ਤੁਰ ਗਿਆ ਮਾਸਟਰਾਂ ਦੇ ਟੱਬਰ ਦਾ ਮੁਖੀਆ | tur gya mastra de tabbar da mukhia

ਚੇਤ ਰਾਮ ਚਾਚਾ ਜੀ ਪੂਰੇ ਹੋ ਗਏ। ਸਵੇਰੇ ਸਵੇਰੇ ਆਏ ਫੋਨ ਨੇ ਮੇਰੇ ਚਿਹਰੇ ਦੀ ਚਮਕ ਨੂੰ ਫਿੱਕਾ ਕਰ ਦਿੱਤਾ । ਘਬਰਾਹਟ ਚ ਮੈਥੌ ਕੁਝ ਬੋਲ ਵੀ ਨਾ ਹੋਇਆ ਤੇ ਅਗਲੇ ਨੇ ਵੀ ਝੱਟ ਫੋਨ ਕੱਟ ਦਿੱਤਾ। ਚਾਚਾ ਚੇਤ ਰਾਮ ਗਰੋਵਰ ਕੋਈ ਮੇਰਾ ਸਕਾ ਚਾਚਾ ਨਹੀ ਸੀ ਤੇ ਉਹ ਤਾਂ ਮੇਰੀ ਘਰਵਾਲੀ ਦਾ ਸ਼ਰੀਕੇ ਚੌ ਚਾਚਾ ਲਗਦਾ ਸੀ। ਪਰ ਸੀ ਸਕਿਆ ਨਾਲੋ ਵੱਧ। ਇਹਨਾ ਦੇ ਪਰਿਵਾਰ ਵਿੱਚ ਤੇਰ ਮੇਰ ਆਲਾ ਕੋਈ ਫਰਕ ਨਹੀ ਦਿਸਦਾ।ਇਹੀ ਤਾਂ ਮਾਸਟਰਾਂ ਦੇ ਪਰਿਵਾਰ ਦੀ ਖੂਬੀ ਹੈ।

ਬਠਿੰਡਾ ਜਿਲ੍ਹੇ ਦੀ ਗੋਨਿਆਣਾ ਮੰਡੀ ਦੇ ਨੇੜੇ ਤੇੜੇ ਦਾ ਬੱਚਾ ਬੱਚਾ ਮਾਸਟਰ ਚੇਤ ਰਾਮ ਦਾ ਜਾਣੂ ਹੋਵੇਗਾ। ਉਹ ਨਹੀ ਤਾਂ ਉਸਦਾ ਪਿਉ ਦਾਦਾ ਜਰੂਰ ਮਾਸਟਰ ਚੇਤ ਰਾਮ ਤੋ ਪੜ੍ਹਿਆ ਹੋਵੇਗਾ। ਪਿੰਡ ਦੇ ਸਕੂਲ ਤੋ ਹੀ ਦੱਸਵੀ ਕਰਕੇ ਜੇ ਬੀ ਟੀ ਅਧਿਆਪਕ ਵਜੋ ਆਪਣੀ ਜਿੰਦਗੀ ਦਾ ਸਫਰ ਸੁਰੂ ਕਰਨ ਵਾਲਾ ਮਾਸਟਰ ਚੇਤ ਰਾਮ ਕਦੋ ਸਿੱਖਿਆ ਸ਼ਸਤਰੀ ਬਣ ਗਿਆ।ਇਹ ਕੋਈ ਲੁਕੀ ਛਿਪੀ ਗੱਲ ਨਹੀ । ਆਪਣੀ ਨੋਕਰੀ ਦੇ ਨਾਲ ਨਾਲ ਪੜ੍ਹਾਈ ਚਾਲੂ ਰੱਖਕੇ ਉਹ ਸਿੱਖਿਆ ਦੇ ਖੇਤਰ ਵਿੱਚ ਹੋਰ ਤੇ ਹੋਰ ਡਿਗਰੀਆਂ ਲੈਂਦਾ ਹੋਇਆ ਸਕੂਲ ਲੈਕਚਰਰ ਵਜੋ ਸੇਵਾਮੁਕਤ ਹੋਇਆ। ਪਿੰਡ ਮਹਿਮਾ ਸਰਕਾਰੀ, ਮਹਿਮਾ ਸਰਜਾ ਤੇ ਮਹਿਮਾਂ ਸਵਾਈ ਦੇ ਲੋਕ ਅਕਸਰ ਮਾਸਟਰ ਚੇਤ ਰਾਮ ਦੀਆਂ ਗੱਲਾਂ ਕਰਦੇ, ਬਈ ਪੜ੍ਹਾਈ ਦੀ ਕਦਰ ਤਾਂ ਇਸ ਸਖਸ ਨੇ ਪਹਿਚਾਣੀ ਹੈ। ਵੱਡੇ ਚਚੇਰੇ ਭਰਾ ਬਸੰਤ ਰਾਮ ਜਿਸ ਨੂੰ ਇਹ ਆਮ ਕਰਕੇ ਸਾਰੇ ਬਾਈ ਬਸੰਤ ਰਾਮ ਕਹਿੰਦੇ ਸੀ ਦੀ ਸੰਗਤ ਵਿੱਚ ਇਹਨਾ ਨੇ ਖੁੱਦ ਹੀ ਪੜਾਈ ਨਹੀ ਕੀਤੀ ਸਗੋ ਹਰ ਧੀ, ਭੈਣ, ਪਿੰਡ ਵਾਸੀ, ਤੇ ਦੂਰ ਦੇ ਸਕੇ ਸਬੰਧੀ ਤੇ ਜਾਣੂ ਨੂੰ ਵਿਦਿਆ ਦਾ ਦਾਨ ਦਿੱਤਾ। ਇਹਨਾਂ ਭਰਾਵਾਂ ਸਦਕੇ ਹੀ ਇਸੇ ਪਰਿਵਾਰ ਨੇ ਸਮਾਜ ਨੂੰ ਸਤਾਈ ਅਧਿਆਪਕ ਦਿੱਤੇ। ਭਰਾ,ਪੁੱਤ,ਨੂੰਹਾਂ ,ਧੀਆਂ ਸਭ ਦੇ ਸਭ ਅਧਿਆਪਕ।ਤਾਹੀੳਂ ਤਾਂ ਲੋਕ ਇਹਨਾ ਨੂੰ ਮਾਸਟਰਾਂ ਦਾ ਟੱਬਰ ਕਹਿੰਦੇ ਹਨ।

