ਸੰਦੀਪ ਦੇ ਵਿਆਹ ਨੂੰ ਕੁਝ ਮਹੀਨੇ ਹੀ ਹੋਏ ਸੀ ।ਸਹੁਰੇ ਘਰ ਵਿੱਚ ਸੰਦੀਪ ਦੇ ਸਾਰੇ ਤਿਓਹਾਰ ਪਹਿਲੇ ਪਹਿਲੇ ਸੀ ।ਸਾਉਣ ਦਾ ਮਹੀਨਾ ਚੜ੍ਹਨ ਵਾਲਾ ਸੀ ।ਸੰਦੀਪ ਨੂੰ ਸਾਉਣ ਮਹੀਨੇ ਦਾ ਬੇਸਬਰੀ ਨਾਲ ਇੰਤਜ਼ਾਰ ਸੀ ।ਕਿ ਕਦ ਸਾਉਣ ਮਹੀਨਾ ਆਵੇਗਾ ਤਾਂ ਮੈਂ ਆਪਣੇ ਪੇਕੇ ਘਰ ਕੁਝ ਦਿਨ ਲਾ ਕੇ ਆਵਾਂਗੀ ।ਇਸ ਮਹੀਨੇ ਸਾਰੀਆਂ ਵਿਆਹੀਆਂ ਕੁੜੀਆਂ ਪੇਕੇ ਘਰ ਆਈਆਂ ਹੋਣਗੀਆਂ ਤੇ ਮੈਂ ਉਹਨਾਂ ਸਭ ਨੂੰ ਮਿਲ ਕੇ ਆਊਗੀ ।
ਸਾਉਣ ਮਹੀਨਾ ਚੜ੍ਹ ਗਿਆ ।ਚਾਰ ਕ ਦਿਨਾਂ ਬਾਅਦ ਸੰਦੀਪ ਦਾ ਭਰਾ (ਲਾਡੀ )ਸਾਉਣ ਦੇਣ ਲਈ ਗਿਆ ।ਪਹਿਲਾਂ ਸਾਉਣ ਹੋਣ ਕਰਕੇ ਉਹ ਸੰਦੀਪ ਦੇ ਸਾਰੇ ਪਰਿਵਾਰ ਦੇ ਕੱਪੜੇ ,ਬਿਸਕੁਟ ,ਮਠਿਆਈ ਅਤੇ ਫਲ ਲੈ ਕੇ ਆਇਆਂ ।ਉਹ ਵੀ ਬਹੁਤ ਖੁਸ਼ ਸੀ ਕਿ ਸੰਦੀਪ ਭੈਣ ਨੂੰ ਨਾਲ ਲੈ ਕੇ ਜਾਊਗਾ ।ਕੁਝ ਦਿਨ ਫਿਰ ਪਹਿਲਾਂ ਵਾਂਗ ਮਿਲ ਕੇ ਗੱਲਾਂ ਕਰਾਂਗੇ । ਕੁਝ ਸਮਾਂ ਰਹਿਣ ਮਗਰੋਂ ਜਦ ਉਸ ਨੇ ਸੰਦੀਪ ਨੂੰ ਕਿਹਾ ,ਚੱਲੀਏ ਭੈਣੇ ।ਸੰਦੀਪ ਦੀ ਸੱਸ ਕਹਿੰਦੀ,ਦੇਖ ਪੁੱਤ ਮੇਰੇ ਦੁੱਖਦੇ ਗੋਡੇ ,ਮੇਰੇ ਤੋਂ ਕੰਮ ਨਹੀਂ ਜੇ ਹੁੰਦਾ । ਨਵੂ ਦੇ ਟੈਸਟ ਚੱਲਦੇ ਉਹ ਨੀ ਕੰਮ ਕਰ ਸਕਦੀ । ਨਵੂ ਸੰਦੀਪ ਦੀ ਛੋਟੀ ਨਨਾਣ ਸੀ ।ਮੇਰੀ ਵੱਡੀ ਕੁੜੀ ਨੇ ਮਸੀਂ ਸਾਡੇ ਕੋਲ ਚਾਰ ਦਿਨ ਲਾਉਣ ਆਉਣਾ ਏ ।ਇਹਨੂੰ ਬਾਅਦ ਵਿਚ ਭੇਜਦਾਂਗੇ ਉਦੋਂ ਮਿਲ ਆਊਗੀ ।
