ਮੈਂ ਮੇਰਾ ਦਿਮਾਗ ਤੇ ਮੇਰਾ ਦਿਲ | mein mera dimag te mera dil

ਅੱਜ ਸ਼ਾਮ ਨੂੰ ਵਿਹਲੀ ਤੇ ਇਕੱਲੀ ਬੈਠੀ ਸੀ। ਮੈਨੂੰ ਇੰਝ ਜਾਪਿਆ ਜਿਵੇਂ ਸਮਾਂ ਕੁੱਝ ਪਲਾਂ ਲਈ ਰੁੱਕ ਗਿਆ ਹੋਵੇ। ਚਾਰੇ ਪਾਸੇ ਇੱਕ ਅਦਭੁੱਤ ਜਿਹੀ ਸ਼ਾਂਤੀ ਪਸਰ ਗਈ । ਮੈਂ ਮੱਲਕ ਜਿਹੇ ਅਪਣੇ ਅੰਦਰ ਝਾਤੀ ਮਾਰੀ ਤੇ ਦੇਖਿਆ, ਨਹੀਂ ਨਹੀਂ ਸੁਣਿਆ ਕਿ ਮੇਰੇ ਦਿਲ ਤੇ ਦਿਮਾਗ ਆਪਸ ਵਿੱਚ ਜੁਗਲਬੰਦੀ ਕਰ ਰਹੇ ਸੀ।
ਦਿਮਾਗ਼ ਦਿਲ ਨੂੰ ਸਮਝਾ ਰਿਹਾ ਸੀ “ਬਹੁਤ ਹੋ ਗਿਆ, ਹੁਣ ਤੂੰ ਸਭ ਦੀ ਪ੍ਰਵਾਹ ਕਰਨੀ ਛੱਡਦੇ, ਇਹ ਤੇਰੇ ਰਿਸ਼ਤੇਦਾਰ ਤੇ ਬਾਕੀ ਲੋਕ ਦਿਖਾਵਾ ਕਰਦੇ ਆ, ਆਪਣੇ ਮਤਲਬ ਲਈ ਤੇਰੇ ਇਸਤੇਮਾਲ ਕਰਦੇ ਆ।ਤੂੰ ਹੁਣ ਸਿਰਫ ਆਪਣੀ ਦੇਹ ਤੇ ਰੂਹ ਦੀ ਫਿਕਰ ਕਰ, ਸਿਮਰਨ ਕਰਿਆ ਕਰ ਤੇ ਲੋਕਾਂ ਨੂੰ ਉਹਨਾਂ ਦੇ ਹਾਲ ਤੇ ਛੱਡਦੇ।ਦੇਖ…ਦੇਖ ਜਰਾ ਉਹ ਲੋਕ ਕਿੰਨੇ ਖੁਸ਼ ਰਹਿੰਦੇ ਆ ਜੋ ਮਤਲਬੀ ਤੇ ਸੁਆਰਥੀ ਹੁੰਦੇ ਆ। ”
ਇਹ ਸੁਣ ਕੇ ਦਿਲ ਮੰਦ ਮੰਦ ਮੁਸਕੁਰਾਣ ਲੱਗ ਪਿਆ, ਤੇ ਕਹਿਣ ਲੱਗਾ ਕਿ ਆਪਣੇ ਨਾਲ ਰੱਬ ਹੈ, ਕਿਸੇ ਦੀ ਮੱਦਦ ਕਰਨੀ ਜਾਂ ਭਲਾ ਕਰਨਾ ਕਰਮਾਂ ਦਾ ਫਲ ਹੁੰਦਾ ਤੇ ਕਿਸੇ ਕਿਸੇ ਦੇ ਨਸੀਬ ਹੁੰਦਾ ਹੈ।ਇਹ ਜੋ ਲੋਕ ਮਤਲਬ ਲਈ ਯਾਦ ਕਰਦੇ ਆ, ਸੋਚ ਆਪਾਂ ਨੂੰ ਦਿਲ ਦਿਮਾਗ ਵਿੱਚ ਕਿੰਨਾ ਸੰਭਾਲ ਕੇ ਰੱਖਿਆ ਹੋਇਆ। ਜੇ ਆਪਾਂ ਕਿਸੇ ਦੀ ਫਿਕਰ ਕਰਦੇ ਆਂ ਤਾਂ ਉਹ ਪਰਮਸ਼ਕਤੀ ਸਾਡੀ ਉਸ ਤੋਂ ਵੀ ਜਿਆਦਾ ਫਿਕਰ ਕਰਦੀ ਹੈ।
