ਮਿੰਨੀ ਕਹਾਣੀ – ਲੂਈ | lui

ਲੂਈ ਦਾ ਜਨਮ ਚੀਨ ਚ ਹੋਇਆ ਸੀ। ਪਰ 1962 ਚ, ਉਸ ਦਾ ਦਾਦਾ ਮਾਈਗਰੇਟ ਹੋ ਕੇ( ਪ੍ਰਵਾਸ) ਆਪਣੇ ਪਰਿਵਾਰ ਸਮੇਤ ਦਿੱਲੀ ਆ ਕੇ ਵੱਸ ਗਿਆ ਸੀ। ਲੂਈ ਉਦੋਂ ਮਹਿਜ਼ ਦੱਸ  ਕੁ ਸਾਲ ਦੀ ਸੀ। ਲੂਈ ਦੇ ਦਾਦਾ ਜੀ ਨੇ ਦਿੱਲੀ ਵਿੱਚ ਚਾਇਨਿਜ਼ ਖਾਣੇ ਦੀ ਰੇਹੜੀ ਲਾ ਲਈ। ਉਹ ਚਾਇਨਿਜ ਨੂਡਲਜ਼, ਚਿਕਨ ਮੋਮੋਜ਼ ਬਹੁਤ ਸਵਾਦ ਬਣਾਉਂਦਾ ਸੀ। ਉਸ ਦਾ ਕੰਮ ਚੱਲ ਨਿਕਲਿਆ।

     ਫੇਰ ਉਸ ਨੇ ਇੱਕ ਦੁਕਾਨ ਖਰੀਦੀ ਤੇ ਉਸ ਦੇ ਉਪਰ ਆਪਣੀ ਰਿਹਾਇਸ਼ ਬਣਾ ਲਈ। ਦਾਦੇ ਦੀ ਮੌਤ ਤੋਂ ਬਾਅਦ ਇਹ ਕੰਮ ਲੂਈ ਦੇ ਪਿਤਾ ਜੀ ਨੇ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਕੰਮ ਲੂਈ ਤੇ ਉਸਦਾ ਘਰਵਾਲਾ ਕਰਨ ਲੱਗੇ। ਲੂਈ ਆਪਣੇ ਮਾਂ ਬਾਪ ਦੀ ਇੱਕਲੀ ਧੀ ਸੀ। ਇਸ ਲਈ ਉਹ ਦੁਕਾਨ ਤੇ ਮਕਾਨ ਦੀ ਮਾਲਕਣ ਸੀ। ਲੂਈ ਚੀਨੀ ਤੇ ਹਿੰਦੀ ਦੋਨੋ ਭਾਸ਼ਾਵਾਂ ਬੋਲਦੀ ਸੀ। ਕਿਉੰਕਿ ਉਸਦਾ ਪਰਿਵਾਰ ਚੀਨੀ ਬੋਲਦਾ ਸੀ ਤੇ ਦਿੱਲੀ ਦੇ ਲੋਕ ਹਿੰਦੀ ।ਉਸ ਦੋਵੇਂ ਭਾਸ਼ਾਵਾਂ ਸਿੱਖ ਗਈ। ਲੂਈ ਦੇ ਇੱਕ ਬੇਟਾ ਹੋਇਆ ਉਸ ਦਾ ਨਾਂ ਉਨ੍ਹਾਂ ਚਾਂਗ ਰੱਖਿਆ। ਚਾਂਗ ਦਾ ਮਤਲਬ ਸੀ ਸੂਰਜ ਦੀ ਰੋਸ਼ਨੀ। ਚਾਂਗ ਅਜੇ ਬਹੁਤ ਛੋਟਾ ਹੀ ਸੀ ਜਦੋਂ ਲੂਈ ਦੇ ਘਰਵਾਲੇ ਦੀ ਮੌਤ ਹੋ ਗਈ। ਚਾਂਗ ਸੀ ਇਸ ਲਈ ਲੂਈ ਇਹ ਦੁੱਖ ਵੀ ਝੱਲ ਗਈ। ਚਾਂਗ ਪੜ੍ਹਣ ਚ ਬਹੁਤ ਹੁਸ਼ਿਆਰ ਸੀ। ਉਸ ਨੇ ਮੈਡੀਕਲ ਸਾਇੰਸ ਚ ਬਤੌਰ ਟੈਕਨੀਸ਼ਨ ਡਿਗਰੀ ਕੀਤੀ। ਉਸ ਨੂੰ ਹਿੰਦੀ ਗਾਣੇ ਗਾਉਣ ਦਾ ਸ਼ੌਕ ਸੀ। ਉਹ ਕਾਲਜ ਦੀ ਸਟੇਜ ਤੇ ਵੀ ਗਾਉਂਦਾ ਸੀ । ਉਸ ਨੂੰ ਮਿਉਜ਼ਿਕ ਦਾ ਵੀ ਸ਼ੌਕ ਸੀ।
              ਚਾਂਗ ਇੱਕ ਮਸ਼ਹੂਰ ਡਾਕਟਰ ਦੇ ਪ੍ਰਾਈਵੇਟ ਕਲੀਨਕ ਤੇ ਕੰਮ ਕਰਦਾ ਸੀ। ਇਹ ਡਾਕਟਰ ਗੁਜਰਾਤੀ ਸੀ। ਉਸ ਤੋਂ ਬਾਅਦ ਚਾਂਗ ਇੱਕ ਮਿਉਜ਼ਿਕ ਕੰਪਨੀ ਤੇ ਵੀ ਕੰਮ ਕਰਦਾ ਸੀ। ਚਾਂਗ ਜਿਸ ਡਾਕਟਰ ਕੋਲ ਕੰਮ ਕਰਦਾ ਉਸ ਦੀ ਇਕਲੋਤੀ ਬੇਟੀ ਸਪਨਾ ਚਾਂਗ ਦੀ ਚੰਗੀ ਦੋਸਤ ਸੀ। ਉਹ ਇੱਕਠੇ ਪੜ੍ਹੇ ਸਨ। ਚਾਂਗ ਦਾ ਘਰ ਇਸ ਇਲਾਕੇ ਤੋਂ ਬਹੁਤ ਦੂਰ ਸੀ ਕਿਉਕਿ ਚਾਂਗ ਨੂੰ ਕਾਫ਼ੀ ਲੇਟ ਤੱਕ ਕੰਮ ਕਰਨਾ ਪੈੰਦਾ ਸੀ। ਇਸ ਲਈ ਉਹ ਕਿਰਾਏ ਤੇ ਰਹਿੰਦਾ ਸੀ ਤੇ ਵੀਕ ਐਂਡ ਤੇ ਆਪਣੀ ਮਾਂ ਕੋਲ ਜਾਂਦਾ ਸੀ।
                  ਇੱਕ ਵਾਰੀ ਉਹ ਸਪਨਾ ਨੂੰ ਵੀ ਆਪਣੀ ਮਾਂ ਕੋਲ ਲੈ ਗਿਆ। ਪਹਿਲੀ ਵਾਰੀ ਚਾਂਗ ਆਪਣੀ ਕਿਸੇ ਦੋਸਤ ਨੂੰ ਘਰ ਲੈ ਕੇ ਆਇਆ ਸੀ। ਉਸਦੀ ਮਾਂ ਲੂਈ ਨੂੰ ਚਾਅ ਚੜ੍ਹ ਗਿਆ। ਸਪਨਾ ਬਹੁਤ ਸੋਹਣੀ ਕੁੜੀ ਸੀ ਉਸ ਦਾ ਸੁਭਾਅ ਵੀ ਬਹੁਤ ਮਿਲਾਪੜਾ ਸੀ। ਉਹ ਜਲਦੀ ਹੀ ਲੂਈ ਨਾਲ ਘੁਲ਼ ਮਿਲ ਗਈ। ਲੂਈ ਨੇ ਉਸ ਨੂੰ ਦੱਸਿਆ ਕਿ ਅਸੀ ਹਰ ਡਿਸ਼ ਨਾਲ ਵਾਈਨ ਜਰੂਰ ਪੀਂਦੇ ਹਾਂ। ਲੂਈ ਨੇ ਸਪਨਾ ਲਈ ਬਹੁਤ ਸਾਰੀਆਂ ਡਿਸ਼ਜ਼ ਬਣਾਈਆਂ। ਉਹ ਤਿੰਨੋ ਜਦੋਂ ਖਾਣਾ ਖਾਣ ਲੱਗੇ ਤਾਂ ਸਪਨਾ ਨੇ ਸਿਰਫ਼ ਸਲਾਦ ਹੀ ਲਿਆ। ਲੂਈ ਨੇ ਉਸ ਨੂੰ ਦੱਸਿਆ ਕਿ ਉਸ ਨੇ ਜੋ ਵੀ ਬਣਾਇਆ ਉਹ ਸਾਰਾ ਵੈਜ਼ ਹੈ ਉਸ ਨੂੰ ਪਤਾ ਸੀ ਕਿ ਸਪਨਾ ਨੌਨ ਵੈੱਜ਼ ਨਹੀ ਖਾਂਦੀ। ਪਰ ਸਪਨਾ ਨੇ ਦੱਸਿਆ  ਕਿ ਉਹ ਗੁਜਰਾਤੀ ਪਰਿਵਾਰ ਵਿੱਚੋਂ ਹੈ ਇਸ ਲਈ ਉਹ ਲਸਣ ਤੇ ਪਿਆਜ਼ ਵੀ ਨਹੀ ਖਾਂਦੀ। ਲੂਈ ਟੇਬਲ ਤੋਂ ਉੱਠੀ ਤੇ ਪੰਜ ਮਿੰਟ ਚ ਵਾਪਸ ਆਉਣ ਦਾ ਕਹਿਕੇ ਰਸੋਈ ਚ ਚਲੀ ਗਈ। ਸਪਨਾ ਨੇ ਬਹੁਤ ਕਿਹਾ ਉਸ ਨੂੰ ਭੁੱਖ ਨਹੀ ਹੈ ਉਸ ਨੇ ਸਲਾਦ ਖਾ ਲਿਆ। ਪਰ ਲੂਈ ਨੂੰ ਕਿੱਥੇ ਚੈਨ,,, ਪਹਿਲੀ ਵਾਰ ਉਸ ਦੇ ਬੇਟੇ ਦੀ ਦੋਸਤ ਘਰ ਆਈ ਸੀ। ਉਸ ਨੇ ਜਲਦੀ ਜਲਦੀ ਬੈਂਗਣ, ਗਾਜਰ  ਤੇ ਗੋਭੀ ਉਬਾਲੇ ਫਿਰ ਉਸ ਨੂੰ ਗਾਰਨਿਸ਼ ਕਰਕੇ ਇੱਕ ਵਧੀਆ ਡਿਸ਼ ਤਿਆਰ ਕੀਤੀ ਜਿਸ ਵਿੱਚ ਨਾ ਪਿਆਜ਼ ਸੀ ਨਾ ਲਸਣ। ਸਪਨਾ ਨੂੰ ਉਹ ਡਿਸ਼ ਬਹੁਤ ਸਵਾਦ ਲੱਗੀ।

       ਕਾਫ਼ੀ ਰਾਤ ਹੋ ਗਈ ਸੀ ਉਪਰੋਂ ਤੇਜ਼ ਬਾਰਸ਼ ਸ਼ੁਰੂ ਹੋ ਗਈ। ਚਾਂਗ ਨੇ ਸਪਨਾ ਨੂੰ ਕਿਹਾ ਉਹ ਰਾਤ ਐਥੇ ਹੀ ਰੁੱਕ ਜਾਵੇ। ਸਪਨਾ ਮੰਨ ਗਈ ਚਾਂਗ ਨੇ ਆਪਣੀ ਮਾਂ ਕਿਹਾ ਤਾਂ ਉਸ ਨੇ ਵੀ ਹੱਸ ਕੇ ਹਾਂ ਕਰ ਦਿੱਤੀ। ਸਪਨਾ ਲੂਈ ਨਾਲ ਉਸ ਦੇ ਕਮਰੇ ਵਿੱਚ ਸੌਂ ਗਈ ਤੇ ਚਾਂਗ ਆਪਣੇ ਕਮਰੇ ਵਿੱਚ।

         ਅੱਧੀ ਰਾਤ ਲੂਈ ਦੀ ਅੱਖ ਖੁੱਲੀ ਤਾਂ ਉਸ ਨੇ ਵੇਖਿਆ ਸਪਨਾ ਉੱਥੇ ਨਹੀ ਸੀ। ਉਸ ਨੇ ਕਮਰੇ ਦਾ ਬੂਹਾ ਖੋਲਿਆਂ ਤਾ ਚਾਂਗ ਦੇ ਕਮਰੇ ਚੋ ਸਪਨਾ ਤੇ ਚਾਂਗ ਦੀਆਂ ਅਵਾਜ਼ਾਂ ਆ ਰਹੀਆਂ ਸਨ। ਉਹ ਦੱਬੇ ਪੈਰੀ ਚਾਂਗ ਦੇ ਕਮਰੇ ਵੱਲ ਗਈ ਤੇ ਉਸ ਦਾ ਦਰਵਾਜ਼ਾ ਥੋੜਾ ਜਿਹਾ ਖੁੱਲਾ ਸੀ। ਉਸ ਨੇ ਵੇਂਖਿਆ ਚਾਂਗ ਤੇ ਸਪਨਾ ਇੱਕ ਦੂਸਰੇ ਨੂੰ ਚੁੰਮ ਰਹੇ ਰਹੇ ਸਨ । ਫੇਰ ਉਹ ਬਿਸਤਰ ਤੇ ਗਏ। ਲੂਈ ਤੋਂ ਜਿਆਦਾ ਵੇਖਿਆ ਨਾ ਗਿਆ ਉਹ ਆਪਣੇ ਕਮਰੇ ਚ, ਆ ਗਈ। ਪਰ ਉਸ ਨੂੰ ਚਾਂਗ ਤੇ ਬਹੁਤ ਗੁੱਸਾ ਆਇਆ। ਅਗਲੇ ਦਿਨ ਸਵੇਰੇ ਉਸ ਨੇ ਚਾਂਗ ਨੂੰ ਬਹੁਤ ਬੁਰਾ ਭਲਾ ਕਿਹਾ ਕਿ ਉਹ ਐਸੀ ਕੁੜੀ ਨਾਲ ਜਿੰਦਗੀ ਕਿਵੇਂ ਗੁਜਾਰੇਗਾ, ਜੋ ਲਸਣ, ਪਿਆਜ਼ ਵੀ ਨਹੀਂ ਖਾਂਦੀ। ਪਰ ਚਾਂਗ ਨੇ ਉਸ ਨੂੰ ਸਮਝਾਇਆ ਕਿ ਉਹ ਇੱਕ ਦੂਸਰੇ ਨੂੰ ਪਿਆਰ ਕਰਦੇ ਹਨ।ਲੂਈ ਨੂੰ ਸਪਨਾ ਤੇ ਵੀ ਬਹੁਤ ਗੁੱਸਾ ਆਇਆ। ਉਸ ਨੂੰ ਲੱਗਿਆ ਇਸ ਕੁੜੀ ਨੇ ਮੇਰਾ ਪੁੱਤਰ ਮੈਥੋਂ ਖੋਹ ਲਿਆ। ਉਹ ਦੋਵੇਂ ਚੱਲੇ ਗਏ।
         
         ਪਹਿਲਾਂ ਜਦੋਂ ਵੀਕ ਐਂਡ ਤੇ ਚਾਂਗ ਆਉਂਦਾ ਸੀ ਤਾਂ ਲੂਈ ਉਸ ਨੂੰ ਪੂਰੇ ਛੇ ਡੱਬੇ ਚਾਇਨਿਜ ਖਾਣੇ ਦੇ ਬਣਾਕੇ ਦਿੰਦੀ ਸੀ। ਪਰ ਇਸ ਵਾਰ ਉਹ ਨਾ ਦੇ ਸਕੀ। ਉਨ੍ਹਾਂ ਦੇ ਜਾਣ ਤੋਂ ਬਾਅਦ ਲੂਈ ਨੂੰ ਪਛਤਾਵਾ ਹੋਇਆ ਕਿ ਉਸ ਨੇ ਗੁੱਸੇ ਚ ਚਾਂਗ ਨੂੰ ਖਾਣਾ ਹੀ ਨਹੀ ਦਿੱਤਾ।ਉਸ ਨੇ ਅਗਲੇ ਦਿਨ ਖਾਣਾ ਤਿਆਰ ਕੀਤਾ ਤੇ ਚਾਂਗ ਨੂੰ ਦੇਣ ਲਈ ਉਸ ਦੇ ਫਲੈਟ ਵਿੱਚ ਪਹੁੰਚ ਗਈ। ਆਪਣੀ ਮਾਂ ਨੂੰ ਅਚਾਨਕ ਆਪਣੇ ਫਲੈਟ ਵਿੱਚ ਵੇਖ ਕੇ ਚਾਂਗ ਘਬਰਾ ਗਿਆ। ਪਰ ਲੂਈ ਸਿੱਧੀ ਰਸੋਈ ਚ ਗਈ ਉਸ ਨੇ ਫਰਿੱਜ਼ ਖੋਲ੍ਹਿਆ ਤੇ ਖਾਣਾ ਉਸ ਵਿੱਚ ਰੱਖ ਕੇ ਚਾਂਗ ਨੂੰ ਹਦਾਇਤ ਕੀਤੀ  ਇਸ ਨੂੰ ਖਾਣ ਦੀ । ਜਦੋਂ ਉਸ ਵਾਪਿਸ ਜਾਣ ਲਈ ਰਸੋਈ ਤੋਂ ਬਾਹਰ ਆਈ ਤਾਂ ਉਸ ਦੀ ਨਜ਼ਰ ਸਪਨਾ ਤੇ ਪਈ ਜੋ ਬਾਥਰੂਮ ਚੋ ਬਾਹਰ ਆ ਰਹੀ ਸੀ ਤੇ ਉਸ ਨੇ  ਆਪਣੇ ਬਦਨ ਤੇ  ਸਿਰਫ਼ ਤੋਲੀਆ ਹੀ ਲਪੇਟਿਆ ਹੋਇਆ ਸੀ। ਲੂਈ ਨੂੰ ਵੇਖ ਕੇ ਸਪਨਾ ਵੀ ਘਬਰਾ ਗਈ ਉਹ ਅੰਦਰ ਗਈ ਤੇ ਜਲਦੀ ਜਲਦੀ ਕੱਪੜੇ ਪਾ ਕੇ ਬਾਹਰ ਆਈ। ਲੂਈ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ।ਉਹ ਚਾਂਗ ਨਾਲ ਲੜ੍ਹ ਰਹੀ ਸੀ। ਸਪਨਾ ਨੂੰ ਵੇਖ ਕੇ ਉਸ ਨੇ ਚਾਂਗ ਨੂੰ ਚੀਨੀ  ਭਾਸ਼ਾ ਚ ਕਿਹਾ ਇਸ ਕੁੜੀ ਨੂੰ ਕਹਿ ਕੇ  ਇਹ ਤੇਰੇ ਘਰ ਚੋਂ ਤਰੁੰਤ ਬਾਹਰ ਚਲੀ ਜਾਵੇ। ਸਪਨਾ ਨੂੰ ਚਾਂਗ ਨੇ ਚੀਨੀ  ਭਾਸ਼ਾ ਸਿੱਖਾ ਦਿੱਤੀ ਸੀ,,ਇਸ ਲਈ ਸਪਨਾ ਨੂੰ  ਵੀ ਸਮਝ ਆ ਗਿਆ ਸੀ ਕੇ ਲੂਈ ਨੇ ਕੀ ਕਿਹਾ । ਸਪਨਾ ਨੇ ਲੂਈ ਨੂੰ ਕਿਹਾ ,,

“ਆਂਟੀ ਇਹ ਮੇਰੇ ਪਾਪਾ ਦਾ ਫਲੈਟ ਹੈ। ਚਾਂਗ ਐਥੇ ਗੈਸਟ ਦੇ ਤੌਰ ਤੇ ਰਹਿ ਰਿਹਾ ਹੈ”

” ਤੇਰੇ ਪਾਪਾ ਨੂੰ ਪਤਾ ਹੈ ਤੁਸੀਂ ਦੋਵੇਂ ਇੱਕਠੇ ਰਹਿ ਰਹੇ ਹੋ ” ਲੂਈ ਨੇ ਪੁੱਛਿਆ।

“ਹਾਂ ਆਂਟੀ ਮੈੰ ਪਾਪਾ ਨੂੰ ਦੱਸ ਦਿੱਤਾ ਸੀ ਕਿ ਮੈੰ ਚਾਂਗ ਨੂੰ ਪਿਆਰ ਕਰਦੀ ਹਾਂ ”

ਇਹ ਸੁਣਕੇ ਲੂਈ ਨੂੰ ਬਹੁਤ ਗੁੱਸਾ ਆਇਆ ਤੇ ਉਹ ਗੁੱਸੇ ਵਿੱਚ ਚਲੀ ਗਈ। ਉਸ ਨੇ ਘਰ ਜਾ ਕੇ ਕਸਮ ਖਾਧੀ  ਕਿ  ਉਹ ਅੱਜ ਤੋਂ ਬਾਅਦ ਹਿੰਦੀ ਨਹੀਂ ਬੋਲੇਗੀ। ਕਿਉੰਕਿ ਉਹ ਸਮਝਦੀ ਸੀ ਇਸ ਹਿੰਦੀ ਕੁੜੀ ਨੇ ਮੇਰਾ ਚਾਂਗ ਮੈਥੋਂ ਖੋਹ ਲਿਆ ਹੈ। ਕਿਉਕਿ ਚਾਂਗ ਜਿਆਦਾ ਹਿੰਦੀ ਹੀ ਬੋਲਦਾ ਸੀ। ਚਾਂਗ ਨੇ ਉਸ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀ ਰੁੱਕੀ। ਸ਼ਾਮ ਨੂੰ ਚਾਂਗ ਆਪਣੀ ਮਾਂ ਕੋਲ ਗਿਆ। ਉਸ ਨੇ ਚਾਂਗ ਨੂੰ ਬਹੁਤ ਬੁਰਾ ਭਲਾ ਕਿਹਾ। ਪਰ ਚਾਂਗ ਕੁੱਝ ਵੀ ਨਾ ਬੋਲਿਆ। ਉਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਕੇ ਉਹ ਹਰ ਵੀਕ ਐਂਡ ਤੇ ਆਏਗਾ ਤੇ ਖਾਣਾ ਲੈ ਕੇ ਜਾਏਗਾ ਤੇ ਇਹੋ ਖਾਣਾ ਹੀ ਖਾਏਗਾ ਤੇ ਹਿੰਦੀ ਬਿਲਕੁੱਲ ਨਹੀ ਬੋਲੇਗਾ।ਉਸ ਨੇ ਇਸ  ਤਰ੍ਹਾਂ ਹੀ ਕੀਤਾ। ਉਹ ਹਫ਼ਤੇ ਦਾ ਖਾਣਾ ਮਾਂ ਕੋਲੋ ਲੈ ਆਉਦਾ । ਉਨ੍ਹਾਂ ਦਾ ਫਰਿੱਜ਼ ਖਾਣੇ ਦੇ ਡੱਬਿਆਂ ਨਾਲ ਭਰ ਗਿਆ।

        ਇੱਕ ਦਿਨ ਜਦੋਂ ਚਾਂਗ ਵਾਪਿਸ ਘਰ ਆਇਆ ਤਾਂ ਉਸ ਨੇ ਵੇਖਿਆ ਕਿ ਉਸ ਦੇ ਫਲੈਟ ਦੇ ਨੇੜੇ ਕੁੱਤੇ ਉਸ ਦੀ ਮਾਂ ਦੁਆਰਾ ਬਣਾਏ ਮੋਮੋਜ਼ ਖਾ ਰਹੇ ਸਨ । ਉਸ ਨੂੰ ਸਮਝਦੇ ਦੇਰ ਨਾ ਲੱਗੀ ਕਿ ਇਹ ਕੰਮ ਸਪਨਾ ਨੇ ਹੀ ਕੀਤਾ ਹੈ। ਉਹ ਗੁੱਸੇ ਵਿੱਚ ਘਰ ਆਇਆ । ਆਉਦੇਂ ਹੀ ਉਸ ਨੇ ਸਪਨਾ ਨੂੰ ਕਿਹਾ ਕੇ ਉਸ ਨੇ ਉਸ ਦੀ ਮਾਂ ਦੁਆਰਾ ਬਣਾਏ ਖਾਣੇ ਦੀ ਬੇਇੱਜ਼ਤੀ ਕੀਤੀ ਹੈ। ਪਰ ਸਪਨਾ ਨੇ ਉਸ ਨੂੰ  ਫਰਿੱਜ਼ ਖੋਲ੍ਹ ਕੇ ਵਿਖਾਇਆ ਸਾਰਾ ਫਰਿੱਜ਼ ਲੂਈ ਦੇ ਬਣਾਏ ਖਾਣੇ ਦੇ ਡੱਬਿਆਂ ਨਾਲ ਭਰਿਆ ਪਇਆ ਸੀ। ਉਸ ਨੇ ਦੱਸਿਆ ਇਹ ਮੋਮੋਜ਼ ਦੋ ਹਫ਼ਤੇ ਪੁਰਾਣੀਆਂ ਸਨ। ਚਾਂਗ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਵੀਕ ਐਂਡ ਤੇ ਚਾਂਗ ਨੇ ਆਪਣੀ ਮਾਂ ਨੂੰ ਕਿਹਾ ਉਹ ਸਿਰਫ਼ ਇੱਕ ਡੱਬਾ ਹੀ ਲੈ ਕੇ ਜਾਵੇਗਾ ਕਿਉਕਿ ਉਹ ਐਨਾ ਨਹੀਂ ਖਾ ਸਕਦਾ। ਲੂਈ ਰੋਣ ਲੱਗ ਗਈ ਕਿ ਤੂੰ ਸਪਨਾ ਕਰਕੇ ਆਪਣੀ ਮਾਂ ਨੂੰ ਭੁੱਲ ਗਿਆ। ਉਸ ਨੇ ਇਹ ਵੀ ਕਿਹਾ ਕੇ ਸਪਨਾ ਨੂੰ ਖੁਸ਼ ਕਰਨ ਲਈ ਉਹ ਬਿਨ੍ਹਾਂ ਲਸਣ ਪਿਆਜ਼ ਵਾਲਾ ਖਾਣਾ ਖਾ ਰਿਹਾ ਹੈ। ਪਰ ਚਾਂਗ ਨੇ ਕਿਹਾ ਐਸਾ ਕੁੱਝ ਵੀ ਨਹੀਂ। ਪਰ ਲੂਈ ਨੂੰ ਯਕੀਨ ਨਹੀਂ ਆ ਰਿਹਾ ਸੀ। ਅਖੀਰ ਚ ਦੋ ਡੱਬਿਆਂ ਦਾ ਫੈਸਲਾ ਹੋਇਆ।