ਸੰਦੀਪ ਦਾ ਮਨ ਕਰੇ ਕੇ ਉਹ ਭਰਾ ਨੂੰ ਕਲਾਵੇ ਵਿੱਚ ਲੈ ਕੇ ਰੋਵੇ ।ਪਰ ਉਹ ਸਭ ਦੇ ਸਾਹਮਣੇ ਕੁਝ ਨਾ ਬੋਲ ਸਕੀ ।ਭਰਾ ਨੇ ਭੈਣ ਨੂੰ ਪਿਆਰ ਦਿੱਤਾ ਤੇ ਇਕੱਲਾ ਹੀ ਘਰ ਵਾਪਸੀ ਲਈ ਤੁਰ ਪਿਆ । ਸੰਦੀਪ ਆਪਣੇ ਕਮਰੇ ਵਿੱਚ ਜਾ ਕੇ ਬਹੁਤ ਰੋਈ ।ਰੋਦੀਂ ਰੋਦੀਂ ਸੰਦੀਪ ਆਪਣੀ ਮਾਂ ਨੂੰ ਫੋਨ ਲਗਾ ਲੈਂਦੀ ।ਮਾਂ ਦੇ ਪੁੱਛਣ ਉੱਤੇ ਸੰਦੀਪ ਸਾਰੀ ਗੱਲ ਦੱਸਦੀ ,ਤਾਂ ਮਾਂ ਕਹਿੰਦੀ ਕੋਈ ਨਾ ਪੁੱਤ,ਕਮਲੇ ਨੀ ਬਣੀਦਾ ਹੁੰਦਾ ।ਹੁਣ ਸਾਰੀ ਉਮਰ ਕੱਟਣੀ,ਹੁਣ ਇਹੀ ਤੇਰਾ ਅਸਲੀ ਘਰ ਆ ।ਜੇ ਹੁਣ ਚਾਰ ਦਿਨ ਸਾਡੇ ਕੋਲ ਲਾ ਵੀ ਜਾਵੇਗੀ ਤਾਂ ਫਿਰ ਵੀ ਜਾਣਾ ਤਾਂ ਉਸੇ ਘਰ ਹੀ ਪੈਣਾ ।ਕਿਉਂ ਮਨ ਹੌਲਾ ਕਰਦੀ ਏ ।ਕਦੀ ਆ ਕੇ ਮਿਲ ਜਾਵੀਂ ਨਹੀਂ ਅਸੀਂ ਆ ਕੇ ਮਿਲਜਾਂਗੇ ।ਮਾਂ ਨਾਲ ਗੱਲ ਕਰਕੇ ਸੰਦੀਪ ਨੂੰ ਕੁਝ ਧਰਵਾਸ ਮਿਲਿਆ ।ਸੰਦੀਪ ਮਾਂ ਨੂੰ ਕਹਿੰਦੀ ,ਮੈਂਨੂੰ ਲੱਗਦਾ ਮੈਂ ਗਲਤੀ ਕਰਲੀ ਵਿਆਹ ਕਰਵਾ ਕੇ ।ਮਾਂ ਹੱਸ ਕੇ ਕਹਿੰਦੀ ,ਹੈ ਕਮਲੀ ,ਸਾਰੀ ਦੁਨੀਆਂ ਵਿਆਹ ਕਰਵਾਉਦੀ ਆਈ ਆ ।ਸੰਦੀਪ ਰੁੱਕ ਕੇ ਭਰੇ ਮਨ ਨਾਲ ਕਹਿੰਦੀ ,ਮਾਂ ਗਲਤੀ ਵੀ ਤਾਂ ਸਾਰੀ ਦੁਨੀਆਂ ਹੀ ਕਰਦੀ ਆਈ ਕੁੜੀਆਂ ਨੂੰ ਵਿਆਹੁਣ ਦੀ ?ਕਿਉਂ ਨਹੀਂ ਆਪਣੇ ਘਰ ਰੱਖ ਸਕਦੇ ਸਾਨੂੰ ।ਮਾਂ ਬੋਲਦੀ ,ਕੀ ਕਮਲੀਆਂ ਮਾਰੀ ਜਾਂਦੀ ਏ ਅੱਜ ? ਸੰਦੀਪ ਨੇ ਕਿਹਾ ,ਮਾਂ ਕਮਲੀਆ ਨਹੀਂ ਮਾਰਦੀ । ਮਾਂ ਕੁੜੀਆਂ ਪਰਾਈਆਂ ਕਿਉਂ ਹੋ ਜਾਂਦੀਆਂ ।ਜਿਥੇ ਵੀਹ ਪੱਚੀ ਸਾਲ ਗੁਜ਼ਾਰੇ ਹੁੰਦੇ ,ਜਿਸ ਘਰ ਦੀ ਸੁੱਖ ਮੰਗਦੀਆਂ ਸਦਾ ,ਜਿਸ ਘਰ ਨੂੰ ਰੀਝਾਂ ਨਾਲ ਵੀਹ ਸਾਲ ਸੰਵਾਰਦੀਆਂ ,ਜਿਸ ਘਰ ਦੀ ਹਰ ਸੈਅ ਨੂੰ ਰੂਹ ਵਿਚ ਵਸਾਉਦੀਆਂ । ਕਿਉਂ ਵਿਆਹ ਤੋਂ ਮਗਰੋਂ ਉਸ ਘਰ ਵਿਚ ਜਾਣ ਲਈ ਕਿਸੇ ਤੋਂ ਆਗਿਆ ਲੈਣੀ ਪੈਂਦੀ ।ਸਹੁਰਿਆਂ ਅੱਗੇ ਦੋ ਚਾਰ ਦਿਨ ਪੇਕੇ ਘਰ ਲਗਾਉਣ ਲਈ ਤਰਲੇ ਕੱਢਣੇ ਪੈਂਦੇ ।ਸੰਦੀਪ ਦੀਆਂ ਗੱਲਾਂ ਸੁਣ ਮਾਂ ਦਾ ਵੀ ਮਨ ਭਰ ਆਇਆਂ ।ਮਾਂ ਸਮਝਾਉਦੀ ਕਹਿੰਦੀ ,ਕੋਈ ਨਾ ਧੀਏ ,ਇਹ ਤਾਂ ਦੁਨੀਆਂ ਦਾ ਦਸਤੂਰ ਆ, ਜੋ ਧੀਆਂ ਹਿੱਸੇ ਹੀ ਆਇਆਂ ।ਸੰਦੀਪ ਆਪਣੀ ਮਾਂ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹੁੰਦੀ ਤੇ ਕੰਮ ਦਾ ਬਹਾਨਾ ਲਾ ਕੇ ਫੋਨ ਕੱਟ ਦਿੰਦੀ ।ਸੰਦੀਪ ਕੁਝ ਸਮਾਂ ਪਈ ਸੋਚਦੀ ਰਹਿੰਦੀ ਤੇ ਫਿਰ ਉੱਠ ਕੇ ਸ਼ਾਮ ਦਾ ਕੰਮ ਕਰਨ ਲੱਗ ਜਾਂਦੀ ।
ਦੋ ਕ ਦਿਨਾਂ ਬਾਅਦ ਸੰਦੀਪ ਦੀ ਵੱਡੀ ਨਨਾਣ ਰਹਿਣ ਲਈ ਆਉਂਦੀ ।ਸੱਸ ਸੰਦੀਪ ਨੂੰ ਉਸ ਦੀ ਪਸੰਦ ਦੀ ਚੀਜ਼ ਬਣਾਉਣ ਲਈ ਫਰਮਾਇਸ਼ਾ ਕਰਦੀ ।ਸੰਦੀਪ ਚੁੱਪ ਚਾਪ ਕੰਮ ਕਰਦੀ ਰਹਿੰਦੀ ।ਪੂਰੇ ਸਾਉਣ ਮਹੀਨੇ ਸੰਦੀਪ ਦਾ ਸਹੁਰੇ ਘਰ ਮਨ ਨਹੀਂ ਲੱਗਾ ।ਸੰਦੀਪ ਦੀ ਨਨਾਣ ਵਾਪਸ ਚੱਲ ਗਈ।
ਫਿਰ ਰੱਖੜੀ ਦੀ ਵਾਰੀ ਆਈ ।ਸੰਦੀਪ ਨੇ ਪਹਿਲੀ ਵਾਰ ਆਪਣੇ ਭਰਾ ਦੇ ਰੱਖੜੀ ਬੰਨਣ ਜਾਣਾ ਸੀ । ਸੰਦੀਪ ਨੇ ਆਪਣੀ ਨਨਾਣ ਨੂੰ ਫੋਨ ਕੀਤਾ ਕਿ ਦੀਦੀ ਜੀ ਤੁਸੀਂ ਟਾਈਮ ਨਾਲ ਆ ਜਾਓ ਫਿਰ ਅਸੀਂ ਵੀ ਰੱਖੜੀ ਬੰਨਣ ਜਾਣਾ ਜਾਂ ਮੈਂ ਪਹਿਲਾਂ ਬੰਨ ਆਵਾਂ ਕਿਉਂਕਿ ਮੇਰੇ ਵੀਰ ਨੂੰ ਰੱਖੜੀ ਲਈ ਦੋ ਘੰਟੇ ਦੀ ਹੀ ਛੁੱਟੀ ਮਿਲਦੀ ।ਨਨਾਣ ਨੇ ਕਿਹਾ ਕਿ ਭਾਬੀ ਪਹਿਲਾਂ ਮੈਂ ਰੱਖੜੀ ਬੰਨਣੀ ਆ ,ਤੁਸੀਂ ਬਾਅਦ ਵਿਚ ਬੰਨ ਆਉਣਾ ।ਸੰਦੀਪ ਉਡੀਕ ਕਰਦੀ ਰਹੀ ਜਦ ਵੱਡੀ ਨਨਾਣ ਜਲਦੀ ਨਾ ਆਈ ਤਾਂ ਸੰਦੀਪ ਨੇ ਸੱਸ ਨੂੰ ਕਿਹਾ ਕਿ ਮੰਮੀ ਜੀ ਦੀਦੀ ਨਹੀਂ ਆਏ ,ਕਿਉਂ ਨਾ ਮੈਂ ਉਹਨੇ ਸਮੇਂ ਵਿੱਚ ਵੀਰ ਜੀ ਨੂੰ ਭੱਜ ਕੇ ਰੱਖੜੀ ਬੰਨ ਆਵਾਂ ।ਪਰ ਸੱਸ ਨੇ ਜਵਾਬ ਦਿੱਤਾ ਕਿ ਕੀ ਇੱਜ਼ਤ ਰਹਿਜੂ ਮੇਰੀ ਧੀ ਦੀ ,ਜਵਾਈ ਨਾਲ ਆਇਆ ਕੀ ਸੋਚੂ ਵੀ ਸਾਡੀ ਉਡੀਕ ਨੀ ਕਰ ਸਕਦੇ ਸੀ ।ਸਾਡੀ ਨੱਕ ਵੱਡੀ ਜਾਊ ,ਜੇ ਇਦਾਂ ਬਿਨਾਂ ਉਡੀਕ ਕੀਤੇ ਗਈ ।ਸੰਦੀਪ ਕੌੜਾ ਘੁੱਟ ਭਰ ਕੇ ਬੈਠ ਗਈ ।ਸੰਦੀਪ ਦੇ ਭਰਾ(ਲਾਡੀ) ਦੀ ਦੋ ਘੰਟੇ ਦੀ ਛੁੱਟੀ ਖਤਮ ਹੋਣ ਮਗਰੋਂ ਨਨਾਣ ਆਈ ਪਰ ਹੁਣ ਕੀ ਹੋ ਸਕਦਾ ਸੀ। ਸੰਦੀਪ ਫਿਰ ਨਨਾਣ ਨਣਦੋਈਏ ਦੀ ਸੇਵਾ ਵਿੱਚ ਲੱਗ ਗਈ। ਚਾਹ ਪਾਣੀ ਦੇਣ ਮਗਰੋਂ ਸੰਦੀਪ ਭਰਾ ਨੂੰ ਫੋਨ ਕਰਦੀ ਤੇ ਤਰਲੇ ਭਰੀ ਅਵਾਜ਼ ਵਿਚ ਕਹਿੰਦੀ ,ਲਾਡੀ ਵੀਰੇ ਅੱਜ ਤੱਕ ਤਾਂ ਮੈਂ ਸਵੇਰੇ ਹੀ ਤੁਹਾਨੂੰ ਰੱਖੜੀ ਬੰਨਦੀ ਸੀ ਪਰ ਇਸ ਵਾਰ ਮੇਰੇ ਤੋਂ ਆ ਨਹੀਂ ਹੋਇਆ ।ਮੈਂ ਆਉਣਾ ਸੀ ਅੱਜ ਪਰ ਦੀਦੀ ਜੀ ਆਉਣ ਕਰਕੇ ਨਹੀਂ ਆ ਸਕਦੀ।ਹੁਣ ਤਾਂ ਰੱਖੜੀ ਪੋਸਟ ਵੀ ਨਹੀਂ ਹੋਣੀ । ਤੁਸੀਂ ਕੁਝ ਸਮਾਂ ਕੱਢ ਕੇ ਮੇਰੇ ਕੋਲ ਆ ਕੇ ਰੱਖੜੀ ਬੰਨਵਾ ਜਾਓ ,ਪਲੀਜ ।ਭਰਾ ਫੋਨ ਤੇ ਹੀ ਸੰਦੀਪ ਦੀ ਉਦਾਸੀ ਸਮਝ ਗਿਆ ਸੀ ।ਹੌਸਲਾ ਦਿੰਦਾ ਕਹਿੰਦਾ ,ਕਿਉਂ ਉਦਾਸ ਹੁੰਦੀ ਏ ਕਮਲੀਏ , ਸੰਦੀਪ ਨੂੰ ਹਸਾਉਣ ਲਈ ਕਹਿੰਦਾ ,ਜੋ ਹੁਕਮ ਮੇਰੇ ਆਕਾ ।ਲਾਡੀ ਕੁਝ ਸਮੇਂ ਵਿੱਚ ਸੰਦੀਪ ਕੋਲ ਪਹੁੰਚਣ ਦਾ ਵਾਅਦਾ ਕਰ ਫੋਨ ਰੱਖ ਦਿੰਦਾ ।ਭਰਾ ਨਾਲ ਗੱਲ ਕਰਕੇ ਸੰਦੀਪ ਦੇ ਮਨ ਨੂੰ ਚੈਨ ਮਿਲਦਾ ।ਕੁਝ ਸਮੇਂ ਬਾਅਦ ਹੀ ਭਰਾ ਸੰਦੀਪ ਤੋਂ ਰੱਖੜੀ ਬੰਨਵਾਉਣ ਆ ਜਾਂਦਾ ,ਜਿਸ ਨੂੰ ਦੇਖ ਕੇ ਸੰਦੀਪ ਨੂੰ ਚਾਅ ਚੜ੍ਹ ਜਾਂਦਾ । ਰੱਖੜੀ ਬੰਨਣ ਮਗਰੋਂ ਜਦ ਵੀਰ ਤੋਹਫ਼ਾ ਦੇਣ ਲਈ ਜੇਬ ਚ ਹੱਥ ਪਾਉਦਾ ਤਾਂ ਸੰਦੀਪ ਉਸ ਨੂੰ ਰੋਕਦੀ ਕਹਿੰਦੀ ,ਵੀਰ ਮੈਨੂੰ ਇਸ ਵਾਰ ਕੁਝ ਖਾਸ ਤੋਹਫਾ ਚਾਹੀਦਾ ।ਭਰਾ ਹੱਸਦਾ ਕਹਿੰਦਾ,ਤੇਰੇ ਲਈ ਤਾਂ ਜਾਨ ਵੀ ਹਾਜ਼ਰ ਆ ,ਦੱਸ ਕੀ ਲੈਣਾ ? ਮਨ ਭਰ ਕੇ ਕਹਿੰਦੀ ਵੀਰੇ ਮੇਰੀ ਜਾਨ ਤਾਂ ਖੁਦ ਤੇਰੇ ਚ ਵੱਸਦੀ ਆ, ਮੈਂ ਤੇਰੀ ਜਾਨ ਕੀ ਕਰਨੀ ।