ਖੁਦਕੁਸ਼ੀ ਤੋਂ ਪਹਿਲਾਂ | khudkushi to pehla

ਬਬਲੀ ਆਪਣੇ ਅਚੇਤ ਮਨ ਨਾਲ ਟੇਬਲ ਤੋਂ ਕਾਪੀ ਪੈੱਨ ਚੱਕ ਕੇ ਕੁਝ ਲਿਖਣ ਲੱਗਦੀ ।ਉਸੇ ਮਨ ਵਿਚ ਪਤਾ ਨਹੀਂ ਕਿੰਨੇ ਵਿਚਾਰਾਂ ਦੀ ਲੜੀ ਚੱਲ ਰਹੀ ਸੀ ।ਅੱਖਾਂ ਵਿਚੋਂ  ਹੰਝੂ ਲਗਾਤਾਰ ਵਹਿ ਰਹੇ ਸੀ ।

ਬਬਲੀ ਸੋਚਾਂ ਵਿੱਚ ਕੁਝ ਸਾਲ ਪਿੱਛੇ ਚੱਲ ਜਾਦੀ ।ਫਿਰ ਸੋਚਦੀ-ਸੋਚਦੀ  ਲਿਖਣ  ਲੱਗਦੀ ।ਰੱਬਾ ਕੀ ਗੁਨਾਹ ਸੀ ਮੇਰਾ ਕੁਝ ਦੱਸ ਤਾਂ ਦਿੰਦਾ ।ਸਭ ਦੀ ਕਿਸਮਤ ਵਿੱਚ ਕੋਈ ਨਾ ਕੋਈ ਪਿਆਰ ਕਰਨ ਵਾਲਾ ਜਾਂ ਕੋਈ ਸਮਝਣ ਵਾਲਾ ਹੁੰਦਾ ।ਪਰ ਤੂੰ ਮੇਰੀ ਕਿਸਮਤ ਲਿਖਣ ਲੱਗਾ ਕਿਹੜੀ ਡੰਘੀ ਸੋਚ ਵਿਚ ਖੁੱਭ ਗਿਆ ਸੀ । ਸਭ ਨੂੰ ਲੱਗਦਾ ਕਿ ਪਿਓ ਦੇ ਸਾਏ ਵਿੱਚ ਬੱਚੇ ਸੁਰੱਖਿਅਤ ਰਹਿੰਦੇ ।ਫਿਰ ਮੇਰੇ ਪਿਓ ਦੇ ਦਿਲ ਚ ਕਦੇ ਉਹ ਪਿਆਰ ਕਿਉਂ ਨਹੀਂ ਆਇਆ ਕਦੇ ਮੇਰੇ ਲਈ।ਕਿਉਂ  ਉਸਦੇ ਜ਼ਹਿਰ ਵਰਗੇ ਸ਼ਬਦ ਮੈਨੂੰ ਪਲ ਪਲ ਮਾਰਦੇ ।

ਉਸਦਾ ਸਭ ਨੂੰ ਪੁੱਤ ,ਪੁੱਤ ਕਹਿ ਪਿਆਰ ਜਤਾਉਣਾ  ਅਤੇ ਮੇਰੇ ਲਈ ਨਫਰਤ ਉਗਲਣਾ ਹੁੰਦਾ।ਇੰਨਾ ਫਰਕ  ਸਿਰਫ ਤੇਰੀ ਦਿੱਤੀ ਇੱਕ ਬਿਮਾਰੀ ਕਰ ਕੇ ਹੈ ਜਾਂ ਕਿਸੇ ਹੋਰ ਵਜਾ ਕਰਕੇ ਪਤਾ ਨਹੀਂ ।

ਪਰ ਖੁਦ ਦੇ ਦਰਦ ਨੂੰ ਸਭ ਤੋਂ ਲੁਕਾਉਣ ਲਈ ਗੁਰੂ ਘਰ ਜਾ ਕੇ ਰੋ ਰੋ ਫਰਿਆਦ ਕਰ ਆਉਦੀ ਕਿ ਮੈਨੂੰ  ਠੀਕ ਕਰ ਦੇ । ਪਰ ਪਤਾ ਨਹੀਂ ਕਿਉਂ ਤੂੰ ਕਦੀ ਮੇਰੀ ਅਰਦਾਸ ਨਹੀਂ ਸੁਣਦਾ ।ਮੈਂ ਸਭ ਵਾਂਗੂੰ  ਦੌਲਤ ,ਸੌਹਰਤ ਜਾਂ ਹੋਰ ਕੁਝ ਤਾਂ ਨਹੀਂ ਮੰਗਿਆ ,ਸਿਰਫ ਖੁਸ਼ੀ ਹੀ ਤਾਂ ਮੰਗੀ ।

