ ਚਾਹ ਪੀ ਕੇ ਬਿਨਾਂ ਰੋਟੀ ਪਾਣੀ ਛਕੇ ਆਪਣੇ ਗਰਾਂ ਰਾਏਕੋਟ ਵੱਲ ਨੂੰ ਹੋ ਤੁਰਿਆ। ਜੋਧਾਂ ਵਾਲੇ ਬਾਈ ਨੇ ਉਹਨੂੰ ਅੱਡੇ ਤੋਂ ਬੱਸ ਚੜ੍ਹਾ ਦਿੱਤਾ।
ਓਸੇ ਦਿਨ ਦੀ ਜਦ ਦੁਪਿਹਰ ਜਿਹੀ ਲੰਘੀ ਤਾਂ ਰਾਏਕੋਟ ਵੱਲ ਦਾ ਬਾਈ ਆਪਣੇ ਪਿੰਡੋਂ ਸਣੇ ਘਰਵਾਲੀ ਨਾਲ ਦੋ ਬੰਦੇ ਇਕੱਠੇ ਕਰ ਕੇ ਜੋਧਾਂ ਵਾਲੇ ਦੇ ਘਰ ਲੈ ਆਇਆ। ਜੋਧਾਂ ਵਾਲਾ ਵੀ ਆਪਣੇ ਟੀਰ-ਟੱਬਰ ਸਮੇਤ ਘਰੇ ਈ ਮੌਜੂਦ ਸੀ।
ਜੋਧਾਂ ਵਾਲੇ ਦਾ ਮੱਥਾ ਠਣਕਿਆ ਬਈ ਆਹ ਸਹੁਰੀ ਦਾ ਕਿੱਧਰ ਨੂੰ ਤੁਰਿਆ ਆਉਂਦਾ ਹਜੇ ਹੁਣ ਤਾਂ ਗਿਆ ਸੀ ਏਥੋਂ ਪਤਾ ਨਹੀਂ ਕੀ ਚੱਕਰ ਆ !
ਆਉਣ ਸਾਰ ਈ ਰਾਏਕੋਟ ਵੱਲ ਦੇ ਬੰਦੇ ਨੇ ਉਂਗਲ ਕਰ ਕੇ ਦੋਸ਼ ਲਾਇਆ ਕਿ ਮੈਂ ਕੱਲ੍ਹ ਲੁਧਿਆਣੇ ਤੋਂ ਆਉਂਦਾ ਸੀ ਤੇ ਇਹ ਬੰਦਾ ਮੈਨੂੰ ਬੱਸ ਚ ਮਿਲਿਆ ਤੇ ਇਹਨੇ ਬਹਾਨੇ ਨਾਲ ਮੈਨੂੰ ਘਰੇ ਲਿਜਾ ਕੇ ਦਾਰੂ ਪਿਆ ਕੇ ਮੇਰੀ ਸੋਨੇ ਦੀ ਛਾਂਪ ਲਾਹ ਲਈ। ( ਆਪਣੇ ਨਾਲ ਦਿਆਂ ਨੂੰ ਦੱਸ ਰਿਹਾ ਸੀ)
ਰਾਤ ਦਾਰੂ ਪੀਤੀ ਚ ਮੈਨੂੰ ਪਤਾ ਨਹੀਂ ਲੱਗਿਆ ਮੈਂ ਤਾਂ ਸਵੇਰੇ ਘਰੇ ਜਾ ਕੇ ਦੇਖਿਆ ਕਿ ਮੇਰੀ ਉਂਗਲੀ ਚ ਛਾਂਪ ਹੈ ਹੀ ਨੀ !
