ਆਪੇ ਨਹਾਉਣਾ | aape nahauna

ਮੇਰੇ ਪੱਕਾ ਯਾਦ ਨਹੀਂ ਕਿ ਮੈਂ ਆਪੇ ਨਹਾਉਣਾ ਕਦੋਂ ਸ਼ੁਰੂ ਕੀਤਾ। ਪਰ ਇੰਨਾ ਯਾਦ ਹੈ ਕਿ ਮੇਰੀ ਮਾਂ ਮੈਨੂੰ ਨੁਹਾਉਂਦੀ ਹੁੰਦੀ ਸੀ। ਕਿਵੇਂ ਉਹ ਖੇਡਦੇ ਨੂੰ ਫੜ੍ਹਦੀ ਯ ਸਕੂਲੋਂ ਲੇਟ ਹੋਣ ਦਾ ਕਹਿਕੇ ਜ਼ਬਰਦਸਤੀ ਨੁਹਾਉਂਦੀ। ਨਹਾਉਣ ਵੇਲੇ ਧੋਲ ਧੱਫਾ ਤਾਂ ਹੁੰਦਾ ਹੀ ਸੀ। ਨੰਗੇ ਪਿੰਡੇ ਤੇ ਵੱਜਦੇ ਦੀ ਪੀੜ ਵੀ ਬਹੁਤ ਹੁੰਦੀ ਸੀ। ਮਾਰਨ ਵੇਲੇ ਉਹ ਇਹ ਵੀ ਨਹੀਂ ਸੀ ਵੇਖਦੀ ਕਿ ਕਿੱਥੇ ਵੱਜਦਾ ਹੈ। ਉਹ ਸਾਰੇ ਸਰੀਰ ਤੇ ਲਾਈਫਬੁਆਏ ਸਾਬੁਣ ਮਲਦੀ। ਗੋਡੇ ਗਿੱਟੇ ਕੂਹਣੀਆਂ ਝਾਵੇਂ ਨਾਲ ਖ਼ੂਬ ਰਗੜਦੀ। ਅੱਖਾਂ ਵਿੱਚ ਪਈ ਸਾਬੁਣ ਤੇ ਝਾਵੇਂ ਦੇ ਦਰਦ ਨਾਲ ਮੈਂ ਚੀਕਦਾ ਪਰ ਮਾਂ ਤਾਂ ਜਿਵੇਂ ਬੋਲ਼ੀ ਬਣ ਜਾਂਦੀ। ਕਈ ਵਾਰੀ ਤਾਂ ਮਾਸ ਵੀ ਛਿੱਲਿਆ ਜਾਂਦਾ। ਪਰ ਓਹ ਆਪਣਾ ਕੰਮ ਜਾਰੀ ਰੱਖਦੀ। ਜਬਰੀ ਮੰਜਨ ਯ ਦੰਦਾਸਾ ਵੀ ਕਰਵਾਉਂਦੀ। ਫਿਰ ਕਾਫੀ ਸਾਲਾਂ ਬਾਅਦ ਆਪੇ ਨਹਾਉਣ ਦੀ ਆਜ਼ਾਦੀ ਮਿਲੀ। ਮੈਂ ਘਰ ਦੀ ਨੁੱਕਰ ਵਿੱਚ ਬਣੇ ਗੁਸਲਖਾਨੇ ਵਿੱਚ ਨ੍ਹਾਉਂਦਾ। ਪਰ ਨਹਾਉਣ ਤੋਂ ਬਾਅਦ ਮਾਤਾ ਚੈਕਿੰਗ ਕਰਦੀ ਤੇ ਗੋਡੇ ਦੀਆਂ ਖੁਚਾਂ ਵਿੱਚ ਯ ਧੌਣ ਤੇ ਸਾਬੁਣ ਲੱਗੀ ਮਿਲ ਹੀ ਜਾਂਦੀ। ਫਿਰ ਉਹ ਦੁਬਾਰਾ ਪਾਣੀ ਵਗਾਉਣ ਨੂੰ ਕਹਿੰਦੀ। ਇੱਕ ਗੱਲ ਪੱਕੀ ਹੈ ਕਿ ਮੈਂ ਕਦੇ ਮੂੰਹ ਤੇ ਸਾਬੁਣ ਨਹੀਂ ਸੀ ਲਾਉਂਦਾ। ਮੇਰੀ ਇਸ ਗੱਲ ਦਾ ਮੇਰੀ ਮਾਂ ਨੂੰ ਨਹੀਂ ਸੀ ਪਤਾ। ਆਪੇ ਨਹਾਉਣ ਨਾਲ ਝਾਵੇਂ ਤੋਂ ਵੀ ਖਹਿੜਾ ਛੁੱਟ ਗਿਆ ਤੇ ਕੁੱਟਮਾਰ ਤੋਂ ਵੀ। ਫਿਰ ਸਾਰੀ ਉਮਰ ਨਹਾਉਣ ਵੇਲੇ ਕਾਹਲੀ ਹੀ ਰਹੀ। ਕਦੇ ਸਕੂਲੋਂ ਕਾਲਜੋਂ ਲੇਟ ਹੋਣ ਦਾ ਫਿਕਰ ਤੇ ਕਦੇ ਨੌਕਰੀ ਤੇ ਸਮੇਂ ਸਿਰ ਪਹੁੰਚਣ ਦੀ ਕਾਹਲੀ। ਹਾਂ ਜਿਉਂ ਸੁਰਤ ਸੰਭਾਲੀ ਹੈ ਕਦੇ ਬਿਨਾਂ ਨ੍ਹਾਤੇ ਕੁਛ ਖਾਣਾ ਤਾਂ ਕੀ ਚਾਹ ਵੀ ਨਹੀਂ ਪੀਤੀ। ਉਹਨਾਂ ਵੇਲਿਆਂ ਵਿੱਚ ਘਰੇ ਪਾਣੀ ਦੀ ਕਿੱਲਤ ਹੁੰਦੀ ਸੀ। ਪਾਣੀ ਘੜਿਆਂ ਨਾਲ ਢੋਂਦੇ ਯ ਝਿਊਰ ਪਾਕੇ ਜਾਂਦਾ ਤੇ ਘਰੇ ਬਾਥਰੂਮ ਵੀ ਇੱਕ ਹੀ ਹੁੰਦਾ ਸੀ। ਬਾਹਰ ਨਹਾਉਣ ਦੀ ਆਦਤ ਨਹੀਂ ਸੀ। ਹੁਣ ਇਹ ਸਮੱਸਿਆਵਾਂ ਨਹੀਂ ਹਨ। ਮੈਂ ਅਕਸਰ ਹੀ ਉੱਚੀ ਕੁਰਸੀ ਨੁਮਾਂ ਪਟੜੀ ਤੇ ਬੈਠਕੇ ਨਹਾਉਂਦਾ ਹਾਂ। ਸਮੇਂ ਦੀ ਕੋਈਂ ਪ੍ਰਾਬਲਮ ਨਹੀਂ ਹੁੰਦੀ। ਬਾਲਟੀ, ਮੱਗ, ਸ਼ਾਵਰ ਯ ਹੈਂਡ ਸ਼ਾਵਰ ਵੀ ਹੁੰਦਾ ਹੈ। ਹੁਣ ਤਾਂ ਗਿੱਟੇ ਤੇ ਕੂਹਣੀਆਂ ਵੀ ਰਗੜਨ ਵੇਲੇ ਮਾਂ ਦੀ ਯਾਦ ਤਾਜ਼ੀ ਹੋ ਜਾਂਦੀ ਹੈ। ਹੁਣ ਨਹਾਉਣ ਵੇਲੇ ਸਾਬੁਣ ਤੇ ਤੇਲ ਦੀ ਵਰਤੋਂ ਜਰੂਰ ਕਰਦਾ ਹਾਂ ਤੇ ਇਹ ਲਾਜ਼ਮੀ ਵੀ ਹੈ।
ਉਂਜ ਬੰਦੇ ਦੇ ਤਿੰਨ ਨਹਾਉਣ ਮੁੱਖ ਹੁੰਦੇ ਹਨ। ਪਹਿਲਾ ਜਨਮ ਵੇਲੇ ਦਾਈ ਫਿਰ ਵਿਆਹ ਵੇਲੇ ਨਾਈ ਤੇ ਅੰਤਿਮ ਸਮੇ ਭਾਈ। ਇਹ ਵੀ ਰੀਤ ਹੀ ਹੈ।
ਮੇਰੇ ਦਾਦਾ ਜੀ ਨੂੰ ਮੈਂ ਅਕਸਰ ਹੱਟੀ ਦੇ ਬਾਹਰ ਖੁੱਲ੍ਹੇ ਵਿੱਚ ਪਟੜੇ ਤੇ ਨਹਾਉਂਦੇ ਵੇਖਿਆ। ਉਹ ਸਰੀਰ ਦੇ ਹਰ ਅੰਗ ਤੇ ਸਾਬੁਣ ਲਾਉਂਦੇ ਤੇ ਉਹ ਧੋਤੀ ਬੰਨ੍ਹਕੇ ਨਹਾਉਂਦੇ। ਪਹਿਲਾਂ ਬਹੁਤੇ ਬਜ਼ੁਰਗ ਅੰਡਰਵੀਅਰ ਯ ਕੱਛਾ ਨਹੀਂ ਸੀ ਪਾਉਂਦੇ। ਉਹ ਪਰਨੇ ਯ ਧੋਤੀ ਨਾਲ ਹੀ ਕੰਮ ਚਲਾਉਂਦੇ ਸਨ।
ਭਾਰਤ ਵਿੱਚ ਇਸ਼ਨਾਨ ਯ ਨਹਾਉਣ ਨੂੰ ਧਾਰਮਿਕ ਆਸਥਾ ਨਾਲ ਵੀ ਜੋੜਿਆ ਜਾਂਦਾ ਹੈ। ਲੋਕ ਲੰਮੇ ਪੈਂਡੇ ਤਹਿ ਕਰਕੇ ਨਹਾਉਣ ਜਾਂਦੇ ਹਨ। ਇਹ ਧਾਰਮਿਕ ਯਾਤਰਾ ਤਾਂ ਹੋ ਸਕਦੀ ਹੈ ਪਰ ਇਸ ਨਹਾਉਣ ਦਾ ਮੈਨੂੰ ਕੋਈਂ ਧਾਰਮਿਕ ਯ ਸਰੀਰਕ ਫਲ ਨਜ਼ਰ ਨਹੀਂ ਆਉਂਦਾ। ਬਾਕੀ ਆਪਣੀ ਆਪਣੀ ਸ਼ਰਧਾ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *