ਮਰੂੰਡਾ | marunda

#ਪੁਰਾਣੀਆਂ_ਗੱਲਾਂ
“ਸਾਡੇ ਪਿੰਡ ਮਰੂੰਡਾ ਬਹੁਤ ਵਿਕਦਾ ਸੀ। ਹੱਟੀ ਤੋਂ ਰੂੰਗਾ ਵੀ ਮਰੂੰਡੇ ਯ ਖਿੱਲਾਂ ਦਾ ਮਿਲਦਾ ਸੀ। ਮੈਂ ਵੀ ਮਰੂੰਡਾ ਬਹੁਤ ਚਾਅ ਨਾਲ ਖਾਂਦੀ ਸੀ।” ਇੱਕ ਦਿਨ ਮੇਰੀ ਮਾਂ ਆਪਣੇ ਬਚਪਨ ਦੀਆਂ ਗੱਲਾਂ ਸਣਾਉਂਦੀ ਹੋਈ ਨੇ ਕਿਹਾ। “ਪੈਸੇ ਦੇ ਮਰੂੰਡੇ ਨਾਲ ਰੱਜ ਆ ਜਾਂਦਾ ਸੀ।” ਸ਼ਾਇਦ ਉਹ ਦੀਵਾਲੀ ਦੇ ਦਿਨ ਜਿਹੇ ਸਨ। ਪਾਪਾ ਜੀ ਦੱਸ ਰੁਪਏ ਦਾ ਮਰੂੰਡਾ ਲਿਆਏ ਵਾਹਵਾ ਸਾਰਾ। ਮੇਜ਼ ਤੇ ਰੱਖ ਦਿੱਤਾ। ਮੇਰੀ ਮਾਂ ਬਹੁਤ ਖੁਸ਼ ਹੋਈ। “ਇੰਨਾ ਮਰੂੰਡਾ?” ਪਾਪਾ ਜੀ ਨੇ ਦੱਸ ਰੁਪਏ ਨਾਲ ਢੇਰ ਲਗਾ ਦਿੱਤਾ।
“ਪਾਪਾ ਜੀ ਅਸੀਂ ਦੀਵਾਲੀ ਵਾਲੇ ਦਿਨ ਖੰਡ ਦੇ ਖਿਡੌਣੇ ਲਿਆਉਂਦੇ। ਬਹੁਤ ਸਵਾਦ ਹੁੰਦੇ ਸਨ।” ਇੱਕ ਦਿਨ ਮੇਰੀ ਲਾਣੇਦਾਰਨੀ ਨੇ ਘਰੇ ਬੈਠੀ ਨੇ ਸਭਾਇਕੀ ਹੀ ਮੇਰੇ ਪਾਪਾ ਜੀ ਨੂੰ ਕਿਹਾ। ਹੁਣ ਨੂੰਹ ਧੀ ਦੀ ਗੱਲ ਨੂੰ ਅਣਗੋਲਿਆ ਨਹੀਂ ਸੀ ਕੀਤਾ ਜਾ ਸਕਦਾ। ਪਾਪਾ ਜੀ ਹੱਥ ਦੇ ਖੁਲ੍ਹੇ ਸਨ ਮੇਰੇ ਵਾੰਗੂ ਨਹੀਂ ਸਨ। ਝੱਟ ਬਾਜ਼ਾਰ ਗਏ ਤੇ ਦੋ ਕਿਲੋ ਰੰਗ ਬਿਰੰਗੇ ਖੰਡ ਦੇ ਖਿਡੌਣੇ ਲ਼ੈ ਆਏ। ਉਂਜ ਅੱਜ ਕੱਲ੍ਹ ਕੌਣ ਖਾਂਦਾ ਹੈ ਨਿਰੀ ਖੰਡ। ਪਰ ਪਾਪਾ ਜੀ ਦੇ ਲਿਆਂਦੇ ਉਹ ਖਿਡੌਣੇ ਸਭ ਨੇ ਖੁਸ਼ ਹੋਕੇ ਖਾਧੇ।
ਅਕਸਰ ਹੀ ਪੁਰਾਣੀਆਂ ਗੱਲਾਂ ਯਾਦ ਕਰਕੇ ਮਨ ਪ੍ਰਸੰਨ ਕਰ ਲਾਈਦਾ ਹੈ।
ਉਹ ਭਲੇ ਵੇਲੇ ਸਨ। ਪੈਸੇ ਦੀ ਵੁਕਤ ਸੀ ਪਰ ਪੈਸੈ ਨਹੀਂ ਸਨ।
“ਤਿੰਨ ਰੇਹੜੇ ਛੋਲਿਆਂ ਦੇ ਵੇਚਕੇ ਮੇਰੇ ਪੇਕੇ ਘਰਾਂ ਚੋ ਲੱਗਦੀ ਦੋਹਤੀ ਦੀ ਨਾਨਕਾ ਛੱਕ ਭਰਕੇ ਆਏ।” ਅਕਸਰ ਮੇਰੀ ਮਾਂ ਆਪਣੇ ਪੇਕਿਆਂ ਦੀ ਪੁਰਾਣੀ ਗੱਲ ਸਣਾਉਂਦੀ। ਯਕੀਨ ਜਿਹਾ ਨਾ ਆਉਂਦਾ। ” ਕਹਿੰਦੇ ਤੇਰੇ ਵੱਡੇ ਮਾਮੇ ਦਾ ਸਹੁਰਾ ਚਾਰ ਦਿਨ ਸਾਡੇ ਘਰੇ ਰਿਹਾ। ਤੇ ਜਾਂਦਾ ਹੋਇਆ ਤੇਰੇ ਮਾਮੇ ਦੀ ਤਲੀ ਤਾਂਬੇ ਦਾ ਸਿੱਕਾ ਰੱਖ ਗਿਆ। ਖੋਰੇ ਅੱਠ ਆਨੇ ਸੀ ਤੇ ਉਹ ਰਿਸ਼ਤਾ ਕਰ ਗਿਆ। ਨਾ ਕਿਸੇ ਨੇ ਤੇਰੇ ਮਾਮੇ ਨੂੰ ਪੁੱਛਿਆ ਨਾ ਕਿਸੇ ਨਾਲ ਕੋਈਂ ਸਲਾਹ ਕੀਤੀ। ਬੱਸ ਰਿਸ਼ਤਾ ਪੱਕਾ ਹੋ ਗਿਆ ਸੀ। ਫਿਰ ਉੱਠ ਗੱਡਿਆਂ ਤੇ ਬਰਾਤ ਗਈ। ਤਿੰਨ ਦਿਨ ਰਹੀ। ਤੇ ਤੇਰੀ ਵੱਡੀ ਮਾਮੀ ਨੂੰ ਵਿਆਹਕੇ ਲਿਆਂਦਾ। ਮੈਂ ਓਦੋਂ ਦੋ ਕੁ ਸਾਲ ਦੀ ਸੀ। ਹਾਂ ਛੋਟੇ ਬਾਈ ਦੇ ਵਿਆਹ ਦੀ ਮੈਨੂੰ ਸੁਰਤ ਹੈ ਮੈਂ ਛੇ ਕੁ ਸਾਲ ਦੀ ਸੀ।” ਮੇਰੀ ਮਾਂ ਦੀਆਂ ਗੱਲਾਂ ਦਿਲਚਸਪ ਹੁੰਦੀਆਂ ਸਨ। “ਜਦੋਂ ਛੋਟੇ ਬਾਈ ਨੂੰ ਵਿਆਹੁਣ ਚੱਲੇ ਤਾਂ ਉੱਠ ਗੱਡੀਆਂ ਤੇ ਬੈਲ ਗੱਡੀਆਂ ਤੇ ਬਰਾਤ ਗਈ ਸੀ। ਮੈਂ ਜ਼ੋਰ ਜ਼ੋਰ ਦੀ ਰੋਣ ਲੱਗ ਪਈ। ਹਏ ਮੇਰੇ ‘ਕੁੰਦੂ’ ਨੂੰ ਕਿੱਥੇ ਲ਼ੈਕੇ ਚੱਲੇ ਹਨ।”
ਮੈਨੂੰ ਪਤਾ ਨਹੀਂ ਸੀ ਕਿ ਵਿਆਹ ਇਸ ਤਰਾਂ ਕਰਦੇ ਹਨ।
ਇਹ ਸਭ ਪੁਰਾਣੇ ਵੇਲਿਆ ਦੀਆਂ ਗੱਲਾਂ ਹਨ। ਅੱਜ ਕੱਲ੍ਹ ਤਾਂ ਜੰਮਦੀਆਂ ਸੂਲਾਂ ਦੇ ਮੂੰਹ ਤਿੱਖੇ ਹਨ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *