ਕੀ ਇਮਾਨਦਾਰ ਹੋਣਾ, ਕਮਜ਼ੋਰ ਹੋਣ ਜਾਂ ਕਾਇਰ ਹੋਣ ਦੀ ਨਿਸ਼ਾਨੀ ਹੈ? | imaandaar

ਪਿਛਲੇ ਦਿਨੀਂ ਮੈਸੇਂਜਰ ਜ਼ਰੀਏ ਮਿਲੀ ਇਕ ਪੋਸਟ ਨੂੰ ਦੇਖਣ ਤੋਂ ਬਾਅਦ ਮੈਨੂੰ ਕਈ ਤਰਾਂ ਦੇ ਸਵਾਲਾਂ ਨੇ ਘੇਰ ਲਿਆ। ਪੋਸਟ ਇਕ ਵੀਡੀਓ ਦੇ ਰੂਪ ਵਿੱਚ ਸੀ ਜਿਸ ਵਿੱਚ ਦਰਸਾਇਆ ਗਿਆ ਸੀ ਕਿ ਜੇਕਰ ਅੱਜ ਦੇ ਦੌਰ ਵਿੱਚ ਤੁਸੀਂ ਇਮਾਨਦਾਰ ਹੋ ਤਾਂ ਇਹਦਾ ਭਾਵ ਹੈ ਕਿ ਤੁਸੀਂ ਅੱਤ ਦਰਜੇ ਦੇ ਕਮਜ਼ੋਰ ਅਤੇ ਕਾਇਰ ਵਿਅਕਤੀ ਹੋ। ਕਿਉਂਕਿ ਇਮਾਨਦਾਰ ਬੰਦਾ, ਅਸੂਲ, ਈਮਾਨ ਅਤੇ ਸੱਚ ਦੇ ਰਾਹ ਤੁਰਦਿਆਂ ਜ਼ਿੰਦਗੀ ਵਿੱਚ ਜੋਖਮ ਲੈਣ ਵਿੱਚ ਪਿੱਛੇ ਰਹਿ ਜਾਂਦਾ ਹੈ। ਉਸਨੂੰ ਪੈਰ ਪੈਰ ਉੱਤੇ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਜਦਕਿ ਠੱਗ, ਬੇਈਮਾਨ ਅਤੇ ਝੂਠੇ ਲੋਕ ਜ਼ਮੀਰ ਜਾਂ ਈਮਾਨ ਦੀ ਪ੍ਰਵਾਹ ਕੀਤੇ ਬਿਨਾਂ, ਦੌਲਤ, ਸੱਤਾ, ਸ਼ੋਹਰਤ ਦੇ ਨਸ਼ੇ ਨੂੰ ਰੱਜ ਕੇ ਮਾਣਦੇ ਹਨ। ਵੀਡੀਓ ਸ਼ਾਇਦ ਓਸ਼ੋ ਦੀ ਸੀ, ਜਿਸ ਵਲੋਂ ਇਸ਼ਾਰਾ ਇਹ ਸੀ ਕਿ ਬੇਈਮਾਨ ਬੰਦਾ ਬੇਈਮਾਨੀ ਕਰਦਿਆਂ ਅਸੂਲਾਂ ਨੂੰ ਛਿੱਕੇ ਟੰਗ ਕੇ ਹਰ ਤਰਾਂ ਦਾ ਜ਼ੋਖਮ ਜਾਂ ਖਤਰਾ ਚੁੱਕ ਕੇ ਉਸ ਐਸ਼ ਦੀ ਜ਼ਿੰਦਗੀ ਨੂੰ ਹਾਸਲ ਕਰਦਾ ਹੈ। ਉਹ ਬੇਈਮਾਨ ਹੈ ਪਰ ਤਾਕਤਵਰ ਹੈ, ਉਹ ਆਪਣੇ ਨਿੱਜ ਦੀ ਖਾਤਰ ਦੂਜਿਆਂ ਨੂੰ ਰੱਜ ਕੇ ਨੁਕਸਾਨ ਪਹੁੰਚਾਉਣ ਵਿੱਚ ਵੀ ਨਹੀਂ ਝਿਜਕਦਾ। ਅਸੀਂ ਵੀ ਆਪਣੇ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਲੋਕਾਂ ਨੂੰ ਵੇਖ ਸਕਦੇ ਹਾਂ ਜੋ ਆਪਣੇ ਲਾਭ ਲਈ ਗਧੇ ਨੂੰ ਪਿਓ ਬਣਾਉਣ ਵਿੱਚ ਮਾਹਿਰ ਹਨ।
ਪਰ ਇਮਾਨਦਾਰ ਬੰਦਾ ਸੱਚ ਅਤੇ ਅਸੂਲਾਂ ਦਾ ਬੰਨ੍ਹਿਆ ਕਿਸੇ ਹਾਲ ਵਿੱਚ ਵੀ ਕਿਸੇ ਦੂਜੇ ਦਾ ਨੁਕਸਾਨ ਕਰਨ ਬਾਰੇ ਨਹੀਂ ਸੋਚੇਗਾ। ਪਰ ਸਵਾਲ ਇਹ ਹੈ ਕਿ ਕੀ ਅੱਜ ਦੇ ਦੌਰ ਵਿੱਚ ਇਮਾਨਦਾਰ ਹੋਣਾ ਕਾਇਰ ਜਾਂ ਕਮਜ਼ੋਰ ਹੋਣਾ ਹੈ ?? ਜਾਂ ਫਿਰ ਬੇਈਮਾਨ ਹੋਣਾ ਹਿੰਮਤੀ ਹੋਣਾ ਹੈ??
