ਤਾੜੀ ਮਾਰ ਕੇ | taadhi maar ke

ਚੱਲਦੀ ਕਥਾ ਦੀ ਸਿਖਰ ਤੇ ਆਖੀ ਗਈ ਗੱਲ..”ਬੇਗਾਨੇ ਪੁੱਤ ਤਾੜੀ ਮਾਰ ਕੇ ਤਾਂ ਨਹੀਂ ਨਿੱਕਲਣ ਦਿੰਦੇ”..ਇਸ ਆਖੀ ਗੱਲ ਨੇ ਪਤਾ ਨੀਂ ਕਿੰਨੇ ਇਤਿਹਾਸਿਕ ਬਿਰਤਾਂਤ ਕਿੰਨੀਆਂ ਸਾਖੀਆਂ ਸ਼ੱਕ ਤਰਕ ਦੇ ਘੇਰੇ ਅੰਦਰ ਲਿਆ ਸੁੱਟੀਆਂ..!
ਖੈਰ ਪ੍ਰਤੱਖ ਨੂੰ ਪ੍ਰਮਾਣ ਕਾਹਦਾ..ਅਸਾਂ ਇੰਝ ਦੇ ਕਿੰਨੇ ਸਾਰੇ ਬਿਰਤਾਂਤ..ਅੱਖਾਂ ਨਾਲ ਵੇਖੇ..ਅਗਲੇ ਸਿੱਧਾ ਲਲਕਾਰ ਕੇ..ਵੰਗਾਰ ਕੇ..ਮਿਥ ਕੇ..ਸ਼ਰੇਆਮ ਦੱਸ ਕੇ..ਐਨ ਵਿਚਕਾਰੋਂ..ਮੌਤ ਦੀ ਪੈਂਦੀ ਵਾਛੜ ਵਿਚੋਂ ਨਿਕਲ..ਅਹੁ ਗਏ..!
ਅਗਲੇ ਪਾਸੇ ਦੇ ਬੇਗਾਨੇ ਪੁੱਤ ਪੱਥਰ ਹੋ ਗਏ..ਸੁਸਰੀ ਵਾਂਙ ਸੌਂ ਗਏ..!
ਇਸ ਪਾਸੇ ਕੋਲ ਗਵਾਉਣ ਲਈ ਕੁਝ ਵੀ ਨਹੀਂ ਸੀ..ਸਿਵਾਏ “ਆਪ ਮੁੱਕੇ ਪੰਥ ਵੱਸੇ” ਵਾਲੀ ਭਾਵਨਾ ਦੇ..!
ਪਰ ਦੂਜੇ ਪਾਸੇ ਤਨਖਾਵਾਂ ਸਹੂਲਤਾਂ ਰੈਂਕਾਂ ਅਤੇ ਪਰਿਵਾਰਿਕ ਮੋਹ ਦੀਆਂ ਤੰਦਾਂ ਨਾਲ ਬੱਝੀ ਹੋਈ ਖਾਕੀ..!
ਜਥੇਦਾਰ ਵੇਦਾਂਤੀ..ਚੁਰਾਸੀ ਵੇਲੇ ਪਰਿਕਰਮਾ ਦੇ ਪ੍ਰਸ਼ਾਦ ਅਤੇ ਗਿੱਲੇ ਪੋਣੇ ਕਮਰੇ ਦੇ ਐਨ ਉੱਤੇ ਕਵਾਟਰ..ਛੇ ਜੂਨ ਦੁਪਹਿਰ ਵੇਲੇ ਪੂਰੀ ਪ੍ਰਕਰਮਾ ਵਿਚ ਫੌਜ ਅਤੇ ਟੈਂਕ ਹੀ ਟੈਂਕ..!
ਨਿਕਲਣ ਦਾ ਮੌਕਾ ਮਿਲਿਆ ਤਾਂ ਤੁਰੀ ਜਾਂਦੀ ਸੰਗਤ ਨਾਲ ਜਾ ਰਲੇ..ਤੁਰਨ ਲੱਗਿਆਂ ਬਾਰੀ ਦੇ ਮੋਰਚੇ ਤੇ ਡਟੇ ਦੋ ਸਿੰਘ..ਪੁੱਛਣ ਲੱਗੇ ਸਿੰਘੋ ਤੁਹਾਡਾ ਕੀ ਪ੍ਰੋਗਰਾਮ ਏ..?
ਆਖਣ ਲੱਗੇ ਥੋੜਾ ਗੁੜ ਅਤੇ ਛੋਲੇ ਰੱਖ ਜਾਵੋ ਤੇ ਤੁਸੀਂ ਜਾਵੋ..ਅਸੀਂ ਤੇ ਇਥੇ ਰਹਿਣਾ..ਅਖੀਰ ਤੀਕਰ..!
ਓਹ ਅਖੀਰ ਜਿਹੜੀ ਪਤਾ ਨਹੀਂ ਕਿਸ ਨੇ ਮਿਥੀ ਸੀ..ਸ਼ਾਇਦ ਦਸਮ ਪਿਤਾ ਨੇ..ਵੇਦਾਂਤੀ ਜੀ ਕਹਿੰਦੇ ਸਾਥੋਂ ਗਲਤੀ ਹੋ ਗਈ ਅਸਾਂ ਨਾਮ ਨਹੀਂ ਪੁੱਛੇ..ਵਰਨਾ ਅੱਜ ਦੋਵੇਂ ਸੁਨਿਹਰੀ ਅੱਖਰਾਂ ਨਾਲ ਸ਼ਿੰਗਾਰੇ ਹੁੰਦੇ..ਪਰ ਓਹਨਾ ਰੂਹਾਂ ਦਾ ਇਤਿਹਾਸ ਅਤੇ ਸੁਨਹਿਰੀ ਅੱਖਰਾਂ ਦੀ ਝਾਕ ਨਾਲ ਕੀ ਲੈਣਾ ਦੇਣਾ..ਉਹ ਤੇ ਆਪ ਮੋਏ ਜੱਗ ਪਰਲੋ ਹੋਣਾ ਮਿਥ ਕੇ ਆਏ ਸਨ!
ਅਖੀਰ ਅੱਠ ਜੂਨ ਨੂੰ ਮੁੱਠ ਕੁ ਛੋਲੇ ਚੱਬ ਕੇ ਉੱਡਦੇ ਫਿਰਨ ਸਰੀਰ..ਸੰਤਾਂ ਕੋਲੇ ਪਹੁੰਚ ਕੇ ਪੂਰੇ ਹੋ ਗਏ ਤੀਰ!
ਬੇਗਾਨੇ ਪੁੱਤ ਤਾੜੀ ਮਾਰ ਕੇ ਵਾਕਿਆ ਹੀ ਲੰਘਣ ਨਹੀਂ ਦਿੰਦੇ ਪਰ ਬੋਤਾ ਸਿੰਘ ਗਰਜਾ ਸਿੰਘ ਹੁਰਾਂ ਤਾਂ ਲਾਹੌਰ ਉਚੇਚਾ ਸੁਨੇਹਾ ਘਲਾਇਆ..ਫਲਾਣੀ ਥਾਂ ਨਾਕਾ ਲਾਇਆ ਏ..ਹਿੰਮਤ ਏ ਤਾਂ ਡੱਕ ਕੇ ਵਿਖਾਓ..ਫੇਰ ਤਾੜੀ ਨਹੀਂ ਵੱਜੀ ਸਗੋਂ ਡਾਂਗਾਂ ਅਤੇ ਚੰਡੇ ਹੋਏ ਲੋਹੇ ਦਾ ਬੇਜੋੜ ਸੁਮੇਲ ਹੋਇਆ ਤੇ ਅੰਦਰੋਂ ਪ੍ਰਕਟ ਹੋਈਆਂ ਦੋ ਸ਼ਹੀਦੀਆਂ..!