ਮੈਨੂੰ ਇਕ ਵਾਅਦਾ ਚਾਹੀਦਾ , ਲਾਡੀ ਬੋਲਿਆਂ ਕੀ? ਸੰਦੀਪ ਲਾਡੀ ਦਾ ਹੱਥ ਫੜ੍ਹ ਕੇ ਕਹਿੰਦੀ ,ਵਾਅਦਾ ਕਰ ਜੇ ਕਦੇ ਰੱਖੜੀ ਤੇ ਮੈਂ ਨਾ ਆ ਸਕਾ ਤਾਂ ਵੀਰੇ ਮੇਰੇ ਕੋਲ ਖੁਦ ਰੱਖੜੀ ਬੰਨਵਾਉਣ ਆ ਜਾਇਆ ਕਰੀ ।ਵੈਸੇ ਤਾਂ ਭੈਣਾਂ ਹੀ ਰੱਖੜੀ ਬੰਨਣ ਜਾਂਦੀਆਂ ਪਰ ਕੁਝ ਮੇਰੇ ਵਰਗੀਆਂ ਨੂੰ ਜਾਨ ਦੀ ਆਗਿਆ ਨਹੀਂ ਮਿਲਦੀ ।ਦੋਵੇਂ ਭੈਣ ਭਰਾ ਇਕ ਦੂਜੇ ਨੂੰ ਗਲਵਕੜੀ ਪਾ ਕੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕਰਨ ਲੱਗੇ ।ਸੰਦੀਪ ਦਾ ਸਿਰ ਪਲੋਸਦੇ ਲਾਡੀ ਨੇ ਜਾਣ ਦੀ ਆਗਿਆ ਲਈ ।
ਕੁਝ ਸਮੇਂ ਬਾਅਦ ਸੰਦੀਪ ਦੀ ਨਨਾਣ ਨਵੂ ਦਾ ਵਿਆਹ ਹੋ ਜਾਂਦਾ ।ਪਹਿਲੇ ਸਾਉਣ ਸਮੇਂ ਜਦ ਸੰਦੀਪ ਦਾ ਪਤੀ ਉਸ ਨੂੰ ਲੈਣ ਜਾਂਦਾ ਤਾਂ ਕੁਦਰਤ ਵਲੋਂ ਹੀ ਉਸ ਦਿਨ ਬਹੁਤ ਮੀਂਹ ਪੈਣ ਲੱਗ ਜਾਂਦਾ ।ਉਸ ਦਿਨ ਹੀ ਨਵੂ ਦੀ ਸੱਸ ਮੀਂਹ ਵਿਚ ਤਿਲਕ ਕੇ ਡਿੱਗ ਪਈ ਅਤੇ ਉਸਦੀ ਲੱਤ ਟੁੱਟ ਗਈ।ਨਵੂ ਨੂੰ ਆਪਣੀ ਸੱਸ ਦੀ ਸੰਭਾਲ ਲਈ ਸਹੁਰੇ ਘਰ ਰੁਕਣਾ ਪੈਂਦਾ । ਭਰਾ ਨੂੰ ਵਾਪਸ ਭੇਜ ਨਵੂ ਦਾ ਮਨ ਵੀ ਉਦਾਸ ਹੋ ਜਾਂਦਾ ।ਨਵੂ ਨੂੰ ਅਹਿਸਾਸ ਹੁੰਦਾ ਕਿ ਜਿਸ ਤਰ੍ਹਾਂ ਮੈਨੂੰ ਬੁਰਾ ਲੱਗ ਰਿਹਾ ਉਸ ਤਰ੍ਹਾਂ ਸੰਦੀਪ ਭਾਬੀ ਨੂੰ ਵੀ ਬੁਰਾ ਲੱਗਾ ਹੋਣਾ ।ਜਦ ਕੰਮ ਕਰਨ ਤੋਂ ਪਾਸਾ ਵੱਟਦੇ ਹੋਏ ਦੀਦੀ ਦਾ ਬਹਾਨਾ ਲੱਗਾ ਕੇ ਅਸੀਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਸੀ । ਜੇ ਮੈਂ ਉਸ ਸਮੇਂ ਭਾਬੀ ਦੇ ਹੱਕ ਵਿੱਚ ਖੜਦੀ ਤਾਂ ਉਹ ਵੀ ਉਦੋਂ ਸਾਉਣ ਵਿਚ ਜਾ ਸਕਦੇ ਸੀ ।
ਨਵੂ ਬਹੁਤ ਪਛਤਾਉਦੀ ਕਿ ਇਸ ਗੱਲ ਦਾ ਅਹਿਸਾਸ ਮੈਨੂੰ ਪਹਿਲਾਂ ਕਿਉਂ ਨਹੀਂ ਹੋਇਆ ।ਫਿਰ ਨਵੂ ਆਪਣਾ ਫੋਨ ਚੱਕਦੀ ਅਤੇ ਸੰਦੀਪ ਨੂੰ ਫੋਨ ਲਗਾਉਦੀ ।ਫੋਨ ਲਗਾ ਕੇ ਨਵੂ ਆਪਣੀ ਗਲਤੀ ਲਈ ਮਾਫੀ ਮੰਗਦੀ ।ਸੰਦੀਪ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕਿਸ ਗੱਲ ਦੀ ਮਾਫੀ ਮੰਗਦੀ ।ਨਵੂ ਸੰਦੀਪ ਨੂੰ ਦੱਸਦੀ ਕਿ ਭਾਬੀ ਤੁਹਾਡੀ ਹਾਲਤ ਦਾ ਅਹਿਸਾਸ ਮੈਨੂੰ ਵਿਆਹ ਕਰਵਾ ਕੇ ਹੋਇਆ ਕਿ ਜਦ ਤੁਹਾਨੂੰ ਪੇਕੇ ਜਾਣ ਤੋਂ ਰੋਕਿਆ ਜਾਂਦਾ ਸੀ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੋਵੇਗਾ ।ਮੈਨੂੰ ਕਿਸੇ ਨੇ ਜਾਣ ਤੋਂ ਰੋਕਿਆ ਨਹੀਂ ਪਰ ਮੈਨੂੰ ਫਿਰ ਵੀ ਰੁਕਣ ਤੇ ਬੁਰਾ ਲੱਗ ਰਿਹਾ ।ਅਸੀਂ ਤਾਂ ਤੁਹਾਨੂੰ ਜਾਣ ਬੁਝ ਕੇ ਨਹੀਂ ਜਾਣ ਦਿੰਦੇ ।ਨਵੂ ਮਾਫੀ ਮੰਗਦੀ ਕਹਿੰਦੀ, ਕਿ ਭਾਬੀ ਹੁਣ ਆਪਾਂ ਮਿਲ ਕੇ ਰਹਾਂਗੀਆ । ਮੇਰੇ ਆਉਣ ਤੇ ਤੁਸੀਂ ਵੀ ਸਾਉਣ ਮਹੀਨੇ ਵਿੱਚ ਜਰੂਰ ਆਪਣੇ ਪੇਕੇ ਘਰ ਜਾਇਆ ਕਰੋਗੇ ।ਸੰਦੀਪ ਨਾਲ ਗੱਲ ਕਰਕੇ ਨਵੂ ਦਾ ਮਨ ਹਲਕਾ ਹੋ ਗਿਆ।ਨਵੂ ਨੂੰ ਲੱਗ ਰਿਹਾ ਸੀ ਜਿਵੇਂ ਚਿਰਾਂ ਤੋਂ ਸਿਰ ਚੜਿਆ ਕੋਈ ਬੋਝ ਉਤਰ ਗਿਆ ਹੋਵੇ ।