      ,      ਉੱਧਰ ਚਾਂਗ ਜਿਸ ਮਿਉਜ਼ਿਕ ਕੰਪਨੀ ਚ ਕੰਮ ਕਰਦਾ  ਸੀ ,ਉਸ ਦਾ ਗਾਇਕ ਐਨ ਮੌਕੇ ਤੇ ਜ਼ਿਆਦਾ ਪੈਸਿਆਂ ਦੀ ਡਿਮਾਂਡ ਕਰਨ ਲੱਗਾ। ਐਨੇ ਪੈਸੇ ਕੰਪਨੀ ਨਹੀਂ ਦੇ ਸਕਦੀ ਸੀ। ਕੰਪਨੀ ਦੇ ਮਾਲਕ ਟੈਸ਼ਨ ਵਿੱਚ ਸਨ ਕਿ ਜੇ ਕੰਪਨੀ ਨੇ ਸਮੇੰ ਸਿਰ ਗਾਣਾ ਲਾਂਚ ਨਾ ਕੀਤਾ ਤਾਂ ਕੰਪਨੀ ਬੰਦ ਹੋ ਜਾਵੇਗੀ। ਉਹ ਸਾਰੇ ਟੈਸ਼ਨ ਵਿੱਚ ਸਨ। ਕਈ ਵਾਰ ਚਾਂਗ ਨੇ ਉਨ੍ਹਾਂ ਨੂੰ ਕਿਹਾ ਕੇ ਉਹ ਵਧੀਆ ਗਾ ਸਕਦਾ ਹੈ, ਉਸ ਨੂੰ ਮੌਕਾ ਦੇਕੇ ਤਾ,ਦੇਖੋ,, ,,ਪਰ ਕੰਪਨੀ ਵਾਲੇ ਉਸ ਤੇ ਹੱਸਦੇ ਕਿ  ਇੱਕ ਚੀਨੀ ਹਿੰਦੀ ਗਾਣਾ ਕਿਵੇਂ ਗਾ ਸਕਦਾ। ਇੱਕ ਦਿਨ ਜਦੋਂ ਕੰਪਨੀ ਦੇ ਸਾਰੇ ਆਹੁਦੇਦਾਰ ਮੀਟਿੰਗ ਕਰ ਰਹੇ ਸਨ ਕਿ ਨਵੇਂ ਸਿੰਗਰ ਦੀ ਤਲਾਸ਼ ਕੀਤੀ ਜਾਵੇ ਤਾਂ ਚਾਂਗ ਨੇ  ਗਾਣਾ ਗਾਉਣਾ ਸ਼ੁਰੂ ਕਰ ਦਿੱਤਾ । ਸਾਰੇ ਹੈਰਾਨ ਰਹਿ ਗਏ। ਚਾਂਗ ਦੀ ਅਵਾਜ਼ ਚ ਕੰਪਨੀ ਨੇ ਗਾਣਾ ਰਿਲੀਜ਼ ਕਰ ਦਿੱਤਾ। ਜੋ ਬਹੁਤ ਹੀ ਵਾਇਰਲ ਹੋ ਗਿਆ।

             ਸਪਨਾ ਨੇ ਜਦੋਂ ਉਹ ਗਾਣਾ ਸੁਣਿਆ ਤਾਂ ਉਸ ਦੀ ਖੁਸ਼ੀ ਦੀ ਹੱਦ ਨਾ ਰਹੀ। ਚਾਂਗ ਰਾਤੋ ਰਾਤ ਸਟਾਰ ਬਣ ਗਿਆ ਸੀ। ਉੱਧਰ ਚਾਂਗ ਨੇ ਆਪਣੀ ਮਾਂ ਲੂਈ ਨੂੰ ਇਸ ਦਾ ਲਿੰਕ ਭੇਜਿਆ। ਜਦੋਂ ਲੂਈ ਨੇ ਉਹ ਗਾਣਾ ਸੁਣਿਆ ਉਸ ਦੀਆਂ ਅੱਖਾਂ ਭਰ ਆਈਆਂ। ਸਪਨਾ ਬਹੁਤ ਖੁਸ਼ ਸੀ ਪਰ ਚਾਂਗ ਦੀ ਮਾਂ ਲੂਈ ਉਸ ਨੂੰ ਸਵੀਕਾਰ ਨਹੀਂ ਕਰਦੀ ਸੀ। ਇਸ ਵੀਕ ਐਂਡ ਚਾਂਗ ਆਪਣੀ ਮਾਂ ਕੋਲ ਨਹੀਂ ਜਾ ਸਕਿਆ ਸੀ। ਕਿਉੰਕਿ ਕੰਪਨੀ ਉਸ ਤੋ ਇੱਕ ਹੋਰ ਹਿੰਦੀ ਗਾਣਾ ਗਵਾਉਣਾ ਚਾਹੁੰਦੀ ਸੀ। ਉਸ ਦੀ ਰਿਹਸਲ ਕਰਨੀ ਸੀ। ਚਾਂਗ ਨੇ ਫ਼ੋਨ ਕਰਕੇ ਆਪਣੀ  ਮਾਂ ਨੂੰ ਦੱਸ ਦਿਂਤਾ ਸੀ।