ਭਾਈ ਤਾਰੂ ਸਿੰਘ ਭਾਈ ਮਨੀ ਸਿੰਘ ਬਾਬਾ ਦੀਪ ਸਿੰਘ ਜੀ ਨੇ ਤਾੜੀ ਹੀ ਨਹੀਂ ਮਾਰੀ ਸਗੋਂ ਵੈਰੀ ਦੀ ਵਰਮੀ ਵਿਚ ਖਲੋ ਕੇ ਉੱਚੀ ਸਾਰੀ ਵੰਗਾਰਿਆ ਵੀ..!
ਬਾਬਾ ਆਲੀ ਸਿੰਘ ਮਾਲੀ ਸਿੰਘ..ਬਾਬਾ ਬੰਦਾ ਸਿੰਘ ਬਹਾਦੁਰ..ਚਾਰ ਸਾਲ ਦੇ ਪੁੱਤਰ ਉਦ੍ਹੇ ਸਿੰਘ ਨੂੰ ਚੀਰ ਅੰਦਰੋਂ ਧੜਕਦਾ ਦਿਲ ਕੱਢਿਆ ਤੇ ਫੇਰ ਬਾਬਾ ਬੰਦਾ ਸਿੰਘ ਜੀ ਦੇ ਮੂੰਹ ਵਿਚ ਤੁੰਨਿਆ..ਪਰ ਅੱਗੋਂ ਸ਼ਾਂਤ ਚਿੱਤ..!
ਐਸੇ ਬਿਰਤਾਂਤ ਐਸੀਆਂ ਕਹਾਣੀਆਂ ਏਨੀਆਂ ਸਦੀਆਂ ਲੰਘਣ ਬਾਅਦ ਵੀ ਲੂ-ਕੰਢੇ ਖੜੇ ਹੋ ਜਾਂਦੇ..!
ਬੇਅੰਤ ਸਿੰਘ ਸਤਵੰਤ ਸਿੰਘ ਭਾਈ ਜਿੰਦਾ ਸੁੱਖਾ..ਡਾਕਟਰ ਆਖਦੇ ਤੇਰੀ ਲੱਤ ਵੱਢ ਦੇਣੀ ਸੱਚ ਬੋਲ..ਆਖਦਾ ਵੱਢ ਦਿਓ ਮੈਨੂੰ ਕੋਈ ਫਰਕ ਨਹੀਂ ਪੈਂਦਾ..!
ਪੁੱਟੇ ਹੋਏ ਨਹੁੰ..ਲਾਹ ਦਿੱਤਾ ਖੋਪੜ..ਵੱਢ ਦਿੱਤੀ ਰਸਨਾ..ਕੱਢ ਦਿੱਤੀਆਂ ਅੱਖੀਆਂ..ਤਾਂ ਵੀ ਬਾਣੀ ਪੜਦਾ ਭਾਈ ਅਨੋਖ ਸਿੰਘ..!
ਆਪਣਾ ਆਪ ਵਾਰਨ ਲਈ ਸਿੱਕਾ ਉਛਾਲ ਕੇ ਕੀਤਾ ਗਿਆ ਫੈਸਲਾ..ਮੁਲਤਾਨ ਦੇ ਕਿਲੇ ਦੀ ਫਸੀਲ ਤੋੜਨ ਲਈ ਤੋਪ ਦੇ ਟੁੱਟ ਗਏ ਪਹੀਏ ਨੂੰ ਦਿੱਤੇ ਗਏ ਬਾਈ ਮੋਢੇ ਅਤੇ ਫੇਰ ਤੂੰਬਾ ਤੂੰਬਾ ਹੋ ਕੇ ਉੱਡ ਗਏ ਬਾਈ ਸਰੀਰ ਤਾੜੀ ਮਾਰਨ ਤੋਂ ਘੱਟ ਥੋੜਾ ਸੀ..!