ਜੋਧਾਂ ਵਾਲੇ ਬਾਈ ਨੂੰ ਗੱਲੀਂ ਬਾਤੀਂ ਉਹ ਸਾਰੇ ਜਾਣੇ ਚਿੰਬੜ ਗਏ ਤੇ ਕਹਿੰਦੇ ਨਹੀਂ ਤਾਂ ਛਾਂਪ ਮੋੜ ਦੇ ਨਹੀਂ 3000 ਰੁਪਈਆ ਦੇਹ ਜਾਂ ਫੇਰ ਅਸੀਂ ਠਾਣੇ ਰਪਟ ਲਿਖਾ ਦਈਏ।
ਜੋਧਾਂ ਵਾਲੇ ਨੇ ਅੱਧੇ ਘੰਟੇ ਦਾ ਸਮਾਂ ਲੈ ਕੇ ਉਹਨਾਂ ਤੋਂ ਆਪਣੇ ਪਿੰਡ ਦੇ ਸਰਪੰਚ ਨੂੰ ਸਾਰੀ ਗੱਲ ਦੱਸੀ ਕਿ ਕਿਵੇਂ ਬੰਦਾ ਮੈਥੋਂ ਈ ਦਾਰੂ ਪੀ ਗਿਆ ਤੇ ਹੁਣ ਮੈਨੂੰ ਈ ਠੱਗਣ ਦੁਬਾਰੇ ਆ ਗਿਆ। ਸਰਪੰਚ ਨੂੰ ਸਾਰੀ ਗੱਲ ਸਮਝ ਆ ਗਈ।
ਪਹਿਲਾਂ ਤਾਂ ਉਹਨੇ ਆਪਣੇ ਪੇਂਡੂ ਨੂੰ ਘੂਰਿਆ ਕੇ ਤੂੰ ਮੂੰਹ ਚੱਕ ਕੇ ਐਵੇਂ ਕਿਵੇਂ ਕਿਸੇ ਅਣਜਾਣ ਬੰਦੇ ਨੂੰ ਘਰੇ ਲਿਆ ਕੇ ਦਾਰੂ ਪਿਆ ਸਕਦਾਂ ਹੈ ?
ਭਾਵੇਂ ਤੂੰ ਛਾਂਪ ਨਹੀਂ ਵੀ ਲਾਹੀ ਪਰ ਜੇ ਉਹ ਪੁਲਸ ਕੋਲ ਜਾ ਪਹੁੰਚੇ ਤਾਂ ਕਸੂਰ ਸਾਰਾ ਤੇਰਾ ਹੀ ਨਿੱਕਲਣਾ ਹੈ ਕਿਉਂਕਿ ਤੂੰ ਅਣਜਾਣ ਬੰਦੇ ਨੂੰ ਘਰੇ ਬੁਲਾ ਕੇ ਦਾਰੂ ਪਿਆਈ ਹੈ।
ਇੱਕ ਜੁਗਤ ਜਿਹੀ ਬਣਾ ਕੇ ਸਰਪੰਚ ਕਹਿੰਦਾ ਚੱਲ ਕੋਈ ਨਾ ਨਿੱਬੜ ਲੈਨੇ ਆ । ਸਰਪੰਚ ਨੇ ਘਰੋਂ 3000 ਰੁਪਈਆ ਚੱਕਿਆ ਤੇ ਫੇਰ ਓਸ ਰਾਏਕੋਟ ਵਾਲੀ ਪਾਰਟੀ ਨੂੰ ਮਿਲਿਆ। ਸਿੱਧਾ ਜਾ ਕੇ ਰਾਏਕੋਟ ਵਾਲੇ ਬੰਦੇ ਨੂੰ ਕਹਿੰਦਾ ਕਿ ਮਿੱਤਰਾ, “ਸਾਡੇ ਭਲੇਮਾਣਸ ਬੰਦੇ ਦੀ ਇਹ ਗਲਤੀ ਸੀ ਬਈ ਇਹਨੇ ਤੈਨੂੰ ਦਾਰੂ ਪਿਆਈ” ਆਪਣਾ ਯਾਰ ਦੋਸਤ ਮੰਨ ਕੇ ਤੇ ਹੁਣ ਹੋਰ ਲੁੱਟ ਕਰਵਾਉਣ ਲਈ ਵੀ ਤਿਆਰ ਬੈਠਾ ਹੈ।
ਚਲੋ ਤੁਸੀਂ ਆਏਂ ਕਰੋ ਆਜੋ ਆਪਾਂ ਗੁਰਦੁਆਰੇ ਚੱਲਦੇ ਹਾਂ ਉੱਥੇ ਗੁਰੂ ਸਾਹਿਬ ਮੂਹਰੇ ਮੈਂ ਇਹ 3000 ਰੁਪਈਆ ਰੱਖ ਦਿੰਨਾ ਤੇ ਤੁਸੀਂ ਉਥੋਂ ਚੱਕ ਲੈਣਾ। ਜੇ ਤੁਸੀਂ ਸੱਚੇ ਹੋ ਤਾਂ ਥੋਨੂੰ ਕੋਈ ਝਿਜਕ ਨਹੀਂ ਹੋਣੀ।
ਹੁਣ ਛੱਜ ਤਾਂ ਬੋਲੇ ਛਾਨਣੀ ਕੀ ਬੋਲੇ ???