ਅਜੋਕੇ ਦੌਰ ਵਿੱਚ ਖੇਤਰ ਕੋਈ ਵੀ ਹੋਵੇ, ਲੋਕ ਈਮਾਨ ਵੇਚ ਕੇ ਆਪਣਾ ਫ਼ਾਇਦਾ ਖੱਟ ਰਹੇ ਹਨ। ਸਭ ਤੋਂ ਵੱਧ ਬੀਬੇ ਰਾਣੇ ਹੋਣ ਦਾ ਪਖੰਡ ਰੱਚ ਰਹੇ ਹਨ।
ਅੱਜ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਸਭ ਤੋਂ ਵੱਧ ਰੌਲਾ ਪਾਉਣ ਵਾਲਿਆਂ ਵਿੱਚ ਵੀ ਅਜਿਹੇ ਟੋਲਿਆਂ ਦੀ ਭਰਮਾਰ ਹੈ।
ਬੇਈਮਾਨ ਲੋਕਾਂ ਦਾ ਅਜਿਹਾ ਝੂਠ ਜੋ ਜਾਣਦੇ ਹਨ ਉਹ ਚੁੱਪ ਧਾਰ ਰਹੇ ਹਨ ਜਾਂ ਚੁੱਪ ਕਰਵਾ ਦਿੱਤੇ ਜਾਂਦੇ ਹਨ।
ਅਸਲ ਵਿੱਚ ਇਹ ਸਮੱਸਿਆ ਸਾਡੇ ਪਰਿਵਾਰਾਂ ਵਿੱਚ ਹੀ ਸ਼ੁਰੂ ਹੋ ਜਾਂਦੀ ਹੈ ਅਖੇ “ਡਾਹਢਿਆਂ ਦਾ ਸੱਤੀਂ ਵੀਹੀਂ ਸੌ” ਹੁੰਦਾ ਹੈ। ਸਭ ਤੋਂ ਵੱਧ ਚੁਗ਼ਲਖ਼ੋਰ, ਚੁਸਤ ਚਲਾਕ ਲੋਕ ਪਰਿਵਾਰਾਂ ਵਿੱਚ ਆਪਣਾ ਦਬਦਬਾ ਬਣਾ ਕੇ ਰੱਖਣ ਵਿੱਚ ਸਫਲ ਰਹਿੰਦੇ ਹਨ। ਅਜਿਹੇ ਲੋਕਾਂ ਖ਼ਿਲਾਫ਼ ਜੇ ਉਨ੍ਹਾਂ ਦੇ ਸਾਹਮਣੇ ਕੋਈ ਸੱਚ ਬੋਲਣ ਦੀ ਦਲੇਰੀ ਕਰੇਗਾ ਤਾਂ ਬਾਕੀਆਂ ਵਲੋਂ ਦਬਾ ਦਿੱਤਾ ਜਾਵੇਗਾ।
ਅਜਿਹਾ ਕੁਝ ਹੀ ਸਾਡੇ ਸਮਾਜ ਵਿੱਚ ਆਲੇ ਦੁਆਲੇ ਵਿੱਚ, ਰਾਜਨੀਤੀ ਵਿੱਚ, ਸੱਤਾ ਵਿੱਚ, ਵਪਾਰ ਵਿੱਚ ਹਰ ਪਲ ਵਾਪਰ ਰਿਹੈ। ਰਾਜਨੀਤੀ ਅੱਤ ਦਰਜੇ ਦੇ ਭ੍ਰਿਸ਼ਟ ਲੋਕਾਂ ਦੇ ਹੱਥ ਦਾ ਖਿਡੌਣਾ ਬਣਦੀ ਜਾ ਰਹੀ ਹੈ। ਹਰ ਰਾਜਨੀਤਕ ਪਾਰਟੀ ਵਿੱਚ ਸੱਚੇ ਅਤੇ ਇਮਾਨਦਾਰ ਲੋਕਾਂ ਨੂੰ ਸਿਰਫ ਪਾਰਟੀ ਦੇ ਬਚਾਅ ਲਈ ਥਾਂ ਦਿੱਤੀ ਜਾਂਦੀ ਹੈ ਤਾਂ ਜੋ ਉਨ੍ਹਾਂ ਦੇ ਸਹਾਰੇ ਕਿਸੇ ਵੱਡੇ ਅਨਰਥ ਤੋਂ ਬਚਿਆ ਜਾ ਸਕੇ ਨਹੀਂ ਤਾਂ ਪਾਰਟੀ ਵਿੱਚ ਉਹਨਾਂ ਦੀ ਭੂਮਿਕਾ ਨਾ-ਮਾਤਰ ਰੱਖੀ ਜਾਂਦੀ ਹੈ। ਆਖਿਰਕਾਰ ਅਜਿਹਾ ਬੰਦਾ ਜਾਂ ਤਾਂ ਆਪ ਬਗਾਵਤ ਕਰ ਜਾਂਦਾ ਹੈ ਜਾਂ ਬਾਹਰ ਕਰ ਦਿੱਤਾ ਜਾਂਦਾ ਹੈ।
ਪਰ ਕੀ ਇਸਦਾ ਭਾਵ ਹੈ ਕਿ ਇਮਾਨਦਾਰੀ ਕਾਇਰਤਾ ਦੀ ਨਿਸ਼ਾਨੀ ਹੈ … ਮੇਰੀ ਜਾਚੇ ਦੁਨੀਆਂ ਵਿੱਚ ਇਮਾਨਦਾਰ ਲੋਕ ਵਧੇਰੇ ਹਿੰਮਤੀ ਹੁੰਦੇ ਹਨ। ਜੋ ਨਿੱਕੇ ਜਾਂ ਵੱਡੇ ਲਾਲਚਾਂ ਲਈ ਆਪਣਾ ਈਮਾਨ ਨਹੀਂ ਵੇਚਦੇ। ਉਹ ਥੋੜ੍ਹ ਗਿਣਤੀ ਹੋਣ ਦੇ ਬਾਵਜੂਦ ਉਸ ਬੇਈਮਾਨ ਭੀੜ ਦਾ ਹਿੱਸਾ ਨਹੀਂ ਬਣਦੇ ਜੋ ਹੰਕਾਰ ਅਤੇ ਤਾਕਤ ਦੇ ਬੱਲ ‘ਤੇ ਉਹਨਾਂ ਨੂੰ ਮਸਲਣ ਲਈ ਤਿਆਰ ਰਹਿੰਦੀ ਹੈ।
ਇਤਿਹਾਸ ਗਵਾਹ ਹੈ ਇਮਾਨਦਾਰ ਜਾਂ ਸੱਚ ਨਾ ਖੜ੍ਹਨ ਵਾਲਿਆਂ ਨੂੰ ਹਮੇਸ਼ਾ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੈ। ਇਮਾਨਦਾਰ ਬੰਦਾ ਹਾਲਾਤ ਨਾਲ ਜੂਝਣ ਦੀ ਸਮਰੱਥਾ ਰੱਖਦਾ ਹੈ। ਬਿਨਾਂ ਕਿਸੇ ਨਾਲ ਜ਼ਿੱਦ, ਜ਼ੋਰ ਜਾਂ ਜ਼ਬਰਦਸਤੀ ਕੀਤੇ ਉਹ ਢੁੱਕਵੇਂ ਸਮੇਂ ਦੀ ਉਡੀਕ ਕਰਦਾ ਹੈ। ਪਰ ਜੇ ਉਸਦਾ ਅਜਿਹਾ ਵਿਵਹਾਰ ਉਸਦੇ ਕਮਜ਼ੋਰ ਜਾਂ ਕਾਇਰ ਹੋਣ ਦੀ ਨਿਸ਼ਾਨੀ ਹੈ ਤਾਂ ਇਹ ਦਾਅਵਾ ਹੀ ਬੇਤੁਕਾ ਹੈ। ਜਿੱਦ ਦੇ ਜ਼ੋਰ ਤੇ ਲੋਕ ਮਨੁੱਖ ਹੋ ਕੇ ਮਨੁੱਖੀ ਭਾਵਨਾਵਾਂ ਦਾ ਸ਼ਰੇਆਮ ਘਾਣ ਕਰਦੇ ਨਜ਼ਰ ਆਉਂਦੇ ਹਨ। ਇੱਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਮਨੁੱਖਤਾ ਦੀ ਹਰ ਮਰਿਆਦਾ ਉਲੰਘ ਜਾਂਦੇ ਹਨ। ਅਜਿਹੀ ਹਿੰਮਤ ਅਤੇ ਦਲੇਰੀ ਕਿਸ ਕੰਮ ਦੀ ਜੋ ਕੇਵਲ ਆਪਣੇ ਨਿੱਜੀ ਸਵਾਰਥ ਦੀ ਪੂਰਤੀ ਅਤੇ ਦੂਜਿਆਂ ਦੇ ਨੁਕਸਾਨ ਨੂੰ ਮੁੱਖ ਰੱਖ ਕੀਤੀ ਜਾਵੇ। ਇਮਾਨਦਾਰੀ ਮਨੁੱਖ ਅੰਦਰ ਸਬਰ, ਸੰਤੋਖ ਅਤੇ ਦਇਆ ਦੇ ਗੁਣ ਪੈਦਾ ਕਰਦੀ ਹੈ ਜਦਕਿ ਬੇਈਮਾਨ ਲੋਕ ਵਧੇਰੇ ਹੰਕਾਰੀ ਅਤੇ ਈਰਖਾਲੂ ਹੁੰਦੇ ਹਨ। ਨਿੱਜੀ ਤੌਰ ‘ਤੇ ਮੇਰਾ ਮੰਨਣਾ ਹੈ ਕਿ ਸੱਚ ਬੋਲਣ ਵਾਲੇ ਜਾਂ ਈਮਾਨਦਾਰ ਲੋਕ ਕ੍ਰੋਧਿਤ ਸਾਬਤ ਹੋ ਸਕਦੇ ਹਨ ਪਰ ਥੋਖੇਬਾਜ਼ ਜਾਂ ਬੇਈਮਾਨ ਨਹੀਂ। ਜਦਕਿ ਝੂਠੇ ਜਾਂ ਬੇਈਮਾਨ ਲੋਕ ਕਦੇ ਵੀ ਭਰੋਸੇਯੋਗ ਸਾਬਤ ਨਹੀਂ ਹੋ ਸਕਦੇ। ਖ਼ੈਰ! ਪਾਲੀ ਖ਼ਾਦਿਮ ਹੁਰਾਂ ਦੀਆਂ ਇਹਨਾਂ ਸਤਰਾਂ ਵਿੱਚ ਵੀ ਕੁਝ ਅਜਿਹਾ ਹੀ ਇਸ਼ਾਰਾ ਮਿਲਦਾ ਹੈ।
“ਤੇਰੇ ਨਗਰ ‘ਚ ਵਿਕਦਾ, ਈਮਾਨ ਵੇਖਦਾ ਹਾਂ।�ਹਰ ਆਦਮੀ ‘ਚ ਅੱਜ-ਕੱਲ, ਸ਼ੈਤਾਨ ਵੇਖਦਾ ਹਾਂ।�ਤੁਰ ਨਾ ਲਿਬਾਸ ਪਾ ਕੇ, ਚਾਨਣ ਦਾ ਸ਼ਹਿਰ ਅੰਦਰ,�ਉੱਠਦਾ ਮੈਂ ਸ਼ਹਿਰ ਅੰਦਰ, ਤੂਫ਼ਾਨ ਵੇਖਦਾ ਹਾਂ।”
– ਅਮਰਦੀਪ ਕੌਰ ਮੈਲਬੌਰਨ

Leave a Reply

Your email address will not be published. Required fields are marked *