ਫਿਰ ਸੁਣਿਆ ਸੀ ਕਿ ਗੁਰਬਾਣੀ ਸਾਰੇ ਦੁੱਖਾਂ ਨੂੰ ਹਰ ਲੈਂਦੀ  ।ਮੈਂ ਗੁਰਬਾਣੀ ਦਾ ਸਿਮਰਨ ਵੀ ਕਰਨ ਲੱਗੀ ।ਕੁਝ ਪਲ ਲਈ ਮਨ ਨੂੰ ਸ਼ਾਤੀ ਅਤੇ ਹਿੰਮਤ ਮਿਲਦੀ ।ਪਰ ਪਿਓ ਦੇ ਜ਼ਹਿਰੀਲੇ ਸ਼ਬਦ ਜਦ ਵੀ ਕੰਨਾਂ ਵਿੱਚ ਗੂੰਜਦੇ ਤਾਂ ਦਿਲ ਕਰਦਾ ਕਿ ਉਸੇ ਪਲ ਮਰ ਜਾਵਾਂ ।ਪਰ ਕਿਥੇ ,ਤੇਰੀ ਮਰਜ਼ੀ ਬਿਨਾਂ ਤਾਂ ਮੌਤ ਵੀ ਨਹੀਂ ਆਉਦੀ ।ਉਹ  ਸਾਰੀ ਰਾਤ ਇਦਾਂ ਸੋਚਦੀ ਦੀ ਰੋ ਕੇ ਲੰਘ ਜਾਂਦੀ ।
 
ਫਿਰ ਹਿੰਮਤ ਕਰ ਜ਼ਿੰਦਗੀ ਨੂੰ ਲੀਹ ਤੇ ਲਿਆਉਣ ਦੀ ਕੋਸ਼ਿਸ਼ ਕਰਦੀ ਤਾਂ ਪਿਓ ਨੇ ਫਿਰ ਸ਼ਰਾਬ ਦੇ ਨਸ਼ੇ ਵਿੱਚ ਜੋ ਦਿਲ ਆਉਣਾ ਬੋਲੀ ਜਾਣਾ ।ਇਕ ਬੋਲ ਤਾਂ ਬੜਾ ਅਜੀਬ ਲੱਗਦਾ ਸੀ ਮਨ ਨੂੰ ।ਜਦ ਕਹਿੰਦੇ ਸੀ ਤੂੰ ਸਾਡੇ ਘਰ ਦੀਆਂ ਖੁਸ਼ੀਆਂ ਖੋਹਣ ਆਈ ਏ ।ਇਹਨੇ ਮਰਨਾ ਵੀ ਨਹੀਂ ਤੇ ਕਦੇ ਸਾਨੂੰ ਖੁਸ਼ੀ ਦਾ ਮੂੰਹ ਨਹੀਂ ਦੇਖਣ ਦੇਣਾ ।

ਰੱਬਾ ਖੁਸ਼ੀਆਂ ਦੇਣੀਆਂ ਤਾਂ ਤੇਰੇ ਹੱਥ ਹਨ ।ਫਿਰ ਮੈਨੂੰ ਖੁਸ਼ੀ ਦੇਣੀ ਕਿਉਂ ਭੁੱਲ ਗਿਆ ।ਮੈਂ ਇਸ ਘਰ ਦੀਆਂ ਖੁਸ਼ੀਆ ਕਿਦਾਂ ਖੋਹੀਆਂ ,ਸਭ ਕੁਝ ਇਹਨਾਂ ਕੋਲ ਹੈ ਫਿਰ ਵੀ ਮੈਨੂੰ ਕਿਉਂ ਖੁਸ਼ੀਆਂ ਖੋਹਣ ਦੀ ਵਜਾ ਦੱਸਦੇ ਹਨ ।