ਇਹ ਗੱਲ ਸੁਣ ਕੇ ਉਹ ਮੁਫ਼ਤ ਦੀ ਦਾਰੂ ਝੁਲਸਣ ਵਾਲਾ ਬੰਦਾ ਰੱਬ ਦੇ ਘਰ ਜਾਣ ਤੋਂ ਡਰ ਗਿਆ ਤੇ ਕੱਚਾ ਜਿਹਾ ਹੋ ਕੇ ਕਹਿੰਦਾ ਕਿ ਹੋ ਸਕਦਾ ਮੇਰੀ ਛਾਂਪ ਰਾਹ ਵਿੱਚ ਹੀ ਡਿੱਗ ਪਈ ਹੋਵੇ।
ਮੈਨੂੰ ਭਲੇਖਾ ਲੱਗ ਗਿਆ ਸੀ ਸ਼ਾਇਦ ਛਾਂਪ ਇਹਨੇ ਲਾਹ ਲਈ ।
ਉਹਦੇ ਨਾਲ ਦੇ ਵੀ ਖੜ੍ਹੇ ਪਾਣੀ ਪਾਣੀ ਹੋ ਗਏ ਬਈ ਆਹ ਕੀ ਬਣ ਗਿਆ !!
ਸਰਪੰਚ ਸਿਆਣਾ ਸੀ ਉਹਨੇ ਗੱਲ ਵਧਾਉਣ ਦੀ ਥਾਂ ਖਤਮ ਕਰਨ ਚ ਸਿਆਣਪ ਸਮਝੀ ਤੇ ਉਹਨਾਂ ਨੂੰ ਤੱਤੀਆਂ ਤੱਤੀਆਂ ਸੁਣਾ ਉੱਥੋਂ ਨਿੱਕਲ ਜਾਣ ਲਈ ਵੰਗਾਰਿਆ। ਅੰਤ ਸਾਰਾ ਠੱਗ ਟੋਲਾ ਉਥੋਂ ਪੱਤਰੇ ਵਾਚ ਗਿਆ। ਮਿੰਟ ਪੰਜ ਨੀ ਲੱਗੇ।
ਉਹ ਠੱਗ ਬੰਦਾ ਰੱਬ ਦੇ ਘਰ ਜਾਣ ਦੇ ਤੋਂ ਝਿਪ ਗਿਆ ਤੇ ਅੰਦਰੋਂ ਅੰਦਰੀ ਸ਼ਾਇਦ ਠੱਗੀ ਮਾਰਨ ਤੋਂ ਤੌਬਾ ਵੀ ਕਰ ਗਿਆ ਹੋਵੇ।
ਜੋਧਾਂ ਵਾਲੇ ਭਲੇਮਾਣਸ ਨੇ ਵੀ ਸੁੱਖ ਦਾ ਸਾਹ ਲਿਆ ਤੇ ਸਰਪੰਚ ਦਾ ਧੰਨਵਾਦ ਕੀਤਾ।
ਸਿੱਟਾ – ਕਿਸੇ ਅਣਜਾਣ ਤੇ ਭਰੋਸਾ ਨਾ ਕਰੋ ਜੇ ਕਰੋ ਵੀ ਤਾਂ ਹਿਸਾਬ੍ਹ ਦਾ।
ਪਰਮਵੀਰ ਸਿੰਘ ਰਾਏਕੋਟ ਤੋਂ
ਫੋਨ ਨੰਬਰ 778 891 4001

Leave a Reply

Your email address will not be published. Required fields are marked *