ਹੁਣੇ ਹੁਣੇ ਦਰਬਾਰ ਸਾਬ ਕੰਪਲੈਕਸ ਵਿਚ ਛੇ ਮਈ ਚੁਰਾਸੀ ਨੂੰ ਸਿੰਘਾਂ ਦੇ ਸਮੂਹਿਕ ਅਨੰਦ ਕਾਰਜ ਦੀ ਫਿਲਮ ਜੱਗ ਜਾਹਰ ਹੋਈ..ਛੇ ਜੂਨ ਘਲੂਕਾਰੇ ਤੋਂ ਸਿਰਫ ਇਕ ਮਹੀਨੇ ਪਹਿਲੋਂ ਦੀ..ਬਾਹਰ ਚੱਪੇ ਚੱਪੇ ਤੇ ਲੱਗੀ ਫੋਰਸ..ਤਾਂ ਵੀ ਅੰਦਰ ਤੁਰੇ ਫਿਰਦੇ ਸਿੰਘ ਹੱਸਦੇ ਖੇਡਦੇ..ਮਜਾਕਾਂ ਕਰਦੇ..ਇੱਕ ਦੂਜੇ ਨੂੰ ਫਤਹਿ ਬੁਲਾਉਂਦੇ ਅਤੇ ਹਿਦਾਇਤਾਂ ਦਿੰਦੇ..ਕੋਈ ਡਰ ਸ਼ਿਕਨ ਮਲਾਲ ਨਹੀਂ..ਮੌਤ ਨੂੰ ਆਖਦੇ ਕੱਲ ਨੂੰ ਆਉਂਦੀ ਭਾਵੇਂ ਅੱਜ ਆ ਜਾਵੇਂ..ਸਾਨੂੰ ਕੋਈ ਪ੍ਰਵਾਹ ਨਹੀਂ..ਮਗਰੋਂ ਬਹੁਤੇ ਸ਼ਹੀਦ ਵੀ ਹੋ ਗਏ..ਕੀ ਇਹ ਸਭ ਕੁਝ ਤਾੜੀ ਮਾਰਨ ਤੋਂ ਘੱਟ ਸੀ..!
ਹੋਰ ਵੀ ਅਨੇਕਾਂ ਬਿਰਤਾਂਤ..ਸਾਰਾ ਕੁਝ ਲਿਖਣਾ ਤਾਂ ਵੱਸ ਵਿਚ ਨਹੀਂ ਪਰ ਏਨੀ ਗੱਲ ਜਰੂਰ ਆਖੀ ਜਾ ਸਕਦੀ ਕੇ..ਲਮਹੋਂ ਨੇ ਖਤਾ ਕੀ ਔਰ ਸਦੀਓਂ ਨੇ ਸਜਾ ਪਾਈ..!
ਅੱਜ ਇੱਕ ਜੁੰਮੇਵਾਰ ਮੰਚ ਤੋਂ ਤਾੜੀ ਮਾਰ ਬਿਰਤਾਂਤ ਤੇ ਕਿੰਤੂ ਪ੍ਰੰਤੂ ਹੋਇਆ..ਕੱਲ ਨੂੰ ਤੱਤੀ ਤਵੀ ਤੇ ਵੀ ਹੋਊ..ਬਾਬੇ ਬਿਧੀ ਚੰਦ ਮੱਸੇ ਰੰਘੜ..ਕੰਧਾਂ ਵਿਚ ਚਿਣ ਦਿੱਤਿਆਂ ਤੇ ਵੀ ਹੋਊ..ਚਾਲੀ ਮੁਕਤਿਆਂ,ਨਨਕਾਣੇ ਸਾਬ ਦੇ ਸਾਕੇ,ਵਲੀ ਕੰਧਾਰੀ ਜੰਡ ਵਾਲਾ ਲਸ਼ਮਣ ਸਿੰਘ ਧਾਰੋਵਾਲੀ ਅਤੇ ਹੋਰ ਵੀ ਕਿੰਨੇ ਬਿਰਤਾਂਤ..ਨਿਘੋਚਾਂ ਕੱਢ ਕੱਢ ਅੱਗੇ ਕੀਤੀਆਂ ਜਾਣਗੀਆਂ..ਫੇਰ ਸਪਸ਼ਟੀਕਰਨ ਅਤੇ ਸ਼ੰਕੇ ਨਿਵਾਰਨ ਵਾਲੇ ਗਿਣੇ ਚੁਣੇ ਰਹਿ ਗਏ ਮਨੁੱਖ..ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲਦੇ ਫਿਰਨਗੇ!