       ਅਗਲੇ ਦਿਨ ਉਸ ਦੀ ਮਾਂ ਲੂਈ ਉਸ ਲਈ ਖਾਣੇ ਦੇ ਡੱਬੇ ਉਸ ਦੇ ਘਰ ਦੇ ਬਾਹਰ ਦੁਕਾਨ ਵਾਲੇ ਨੂੰ ਦੇ ਗਈ। ਚਾਂਗ ਅਜੇ ਘਰ ਨਹੀਂ ਸੀ ਆਇਆ। ਸਪਨਾ ਘਰ ਵਾਪਿਸ ਆ ਗਈ ਉਸ ਨੂੰ ਵੇਖਕੇ ਦੁਕਾਨ ਵਾਲੇ ਨੇ ਉਹ ਡੱਬਿਆਂ ਵਾਲਾ ਬੈਗ ਸਪਨਾ ਨੂੰ ਫੜ੍ਹਾ ਦਿੱਤਾ। ਸਪਨਾ ਨੂੰ ਬਹੁਤ ਭੁੱਖ ਲੱਗੀ ਸੀ ਪਰ ਇਨ੍ਹਾ ਡੱਬਿਆਂ ਚ ਨੋਨ ਵੈੱਜ਼ ਖਾਣਾ ਸੀ। ਸਪਨਾ ਨੂੰ ਬਹੁਤ ਗੁੱਸਾ ਆ ਰਿਹਾ ਸੀ ਉਸ ਨੂੰ ਕੁਝ ਬਣਾਉਣਾ ਵੀ ਨਹੀ ਆਉਂਦਾ ਉਸ ਲਈ ਖਾਣਾ ਹਮੇਸ਼ਾ ਚਾਂਗ ਹੀ ਬਣਾਉਂਦਾ ਸੀ। ਉਸ ਨੇ ਉਹ ਡੱਬਿਆਂ ਵਾਲਾ ਬੈਗ ਖੋਲ ਕੇ ਇੱਕ ਡੱਬਾ ਖੋਲਕੇ ਵੇਖਣਾ ਚਾਹਿਆ ਕਿ ਚਾਂਗ ਲਈ ਕੀ ਭੇਜਿਆ ਉਸ ਦੀ ਮਾਂ ਨੇ। ਜਿਉਂ ਹੀ ਸਪਨਾ ਨੇ ਡੱਬਾ ਖੋਲਿਆ ,,ਉਸ ਦੀ ਹੈਰਾਨੀ ਦੀ ਹੱਦ ਨਾ ਰਹੀ ਉਸ ਵਿੱਚ ਉਬਲੀਆਂ ਹੋਈਆਂ ਸਬਜ਼ੀਆਂ ਵਾਲੀ ਸਪਨਾ ਦੀ ਸਭ ਤੋਂ ਪਸੰਦੀਦਾ  ਡਿਸ਼ ਸੀ। ਉਸ ਨੇ ਬੜੇ ਸਵਾਦ ਨਾਲ ਖਾਧੀ। ਸਭ ਤੋਂ ਪਹਿਲਾਂ ਉਸ ਨੇ ਲੂਈ ਨੂੰ ਫ਼ੋਨ ਕੀਤਾ

“ਥੈਕਸ ਮਾਂ ਤੁਹਾਡਾ ਖਾਣਾ ਬਹੁਤ ਸਵਾਦ ਸੀ। ਮੈਨੂੰ ਭੁੱਖ ਵੀ ਬਹੁਤ ਲੱਗੀ ਸੀ। ਆਪਣੀ ਬੱਚੀ ਦਾ ਧਿਆਨ ਰੱਖਣ ਲਈ ਸ਼ੁਕਰੀਆ ਮਾਂ” ਸਪਨਾ ਭਾਵੁਕ ਹੋ ਗਈ ਸੀ।

” ਲਵ ਯੂ ਮੇਰੇ ਬੱਚੇ ਮਾਂ ਦਾ ਪਿਆਰ ਹਮੇਸ਼ਾ ਬੱਚਿਆਂ ਲਈ ਹੁੰਦਾ। ਮੈਂ ਹੁਣ ਸਿਰਫ਼ ਤੇਰੀ ਪਸੰਦ ਦਾ ਹੀ ਖਾਣਾ ਭੇਜਿਆ ਕਰਾਂਗੀ ਮੇਰੀ ਬੱਚੀ ” ਲੂਈ ਵੀ ਰੋ ਰਹੀ ਸੀ।

ਫੇਰ ਸਪਨਾ ਨੇ ਚਾਂਗ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ।

“ਚਾਂਗ ਮੈਨੂੰ ਮਾਂ ਨੇ ਸਵੀਕਾਰ ਕਰ ਲਿਆ ਆਪਣੀ ਮਾਂ ਕਿੰਨੀ ਚੰਗੀ ਹੈ ਚਾਂਗ ਆਈ ਲਵ ਹਰ” ਕਹਿਕੇ ਸਪਨਾ ਫੇਰ ਰੋਣ ਲੱਗ ਗਈ।

✍✍✍,,,,ਲਖਵਿੰਦਰ ਸਿੰਘ ਸੰਧੂ,

Leave a Reply

Your email address will not be published. Required fields are marked *