ਪਿਓ ਦੇ ਇਹ ਬੋਲ ਮੇਰੀ  ਜ਼ਿੰਦਗੀ ਜੀਊਣ ਦੀ ਸਾਰੀ ਹਿੰਮਤ ਫਿਰ ਤੋੜ ਦਿੰਦੇ ।ਫਿਰ ਸਾਰੀ ਰਾਤ  ਪਾਗਲਾਂ ਤਰ੍ਹਾਂ ਰੋਦੀ । ਸਵੇਰ ਹੁੰਦਿਆਂ  ਦੁਆ ਕਰਦੀ ਕਿ ਰੱਬਾ ,ਮੈਨੂੰ ਇਸ ਘਰ ਤੋਂ ਬਾਹਰ ਹੀ ਭੇਜ ਦੇ ।ਫਿਰ ਕਦੀ ਵਾਪਸ ਨਹੀਂ ਆਉਦੀ ।ਪਰ ਤੁਸੀਂ ਉਹ ਅਰਜ਼ੀ ਵੀ ਖਾਰਜ ਕਰ ਦਿੰਦੇ ਤਾਂ ਦੂਰ ਕਿਤੇ ਨੌਕਰੀ ਮਿਲਜੇ ਦੀ ਆਸ  ਕਰ ਦਿਨ ਕੱਟਦੀ ।ਪਰ ਮੇਰੀ  ਇਹ ਆਸ ਵੀ ਪੂਰੀ ਨਹੀਂ ਹੁੰਦੀ।

ਇੰਨਾ ਲਿਖਦੇ ਲਿਖਦੇ ਕਾਪੀ ਦਾ ਪੇਜ਼ ਹੰਝੂਆਂ ਨਾਲ ਸਿਲਾ ਹੋ  ਗਿਆ ।ਆਪਣੇ ਅੰਤ ਵੱਲ ਵੱਧਦੀ ਬਬਲੀ ਲਿਖਦੀ,ਕਿ ਰੱਬਾ ਖੁਦਕੁਸ਼ੀ ਕਰਨਾ ਆਸਾਨ ਨਹੀਂ ਹੁੰਦਾ ਕਿਸੇ ਸੀਮਾ ਤੋਂ ਵੀ ਪਾਰ ਦਰਦ ਸਹਿਣਾ ਪੈਂਦਾ।ਖੁਦਕੁਸ਼ੀ ਤੋਂ ਪਹਿਲਾਂ ਪਲ ਪਲ ਜਿਊਂਦੇ ਰਹਿ ਕੇ ਵੀ ਪਲ ਪਲ ਮਰਨਾ ਪੈਂਦਾ ।ਬਬਲੀ ਪੇਜ਼ ਉੱਪਰ ਹੀ ਸਿਰ ਸੁੱਟ ਸਦਾ ਲਈ ਜ਼ਿੰਦਗੀ ਨੂੰ ਅਲਵਿਦਾ ਕਹਿ ਜਾਂਦੀ।
  (ਕਿਸੇ ਦੀ ਮਜਬੂਰੀ ਜਾਂ ਸਮੱਸਿਆ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ।ਤਾਂ ਕਿ ਉਹ ਹੋਰ ਜਿਆਦਾ ਮਾਯੂਸ ਨਾ ਹੋਵੇ ।ਪਰ ਜਦ ਸਭ ਉਸ ਨੂੰ ਕੁਝ ਨਾ ਕੁਝ ਕਹਿੰਦੇ ਰਹਿੰਦੇ ਹਨ ਤਾਂ ਉਹ ਇਨਸਾਨ ਟੁੱਟ ਕੇ ਅਜਿਹਾ ਕਦਮ ਚੁੱਕਦਾ ।ਜੇ ਕਿਸੇ ਦੀ ਸਮੱਸਿਆ ਨੂੰ ਸਮਝ ਕੇ ਉਸਦੀ ਮਦਦ ਨੀ ਕਰ ਸਕਦੇ ਤਾਂ ਚੁੱਪ ਤਾਂ ਰਹਿ ਸਕਦੇ ।)

Leave a Reply

Your email address will not be published. Required fields are marked *