ਫੇਰ ਓਹੀ ਹੋਵੇਗਾ ਜੋ ਅੱਜ ਬਿੱਪਰ ਘੱਟ ਗਿਣਤੀਆਂ ਦੇ ਇਤਿਹਾਸ ਨਾਲ ਕਰ ਰਿਹਾ ਏ..ਸਭ ਕੁਝ ਸਫ਼ਾ ਚੱਟ..ਨਾ ਰਹੇਗਾ ਬਾਂਸ ਨਾ ਵੱਜੂਗੀ ਬਾਂਸਰੀ..!
ਇਕ ਮਹਾਨ ਸਿੱਖ ਫਿਲਾਸਫਰ ਨਿੱਕੇ ਹੁੰਦਿਆਂ ਆਪਣੇ ਪਿਤਾ ਜੀ ਨੂੰ ਪੁੱਛ ਬੈਠਾ ਕੇ ਖੰਡੇ ਬਾਟੇ ਦੀ ਪਾਹੁਲ ਵੇਲੇ ਦਸਮ ਪਿਤਾ ਨੇ ਬੱਕਰੇ ਝਟਕਾਏ ਸਨ ਕੇ ਇਨਸਾਨ?
ਅੱਗਿਓਂ ਝਿੜਕ ਮਾਰ ਦਿੱਤੀ ਕੇ ਖ਼ਬਰਦਾਰ ਜੇ ਇਹ ਸਵਾਲ ਦੋਬਾਰਾ ਪੁੱਛਿਆ ਤਾਂ..ਜਿਹੜੀ ਗੱਲ ਦਸਮ ਪਿਤਾ ਨੇ ਸਾਨੂੰ ਦੱਸਣੀ ਵਾਜਿਬ ਨਹੀਂ ਸਮਝੀ ਉਹ ਗੱਲ ਤਰਕ ਦੀ ਕਸਵੱਟੀ ਤੇ ਰੱਖ ਕਿੰਨੇ ਸਾਰੇ ਸਵਾਲ ਖੜੇ ਕਰਨ ਦਾ ਸਾਨੂੰ ਕੋਈ ਹੱਕ ਨਹੀਂ..!
ਯਹੂਦੀ ਬੱਚੇ ਪੀੜੀ ਦਰ ਪੀੜੀ ਤੁਰੇ ਆਉਂਦੇ ਇਤਿਹਾਸ ਨੂੰ ਜਦੋਂ ਆਪਣੀਆਂ ਦਾਦੀਆਂ ਨਾਨੀਆਂ ਦੇ ਮੂਹੋਂ ਸੁਣਦੇ ਤਾਂ ਕਦੇ ਨਹੀਂ ਭੁੱਲਦੇ..ਕਿਓੰਕੇ ਦਾਦੀਆਂ ਨਾਨੀਆਂ ਮੂਹੋਂ ਸੁਣੀ ਹੋਈ ਨੂੰ ਉਹ ਸੱਚੇ ਰੱਬ ਦਾ ਹੋਕਾ ਮੰਨਦੇ..ਓਹੋ ਦਾਦੀਆਂ ਨਾਨੀਆਂ ਜੋ ਸਾਡੇ ਵਿਰਸੇ ਪਰਿਵਾਰਾਂ ਚੋਂ ਪ੍ਰਾਈਵੇਸੀ ਦੇ ਨਾਮ ਤੇ ਅਲੋਪ ਹੁੰਦੀਆਂ ਜਾ ਰਹੀਆਂ!
ਹਰਪ੍ਰੀਤ ਸਿੰਘ

Leave a Reply

Your email address will not be published. Required fields are marked *