ਸਾਨੂੰ ਮਨੁੱਖੀ ਜਨਮ ਕਿਸੇ ਖਾਸ ਮਕਸਦ ਲਈ ਹੀ ਮਿਲਦਾ ਹੈ।ਉਹਹੈ ਪਰਮਾਤਮਾ ਦੇ ਦੱਸੇ ਰਸਤੇ ਤੇ ਚੱਲਣਾ। ਗੁਰਬਾਣੀ ਇਹੀ ਸਿਖਾਉਂਦੀ ਹੈ ਕਿ ਆਪਣੇ ਤੋਂ ਪਹਿਲਾਂ ਦੂਸਰਿਆਂ ਦੀ ਭਲਾਈ ਤੇ ਖੁਸ਼ੀ ਬਾਰੇ ਸੋਚੋ। ਜੋ ਅਜਿਹਾ ਕਰਦੇ ਹਨ ,ਉਹਨਾਂ ਦੇ ਮਨਮੰਦਰ ਅੰਦਰ ਰੱਬ ਆਪ ਨਿਵਾਸ ਕਰਦਾ ਹੈ ਤੇ ਹਰ ਵਕਤ ਆਪਣੀ ਉਂਗਲ ਫੜਾ ਕੇ ਮਿਹਰ ਕਰਦਾ ਹੈ।ਬੱਲਿਆ ,”ਅੱਜ ਤੋਂ ਬਾਅਦ ਲੋਕਾਂ ਦੀ ਨਹੀਂ ਸੁਣਨੀ।”
ਦਿਮਾਗ਼ ਨੂੰ ਵੀ ਸਮਝ ਆ ਗਈ ਕਹਿਣ ਲੱਗਾ, ਬਾਈ, ਮਾਫ ਕਰਦੇ ਅੱਜ ਪਹਿਲੀ ਵਾਰ ਤੇਰੇ ਵਿਰੁੱਧ ਸੋਚ ਕੇ ਪਾਪ ਕਰਨ ਲੱਗਾ ਸੀ।ਹਮੇਸ਼ਾਂ ਦੀ ਤਰ੍ਹਾਂ ਤੇਰੀ ਹੀ ਸਹਿਮਤੀ ਨਾਲ ਚੱਲਾਂਗਾ।”
ਦੋਵੇਂ ਖਿੜ ਖਿੜ ਹੱਸਣ ਲੱਗ ਪਏ।
ਤੇ ਫੋਨ ਦੀ ਘੰਟੀ ਨੇ ਮੈਨੂੰ ਬਾਹਰ ਦੀ ਦੁਨੀਆਂ ਵੱਲ ਲੈ ਆਂਦਾ ਤੇ ਮੈਂ ਰੱਬ ਦਾ ਧੰਨਵਾਦ ਕਰਨ ਲੱਗ ਪਈ ਕਿ ਇੱਕ ਪਾਪ ਹੋਣ ਤੋਂ ਬੱਚ ਗਿਆ ਤੇ ਮੇਰੇ ਦਿਲ ਅੰਦਰ ਪਰਮਾਤਮਾ ਦਾ ਵਾਸ ਹਮੇਸ਼ਾਂ ਲਈ ਰਹਿ ਗਿਆ।
ਮੈਂ ਉਲਝ ਗਈ ਸੀ ….
ਦਿਲ ਤੇ ਦਿਮਾਗ ਦੀ ਜੁਗਲਬੰਦੀ ਚ’
ਕੀਤੀ ਰੱਬ ਨੇ ਮਿਹਰ ਤੇ ਜਿੱਤ ਗਿਆ ਦਿਲ
ਮੇਰਾ ਸਾਥ ਦਿੱਤਾ ਮੇਰੀ ਫਿਕਰਮੰਦੀ ਚ’
ਪ੍ਰਭਜੋਤ ਕੌਰ, ਮੋਹਾਲੀ

Leave a Reply

Your email address will not be published. Required fields are marked *