ਸਖਤ ਮਿਹਨਤ ਤੇ ਘਾਲਣਾ ਕਰਕੇ ਮਾਸਟਰ ਚੇਤ ਰਾਮ ਨੇ ਆਪਣੀ ਜਿੰਦਗੀ ਦੀ ਗੱਡੀ ਨੂੰ ਲੀਹ ਤੇ ਲਿਆਂਦਾ। ਸਕੂਲ ਦੀ ਡਿਊਟੀ, ਖੁੱਦ ਅੱਗੇ ਪੜ੍ਹਣਾ ਤੇ ਫਿਰ ਲਗਾਤਾਰ ਟਿਊਸ਼ਨਾ ਕਰਨਾ ਇਹ ਪੜ੍ਹਾਈ ਪ੍ਰਤੀ ਜਨੂਨ ਹੀ ਸੀ। ਪੜੋ ਸਹੀ, ਕੋਈ ਆਜੇ, ਗਰੀਬ, ਅਮੀਰ, ਮੁੰਡਾ, ਕੁੜੀ, ਪੈਸੇ ਹਨ ਤਾਂ ਦੇ ਦਿਉ, ਨਹੀ ਤਾਂ ਨਾ ਸਹੀ। ਪੜ੍ਹਾਈ ਵਿਚਾਲੇ ਨਾ ਛੱਡੋ।ਟਿਊਸਨਾ ਦੇ ਗਰੁੱਪ ਕੱਢਿਆਂ ਨੂੰ ਤੇ ਵੱਡੀ ਕਬੀਲਦਾਰੀ ਦੇ ਸੰਸਿਆਂ ਨਾਲ ਵੀ ਘੋਲ ਕਰਦੇ ਨੂੰ ਪਤਾ ਹੀ ਨਾ ਲੱਗਿਆ ਕਿ ਜੀਵਨ ਸਾਥਣ ਕਦੌ ਅੱਧਵੱਟੇ ਛੱਡ ਗਈ ਤੇ ਇਸ ਵਿਛੋੜੇ ਨੇ ਉਸਦਾ ਆਪਣੇ ਪਰਿਵਾਰ ਵੱਲ ਵੀ ਧਿਆਨ ਖਿੱਚਿਆ।ਕਿਸੇ ਵੀ ਦਫਤਰ ਸਕੂਲ ਵਿੱਚ ਚਲੇ ਜਾਉ ਕੋਈ ਨਾ ਕੋਈ ਮਾਸਟਰ ਚੇਤ ਰਾਮ ਦਾ ਚੰਡਿਆ ਮਿਲ ਹੀ ਜਾਂਦਾ ਹੈ। ਜਿੰਦਗੀ ਦੀ ਆਹੀ ਜਮਾਂ ਪੂੰਜੀ ਪਿੱਛੇ ਛੱਡ ਗਿਆ ਮਾਸਟਰ ਚੇਤ ਰਾਮ।

ਸਿੱਖਿਆ ਸ਼ਾਸਤਰੀ ਦਾ ਖਿਤਾਬ ਤਾਂ ਕਈਆਂ ਪਿੱਛੇ ਲੱਗਦਾ ਹੋਵੇ ਗਾ। ਪਰ ਸਿੱਖਿਆ ਪ੍ਰਤੀ ਲੱਗਣ ਤੇ ਸਿੱਖਿਆ ਲਈ ਕੁਝ ਕਰਨ ਦਾ ਜਜਬਾ ਹਰੇਕ ਵਿੱਚ ਨਹੀ ਹੁੰਦਾ।ਮਹਿਮੇ ਸਰਕਾਰੀ ਦੇ ਕੱਚਿਆ ਖੋਲਿਆਂ ਵਿੱਚ ਰਹਿੰਦੇ ਹੋਏ ਨੇ ਜਦੌ ਸਕੂਲ ਦੀ ਲਾਈਬਰੇਰੀ ਲਈ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਤਾਂ ਕਈ ਅਖੋਤੀ ਸਿਆਣੇ ਇਸ ਗੱਲ ਤੇ ਹੱਸੇ ਤੇ ਕਈਆਂ ਨੇ ਇਸ ਨੂੰ ਮੂਰਖਤਾ ਵਾਲਾ ਕਦਮ ਆਖਿਆ। ਪਰ ਇਹ yਿੰੲੱਕ ਸਿੱਖਿਆ ਸ਼ਸਤਰੀ ਦਾ ਜਜਬਾ ਤੇ ਜਨੂਨ ਸੀ ਜ਼ੋ ਉਸ ਦੀ ਉਸਾਰੂ ਸੋਚ ਦਾ ਅੰਗ ਸੀ।

ਸੇਵਾਮੁਕਤੀ ਤੌ ਬਾਅਦ ਵੀ ਸਿੱਖਿਆ ਪ੍ਰਸਾਰ ਵੱਲ ਅਗਲਾ ਕਦਮ ਗੋਨਿਆਣਾ ਮੰਡੀ ਵਿੱਚ ਇੱਕ ਪਬਲਿਕ ਸਕੂਲ ਦੀ ਸਥਾਪਣਾ ਕਰਨਾ ਸੀ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ yਿੰੲੱਕ ਸੀਨੀਅਰ ਸੈਕੰਡਰੀ ਸਕੂਲ ਨੂੰ ਸੁਰੂ ਕਰਕੇ ਸਮਾਜ ਨੂੰ ਸਿੱਖਿਆ ਦਾ ਚਾਨਣ ਮੁਨਾਰਾ ਦਿੱਤਾ। ਚਾਚਾ ਚੇਤ ਰਾਮ ਸਿੱਖਿਆ ਸ਼ਾਸਤਰੀ ਹੋਣ ਦੇ ਨਾਲ ਨਾਲ yਿੰੲੱਕ ਪ੍ਰਰੇਰਨਾ ਸਰੋਤ ਤੇ ਰਾਹ ਦਸੇਰਾ ਵੀ ਸੀ।ਭਾਂਵੇ ਤੂੰ ਤੁਰ ਗਿਆਂ ਹੈ ਚਾਚਾ,ਬੜੀ ਦੂਰ ਪਰ ਤੇਰੇ ਕਦਮਾਂ ਦੇ ਨਿਸ਼ਾਨ ਸਦੀਆਂ ਤੱਕ ਪਾਂਧੀਆਂ ਨੂੰ ਮੰਜਿਲਾਂ ਤੱਕ ਪੰਹੁਚਾਉਣ ਲਈ ਮੀਲ ਪੱਥਰ ਸਾਬਿਤ ਹੋਣਗੇ।

ਰਮੇਸ਼ ਸੇਠੀ ਬਾਦਲ
ਮੋ 98 766 27 233

Leave a Reply

Your email address will not be published. Required fields are marked *